Friday, July 29, 2016

ਨਾ ਪਰਖ ਯਾਰਾਂ !

ਬੇਵਸੀ ਦੇ ਆਲਮ ਵਿਚ ਕੋਈ ਕਰੇ ਤਾਂ ਕੀ ਕਰੇ?  
ਬੰਦਾ ਦਿਮਾਗ ਦੀ ਮੰਨੇ ਜਾਂ ਦਿਲ ਦੀ ਹਾਮੀ ਭਰੇ!

ਕਿ ਦੂਰੀ ਪਾ ਹੀ ਦਿੰਦੀ ਹੈ ਗਿਲੇ-ਸ਼ਿਕਵੇ ਅਕਸਰ, 
ਕੋਲ ਬਹਿ ਕੇ ਮਿਟ ਜਾਂਦੇ ਨੇ ਮਨ-ਮੁਟਾਵ ਬੜੇ-ਬੜੇ। 

ਉਹਦੇ ਅੱਖਾਂ ਦੀ ਭਾਸ਼ਾ ਮਨ ਦੀ ਗੱਲ ਬੁੱਝ ਨਾ ਹੋਈ,
ਐਵੇਂ ਕੀਤੀਆਂ ਦੋ ਡਿਗਰੀਆਂ ਐਵੇਂ ਕਾਲਜੀ ਪੜ੍ਹੇ! 

ਉਹ ਦਰਿਆ ਦੇ ਪਾਣੀ ਵਾਂਗੂੰ ਵਗ ਰਿਹੈ ਨਿਰੰਤਰ,  
ਆਪਾਂ ਰੁੱਖ ਹਾਂ ਜਿੱਥੇ ਛੱਡ ਗਿਆ ਸੀ ਉੱਥੇ ਹੀ ਖੜ੍ਹੇ। 

ਨਾ ਪਰਖ ਯਾਰਾਂ ਕਿ ਐਨ.ਪੀ. ਸੋਨੇ ਦੀ ਚੀਜ਼ ਨਹੀਂ,  
ਇਨਸਾਨ ਹਾਂ, ਭੋਰਾ ਕੁ ਖੋਟਾ ਤੇ ਥੋੜ੍ਹੇ ਬਹੁਤ ਖਰੇ!  

ਦਿਹਾੜੀ ਲੰਘ ਜਾਂਦੀ ਹੈ ਪਤਾ ਨਹੀਂ ਕੀ-ਕੀ ਸੋਚਦੇ! 
ਕੋਈ ਪੁੱਛਦਾ ਹੈ ਤਾਂ ਆਖ ਦੇਈ ਦਾ ਕੰਮ ਨੇ ਬੜੇ।  

ਨਹੀਂ ਮਿਲਦਾ ਹਾਂ ਹੁਣ ਤਾਂ ਸ਼ਿਕਾਇਤਾਂ ਕਰ ਰਹੇ ਨੇ,  
ਉਦੋਂ ਖੁਦ ਹੀ ਉਨ੍ਹਾਂ ਆਖਿਆ ਸੀ ਕਿ ਜਾਹ ਪਰ੍ਹੇ! 

ਕਈ ਮਰ ਕੇ ਵੀ ਜਿੰਦਾ ਨੇ ਇਸ ਦੁਨੀਆਂ ਦੇ ਵਿਚ। 
ਮਰੀਆਂ ਜ਼ਮੀਰਾਂ ਵਾਲੇ ਕਈ ਜਿਊਂਦੇ ਜੀ ਹੀ ਮਰੇ। 


No comments:

Post a Comment