Thursday, June 4, 2015

ਰੂਹ ਦਾ ਕਤਲ

ਭੁੱਲ ਜਾਣਾ, ਰੁੱਸ ਜਾਣਾ ਆਪਾਂ ਨੂੰ ਆਉਂਦਾ ਨਹੀਂ,
ਜਾਂ ਤਾਂ ਤੋੜ ਨਿਭਾਈ ਦੀ ਜਾਂ ਫੇਰ ਲਾਉਂਦਾ ਨਹੀਂ।

ਹੱਸ-ਖੇਡ ਲਈ ਦਾ ਸੱਜਣਾਂ ਦਿਲ ਭਰ ਕੇ,
ਕਿਸੇ ਦੇ ਦਿਲ ਨਾਲ ਦਿਲ ਉਂਝ ਪਰਚਾਉਂਦਾ ਨਹੀਂ।

ਰੂਹ ਮੇਰੀ ਦਾ ਕਤਲ ਕੀਤਾ ਹੈ ਸ਼ਹਿਰ ਤੇਰੇ ਨੇ,
ਇਹ ਮਹਾਂਨਗਰ ਹੁਣ ਦਿਲ ਨੂੰ ਭੋਰਾ ਭਾਉਂਦਾ ਨਹੀਂ।

ਜੇ ਲਾ ਹੀ ਲਈ ਤਾਂ ਫਾਇਦਾ ਤੇ ਨੁਕਸਾਨ ਕੀ?
ਤੇਰੇ ਵਾਂਗੂੰ ਪਿਆਰ ਕਦੇ ਵੀ ਮੈਂ ਅਜਮਾਉਂਦਾ ਨਹੀਂ।

ਤੇਰੇ ਲਾਰੇ-ਵਾਅਦੇ ਰੱਬ ਹੀ ਜਾਣੇ ਸੱਜਣਾਂ ਵੇ,
ਕੋਈ ਕੌਲ-ਕਰਾਰ ਤਾਂ ਕਦੀਂ ਵੀ ਤੂੰ ਨਿਭਾਉਂਦਾ ਨਹੀਂ।

ਕਿੱਥੋਂ ਸਿੱਖਦੈ ਆਕੜ, ਨਖਰਾ ਤੇ ਗਰੂਰ ਜਿਹਾ,
ਮੋਹ ਕਰਨਾ ਕੋਈ ਤੈਨੂੰ ਕਿਉਂ ਸਿਖਾਉਂਦਾ ਨਹੀਂ?

ਗੱਲ-ਗੱਲ 'ਤੇ ਪੈਰ ਪਿਛਾਂਹ ਨੂੰ ਖਿੱਚਦੇ ਰਹਿੰਦੇ ਓ,
ਮੈਂ ਤਾਂਹੀਓ ਅੱਗੇ ਹੋ-ਹੋ ਆਪ ਬੁਲਾਉਂਦਾ ਨਹੀਂ।

ਛੱਡ ਲਤੀਫੇ, ਟਿੱਚਰਾਂ ਮੂਡ ਜਿਹਾ ਠੀਕ ਨਹੀਂ, 
ਬੰਦਾ ਉਦਾਸੀ ਦੇ ਆਲਮ ਵਿਚ ਮੁਸਕਰਾਉਂਦਾ ਨਹੀਂ।

ਬਸ ਇਹੋ ਭੈੜ ਹੈ ਰੱਜ ਕੇ ਸਾਡੇ ਵਿਚ ਭਾਰੀ,
ਮੈਂ ਸੁਣਾਉਂਦਾ ਨਹੀਂ ਗਿਣਾਉਂਦਾ ਨਹੀਂ ਜਤਾਉਂਦਾ ਨਹੀਂ।



ਇਹ ਵੀ---

ਕੋਈ ਕਾਰਣ ਹੋਵੇਗਾ ਜੋ ਅਸਾਡਾ ਮੇਲ ਹੋਇਆ,
ਇੰਝ ਅਜਨਬੀਆਂ ਨੂੰ ਐਵੇਂ ਖੁਦਾ ਮਿਲਾਉਂਦਾ ਨਹੀਂ!

ਕੋਈ ਵਸਤਰ ਨਹੀਂ ਇਹ ਜਿਹੜਾ ਬਦਲ ਦੇਵਾਂਗਾ,
ਫਿਕਰ ਨਾ ਕਰ ਤੇਰੀ ਯਾਦ ਦਿਲੋਂ ਮੈਂ ਲਾਹੁੰਦਾ ਨਹੀਂ!

ਜੇ ਚੁੱਪ ਮੇਰੀ ਵੀ ਕਰਦੀ ਹੈ ਪਰੇਸ਼ਾਨ ਤੈਨੂੰ,
ਇਕ ਵਾਰੀ ਆਖ ਮੈਂ ਤੈਨੂੰ ਕਦੀਂ ਬੁਲਾਉਂਦਾ ਨਹੀਂ।

ਇਸ਼ਕ ਰੋਗ ਹੀ ਹੋਵੇਗਾ ਇਹ ਐਨ.ਪੀ. ਸਿੰਹਾਂ,
ਜੋ ਕਿਸੇ ਦਵਾਈ ਨਾਲ ਆਰਾਮ ਤੈਨੂੰ ਆਉਂਦਾ ਨਹੀਂ।

No comments:

Post a Comment