ਕਿੰਨੀ ਕੁੜੱਤਣ ਦਿਲਾਂ ‘ਚ ਭਰੀ ਏ,
ਬੁੱਤ ਜ਼ਿੰਦਾ ਨੇ ਪਰ ਰੂਹ ਮਰੀ ਏ।
ਮੂੰਹ ‘ਤੇ ਆਖ ਦਿੰਦੇ ਉਹ ਗੱਲਾਂ ਕੋਰੀਆਂ,
‘ਕੇਰਾ ਤਾਂ ਗੁੱਸਾ ਆਉਂਦਾ, ਪਰ
ਗੱਲ ਹੁੰਦੀ 16 ਆਨੇ ਖਰੀ ਏ।
ਸਧਰਾਂ ਦੇ ਸਿਰਫ ਪੱਤੇ ਝੜੇ ਨੇ,
ਸੁਪਨੇ ਜ਼ਰੂਰ ਪੂਰੇ ਹੋਣਗੇ ਐਨ.ਪੀ.,
ਧਿਆਨ ਨਾਲ ਦੇਖ ਜੜ੍ਹ ਹਾਲੇ ਹਰੀ ਏ।
ਭਲਾ ਕੀ ਮਿਲੂੰ ਇਨਸਾਫ ਇਥੇ,
ਖੁਦ ਜੱਜ ਦੀ ਕੁਰਸੀ ‘ਤੇ ਬੈਠਾ ਹੈ,
ਸ਼ਿਕਾਇਤ ਜਿਸਦੇ ਖਿਲਾਫ ਕਰੀ ਏ।
ਨਿੱਕੀ ਜਿਹੀ ਗੱਲ ‘ਤੇ ਗੁੱਸੇ ਹੋ ਗਈ,
ਕੋਈ ਦੱਸੋ ਉਸਨੂੰ, ਕਿ ਉਸਦੀ,
ਹਰ ਗੱਲ ਅਸਾਂ ਹੱਸਕੇ ਜ਼ਰੀ ਏ।
ਖੁਦ ਕਿੰਨਾ ਸ਼ਰੀਫ ਤੇ ਭੋਲਾ ਅਫਸਰ ੳਹ,
ਜਿਹਦੇ ਅਹੁਦੇ ਤੇ ਰੁਤਬੇ ਕਰਕੇ,
ਜਗ ‘ਚ ਰਿਸ਼ਤੇਦਾਰਾਂ ਦੀ ਤੜੀ ਏ।
ਰੋਟੀ ਦੇ ਫਿਕਰਾਂ ‘ਚ ਉਮਰ ਲੰਘੀਂ,
ਹੁਣ ਪੋਤਾ ਦਾਦੇ ਨੂੰ ਪੁੱਛਦਾ ਹੈ,
ਤੁਸਾਂ ਕਦੇ ਮੁਹੱਬਤ ਕਰੀ ਏ!
ਸੋਚ ਆਪੋ-ਆਪਣੀ ਹੁੰਦੀ ਹੈ,
ਕੋਈ ਕਹਿ ਦਿੰਦੈ ਕਲਮੂੰਹੀ ਹੈ,
ਕੋਈ ਮੋਹ ਨਾਲ ਆਖੇ ਸਾਡੀ ਪਰੀ ਏ।
ਨਰਿੰਦਰ ਪਾਲ ਸਿੰਘ ਜਗਦਿਓ
No comments:
Post a Comment