2018 ਦੀਆਂ ਬਾਲੀਵੁੱਡ ਫਿਲਮਾਂ ਦਾ ਲੇਖਾ-ਜੋਖਾ
ਮਲਟੀਪਲੈਕਸਾਂ ਦੇ ਪਰਦੇ ਤੋਂ ਘਰਾਂ ਵਿਚ ਲੱਗੀਆਂ ਐਲਈਡੀ ਸਕਰੀਨਾਂ ਤੱਕ ਪੁੱਜਣ ਲਈ ਫਿਲਮਾਂ ਨੂੰ ਹੁਣ ਕੁਝ ਕੁ ਮਹੀਨਿਆਂ ਦਾ ਹੀ ਇੰਤਜ਼ਾਰ ਕਰਨਾ ਪੈਂਦਾ ਹੈ। ਬਹੁਤੀ ਵਾਰ ਤਾਂ ਫਿਲਮ ਰਿਲੀਜ਼ ਹੋਣ ਤੋਂ ਕੁਝ ਕੁ ਦਿਨਾਂ ਬਾਅਦ ਹੀ ਅਸੀਂ `ਨਵੀਆਂ-ਨਕੋਰ ਫਿਲਮਾਂ` ਟੀ.ਵੀ. ਉੱਤੇ ਵੇਖ ਲੈਂਦੇ ਹਾਂ। ਹੁਣ ਤਾਂ ਯੂ-ਟਿਊਬ ਅਤੇ ਵੱਖ-ਵੱਖ ਐਪਸ `ਤੇ ਵੀ ਤਾਜ਼ਾ-ਤਾਜ਼ਾ ਰਿਲੀਜ਼ ਹੋਈਆਂ ਫਿਲਮਾਂ ਕੁਝ ਕੁ ਦਿਨਾਂ ਬਾਅਦ ਵੇਖੀਆਂ ਜਾ ਸਕਦੀਆਂ ਹਨ। ਮੌਜੂਦਾ ਸਮੇਂ ਫਿਲਮ ਦੇ ਹਿੱਟ ਹੋਣ ਦਾ ਉਸ ਦੇ ਸਿਨੇਮਾ ਘਰਾਂ ਵਿਚ ਟਿਕੇ ਰਹਿਣ ਨਾਲ ਕੋਈ ਮਤਲਬ ਨਹੀਂ ਰਹਿ ਗਿਆ ਹੈ। ਇਹ ਕੋਈ ਪੈਮਾਨਾ ਨਹੀਂ ਕਿ ਮਲਟੀਪਲੈਕਸਾਂ ਵਿਚ ਜ਼ਿਆਦਾ ਦਿਨ ਚੱਲੀ ਫਿਲਮ ਹਿੱਟ ਹੋਵੇਗੀ। `ਠੱਗਜ਼ ਆਫ ਹਿੰਦੋਸਤਾਨ` ਕਈ ਥਾਂਈਂ 4 ਹਫਤਿਆਂ ਤੱਕ ਟਿਕੀ ਰਹੀ ਪਰ ਉਹ ਸਾਲ 2018 ਦੀਆਂ ਫਲਾਪ ਫਿਲਮਾਂ ਵਿਚੋਂ ਇਕ ਹੈ। ਜਦਕਿ ਫਿਲਮ `ਇਸਤਰੀ` 31 ਅਗਸਤ ਨੂੰ ਰਿਲੀਜ਼ ਹੋਈ ਸੀ ਅਤੇ ਡੇਢ ਮਹੀਨੇ ਬਾਅਦ ਇਸ ਨੂੰ ਟੀ.ਵੀ. ਉੱਤੇ ਵੀ ਵਿਖਾ ਦਿੱਤਾ ਗਿਆ ਅਤੇ ਕਮਾਈ ਦੇ ਲਿਹਾਜ਼ ਨਾਲ ਇਹ ਫਿਲਮ ਸਾਲ 2018 ਦੀਆਂ ਹਿੱਟ ਫਿਲਮਾਂ ਦੀ ਸ਼੍ਰੇਣੀ ਵਿਚ ਸ਼ੁਮਾਰ ਹੋ ਚੁੱਕੀ ਹੈ। ਕਈ ਫਿਲਮਾਂ ਪਹਿਲੇ ਤਿੰਨ ਦਿਨਾਂ ਵਿਚ ਹੀ ਆਪਣੀ ਲਾਗਤ ਤੋਂ ਕਈ ਗੁਣਾਂ ਜ਼ਿਆਦਾ ਪੈਸਾ ਕਮਾ ਰਹੀਆਂ ਹਨ।
ਘੱਟ ਬਜਟ, ਹਿੱਟ ਫਿਲਮਾਂ:
ਸਾਲ 2018 ਵੀ ਪਿਛਲੇ ਸਾਲ ਦੀ ਤਰ੍ਹਾਂ `ਘੱਟ ਬਜਟ ਵਾਲੀਆਂ ਹਿੱਟ ਫਿਲਮਾਂ` ਦਾ ਸਾਲ ਰਿਹਾ ਹੈ। ਇਸ ਸਾਲ ਵੰਨ-ਸੁਵੰਨੀਆਂ ਫਿਲਮਾਂ ਵੇਖਣ ਨੂੰ ਮਿਲੀਆਂ। ਅਕਸ਼ੈ ਕੁਮਾਰ (2.0, ਪੈਡ ਮੈਨ ਅਤੇ ਗੋਲਡ), ਜੌਹਨ ਇਬਰਾਹਿਮ (ਪਰਮਾਣੂ-ਦੀ ਸਟੋਰੀ ਆਫ ਪੋਖਰਣ ਅਤੇ ਸੱਤਿਅਮੇਵ ਜਯਤੇ) ਅਤੇ ਆਯੂਸ਼ਮਾਨ ਖੁਰਾਣਾ (ਅੰਧਾਧੁੰਨ ਅਤੇ ਬਧਾਈ ਹੋ) ਲਈ ਸਾਲ 2018 ਕਾਮਯਾਬੀ ਭਰਿਆ ਰਿਹਾ। ਜਦਕਿ ਅਨੁਸ਼ਕਾ ਸ਼ਰਮਾ (ਪਰੀ, ਸੂਈ ਧਾਗਾ, ਜ਼ੀਰੋ, ਸੰਜੂ) ਅਤੇ ਤਾਪਸੀ ਪੰਨੂੰ (ਮਨਮਰਜ਼ੀਆਂ, ਮੁਲਕ, ਸੂਰਮਾ) ਦੀ ਵੀ ਇਸ ਸਾਲ ਭਰਵੀਂ ਹਾਜ਼ਰੀ ਰਹੀ। ਘੱਟ ਬਜਟ ਵਾਲੀਆਂ ਹਿੱਟ ਫਿਲਮਾਂ ਵਿਚ ਬਧਾਈ ਹੋ (ਨਿਰਦੇਸ਼ਕ-ਅਮਿਤ ਰਵਿੰਦਰਨਾਥ ਸ਼ਰਮਾ), ਅੰਧਾਧੁੰਨ (ਨਿਰਦੇਸ਼ਕ-ਸ੍ਰੀਰਾਮ ਰਾਘਵਨ), ਸੂਈ ਧਾਗਾ (ਨਿਰਦੇਸ਼ਕ-ਸ਼ਰਤ ਕਟਾਰੀਆ), ਇਸਤਰੀ (ਨਿਰਦੇਸ਼ਕ-ਅਮਰ ਕੌਸ਼ਿਕ), ਧੜਕ (ਨਿਰਦੇਸ਼ਕ- ਸ਼ਸ਼ਾਂਕ ਖੇਤਾਨ), ਵੀਰੇ ਦੀ ਵੈਡਿੰਗ (ਨਿਰਦੇਸ਼ਕ-ਸ਼ਸ਼ਾਂਕਾਂ ਘੋਸ਼), ਪਰਮਾਣੂ- ਦੀ ਸਟੋਰੀ ਆਫ ਪੋਖਰਣ (ਨਿਰਦੇਸ਼ਕ-ਅਭਿਸ਼ੇਕ ਸ਼ਰਮਾ), 102 ਨਾਟ ਆਊਟ (ਨਿਰਦੇਸ਼ਕ- ਉਮੇਸ਼ ਸ਼ੁਕਲਾ), ਰੱਜੀ (ਨਿਰਦੇਸ਼ਕ-ਮੇਘਨਾ ਗੁਲਜ਼ਾਰ), ਹਿਚਕੀ (ਨਿਰਦੇਸ਼ਕ-ਸਿਧਾਂਰਤ ਪੀ ਮਲਹੋਤਰਾ) ਅਤੇ ਰੇਡ (ਨਿਰਦੇਸ਼ਕ-ਰਾਜ ਕੁਮਾਰ ਗੁਪਤਾ) ਆਦਿ ਫਿਲਮਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਦਾ ਬਜਟ ਘੱਟ ਅਤੇ ਕਮਾਈ ਜ਼ਿਆਦਾ ਹੋਈ ਹੈ।
ਵੱਡੇ ਨਾਂ, ਫਲਾਪ ਫਿਲਮਾਂ:
ਕਈ ਸਥਾਪਿਤ ਅਤੇ ਵੱਡੇ ਨਾਂ ਵਾਲੇ ਅਦਾਕਾਰ ਇਸ ਸਾਲ ਖਾਸ ਕ੍ਰਿਸ਼ਮਾ ਨਹੀਂ ਵਿਖਾ ਸਕੇ। ਸੰਨੀ ਦਿਓਲ ਦੀਆਂ ਇਸ ਸਾਲ ਆਈਆਂ ਤਿੰਨੇ ਫਿਲਮਾਂ ਫਲਾਪ ਰਹੀਆਂ (ਭਈਆ ਜੀ ਸੁਪਰਹਿੱਟ, ਮੁਹੱਲਾ ਆਸੀ, ਯਮਲਾ ਪਗਲਾ ਦੀਵਾਨਾ: ਫਿਰ ਸੇ) ਅਤੇ ਜ਼ਿੰਮੀ ਸ਼ੇਰਗਿੱਲ (ਸਾਹਿਬ, ਬੀਵੀ ਔਰ ਗੈਂਗਸਟਰ-3, ਫੇਮਸ, ਮੁੱਕਾਬਾਜ਼) ਵੀ ਖਾਸ ਪ੍ਰਭਾਵ ਨਹੀਂ ਛੱਡ ਸਕਿਆ। ਇਸ ਸਾਲ ਸੈਫ ਅਲੀ ਖਾਨ ਦੀਆਂ ਫਿਲਮਾਂ ਕਾਲਾਕਾਂਡੀ ਅਤੇ ਬਾਜ਼ਾਰ ਵੀ ਫਲਾਪ ਰਹੀਆਂ। ਨੈੱਟਫਲਿਕਸ ਐਪ ‘ਤੇ ਉਸ ਦੇ ਲੜੀਵਾਰ ‘ਸੈਕਰਿਡ ਗੇਮਜ਼’, ਜਿਸ ਵਿਚ ਸੈਫ ਅਲੀ ਖਾਨ ਨੇ ਇਕ ਸਰਦਾਰ ਪੁਲਿਸ ਇੰਸਪੈਕਟਰ ਦੀ ਭੂਮਿਕਾ ਨਿਭਾਈ ਹੈ, ਨੇ ਜ਼ਰੂਰ ਵਾਹ-ਵਾਹ ਖੱਟੀ ਪਰ ਉਸ ਦੀਆਂ ਫਿਲਮਾਂ ਕੋਈ ਖਾਸ ਜਲਵਾ ਨਹੀਂ ਵਿਖਾ ਸਕੀਆਂ। ਅਨਿਲ ਕਪੂਰ ਦੀ ਫੰਨੇ ਖਾਨ, ਆਮਿਰ ਖਾਨ ਤੇ ਅਮਿਤਾਬ ਬੱਚਨ ਦੀ ਠੱਗਜ਼ ਆਫ ਹਿੰਦੋਸਤਾਨ, ਜੈਕੀ ਸ਼ਰਾਫ ਦੀ ਪਲਟਨ ਅਤੇ ਫੇਮਸ, ਸੰਜੇ ਦੱਤ ਦੀ ਸਾਹਿਬ, ਬੀਵੀ ਔਰ ਗੈਂਗਸਟਰ-3, ਨੀਲ ਨੀਤਿਨ ਮੁਕੇਸ਼ ਦੀਆਂ ਦਸਹਿਰਾ ਤੇ ਇਸ਼ਕੇਰੀਆ, ਗੋਵਿੰਦਾ ਦੀ ਫ੍ਰਾਈ ਡੇ ਅਤੇ ਅਰਬਾਜ਼ ਖਾਨ ਦੀਆਂ ਜੈਕ ਐਂਡ ਦਿਲ ਤੇ ਨਿਰਦੋਸ਼ ਫਿਲਮਾਂ ਨੇ ਬਾਕਸ ਆਫਿਸ ‘ਤੇ ਪਾਣੀ ਨਹੀਂ ਮੰਗਿਆ।
ਨਵੇਂ ਚਿਹਰਿਆਂ ਦੀ ਦਸਤਕ:
ਕਈ ਨਵੇਂ ਚਿਹਰਿਆਂ (ਜ਼ਿਆਦਾਤਰ ਫਿਲਮੀ ਪਰਿਵਾਰਾਂ ਨਾਲ ਸਬੰਧ ਰੱਖਣ ਵਾਲਿਆਂ) ਨੇ ਇਸ ਸਾਲ ਦਸਤਕ ਦਿੱਤੀ ਅਤੇ ਕੁਝ ਨੇ ਆਪਣਾ ਚੰਗਾ ਪ੍ਰਭਾਵ ਵੀ ਛੱਡਿਆ। ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖਾਨ ਫਿਲਮ `ਕੇਦਾਰਨਾਥ` ਅਤੇ `ਸਿੰਬਾ`, ਸ੍ਰੀਦੇਵੀ ਅਤੇ ਬੌਨੀ ਕਪੂਰ ਦੀ ਧੀ ਜਾਹਨਵੀ ਕਪੂਰ ਅਤੇ ਸ਼ਾਹਿਦ ਕਪੂਰ ਦਾ ਭਰਾ ਈਸ਼ਾਨ ਖੱਟਰ ਫਿਲਮ `ਧੜਕ`, ਸਲਮਾਨ ਖਾਨ ਦਾ ਜੀਜਾ ਆਯੂਸ਼ ਸ਼ਰਮਾ ਫਿਲਮ `ਲਵਯਾਤਰੀ` ਅਤੇ ਨਿਰਦੇਸ਼ਕ ਅਨਿਲ ਸ਼ਰਮਾ ਦੇ ਬੇਟੇ ਉਤਕਰਸ਼ ਸ਼ਰਮਾ ਨੇ ਫਿਲਮ `ਜੀਨੀਅਸ` ਵਿਚ ਅਦਾਕਾਰੀ ਕੀਤੀ। ਇਨ੍ਹਾਂ ਤੋਂ ਇਲਾਵਾ ਮਾਡਲ ਬਨੀਤਾ ਸੰਧੂ (ਅਕਤੂਬਰ), ਮੌਨੀ ਰੌਏ (ਗੋਲਡ) ਅਤੇ ਵਿਨੋਦ ਮਹਿਰਾ ਦੇ ਲੜਕੇ ਰੌਹਨ ਮਹਿਰਾ (ਬਾਜ਼ਾਰ) ਨੇ ਵੀ ਸਾਲ 2018 ਵਿਚ ਬਾਲੀਵੁੱਡ ਫਿਲਮਾਂ ਵਿਚ ਐਂਟਰੀ ਮਾਰੀ।
ਸਾਲ ਦੀ ਸ਼ੁਰੂਆਤ:
ਸਾਲ 2017 ਵਿਚ ਵਿਵਾਦਾਂ `ਚ ਘਿਰੀ ਫਿਲਮ `ਪਦਮਾਵਤ` (ਦੀਪਿਕਾ ਪਾਦੂਕੋਣ, ਰਣਬੀਰ ਸਿੰਘ, ਸ਼ਾਹਿਦ ਕਪੂਰ ਅਤੇ ਅਦਿਤੀ ਰਾਓ ਹੈਦਰੀ) ਜਨਵਰੀ 2018 ਵਿਚ ਰਿਲੀਜ਼ ਹੋਈ ਅਤੇ ਸਾਲ ਦੀ ਪਹਿਲੀ ਹਿੱਟ ਫਿਲਮ ਸਾਬਤ ਹੋਈ। ਇਸੇ ਮਹੀਨੇ ਰਿਲੀਜ਼ ਹੋਈਆਂ ਫਿਲਮਾਂ 1921 (ਜ਼ਰੀਨ ਖਾਨ), ਕਾਲਾਕਾਂਡੀ (ਸੈਫ ਅਲੀ ਖਾਨ), ਮੁੱਕਾਬਾਜ਼ (ਜ਼ਿੰਮੀ ਸ਼ੇਰਗਿੱਲ, ਰਵੀ ਕਿਸ਼ਨ), ਨਿਰਦੋਸ਼ (ਅਰਬਾਜ਼ ਖਾਨ, ਅਸ਼ਮਿਤ ਪਟੇਲ, ਮਹਿਕ ਚਹਿਲ), ਮਾਈ ਬਰਥਡੇ ਸੌਂਗ (ਸੰਜੇ ਸੂਰੀ, ਨੌਰਾ ਫਤੇਹੀ) ਅਤੇ ਵੋਦਕਾ ਡਾਇਰੀਜ਼ (ਕੇ.ਕੇ. ਮੈਨਨ, ਮੰਦਿਰਾ ਬੇਦੀ, ਰਾਇਮਾ ਸੇਨ) ਫਲਾਪ ਰਹੀਆਂ।ਫਰਵਰੀ ਮਹੀਨੇ ਵਿਚ ਪੈਡ ਮੈਨ (ਅਕਸ਼ੈ ਕੁਮਾਰ, ਸੋਨਮ ਕਪੂਰ, ਰਾਧਿਕਾ ਆਪਟੇ) ਅਤੇ ਸੋਨੂੰ ਕੇ ਟੀਟੂ ਕੀ ਸਵੀਟੀ (ਕਾਰਤਿਕ ਆਰਿਅਨ, ਨੁਸਰਤ ਬਰੂਚਾ, ਸੰਨੀ ਨਿੱਜਰ) ਫਿਲਮਾਂ ਹਿੱਟ ਰਹੀਆਂ ਜਦਕਿ ਵੈਲਕਮ ਟੂ ਨਿਊਯਾਰਕ (ਦਿਲਜੀਤ ਦੋਸਾਂਝ, ਸੋਨਾਕਸ਼ੀ ਸਿਨਹਾ, ਕਰਨ ਜੌਹਰ, ਲਾਰਾ ਦੱਤਾ, ਰਿਤੇਸ਼ ਦੇਸ਼ਮੁੱਖ, ਬੌਮਨ ਇਰਾਨੀ) ਫਿਲਮ ਫਲਾਪ ਰਹੀ। ਮਾਰਚ ਮਹੀਨੇ ਵਿਚ ਦਰਜਨ ਤੋਂ ਵੀ ਜ਼ਿਆਦਾ ਫਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਵਿਚੋਂ ਰੇਡ (ਅਜੇ ਦੇਵਗਨ, ਸੌਰਭ ਸ਼ੁਕਲਾ), ਬਾਗੀ-2 (ਟਾਈਗਰ ਸ਼ਰੌਫ, ਦਿਸ਼ਾ ਪਟਾਨੀ, ਰਣਦੀਪ ਹੂਡਾ) ਅਤੇ ਹਿਚਕੀ (ਰਾਣੀ ਮੁਖਰਜੀ) ਫਿਲਮਾਂ ਹਿੱਟ ਰਹੀਆਂ। ਪਰੀ ਫਿਲਮ (ਅਨੁਸ਼ਕਾ ਸ਼ਰਮਾ) ਠੀਕ-ਠਾਕ ਜਿਹੀ ਹੀ ਰਹੀ।
ਅੱਧੇ ਸਾਲ ਦੀ ਬਾਕਸ ਆਫਿਸ ਰਿਪੋਰਟ:
ਅਪ੍ਰੈਲ ਮਹੀਨੇ ਵਿਚ ਰਿਲੀਜ਼ ਹੋਈ ਬਲੈਕਮੇਲ (ਇਰਫਾਨ ਖਾਨ, ਕਿਰਤੀ ਕੁਲਹਰੀ, ਦਿਵਿਯਾ ਦੱਤਾ) ਵਧੀਆ ਕਹਾਣੀ ਅਤੇ ਨਿਭਾਅ ਵਾਲੀ ਘੱਟ ਬਜਟ ਵਾਲੀ ਫਿਲਮ ਕਮਾਈ ਪੱਖੋਂ ਔਸਤ ਰਹੀ। ਇਸੇ ਮਹੀਨੇ ਰਿਲੀਜ਼ ਹੋਈਆਂ ਫਿਲਮਾਂ ਅਕਤੂਬਰ (ਵਰੁਣ ਧਵਨ, ਬਨੀਤਾ ਸੰਧੂ) ਅਤੇ ਮਿਸਿੰਗ (ਤੱਬੂ, ਮਨੋਜ ਬਾਜਪਾਈ, ਅਨੂ ਕਪੂਰ) ਜ਼ਿਆਦਾ ਕਮਾਈ ਨਹੀਂ ਕਰ ਸਕੀਆਂ।
ਮਈ ਮਹੀਨਾ ਵਨ-ਸੁਵੰਨੀਆਂ ਫਿਲਮਾਂ ਵਾਲਾ ਰਿਹਾ। 102 ਨਾਟ ਆਊਟ (ਅਮਿਤਾਬ ਬੱਚਨ, ਰਿਸ਼ੀ ਕਪੂਰ) ਫਿਲਮ ਜ਼ਿੰਦਗੀ ਨੂੰ ਜਿਊਣ ਦਾ ਢੰਗ ਸਿਖਾਉਂਦੀ ਹੈ , ਪਰਮਾਣੂ-ਦੀ ਸਟੋਰੀ ਆਫ ਪੋਖਰਣ (ਜੌਹਨ ਅਬਰਾਹਿਮ, ਡਾਇਨਾ ਪੇਂਟੀ, ਬੌਮਨ ਇਰਾਨੀ) ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਕੀਤੇ ਪ੍ਰਮਾਣੂ ਪ੍ਰੀਖਣਾਂ `ਤੇ ਆਧਾਰਤ ਫਿਲਮ ਹੈ, ਓਮੇਰਟਾ (ਰਾਜਕੁਮਾਰ ਰਾਓ) ਇਕ ਅੱਤਵਾਦੀ ਉਮਰ ਸਈਅਦ ਸ਼ੇਖ ਦੀ ਜ਼ਿੰਦਗੀ `ਤੇ ਆਧਾਰਿਤ ਫਿਲਮ ਹੈ ਜਦਕਿ ਰੱਜੀ ਫਿਲਮ ਵੀ (ਵਿੱਕੀ ਕੌਸ਼ਲ, ਆਲੀਆ ਭੱਟ) 1971 ਵਿਚ ਪਾਕਿਸਤਾਨ ਭੇਜੀ ਇਕ ਲੜਕੀ ਦੀ ਸੱਚੀ ਕਹਾਣੀ `ਤੇ ਆਧਾਰਿਤ ਫਿਲਮ ਹੈ। ਇਹ ਸਭ ਫਿਲਮਾਂ ਆਪੋ-ਆਪਣੀ ਥਾਂ ਵਧੀਆ ਹਨ ਅਤੇ ਕਮਾਈ ਪੱਖੋਂ ਵੀ ਹਿੱਟ ਤੋਂ ਔਸਤ ਦਰਜੇ ਦੀਆਂ ਰਹੀਆਂ।
ਮਈ ਮਹੀਨਾ ਵਨ-ਸੁਵੰਨੀਆਂ ਫਿਲਮਾਂ ਵਾਲਾ ਰਿਹਾ। 102 ਨਾਟ ਆਊਟ (ਅਮਿਤਾਬ ਬੱਚਨ, ਰਿਸ਼ੀ ਕਪੂਰ) ਫਿਲਮ ਜ਼ਿੰਦਗੀ ਨੂੰ ਜਿਊਣ ਦਾ ਢੰਗ ਸਿਖਾਉਂਦੀ ਹੈ , ਪਰਮਾਣੂ-ਦੀ ਸਟੋਰੀ ਆਫ ਪੋਖਰਣ (ਜੌਹਨ ਅਬਰਾਹਿਮ, ਡਾਇਨਾ ਪੇਂਟੀ, ਬੌਮਨ ਇਰਾਨੀ) ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਕੀਤੇ ਪ੍ਰਮਾਣੂ ਪ੍ਰੀਖਣਾਂ `ਤੇ ਆਧਾਰਤ ਫਿਲਮ ਹੈ, ਓਮੇਰਟਾ (ਰਾਜਕੁਮਾਰ ਰਾਓ) ਇਕ ਅੱਤਵਾਦੀ ਉਮਰ ਸਈਅਦ ਸ਼ੇਖ ਦੀ ਜ਼ਿੰਦਗੀ `ਤੇ ਆਧਾਰਿਤ ਫਿਲਮ ਹੈ ਜਦਕਿ ਰੱਜੀ ਫਿਲਮ ਵੀ (ਵਿੱਕੀ ਕੌਸ਼ਲ, ਆਲੀਆ ਭੱਟ) 1971 ਵਿਚ ਪਾਕਿਸਤਾਨ ਭੇਜੀ ਇਕ ਲੜਕੀ ਦੀ ਸੱਚੀ ਕਹਾਣੀ `ਤੇ ਆਧਾਰਿਤ ਫਿਲਮ ਹੈ। ਇਹ ਸਭ ਫਿਲਮਾਂ ਆਪੋ-ਆਪਣੀ ਥਾਂ ਵਧੀਆ ਹਨ ਅਤੇ ਕਮਾਈ ਪੱਖੋਂ ਵੀ ਹਿੱਟ ਤੋਂ ਔਸਤ ਦਰਜੇ ਦੀਆਂ ਰਹੀਆਂ।
ਜੂਨ ਮਹੀਨਾ (1 ਜੂਨ) ਹਿੱਟ ਫਿਲਮ ਵੀਰੇ ਦੀ ਵੈਡਿੰਗ (ਕਰੀਨਾ ਕਪੂਰ, ਸੋਨਮ ਕਪੂਰ, ਸਵਰਾ ਭਾਸਕਰ) ਨਾਲ ਸ਼ੁਰੂ ਹੋ ਕੇ ਇਸ ਸਾਲ ਦੀ ਸਭ ਤੋਂ ਵੱਡੀ ਹਿੱਟ ਫਿਲਮ (30 ਜੂਨ) ਸੰਜੂ (ਰਣਬੀਰ ਕਪੂਰ, ਸੋਨਮ ਕਪੂਰ, ਪਰੇਸ਼ ਰਾਵਲ, ਦੀਆ ਮਿਰਜ਼ਾ, ਅਨੁਸ਼ਕਾ ਸ਼ਰਮਾ, ਮਨੀਸ਼ਾ ਕੋਇਰਾਲਾ) ਨਾਲ ਖਤਮ ਹੁੰਦਾ ਹੈ। ਹਾਲਾਂਕਿ `ਸੰਜੂ` ਇਕ ਪ੍ਰੋਪੇਗੰਡਾ ਫਿਲਮ ਹੈ ਅਤੇ ਸੰਜੇ ਦੱਤ ਦੀ ਜ਼ਿੰਦਗੀ ਨੂੰ ਦਰਸ਼ਕਾਂ ਤੱਕ ਇਸ ਤਰ੍ਹਾਂ ਪਹੁੰਚਾਇਆ ਗਿਆ ਹੈ ਕਿ ਉਸ ਵੱਲੋਂ ਕੀਤੇ `ਗੁਨਾਹਾਂ` ਲਈ ਲੋਕਾਂ ਤੋਂ ਹਮਦਰਦੀ ਹਾਸਲ ਕੀਤੀ ਜਾ ਸਕੇ। ਹੋਰ ਤਾਂ ਹੋਰ ਸੰਜੇ ਦੱਤ `ਤੇ ਬਣੀ ਫਿਲਮ ਤਾਂ ਸੁਪਰ ਹਿੱਟ ਰਹੀ ਪਰ ਇਸ ਸਾਲ ਉਸ ਦੀ ਰਿਲੀਜ਼ ਹੋਈ ਫਿਲਮ- ਸਾਹਿਬ, ਬੀਵੀ ਔਰ ਗੈਂਗਸਟਰ-3, ਜਿਸ `ਚ ਸੰਜੇ ਦੱਤ ਨੇ ਅਦਾਕਾਰੀ ਕੀਤੀ ਸੀ, ਉਹ ਫਲਾਪ ਸਿੱਧ ਹੋਈ। ਇਸੇ ਮਹੀਨੇ ਰਿਲੀਜ਼ ਹੋਈ ਰੇਸ-3 (ਅਨਿਲ ਕਪੂਰ, ਸਲਮਾਨ ਖਾਨ, ਬੌਬੀ ਦਿਓਲ) ਕਮਾਈ ਪੱਖੋਂ ਹਿੱਟ ਰਹੀ।
ਜੁਲਾਈ ਤੋਂ ਸਤੰਬਰ:
ਫਰਵਰੀ ਮਹੀਨੇ ਵਿਚ ਸ੍ਰੀਦੇਵੀ ਦੀ ਮੌਤ ਤੋਂ ਬਾਅਦ 20 ਜੁਲਾਈ ਨੂੰ ਉਸ ਦੀ ਬੇਟੀ ਜਾਹਨਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ `ਧੜਕ` ਰਿਲੀਜ਼ ਹੋਈ ਜੋ ਬਾਕਸ ਆਫਿਸ `ਤੇ ਵਧੀਆ ਕਮਾਈ ਕਰ ਗਈ। ਦਿਲਜੀਤ ਦੋਸਾਂਝ ਦੀ ਇਕ ਹੋਰ ਫਿਲਮ `ਸੂਰਮਾ` (ਤਾਪਸੀ ਪੰਨੂੰ, ਅੰਗਦ ਬੇਦੀ) ਜੋ ਕਿ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਕਹਾਣੀ `ਤੇ ਆਧਾਰਿਤ ਸੀ, ਔਸਤ ਦੇ ਆਸ-ਪਾਸ ਰਹੀ। ਜੁਲਾਈ ਵਿਚ ਹੀ ਰਿਲੀਜ਼ ਹੋਈ ਸਾਹਿਬ, ਬੀਵੀ ਔਰ ਗੈਂਗਸਟਰ-3 (ਸੰਜੇ ਦੱਤ, ਜ਼ਿੰਮੀ ਸ਼ੇਰਗਿੱਲ, ਮਾਹੀ ਗਿੱਲ, ਚਿਤਰਾਂਗਦਾ ਸਿੰਘ) ਫਲਾਪ ਫਿਲਮ ਸਾਬਤ ਹੋਈ।
ਅਗਸਤ ਮਹੀਨਾ ਫਲਾਪ ਫਿਲਮ `ਫੰਨੇ ਖਾਂ` (ਅਨਿਲ ਕਪੂਰ, ਐਸ਼ਵਰਿਆ ਰਾਏ ਬੱਚਨ) ਨਾਲ ਸ਼ੁਰੂ ਹੋਇਆ ਜਦਕਿ `ਸੂਰਮਾ` ਤੋਂ ਬਾਅਦ ਹਾਕੀ `ਤੇ ਹੀ ਬਣੀ ਫਿਲਮ `ਗੋਲਡ` (ਅਕਸ਼ੈ ਕੁਮਾਰ, ਮੌਨੀ ਰੌਏ, ਕੁਨਾਲ ਕਪੂਰ) ਹਿੱਟ ਰਹੀ। ਇਸੇ ਮਹੀਨੇ ਸੱਤਿਅਮੇਵ ਜਯਤੇ (ਜੌਹਨ ਇਬਰਾਹਿਮ, ਮਨੋਜ ਬਾਜਪਾਈ) ਅਤੇ ਇਸਤਰੀ (ਰਾਜ ਕੁਮਾਰ ਰਾਓ, ਸ਼ਰਧਾ ਕਪੂਰ, ਪੰਕਜ ਤ੍ਰਿਪਾਠੀ) ਫਿਲਮਾਂ ਚੰਗੀ ਕਮਾਈ ਕਰਨ ਵਿਚ ਕਾਮਯਾਬ ਰਹੀਆਂ। `ਹੈਪੀ ਫਿਰ ਭਾਗ ਜਾਏਗੀ` (ਸੋਨਾਕਸ਼ੀ ਸਿਨਹਾ, ਡਾਇਨਾ ਪੇਂਟੀ, ਜ਼ਿੰਮੀ ਸ਼ੇਰਗਿੱਲ, ਅਲੀ ਫਜ਼ਲ, ਜੱਸੀ ਗਿੱਲ) ਤੋਂ ਇਲਾਵਾ ਫਲਾਪ ਫਿਲਮਾਂ ਵਿਚ ਯਮਲਾ, ਪਗਲਾ, ਦੀਵਾਨਾ: ਫਿਰ ਸੇ (ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ, ਕ੍ਰਿਤੀ ਖਰਬੰਦਾ) ਅਤੇ ਜੀਨੀਅਸ (ਉਤਕਰਸ਼ ਸ਼ਰਮਾ, ਨਿਵਾਜ਼ੂਦੀਨ ਸਿਦਿੱਕੀ) ਪ੍ਰਮੁੱਖ ਹਨ। ਕਾਰਵਾਂ (ਇਰਫਾਨ ਖਾਨ, ਕ੍ਰਿਤੀ ਖਰਬੰਦਾ) ਅਤੇ ਮੁਲਕ (ਰਿਸ਼ੀ ਕਪੂਰ, ਤਾਪਸੀ ਪੰਨੂੰ) ਫਿਲਮਾਂ ਔਸਤ ਰਹੀਆਂ।
ਅਗਸਤ ਮਹੀਨਾ ਫਲਾਪ ਫਿਲਮ `ਫੰਨੇ ਖਾਂ` (ਅਨਿਲ ਕਪੂਰ, ਐਸ਼ਵਰਿਆ ਰਾਏ ਬੱਚਨ) ਨਾਲ ਸ਼ੁਰੂ ਹੋਇਆ ਜਦਕਿ `ਸੂਰਮਾ` ਤੋਂ ਬਾਅਦ ਹਾਕੀ `ਤੇ ਹੀ ਬਣੀ ਫਿਲਮ `ਗੋਲਡ` (ਅਕਸ਼ੈ ਕੁਮਾਰ, ਮੌਨੀ ਰੌਏ, ਕੁਨਾਲ ਕਪੂਰ) ਹਿੱਟ ਰਹੀ। ਇਸੇ ਮਹੀਨੇ ਸੱਤਿਅਮੇਵ ਜਯਤੇ (ਜੌਹਨ ਇਬਰਾਹਿਮ, ਮਨੋਜ ਬਾਜਪਾਈ) ਅਤੇ ਇਸਤਰੀ (ਰਾਜ ਕੁਮਾਰ ਰਾਓ, ਸ਼ਰਧਾ ਕਪੂਰ, ਪੰਕਜ ਤ੍ਰਿਪਾਠੀ) ਫਿਲਮਾਂ ਚੰਗੀ ਕਮਾਈ ਕਰਨ ਵਿਚ ਕਾਮਯਾਬ ਰਹੀਆਂ। `ਹੈਪੀ ਫਿਰ ਭਾਗ ਜਾਏਗੀ` (ਸੋਨਾਕਸ਼ੀ ਸਿਨਹਾ, ਡਾਇਨਾ ਪੇਂਟੀ, ਜ਼ਿੰਮੀ ਸ਼ੇਰਗਿੱਲ, ਅਲੀ ਫਜ਼ਲ, ਜੱਸੀ ਗਿੱਲ) ਤੋਂ ਇਲਾਵਾ ਫਲਾਪ ਫਿਲਮਾਂ ਵਿਚ ਯਮਲਾ, ਪਗਲਾ, ਦੀਵਾਨਾ: ਫਿਰ ਸੇ (ਧਰਮਿੰਦਰ, ਸੰਨੀ ਦਿਓਲ, ਬੌਬੀ ਦਿਓਲ, ਕ੍ਰਿਤੀ ਖਰਬੰਦਾ) ਅਤੇ ਜੀਨੀਅਸ (ਉਤਕਰਸ਼ ਸ਼ਰਮਾ, ਨਿਵਾਜ਼ੂਦੀਨ ਸਿਦਿੱਕੀ) ਪ੍ਰਮੁੱਖ ਹਨ। ਕਾਰਵਾਂ (ਇਰਫਾਨ ਖਾਨ, ਕ੍ਰਿਤੀ ਖਰਬੰਦਾ) ਅਤੇ ਮੁਲਕ (ਰਿਸ਼ੀ ਕਪੂਰ, ਤਾਪਸੀ ਪੰਨੂੰ) ਫਿਲਮਾਂ ਔਸਤ ਰਹੀਆਂ।
ਸਤੰਬਰ ਮਹੀਨਾ ਫਲਾਪ ਫਿਲਮਾਂ ਦੇ ਨਾਂ ਰਿਹਾ। ਹਾਲਾਂਕਿ 15 ਦੇ ਕਰੀਬ ਫਿਲਮਾਂ ਰਿਲੀਜ਼ ਹੋਈਆਂ ਪਰ ਕਮਾਈ ਪੱਖੋਂ ਸਿਰਫ `ਸੂਈ ਧਾਗਾ` (ਵਰੁਣ ਧਵਨ, ਅਨੁਸ਼ਕਾ ਸ਼ਰਮਾ) ਫਿਲਮ ਹੀ ਨਾਂ ਚਮਕਾ ਸਕੀ, ਹਾਲਾਂਕਿ ਮਨੋਜ ਬਾਜਪਾਈ ਦੀ ਫਿਲਮ `ਗਲੀ ਗੁਲੀਆਂ` ਕਹਾਣੀ ਪੱਖੋਂ ਚੰਗੀ ਫਿਲਮ ਸੀ। ਇਸੇ ਮਹੀਨੇ ਪਲਟਨ (ਜੈਕੀ ਸ਼ਰਾਫ, ਸੋਨੂੰ ਸੂਦ, ਅਰਜੁਨ ਰਾਮਪਾਲ, ਈਸ਼ਾ ਗੁਪਤਾ, ਮੋਨਿਕਾ ਗਿੱਲ), ਮਨਮਰਜ਼ੀਆਂ (ਅਭਿਸ਼ੇਕ ਬੱਚਨ, ਤਾਪਸੀ ਪੰਨੂੰ), ਮਿੱਤਰੋ (ਜੈਕੀ ਭਗਨਾਨੀ), ਇਸ਼ਕੇਰੀਆ (ਨੀਲ ਨੀਤਿਨ ਮੁਕੇਸ਼, ਰਿਚਾ ਚੱਢਾ) ਅਤੇ ਬੱਤੀ ਗੁੱਲ ਮੀਟਰ ਚਾਲੂ (ਸ਼ਾਹਿਦ ਕਪੂਰ, ਸ਼ਰਧਾ ਕਪੂਰ, ਯਾਮੀ ਗੌਤਮ) ਫਿਲਮਾਂ ਪੈਸੇ ਪੂਰੇ ਕਰਨ ਵਿਚ ਨਾਕਾਮਯਾਬ ਰਹੀਆਂ। ਨਵਾਜ਼ੂਦੀਨ ਸਿਦਿੱਕੀ ਦੀ `ਮੰਟੋ` ਫਿਲਮ ਜ਼ਿਆਦਾ ਸਿਨੇਮਿਆਂ ਵਿਚ ਰਿਲੀਜ਼ ਹੀ ਨਹੀਂ ਕੀਤੀ ਗਈ ਸੀ ਅਤੇ ਉਂਝ ਵੀ ਜਿੰਨਾ ਕਹਾਣੀ ਜਗਤ ਵਿਚ ਮੰਟੋ ਦਾ ਨਾਂ ਹੈ ਉਸ ਹਿਸਾਬ ਨਾਲ ਇਹ ਫਿਲਮ `ਮੰਟੋ` ਨਾਲ ਨਿਆਂ ਨਹੀਂ ਕਰ ਸਕੀ।ਸੁਲਝੇ ਦਰਸ਼ਕਾਂ ਅਤੇ ਮੰਟੋ ਦੇ ਪਾਠਕਾਂ ਨੇ ਫਿਲਮ ਨੂੰ ਨਕਾਰ ਦਿੱਤਾ। ਫਿਲਮ ਦੀ ਨਿਰਦੇਸ਼ਕ ਨੰਦਿਤਾ ਦਾਸ ਸੀ।
ਸਾਲ ਦੇ ਅੰਤਲੇ ਮਹੀਨੇ:
ਅਕਤੂਬਰ ਮਹੀਨਾ ਆਯੂਸ਼ਮਾਨ ਖੁਰਾਣਾ ਦੇ ਨਾਂ ਰਿਹਾ। 5 ਅਕਤੂਬਰ ਨੂੰ ਉਸ ਦੀ ਫਿਲਮ `ਅੰਧਾਧੁਨ` ਅਤੇ 18 ਅਕਤੂਬਰ ਨੂੰ `ਬਧਾਈ ਹੋ` ਰਿਲੀਜ਼ ਹੋਈ ਅਤੇ ਦੋਵੇਂ ਹਿੱਟ ਰਹੀਆਂ। ਹੈਲੀਕੌਪਟਰ ਈਲਾ (ਕਾਜੋਲ, ਨੇਹਾ ਧੂਪੀਆ), ਫ੍ਰਾਈ ਡੇ (ਗੋਵਿੰਦਾ), ਨਮਸਤੇ ਇੰਗਲੈਂਡ (ਅਰਜੁਨ ਕਪੂਰ, ਪਰੀਨੀਤੀ ਚੋਪੜਾ), ਬਾਜ਼ਾਰ (ਸੈਫ ਅਲੀ ਖਾਨ, ਰਾਧਿਕਾ ਆਪਟੇ, ਚਿਤਰਾਂਗਦਾ ਸਿੰਘ), 5 ਵੈਡਿੰਗਜ਼ (ਰਾਜ ਕੁਮਾਰ ਰਾਓ, ਨਰਗਿਸ ਫਾਖਰੀ), ਦਸਹਿਰਾ (ਨੀਲ ਨੀਤਿਨ ਮੁਕੇਸ਼, ਟੀਨਾ ਦੇਸਾਈ) ਅਤੇ ਦੀ ਜਰਨੀ ਆਫ ਕਰਮਾ (ਪੂਨਮ ਪਾਂਡੇ, ਸ਼ਕਤੀ ਕਪੂਰ) ਫਿਲਮਾਂ ਕਮਾਈ ਪੱਖੋਂ ਕਮਜ਼ੋਰ ਰਹੀਆਂ।
ਨਵੰਬਰ `ਚ ਰਿਲੀਜ਼ ਹੋਈ ਫਿਲਮ `ਠੱਗਜ਼ ਆਫ ਹਿੰਦੋਸਤਾਨ` (ਅਮਿਤਾਬ ਬੱਚਨ, ਆਮਿਰ ਖਾਨ, ਕੈਟਰੀਨਾ ਕੈਫ) ਕਮਾਈ ਪੱਖੋਂ ਅਤੇ ਵਿਸ਼ੇ ਪੱਖੋਂ ਨਿਰਾਸ਼ਾਜਨਕ ਫਿਲਮ ਰਹੀ। 2-3 ਸਾਲ ਪਹਿਲਾਂ ਵਿਵਾਦਾਂ `ਚ ਘਿਰੀ ਸੰਨੀ ਦਿਓਲ ਦੀ ਫਿਲਮ `ਮੁੱਹਲਾ ਆਸੀ` ਇਸੇ ਮਹੀਨੇ ਚੁੱਪਚਾਪ ਰਿਲੀਜ਼ ਹੋਈ ਅਤੇ ਓਨੀ ਹੀ ਸ਼ਾਂਤੀ ਨਾਲ ਸਿਨੇਮਾ ਘਰਾਂ `ਚੋਂ ਬਾਹਰ ਹੋ ਗਈ। ਸੰਨੀ ਦਿਓਲ ਦੀ ਫਿਲਮ `ਭਈਆ ਜੀ ਸੁੱਪਰਹਿੱਟ` (ਪ੍ਰੀਟੀ ਜਿੰਟਾ, ਅਰਸ਼ਦ ਵਾਰਸੀ) ਵੀ ਹਿੱਟ ਨਾ ਹੋ ਸਕੀ। ਤੇਲਗੂ, ਤਾਮਿਲ ਅਤੇ ਹਿੰਦੀ ਵਿਚ ਬਣੀ ਰਜਨੀਕਾਂਤ ਦੀ ਫਿਲਮ 2.0 (ਅਕਸ਼ੈ ਕੁਮਾਰ, ਐਮੀ ਜੈਕਸਨ) ਰਜਨੀਕਾਂਤ ਕਰਕੇ ਚੱਲ ਹੀ ਜਾਣੀ ਸੀ। ਇਹ ਫਿਲਮ ਇਸ ਸਾਲ ਦੀ ਸਭ ਤੋਂ ਮਹਿੰਗੀ ਫਿਲਮ ਸੀ ਅਤੇ ਇਸ ਦੇ ਨਿਰਮਾਣ `ਤੇ 500 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਲਾਗਤ ਆਈ ਅਤੇ ਫਿਲਮ ਪੈਸੇ ਪੂਰੇ ਕਰਨ ਵਿਚ ਕਾਮਯਾਬ ਰਹੀ। ਦਸੰਬਰ ਦੇ ਪਹਿਲੇ ਹਫਤੇ ਰਿਲੀਜ਼ ਹੋਈ ਫਿਲਮ ਕੇਦਾਰਨਾਥ (ਸਾਰਾ ਅਲੀ ਖਾਨ, ਸ਼ੁਸ਼ਾਂਤ ਸਿੰਘ ਰਾਜਪੂਤ) ਠੀਕ-ਠਾਕ ਹੀ ਰਹੀ। ਜਦਕਿ 21 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ `ਜ਼ੀਰੋ` (ਸ਼ਾਹਰੁਖ ਖਾਨ, ਅਨੁਸ਼ਕਾ ਸ਼ਰਮਾ, ਕੈਟਰੀਨਾ ਕੈਫ) ਅਤੇ 28 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਰਣਬੀਰ ਸਿੰਘ, ਸੋਨੂੰ ਸੂਦ ਅਤੇ ਸਾਰਾ ਅਲੀ ਖਾਨ ਦੀ ਫਿਲਮ `ਸਿੰਬਾ` ਦੀ ਬਾਕਸ ਆਫਿਸ ਰਿਪੋਰਟ ਲਈ ਹਾਲੇ ਕੁਝ ਦਿਨ ਹੋਰ ਸਬਰ ਕਰਨਾ ਪਵੇਗਾ।
ਪੁਰਾਣੇ ਗੀਤ ਨਵਾਂ ਤੜਕਾ:
ਸਾਲ 2018 ਵਿਚ ਰਿਲੀਜ਼ ਹੋਈਆਂ ਫਿਲਮਾਂ ਵਿਚ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਕਈ ਪੁਰਾਣੇ ਗੀਤਾਂ ਅਤੇ ਪੰਜਾਬੀ ਦੇ ਹਿੱਟ ਗੀਤਾਂ ਨੂੰ ‘ਤੜਕਾ’ ਲਾ ਕੇ ਰਿਲੀਜ਼ ਕੀਤਾ ਗਿਆ, ਜਿਨ੍ਹਾਂ ਵਿਚ ਦਿਲਬਰ ਦਿਲਬਰ (ਸੱਤਯਮੇਵ ਜਯਤੇ), ਏਕ ਦੋ ਤੀਨ (ਬਾਗੀ-2), ਦਿਲ ਚੋਰੀ ਸਾਡਾ ਹੋ ਗਿਆ (ਸੋਨੂੰ ਕੇ ਟੀਟੂ ਕੀ ਸਵੀਟੀ), ਹਾਈ ਰੇਟਡ ਗੱਬਰੂ (ਨਵਾਬਜ਼ਾਦੇ), ਸਾਨੂੰ ਇਕ ਪਲ ਚੈਨ ਨਾ ਆਵੇ (ਰੇਡ), ਆਂਖ ਮਾਰੇ ਓ ਲੜਕੀ ਆਂਖ ਮਾਰੇ (ਸਿੰਬਾ), ਪਰੋਪਲ ਪਟੋਲਾ (ਨਮਸਤੇ ਇੰਗਲੈਂਡ) ਅਤੇ ਅੱਜ ਫੇਰ ਕਿੱਥੇ ਚੱਲੀ ਐ ਮੋਰਨੀ ਬਣਕੇ (ਬਧਾਈ ਹੋ) ਆਦਿ ਗਾਣੇ ਪ੍ਰਮੁੱਖ ਹਨ।
ਫਿਲਮੀ ਹਸਤੀਆਂ ਦੇ ਵਿਆਹ:
ਇਸ ਸਾਲ ਦੀਪਿਕਾ ਪਾਦੂਕੋਨ ਤੇ ਰਣਬੀਰ ਸਿੰਘ, ਪ੍ਰਿਯੰਕਾ ਚੋਪੜਾ ਤੇ ਨਿੱਕ ਜੌਨ, ਨੇਹਾ ਧੂਪੀਆ ਤੇ ਅੰਗਦ ਸਿੰਘ ਬੇਦੀ ਅਤੇ ਸੋਨਮ ਕਪੂਰ ਤੇ ਆਨੰਦ ਆਹੂਜਾ ਵਿਆਹ ਬੰਧਨ ਵਿਚ ਬੱਝੇ। ਟੀਵੀ ਹਸਤੀਆਂ ਵਿਚ ਕਪਿਲ ਸ਼ਰਮਾਂ-ਗਿੰਨੀ ਅਤੇ ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੇ ਵਿਆਹ ਵੀ ਸ਼ੋਸ਼ਲ ਮੀਡੀਆ ‘ਤੇ ਛਾਏ ਰਹੇ। ਫਿਲਮੀ ਹਸਤੀਆਂ ਦੇ ਵਿਆਹ ਵੀ ਹੁਣ ਕਿਸੇ ਫਿਲਮ ਦੇ ਰਿਲੀਜ਼ ਤੋਂ ਘੱਟ ਨਹੀਂ ਰਹਿ ਗਏ ਹਨ। ਖਬਰ ਚੈੱਨਲਾਂ ਦੀ ਗਿਣਤੀ ਵੱਧ ਜਾਣ ਕਰਕੇ ਅਤੇ ਇੰਟਰਨੈੱਟ ਮੀਡੀਆ ਦੇ ਵਿਸਥਾਰ ਹੋ ਜਾਣ ਨਾਲ ਇਨ੍ਹਾਂ ਵਿਆਹਾਂ ਤੋਂ ਪਹਿਲਾਂ, ਵਿਆਹ ਦੌਰਾਨ ਅਤੇ ਵਿਆਹ ਤੋਂ ਬਾਅਦ ਦੀ ਕਵਰੇਜ਼ ਨੂੰ ‘ਕਿਸੇ ਵੱਡੀ ਘਟਨਾ’ ਵਾਂਗ ਪ੍ਰਸਾਰਿਤ ਕੀਤਾ ਜਾਂਦਾ ਹੈ। ਫਿਲਮਾਂ ਦੇ ਬਜਟ ਵਾਂਗ ਵਿਆਹਾਂ ਦਾ ਬਜਟ ਵੀ ਕਰੋੜਾਂ ਰੁਪਏ ਵਿਚ ਪੁੱਜ ਚੁੱਕਾ ਹੈ।
ਸਾਲ 2018 ਦੀਆਂ ‘ਗੂਗਲ’ ਹਸਤੀਆਂ:
ਦੱਖਣ ਦੇ ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਅਨੁਸਾਰ ਸਾਲ 2018 ਵਿਚ ਗੂਗਲ ‘ਤੇ ਜਿਨ੍ਹਾਂ 10 ਫਿਲਮੀ ਹਸਤੀਆਂ ਦੀ ਸਭ ਤੋਂ ਵੱਧ ਸਰਚ ਕੀਤੀ ਗਈ ਉਨ੍ਹਾਂ ਵਿਚ ਪ੍ਰਿਯੰਕਾ ਚੋਪੜਾ, ਸਾਰਾ ਅਲੀ ਖਾਨ, ਸਲਮਾਨ ਖਾਨ, ਦੀਪਿਕਾ ਪਾਦੂਕੋਣ, ਸੋਨਮ ਕਪੂਰ, ਸੋਨਾਲੀ ਬੇਂਦਰੇ, ਅਰਜੁਨ ਕਪੂਰ, ਜਾਹਨਵੀ ਕਪੂਰ, ਤਨੂਸ਼੍ਰੀ ਦੱਤਾ (ਜਿਸ ਨੇ ਨਾਨਾ ਪਾਟੇਕਰ ‘ਤੇ ‘ਮੀ ਟੂ’ ਮੁਹਿੰਮ ਅਧੀਨ ਸ਼ੋਸ਼ਣ ਦੇ ਇਲਜ਼ਾਮ ਲਗਾਏ) ਅਤੇ ਇਰਫਾਨ ਖਾਨ ਦੇ ਨਾਂ ਪ੍ਰਮੁੱਖ ਹਨ। ਇਸ ਤੋਂ ਇਲਾਵਾ ਸੋਨਮ ਕਪੂਰ ਦੇ ਪਤੀ ਆਨੰਦ ਆਹੂਜਾ (ਉਦਯੋਗਪਤੀ) ਅਤੇ ਹਰਿਆਣਾ ਦੀ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਵੀ ਗੂਗਲ ਦੀ ਟਾਪ ਲਿਸਟ ਵਿਚ ਰਹੇ। ਇਸ ਤੋਂ ਇਲਾਵਾ ‘ਅੱਖ ਮਾਰਕੇ’ ਸੁਰਖੀਆਂ ਲੁੱਟ ਲੈਣ ਵਾਲੀ ਅਦਾਕਾਰਾ ਪ੍ਰਿਯਾ ਪ੍ਰਕਾਸ਼ ਵਰੀਅਰ ਵੀ ਗੂਗਲ ‘ਤੇ ਛਾਈ ਰਹੀ।
ਸਾਲ 2019 ਦੀਆਂ ਫਿਲਮਾਂ:
ਹਰ ਸਾਲ ਦੇ ਅੰਤਲੇ ਦਿਨਾਂ ਵਿਚ ਜਿੱਥੇ ਉਸ ਸਾਲ ਦੀਆਂ ਫਿਲਮਾਂ ਦਾ ਲੇਖਾ-ਜੇਖਾ ਹੁੰਦਾ ਹੈ ਉੱਥੇ ਹੀ ਅਗਲੇ ਸਾਲ ਆਉਣ ਵਾਲੀਆਂ ਫਿਲਮਾਂ ਤੋਂ ਕੀਤੀਆਂ ਜਾਣ ਵਾਲੀਆਂ ਉਮੀਦਾਂ ਬਾਰੇ ਵੀ ਵਿਚਾਰ-ਚਰਚਾ ਕੀਤੀ ਜਾਂਦੀ ਹੈ। ਇਸ ਫਹਿਰਿਸਤ ਵਿਚ ਸਭ ਤੋਂ ਉੱਪਰ ਰਿਤਿਕ ਰੌਸ਼ਨ ਦੀ ‘ਸੁਪਰ 30’, ਸਲਮਾਨ ਖਾਨ-ਕੈਟਰਿਨਾ ਕੈਫ ਦੀ ‘ਭਾਰਤ’ ਅਤੇ ਅਕਸ਼ੈ ਕੁਮਾਰ ਦੀ ‘ਕੇਸਰੀ’ ਫਿਲਮਾਂ ਪ੍ਰਮੁੱਖ ਹਨ। ਰਣਵੀਰ ਸਿੰਘ-ਆਲਿਆ ਭੱਟ ਦੀ ‘ਗੁਲੀ ਬੌਏ’, ਕੰਗਣਾ ਰਣੌਤ ਦੀ ‘ਮਨੀਕਰਨੀਕਾ: ਦੀ ਕਿਊਨ ਆਫ ਝਾਂਸੀ’ ਅਤੇ ਸੰਜੇ ਦੱਤ-ਮਾਧੁਰੀ ਦੀਕਸ਼ਿਤ ਦੀ ‘ਕਲੰਕ’ ਫਿਲਮਾਂ ‘ਤੇ ਵੀ ਦਰਸ਼ਕਾਂ ਦੀਆਂ ਨਜ਼ਰਾਂ ਰਹਿਣਗੀਆਂ। ਸਾਲ 2019 ਵਿਚ ਕਈ ਫਿਲਮਾਂ ਦੇ ਅਗਲੇ ਭਾਗ (ਸੀਕੁਐਂਲ ਫਿਲਮਾਂ) ਵੀ ਵੇਖਣ ਨੂੰ ਮਿਲ ਸਕਦੇ ਹਨ।
- ਨਰਿੰਦਰ ਪਾਲ ਸਿੰਘ ਜਗਦਿਓ
No comments:
Post a Comment