Wednesday, May 8, 2019

ਅਹਿਸਾਸ ਤੇ ਵਾਰਤਾਲਾਪ

1. ਅਹਿਸਾਸ

ਚੁੱਪਚਾਪ
ਬਿਨ ਕੁਝ ਬੋਲੇ, ਕੁਝ ਸੁਣੇ।
ਤੇਰੇ ਕੋਲ
ਮੈਂ ਬਹਿ ਸਕਦਾ ਹਾਂ-
ਪਲ, ਮਿੰਟ, ਘੜੀਆਂ, ਘੰਟੇ,
ਕਈ ਸਾਲ, ਸਦੀਆਂ ਤੱਕ।
ਕਿ ਤੇਰੇ ਹੋਣ ਦਾ ਅਹਿਸਾਸ
ਸ਼ਬਦਾਂ, ਸਤਰਾਂ, ਬਿਆਨਬਾਜ਼ੀਆਂ ਤੋਂ-
ਪਰ੍ਹਾਂ ਦੀ ਗੱਲ ਏ!
ਮੇਰੇ ਕੋਲ ਤੇਰਾ ਹੋਣਾ ਹੀ,
ਮੇਰੇ ਲਈ ਸਭ ਕੁਝ ਹੈ!
ਬਿਨ ਬੋਲੇ, ਕੁਝ ਕਹੇ
ਤੇਰੇ ਕੋਲ, ਮੈਂ ਬਹਿ ਸਕਨਾਂ
ਯੁਗਾਂ ਤੱਕ
ਚੁੱਪਚਾਪ।

-------------

2. ਵਾਰਤਾਲਾਪ

ਜ਼ਰੂਰੀ ਨਹੀਂ ਹੁੰਦਾ,
ਸਭ ਕੁਝ ਕਿਹਾ ਜਾਵੇ।
ਇਹ ਲਾਜ਼ਮੀ ਨਹੀਂ ਕਿ
ਬੋਲ ਕੇ ਗੱਲ ਬਿਆਂ ਹੋਵੇ।
ਅਕਸਰ ਏਦਾਂ ਹੁੰਦਾ ਏ,
ਸਰੀਰ ਚੁੱਪ ਹੁੰਦੇ ਨੇ
ਤੇ ਰੂਹਾਂ
ਖਾਮੋਸ਼ੀ ਦੇ ਆਲਮ `ਚ,
ਕਿੰਨੀਆਂ ਹੀ ਗੱਲਾਂ ਕਰ ਜਾਂਦੀਆਂ ਨੇ।
ਤੂੰ ਤੇ ਮੈਂ, ਜਦ ਮਿਲਾਂਗੇ-
ਏਦਾਂ ਹੀ ਕਰਾਂਗੇ,
ਵਾਰਤਾਲਾਪ, ਸਰਗੋਸ਼ੀਆਂ, ਚਰਚਾਵਾਂ ਤੇ ਗੋਸ਼ਟੀਆਂ।
ਪਰ
ਖਾਮੋਸ਼ੀ ਦੇ ਆਲਮ `ਚ,
ਰੂਹ ਦੀਆਂ ਗੱਲਾਂ ਰੂਹ ਨਾਲ! 

-------------

1 comment:

  1. Bada changa, mania ke Punjabi te faarsi da asar hai, par teri kavita vich thorda hona chida hai. Tera Prof. Simranjit Singh

    ReplyDelete