ਨੀਰਸ ਮੁਸਾਫਿਰ ਤੋਂ ਚੰਗੇ ਪਾਠਕ ਤੱਕ ਦਾ ਸਫਰ
ਪੰਜਾਬ ਦੀਆਂ ਬੱਸਾਂ ‘ਚ ਸਫਰ ਕਰਦਿਆਂ ਦੋ ਤਰ੍ਹਾਂ ਦੀਆਂ ਸਵਾਰੀਆਂ ਮਿਲਦੀਆਂ ਹਨ। ਜਾਂ ਤਾਂ ਸੁੱਤੇ ਪਏ ਲੋਕ ਜਾਂ ਫਿਰ ਉਰਲੀਆਂ-ਪਰਲੀਆਂ ਯਬਲੀਆਂ ਮਾਰਦੇ ਲੋਕ। ਜੇ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ‘ਚ ਲੋਕਲ ਬੱਸਾਂ ਵਿੱਚ ਸਫਰ ਕਰੋ ਤਾਂ ਇਨ੍ਹਾਂ ਦੋ ਤਰ੍ਹਾਂ ਦੇ ਲੋਕਾਂ ਤੋਂ ਇਲਾਵਾ ਤੀਸਰੀ ਕਿਸਮ ਦੇ ਉਹ ਮੁੰਡੇ-ਕੁੜੀਆਂ ਹੁੰਦੇ ਹਨ, ਜੋ ਈਅਰ-ਫੋਨ ਲਾਈ ਰੇਡੀਓ ਐਫ.ਐਮ. ਚੈਨਲ ਸੁਣਨ ‘ਚ ਮਸ਼ਰੂਫ ਹੁੰਦੇ ਹਨ। ਬਹੁਤ ਘੱਟ ਇਨਸਾਨ ਹਨ ਜਿਹੜੇ ਸਫਰ ਦੌਰਾਨ ਕਿਤਾਬਾਂ ਪੜ੍ਹਦੇ ਮਿਲਣਗੇ।
ਮੇਰੇ ਦੋਸਤਾਂ ‘ਚ ਦੋ ਮਿੱਤਰ ਅਜਿਹੇ ਹਨ ਜਿਨ੍ਹਾਂ ‘ਚੋਂ ਇੱਕ ਕਈ ਸਾਲ ਕੋਲਕਾਤਾ ਰਹਿ ਕੇ ਆਇਆ ਹੈ ਅਤੇ ਦੂਸਰਾ 7 ਸਾਲ ਇੰਗਲੈਂਡ ਰਹਿ ਕੇ ਵਤਨ ਪਰਤਿਆ ਹੈ। ਕੋਲਕਾਤਾ ਵਾਲਾ ਮਿੱਤਰ ਦੱਸਦਾ ਹੁੰਦਾ ਏ ਕਿ ਬੰਗਾਲੀ ਲੋਕ ਕਿਤਾਬਾਂ ਪੜ੍ਹਨ ਦੇ ਏਨੇ ਸ਼ੌਕੀਨ ਹਨ ਕਿ ਸਫਰ ਦੌਰਾਨ ਉਨ੍ਹਾਂ ਕੋਲ ਸਾਮਾਨ ਘੱਟ ਹੁੰਦਾ ਹੈ ਅਤੇ ਕਿਤਾਬਾਂ ਦੀ ਪੰਡ ਜ਼ਿਆਦਾ। ਏਸੇ ਤਰ੍ਹਾਂ ਇੰਗਲੈਂਡ ‘ਚ ਬੱਸਾਂ ਅਤੇ ਰੇਲਾਂ ਦੇ ਸਫਰ ਦੌਰਾਨ ਤਕਰੀਬਨ ਹਰੇਕ ਵਿਅਕਤੀ ਕੁਝ ਨਾ ਕੁਝ ਪੜ੍ਹਦਾ ਜ਼ਰੂਰ ਦਿਖ ਜਾਂਦਾ ਹੈ।
ਪੰਜਾਬੀਆਂ ਦੀ ਕਿਤਾਬਾਂ ਪੜ੍ਹਨ ਦੀ ਰੁਚੀ ਦਾ ਅੰਦਾਜ਼ਾ ਤਾਂ ਇੱਥੋਂ ਹੀ ਲਗਾਇਆਂ ਜਾ ਸਕਦਾ ਹੈ ਕਿ ਇੱਥੇ ਤਰਤੀਬਵਾਰ ਜਾਂ ਵਿਊਂਤਬੰਧੀ ਅਨੁਸਾਰ ਕੋਈ ਵੀ ਵੱਡਾ ਬੁੱਕ-ਫੇਅਰ (ਕਿਤਾਬਾਂ ਦਾ ਮੇਲਾ) ਨਹੀਂ ਲੱਗਦਾ। ਜਦਕਿ ਸਾਡੇ ਲੇਖਕਾਂ ਦੀ ਗਿਣਤੀ ਵੱਡੀਆਂ ਭਾਸ਼ਾਵਾਂ ਦੇ ਲੇਖਕਾਂ ਜਿੰਨੀ ਹੀ ਹੋਵੇਗੀ! ਹਾਲੇ ਤਾਂ ਏਨਾ ਸਬਰ ਹੈ ਕਿ ਜਲੰਧਰ ਵਿਖੇ ਹਰ ਸਾਲ ਜੁੜਨ ਵਾਲੇ ਗਦਰੀ ਬਾਬਿਆਂ ਦੇ ਮੇਲੇ ‘ਚ ਕਿਤਾਬਾਂ ਪੜ੍ਹਨ ਦੇ ਸ਼ੌਕੀਨਾਂ ਦਾ ‘ਕੀੜਾ’ ਕੁਝ ਹੱਦ ਤੱਕ ਸ਼ਾਂਤ ਹੋ ਜਾਂਦਾ ਹੈ।
ਸਫਰ ਦੌਰਾਨ ਕਿਤਾਬਾਂ ਪੜ੍ਹਨ ‘ਚ ਬੰਗਾਲੀ, ਅੰਗਰੇਜ਼ ਅਤੇ ਯੂਰਪੀਅਨ ਲੋਕਾਂ ਦਾ ਕੋਈ ਮੁਕਾਬਲਾ ਨਹੀਂ। ਜਦਕਿ ਗਿਣਤੀ ਪੱਖੋਂ ਕਿਤਾਬਾਂ ਛਾਪਣ ‘ਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ! ਪੰਜਾਬੀ ਪਾਠਕ ਵਰਗ ਦੀ ਇਸ ਤੋਂ ਵੱਡੀ ਹੋਰ ਕੀ ਤ੍ਰਾਸਦੀ ਹੋਵੇਗੀ ਕਿ ਸਫਰ ਦੌਰਾਨ ਵਧੇਰੇ ਲੋਕ ਤਾਂ ਦੋ ਰੁਪਏ ਦਾ ਅਖਬਾਰ ਖਰੀਦ ਕੇ ਪੜ੍ਹਨ ‘ਚ ਵੀ ਸੰਕੋਚ ਕਰਦੇ ਹਨ।
ਪਿਛਲੇ ਕੁਝ ਸਮੇਂ ਤੋਂ ਮੁਸਾਫਿਰਾਂ ਦੀ ਇੱਕ ਨਵੀਂ ਕਿਸਮ ਦਾ ਜਨਮ ਹੋਇਆ ਹੈ। ਇਹ ਉਹ ਮੁੰਡੇ-ਕੁੜੀਆਂ ਹਨ ਜੋ ਬੱਸ ਚੜ੍ਹਦੇ ਸਾਰ ਹੀ ਮੋਬਾਇਲ ਫੋਨ ਕੰਨ ਨੂੰ ਲਾ ਲੈਣਗੇ ਅਤੇ ਬੱਸ ‘ਚੋਂ ਉਤਰਣ ਤੱਕ ਪਤਾ ਨੀ ਕੀ ਘੁਸਰ-ਮੁਸਰ ਕਰਦੇ ਰਹਿੰਦੇ ਹਨ।
ਪੰਜਾਬੀਆਂ ਦੀ ਫਿਤਰਤ ਹੈ ਕਿ ਉਹ ‘ਫਜ਼ੂਲ’ ਖਾਣ-ਪੀਣ ‘ਤੇ ਤਾਂ ਸੈਂਕੜੇ ਰੁਪਏ ਖਰਚ ਦੇਣਗੇ ਪਰ ਸੌ ਰੁਪਏ ਦੀ ਕਿਤਾਬ ਨਹੀਂ ਖਰੀਦਣਗੇ। ਦਿੱਲੀ ਦੇ ਪ੍ਰਗਤੀ ਮੈਦਾਨ ‘ਚ ਹਰੇਕ ਸਾਲ ਲੱਗਣ ਵਾਲੇ ਬੁੱਕ-ਫੇਅਰ ਦੌਰਾਨ ਦੋ ਸਾਲ ਪਹਿਲਾਂ (ਸਤੰਬਰ 2007 ‘ਚ) ਮੇਰਾ ਇੱਕ ਸਾਥੀ ਕਰਾਚੀ ਤੋਂ ਆ ਕੇ ਲਗਾਈ ਚਿਕਨ ਸਟਾਲ ‘ਤੇ ਤਾਂ 100 ਰੁਪਏ ਦਾ ਮੁਰਗਾ ਖਾ ਗਿਆ ਪਰ 95 ਰੁਪਏ ਦੀ ਚੇਤਨ ਭਗਤ ਦੀ ਇੱਕ ਕਿਤਾਬ ਖਰੀਦਣ ‘ਚ ਕਿਰਸ ਕਰ ਗਿਆ। ਇਸ ਬੈਸਟ ਸੈਲਰ ਕਿਤਾਬ (ਵਨ ਨਾਈਟ ਐਟ ਦੀ ਕਾਲ ਸੈਂਟਰ) ‘ਤੇ ਜਦੋਂ ਬਾਅਦ ‘ਚ ‘ਹੈਲੋ’ ਫਿਲਮ ਬਣਨ ਦਾ ਐਲਾਨ ਹੋਇਆ ਤਾਂ ਕਹਿੰਦਾ ‘ਯਾਰ ਉਹ ਕਿਤਾਬ ਦੇਈਂ, ਪੜ੍ਹ ਕੇ ਦੇਖਾਂ ਤਾਂ ਭਲਾ ਕੀ ਐ ਉਸ ਵਿੱਚ।’
ਜੇਕਰ ਕਦੇ ਲੁਧਿਆਣਾ ਤੋਂ ਚੰਡੀਗੜ੍ਹ ਦਾ ਸਫਰ ਕਰੋ ਤਾਂ ਖਮਾਣੋਂ ਤੋਂ ਥੋੜ੍ਹਾ ਜਿਹਾ ਅੱਗੇ ਰਾਣਵਾਂ ਪਿੰਡ ਦੇ ਗੁਰਦੁਆਰਾ ਸਾਹਿਬ ਕੋਲ ਸੱਜੇ ਹੱਥ ਪੀਆਰਟੀਸੀ ਦੀਆਂ ਬੱਸਾਂ ਇੱਕ ਢਾਬੇ ‘ਤੇ ਰੁਕਦੀਆਂ ਹਨ। ਉਸ ਢਾਬੇ ਦੇ ਨਾਲ ਹੀ ਕਿਤਾਬਾਂ ਦਾ ਇੱਕ ਛੋਟਾ ਜਿਹਾ ਪਰ ਪ੍ਰਭਾਵਸ਼ਾਲੀ ਖੋਖਾ ਹੈ। ਇਸ ਛੋਟੀ ਜਿਹੀ ਦੁਕਾਨ ‘ਚ ਪੰਜਾਬੀ ਦੀਆਂ ਪੜ੍ਹਨਯੋਗ ਅਨੇਕਾਂ ਪੁਸਤਕਾਂ ਪਈਆਂ ਹਨ। ਸਵਾਰੀਆਂ ਬੱਸ ‘ਚੋਂ ਉਤਰ ਕੇ ਬਰੈੱਡ ਪਕੌੜਿਆਂ ਨੂੰ ਤਾਂ ਗੇੜਾ ਦੇਈ ਰੱਖਣਗੀਆਂ ਪਰ ਉਸ ਕਿਤਾਬਾਂ ਦੀ ਦੁਕਾਨ ਵੱਲ ਜਾਂਦਿਆਂ ਵਧੇਰੇ ਸਵਾਰੀਆਂ ਦੇ ਗੋਡਿਆਂ ਦੀ ਗ੍ਰੀਸ ਹੀ ਮੁੱਕ ਜਾਂਦੀ ਹੈ। ਕਿਤਾਬ ਖਰੀਦਣਾ ਤਾਂ ਇੱਕ ਪਾਸੇ, ਬਹੁਤੀਆਂ ਸਵਾਰੀਆਂ ਤਾਂ ਉੱਧਰ ਨੂੰ ਦੇਖਦੀਆਂ ਤੱਕ ਨਹੀਂ।
ਇਹ ਠੀਕ ਹੈ ਕਿ ਅੱਜ ਦੇ ਸਮੇਂ ‘ਚ ਕਿਤਾਬਾਂ ਪੜ੍ਹਨ ਲਈ ਖਾਸ ਸਮਾਂ ਕੱਢਣਾ ਵਧੇਰੇ ਲੋਕਾਂ ਦੇ ਹੱਥੋਂ-ਵੱਸੋਂ ਬਾਹਰ ਹੋ ਚੁੱਕਾ ਹੈ। ਪਰ ਬੱਸ ਜਾਂ ਰੇਲ ਗੱਡੀ ‘ਚ ਸਫਰ ਕਰਦਿਆਂ ਤਾਂ ਘੱਟੋਂ-ਘੱਟ ਕੁਝ ਨਾ ਕੁਝ ਪੜ੍ਹਿਆ ਹੀ ਜਾ ਸਕਦਾ ਹੈ। ਐਵੇਂ ਦੂਸਰੀਆਂ ਸਵਾਰੀਆਂ ਦੇ ਮੋਢਿਆਂ ‘ਤੇ ਗਰਦਨ ਸੁੱਟੀ ਮੂੰਹ ਖੋਲ੍ਹ ਕੇ ਊਘਦੇ ਰਹਿਣ ਨਾਲੋਂ ਕਿਸੇ ਕਿਤਾਬ ‘ਤੇ ਹੀ ਨਜ਼ਰਾਂ ਦੌੜਾਂ ਲੈਣੀਆਂ ਚਾਹੀਦੀਆਂ ਹਨ। ਇੱਕ ਨੀਰਸ ਮੁਸਾਫਿਰ ਨਾਲੋਂ ਇੱਕ ਚੰਗੇ ਪਾਠਕ ਦੇ ਤੌਰ ‘ਤੇ ਸਫਰ ਕਰਨ ਦਾ ਜੋ ਨਜ਼ਾਰਾ ਹੈ, ਉਸਦਾ ਅਨੁਭਵ ਤਾਂ ਮਾਣਿਆਂ ਹੀ ਪਤਾ ਚੱਲਦਾ ਹੈ। ਆਪਣਾ ਅਗਲਾ ਸਫਰ ਇੱਕ ਕਿਤਾਬ ਪੜ੍ਹਦਿਆਂ ਪੂਰਾ ਕਰਕੇ ਤਾਂ ਦੇਖੋ!
4 comments:
par fir ki howe j kise de mere wang safar doraan parde sardard hon lag jawe
main jaiib(in sbop) di preparation start kiti hai for last one and half month,i m only reading in bus but im not inspired from here since i have no time for coaching,
i love shakespaere's dramas
yaar mai ram sroop ankhi de 2 novel jassi sarpanch te kankka de katlam bus ch he 2 weeks ch khatam kitte ne
mann laggii
Post a Comment