Tuesday, June 16, 2015

ਬਦਲ ਜਾਂਦੇ ਨੇ ਅਕਸਰ ਲੋਕੀਂ

ਬਦਲ ਜਾਂਦੇ ਨੇ ਅਕਸਰ ਲੋਕੀਂ, 
ਅੱਜਕੱਲ੍ਹ ਤਾਂ ਬੜੇ ਪਤੰਦਰ ਲੋਕੀਂ ।

ਹੁਣ ਰਿਹਾ ਨਾ ਮੇਰਾ ਵਾਸਤਾ ਕੋਈ, 
ਉਂਝ ਵਸਦੇ ਬਹੁਤ ਜਲੰਧਰ ਲੋਕੀਂ।

ਸਮਝ, ਸਿਆਣਪ ਛੱਡ ਸੀਰਤ ਨੂੰ, 
ਅਮੂਮਨ ਸ਼ਕਲ 'ਤੇ ਜਾਂਦੇ ਮਰ ਲੋਕੀਂ। 

ਆਪਣੇ ਆਪ ਨੂੰ ਢੂੰਡਣ ਦੇ ਲਈ, 
ਰਹਿੰਦੇ ਨੇ ਭਟਕਦੇ ਦਰ-ਦਰ ਲੋਕੀਂ। 

ਕਣ-ਕਣ ਵਿਚ ਜਦ ਰੱਬ ਵਸੇਂਦਾ, 
ਫੇਰ ਕਰਨ ਕੀ ਜਾਂਦੇ ਮੰਦਰ ਲੋਕੀਂ?

ਕਰ ਜੇਰਾ ਬਣ ਜਾ ਨਿਰਮਲ ਬਾਬਾ, 
ਸਭ ਲਾਈਲੱਗ ਨੇ ਇਹ ਬਾਂਦਰ ਲੋਕੀਂ। 

ਚਾੜ੍ਹੀ ਫਿਰਦੇ ਚਿਹਰੇ ਉੱਤੇ ਚਿਹਰਾ, 
ਜੋ ਜਾਪਣ ਭੋਲੇ, ਬੜੇ ਕਲੰਤਰ ਲੋਕੀਂ। 

ਇਹ ਕੀਲ ਲੈਣ ਦੀ ਕਲਾ ਜਾਣਦੇ, 
ਸਫੈਦ ਬਾਣੇ ਵਿਚ ਨੇ ਜਾਦੂਗਰ ਲੋਕੀਂ। 

ਤੂੰ ਕਾਹਨੂੰ ਸੁਪਨੇ 'ਚ ਆਉਣ ਲੱਗੀ ਐ!
ਓਹ ਕੌਣ ਏ ਪੁੱਛਦੇ ਨਰਿੰਦਰ ਲੋਕੀਂ? 

No comments:

Post a Comment