Saturday, November 24, 2012

ਆਓ ਰੁੱਖ ਲਗਾਈਏ


ਪਹਿਲਾਂ ਸੜਕਾਂ ਛੋਟੀਆਂ ਹੁੰਦੀਆਂ ਸੀ ਅਤੇ ਇਨ੍ਹਾਂ ਦੇ ਆਲੇ-ਦੁਆਲੇ ਰੁੱਖ ਜ਼ਿਆਦਾ ਹੁੰਦੇ ਸਨ। ਹੁਣ ਸਥਿਤੀ ਉਲਟ ਹੈ। ਵਿਕਾਸ ਦੀ ਹਨ੍ਹੇਰੀ ਹੇਠ ਸਭ ਤੋਂ ਜ਼ਿਆਦਾ ਉਜਾੜਾ ਰੁੱਖਾਂ ਦਾ ਹੋਇਆ ਹੈ। ਸੜਕਾਂ ਚਾਰ ਮਾਰਗੀ, ਛੇ ਮਾਰਗੀ ਬਣ ਰਹੀਆਂ ਹਨ ਅਤੇ ਇਨ੍ਹਾਂ ਦੇ ਨਿਰਮਾਣ ਲਈ ਧੜਾਧੜ ਰੁੱਖ ਵੱਢੇ ਜਾ ਰਹੇ ਹਨ। ਲੁਧਿਆਣਾ-ਮੋਗਾ ਸੜਕ ਨੂੰ ਚੌੜਾ ਕਰਨ ਲਈ ਕਿੰਨੇ ਹੀ ਰੁੱਖਾਂ ਦੀ ਬਲੀ ਲਈ ਜਾ ਰਹੀ ਹੈ। ਇਸੇ ਪ੍ਰਕਾਰ ਰਾਜਪੁਰਾ-ਅੰਮ੍ਰਿਤਸਰ ਜੀ.ਟੀ. ਰੋਡ ਨੂੰ ਚੌੜਾ ਕਰਨ ਲਈ ਅਣਗਿਣਤ ਰੁੱਖ ਵੱਢ ਦਿੱਤੇ ਗਏ।


ਇਹ ਵਰਤਾਰਾ ਮਾੜਾ ਤਾਂ ਹੈ ਪਰ ਜੇਕਰ ਅਸੀਂ ਸਰਕਾਰਾਂ ਤੋਂ ਵਿਕਾਸ ਚਾਹੁੰਦੇ ਹਾਂ ਤਾਂ ਇਹ ਜ਼ਰੂਰੀ ਵੀ ਹੈ। ਸਰਕਾਰੀ ਪੱਧਰ 'ਤੇ ਵਧੀਆਂ ਸੜਕਾਂ ਦਾ ਨਿਰਮਾਣ ਜਾਰੀ ਹੈ। ਰੁੱਖਾਂ ਦੀ ਕਟਾਈ ਦਾ ਇਹ ਸਿਰਫ ਇਕ ਸੰਕੇਤ ਹੈ। ਸਥਿਤੀ ਇਸ ਤੋਂ ਵੀ ਮਾੜੀ ਹੈ। ਸ਼ਹਿਰੀਕਰਨ ਅਤੇ ਆਧੁਨਿਕੀਕਰਨ ਨੇ ਵੀ ਰੁੱਖਾਂ ਦੀ ਗਿਣਤੀ ਘਟਾਈ ਹੈ।
 
ਇਕ ਹੋਰ ਮੁੱਦਾ ਧਿਆਨ ਦੀ ਮੰਗ ਕਰਦਾ ਹੈ। ਪੰਜਾਬ ਦੇ ਖੇਤਾਂ 'ਚ ਨਜ਼ਰ ਮਾਰ ਲਓ, ਤੁਹਾਨੂੰ ਕਿਸੇ ਵੀ ਖੇਤ 'ਚ ਰੁੱਖ ਖੜ੍ਹੇ ਨਹੀਂ ਮਿਲਣਗੇ। ਜਦੋਂ ਫਸਲਾਂ ਦੀ ਵਾਢੀ ਹੱਥਾਂ ਨਾਲ ਕੀਤੀ ਜਾਂਦੀ ਸੀ ਤਾਂ ਖੇਤਾਂ 'ਚ ਥਾਂ-ਥਾਂ ਰੁੱਖ ਖੜ੍ਹੇ ਮਿਲਦੇ ਸਨ। ਹੁਣ ਫਸਲਾਂ ਦੀ ਕਟਾਈ ਮਸ਼ੀਨਾਂ ਨਾਲ ਹੋਣ ਲੱਗੀ ਹੈ ਅਤੇ ਰੁੱਖ ਕੰਬਾਈਨਾਂ, ਟਰੈਕਟਰ-ਟਰਾਲੀਆਂ ਦੇ ਰਾਹ 'ਚ ਅੜਿੱਕਾ ਡਾਹੁੰਦੇ ਹਨ ਇਸ ਲਈ ਖੇਤਾਂ 'ਚ ਵਿਰਲਾ-ਟਾਵਾਂ ਹੀ ਰੁੱਖ ਖੜ੍ਹਾ ਮਿਲਦਾ ਹੈ।
 
ਰੁੱਖਾਂ ਦੀ ਧੜਾਧੜ ਕਟਾਈ ਨੇ ਵਾਤਾਵਰਣ ਦਾ ਸੰਤੁਲਨ ਵੀ ਵਿਗਾੜ ਕੇ ਰੱਖ ਦਿੱਤਾ ਹੈ। ਮੌਸਮਾਂ 'ਚ ਆ ਰਹੀ ਤਬਦੀਲੀ ਦਾ ਸਭ ਤੋਂ ਵੱਡਾ ਕਾਰਣ ਰੁੱਖਾਂ ਦੀ ਘੱਟ ਰਹੀ ਗਿਣਤੀ ਹੈ। ਬਿਮਾਰੀਆਂ 'ਚ ਵਾਧਾ ਰੁੱਖਾਂ ਦੀ ਘਾਟ ਕਰਕੇ ਹੀ ਹੋ ਰਿਹਾ ਹੈ। ਮੌਸਮਾਂ ਦੀ ਸਮਾਂ ਸੀਮਾ ਵੀ ਤਬਦੀਲ ਹੁੰਦੀ ਜਾ ਰਹੀ ਹੈ। ਅੱਧ ਸਤੰਬਰ 'ਚ ਪੈਣ ਵਾਲੇ ਸਵੈਟਰ ਹੁਣ ਨਵੰਬਰ 'ਚ ਜਾ ਕੇ ਪੈਂਦੇ ਹਨ। ਇਸੇ ਤਰ੍ਹਾਂ ਅੱਜ ਵਰਗੀ ਤਿੱਖੜ ਗਰਮੀ ਵੀ ਪਹਿਲਾਂ ਨਹੀਂ ਹੁੰਦੀ ਸੀ। ਕਦੇ ਸੋਕੇ ਦੀ ਮਾਰ ਤੇ ਕਦੇ ਹੜ੍ਹਾਂ ਦੀ ਮਾਰ !

ਰੁੱਖਾਂ ਦੀ ਖਾਸੀਅਤ ਤੋਂ ਹਰ ਕੋਈ ਜਾਣੂੰ ਹੈ। ਰੁੱਖਾਂ ਦੇ ਨਫੇ ਹੀ ਨਫੇ ਹਨ, ਨੁਕਸਾਨ ਕੋਈ ਨਹੀਂ। ਜਦੋਂ ਚੰਡੀਗੜ੍ਹ ਦਾ ਨਕਸ਼ਾ ਬਣਾਇਆਂ ਜਾ ਰਿਹਾ ਸੀ ਤਾਂ ਸ਼ਹਿਰ ਦੇ ਨਿਰਮਾਤਾ ਲੀ ਕਾਰਬੂਜ਼ੀਅਰ ਨੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਸੀ ਕਿ ਨਿਰਮਾਣ ਕਾਰਜਾਂ ਲਈ ਨਾ ਤਾਂ ਕੋਈ ਪੁਰਾਤਨ ਰੁੱਖ ਕੱਟਿਆ ਜਾਵੇ ਅਤੇ ਰੁੱਖਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚਾਇਆ ਜਾਵੇ। ਕਈ ਥਾਂਵਾਂ ਦੇ ਨਕਸ਼ੇ ਤਾਂ ਉਨ੍ਹਾਂ ਥਾਂਵਾਂ 'ਤੇ ਖੜ੍ਹੇ ਰੁੱਖਾਂ ਅਨੁਸਾਰ ਢਾਲ ਲਏ ਗਏ ਸਨ। ਇਸ ਗੱਲ ਦੀ ਹਾਮੀ ਲੀ ਕਾਰਬੂਜ਼ੀਅਰ ਦੀ ਟੀਮ ਦਾ ਇੱਕੋ-ਇਕ ਜ਼ਿੰਦਾ ਸਾਥੀ ਇੰਜ. ਐਮ.ਐਮ. ਸ਼ਰਮਾ ਵੀ ਭਰਦੇ ਹਨ।

ਦੁਨੀਆਂ ਦੇ ਅਜਿਹੇ ਬਹੁਤ ਸਾਰੇ ਇਲਾਕੇ ਹਨ ਜਿੱਥੇ ਜੇਕਰ ਇਕ ਰੁੱਖ ਕਿਸੇ ਕਾਰਣ ਕਰਕੇ ਵੱਢਣਾ ਪੈ ਜਾਵੇ ਤਾਂ ਇਹ ਸੁਨਿਸ਼ਚਿਤ ਕਰ ਲਿਆ ਜਾਂਦਾ ਹੈ ਕਿ ਉਸ ਰੁੱਖ ਦੇ ਬਦਲੇ ਕਈ ਰੁੱਖ ਕਿਸੇ ਹੋਰ ਥਾਂ ਲਗਾਏ ਜਾਣ। ਕਈ ਰੁੱਖਾਂ ਨੂੰ ਲੋਕਾਂ, ਸੰਸਥਾਂਵਾਂ ਜਾਂ ਅਦਾਰਿਆਂ ਨੇ 'ਗੋਦ ਲਿਆ' ਹੋਇਆ ਹੁੰਦਾ ਹੈ। ਉਸ ਦੀ ਸਾਰੀ ਦੇਖਭਾਲ ਉਹ ਖੁਦ ਕਰਦੇ ਹਨ। ਵੈਸੇ ਵੀ ਇਹ ਸਿੱਧ ਹੋ ਚੁੱਕਾ ਹੈ ਕਿ ਰੁੱਖਾਂ ਦੀ ਸੇਵਾ ਕਰਨ ਨਾਲ ਮਾਨਸਿਕ ਅਤੇ ਸਰੀਰਕ ਪੱਧਰ 'ਤੇ ਸਕੂਨ, ਸੰਤੁਸ਼ਟੀ ਅਤੇ ਨਰੋਈ ਸਿਹਤ ਮਿਲਦੀ ਹੈ।

 ਦਵਾਈਆਂ ਵੱਜੋਂ ਵਰਤੇ ਜਾਣ ਵਾਲੇ ਬਹੁਤ ਸਾਰੇ ਰੁੱਖਾਂ ਦੀ ਅੱਜ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕੋਈ ਸਮਾਂ ਸੀ ਜਦੋਂ ਬੱਚੇ ਦੇ ਜਨਮ 'ਤੇ ਇਕ ਬੂਟਾ ਲਾਇਆ ਜਾਂਦਾ ਸੀ ਅਤੇ ਦੋਵਾਂ ਦਾ ਪਾਲਣ-ਪੋਸ਼ਣ ਨਾਲੋਂ-ਨਾਲ ਕੀਤਾ ਜਾਂਦਾ ਸੀ। ਦਾਦਿਆਂ ਦੇ ਲਗਾਏ ਫਲਦਾਰ ਰੁੱਖਾਂ ਦੇ ਫਲਾਂ ਦਾ ਸੁਆਦ ਪੋਤੇ ਚਖਿਆ ਕਰਦੇ ਸਨ, ਛਾਂਵਾਂ ਮਾਣਦੇ ਸਨ। ਅੱਜ ਇਹ ਰਵਾਇਤ ਮਰ-ਮੁੱਕ ਗਈ ਹੈ। ਚਾਹੀਦਾ ਤਾਂ ਇਹ ਹੈ ਕਿ ਇਕ ਬੱਚੇ ਦੇ ਜਨਮ ਮੌਕੇ ਦੋ ਬੂਟੇ ਲਗਾਏ ਅਤੇ ਪਾਲੇ ਜਾਣ। ਇਸ 'ਚ ਕੋਈ ਬਹੁਤ ਲੰਬੀ-ਚੌੜੀ ਜ਼ਿੰਮੇਵਾਰੀ ਨਹੀਂ। ਬਰਸਾਤਾਂ ਦੇ ਦਿਨਾਂ 'ਚ ਲਗਾਏ ਬੂਟੇ ਦੀ ਜੇਕਰ ਅਗਲੇ ਦੋ ਕੁ ਮਹੀਨੇ ਤੱਕ ਸੰਭਾਲ ਕਰ ਲਈ ਜਾਵੇ ਤਾਂ ਉਸ ਬੂਟੇ ਦਾ ਫਾਇਦਾ ਅਗਲੇ ਕਈ ਸਾਲਾਂ ਤੱਕ ਆਉਣ ਵਾਲੀਆਂ ਨਸਲਾਂ ਲੈਂਦੀਆਂ ਰਹਿਣਗੀਆਂ।
 
ਮੀਡੀਆ ਦੇ ਇਕ ਹਿੱਸੇ ਵੱਲੋਂ ਚਲਾਈ ਲਹਿਰ ਦੇ ਪ੍ਰਭਾਵ ਹੇਠ ਮੈਂ ਅਤੇ ਮੇਰੇ ਕੁਝ ਸਾਥੀਆਂ ਨੇ ਮਿਲ ਕੇ ਤਿੰਨ ਕੁ ਸਾਲ ਪਹਿਲਾਂ ਦਾਰਾ ਸਟੂਡੀਓ ਮੋਹਾਲੀ 'ਚ 'ਤ੍ਰਿਵੈਣੀ' ਸਮੇਤ ਕੁੱਲ 6 ਬੂਟੇ ਲਗਾਏ ਸੀ ਜੋ ਹੁਣ ਜੁਆਨੀ ਦੀਆਂ ਬਰੂਹਾਂ 'ਤੇ ਹਨ। ਇਸ ਲਹਿਰ ਦੀ ਕਾਮਯਾਬੀ ਦਾ ਹੀ ਸਿੱਟਾ ਹੈ ਕਿ ਪੰਜਾਬ ਸਰਕਾਰ ਨੇ ਵੀ ਇਸ ਕੰਮ ਲਈ ਪਹਿਲਕਦਮੀ ਕੀਤੀ। ਸਾਰੇ 22 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਖਾਲੀ ਥਾਂਵਾਂ 'ਤੇ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣ ਦੀ ਮੁਹਿੰਮ ਆਰੰਭੀ ਗਈ । ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਮੀਡੀਆ ਤੋਂ ਪ੍ਰੇਰਣਾ ਲੈ ਕੇ ਹੀ ਉਨ੍ਹਾਂ ਨੇ ਵੀ ਸਰਕਾਰੀ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਚਲਾਉਣ ਦਾ ਪ੍ਰਣ ਕੀਤਾ।


ਹੋਰ ਚੰਗਾ ਹੋਵੇ ਜੇਕਰ ਹਰੇਕ ਪੰਜਾਬ ਵਾਸੀ ਨਿੱਜੀ ਦਿਲਚਸਪੀ ਲੈਂਦਿਆਂ ਘੱਟੋਂ-ਘੱਟ ਇਕ ਬੂਟਾ ਜ਼ਰੂਰ 'ਗੋਦ' ਲਵੇ। ਇਹ ਕੰਮ ਸਿਰਫ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਬੱਚਿਆਂ 'ਤੇ ਹੀ ਨਾ ਛੱਡਿਆ ਜਾਵੇ। ਜ਼ਿਆਦਾ ਤੋਂ ਜ਼ਿਆਦਾ ਬੂਟੇ ਹਰ ਸਾਲ ਲਗਾਏ ਜਾਣ। 

ਹਰੇਕ ਗੁਰੂ ਘਰ 'ਚ ਪ੍ਰਸ਼ਾਦ ਦੇ ਰੂਪ 'ਚ ਬੂਟਾ ਦਿੱਤਾ ਜਾਵੇ। ਕਿਉਂ ਨਾ ਬੱਚਿਆਂ ਦੇ ਜਨਮ ਦਿਨਾਂ 'ਤੇ ਬੂਟੇ ਲਗਾਏ ਜਾਣ? ਕਿਸੇ ਪਲ ਨੂੰ ਯਾਦਗਾਰ ਵੱਜੋਂ ਸਾਂਭੀ ਰੱਖਣ ਦੇ ਮਕਸਦ ਨਾਲ ਇਕ ਬੂਟਾ ਲਗਾਇਆ ਜਾਵੇ। ਵਿਆਹ ਦੀ ਹਰੇਕ ਵਰ੍ਹੇਗੰਢ 'ਤੇ ਪੌਦੇ ਲਗਾਏ ਜਾਣ। ਖਾਲੀ ਥਾਂਵਾਂ ਬਹੁਤ ਹਨ, ਉਨ੍ਹਾਂ 'ਤੇ ਬੂਟੇ ਲਗਾਉਣ ਤੋਂ ਕੋਈ ਨਹੀਂ ਰੋਕਦਾ। ਰੁੱਖਾਂ ਦੀ ਸੰਪਤੀ ਵੀ ਕਿਸੇ ਰਾਜ ਦੀ ਆਰਥਿਕਤਾ 'ਚ ਵੱਡਾ ਹਿੱਸਾ ਪਾਉਂਦੀ ਹੈ। ਇਸ ਲਈ ਆਓ ਪ੍ਰਣ ਕਰੀਏ ਰੁੱਖ ਲਗਾਉਣ ਦਾ! ਇਕ ਗੱਲ ਹੋਰ। ਧਰਤੀ 'ਚ ਬੂਟਾ ਗੱਡ ਦੇਣ ਨਾਲ ਹੀ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਮੰਨੀ ਜਾਵੇਗੀ ਉਸਦੀ ਸਾਂਭ-ਸੰਭਾਲ ਅਤੇ ਉਸ ਬੂਟੇ ਨੂੰ ਜੁਆਨ ਕਰਕੇ ਰੁੱਖ ਬਣਾਉਣ ਦਾ ਜ਼ਿੰਮਾ ਆਪਣੇ ਸਿਰ ਲਿਆਂ ਹੀ ਗੱਲ ਬਣੇਗੀ।

No comments:

Post a Comment