Wednesday, June 29, 2011

ਮੋਹ (moh)



ਮੈਂ ਲਿਖਿਆ ਕਰਦਾ ਸੀ, ਉਹ ਪੜ੍ਹਿਆਂ ਕਰਦੀ ਸੀ,
ਉਹ ਉਨ੍ਹਾਂ ਦਿਨਾਂ ਵਿਚ ਅੰਤਾਂ ਦਾ ਮੋਹ ਕਰਿਆ ਕਰਦੀ ਸੀ।

ਕਿੱਡਾ ਜਿਗਰਾ ਕੀਤਾ ਉਸਨੇ ਮੁਲਕ ਬੇਗਾਨੇ ਜਾ ਬੈਠੀ,
ਪਤਾ ਨਹੀਂ ਏ ਦਿਲ ਸਮਝਾਇਆ ਜਾਂ ਕਿਸੇ ਨਾਲ ਦਿਲ ਲਾ ਬੈਠੀ,
ਵਿਛੜਨ ਵਾਲੀ ਖੁਦ ਵਿਛੋੜੇ ਤੋਂ ਕਿੰਨਾ ਡਰਿਆ ਕਰਦੀ ਸੀ।

ਇਕ ਲਿਖੀ ਕਹਾਣੀ ਮੈਂ, ਵਿਚ ਉਹਦਾ ਨਾਂ ਪਾ ਦਿੱਤਾ ਸੀ,
ਕਾਲਜ ਵਿਚ ਕਮਲੀ ਨੇ ਕਿੰਨਾ ਗਾਹ ਪਾ ਦਿੱਤਾ ਸੀ,
ਨਿੱਕੀ ਜਿਹੀ ਖੁਸ਼ੀ ਉੱਤੇ ਉਡਾਰੀਆਂ ਭਰਿਆ ਕਰਦੀ ਸੀ।

ਅਸੀਂ ਪਾਗਲ-ਪਾਗਲ ਇਕ-ਦੂਜੇ ਨੂੰ ਕਹਿੰਦੇ ਰਹਿੰਦੇ ਸੀ,
ਜਦ ਕਦੇ ਵੀ ਦੋਵੇਂ ਬਾਗਾਂ ਵਿਚ ਜਾ ਬਹਿੰਦੇ ਸੀ,
ਮੇਰੀ ਪੱਗ ਰੰਗ ਦੀਆਂ ਤਿਤਲੀਆਂ ਉਹ ਫੜ੍ਹਿਆ ਕਰਦੀ ਸੀ।

ਧੱਕੇ ਨਾਲ ਹੀ ਗੀਤਾਂ ਵਿਚ ਦੋਵਾਂ ਦਾ ਨਾਂ ਫਿੱਟ ਕਰ ਲੈਂਦੀ ਸੀ,
ਪਤਾ ਨੀ ਕਿਹੜੇ ਪੰਜਾਬੀ ਗਾਣੇ ਸੁਣਦੀ ਰਹਿੰਦੀ ਸੀ,
ਜੇ ਕਦੇ ਮੈਂ ਟੋਕ ਦਿੰਦਾ, ਭੋਰਾ ਵੀ ਨਾ ਜ਼ਰਿਆ ਕਰਦੀ ਸੀ।

ਮੌਜ-ਮਸਤੀ ਕਰਦੀ ਤਾਂ ਉਹ ਨਿਆਣਿਆਂ ਵਰਗੀ ਸੀ,
ਗੱਲ ਕਰਦੀ ਜਦ ਐਨ.ਪੀ. ਤਾਂ ਸਿਆਣਿਆਂ ਵਰਗੀ ਸੀ,
ਗੱਲ-ਗੱਲ ‘ਤੇ ਹੱਥ ਆਪਣਾ ਉਹ ਥੋਡੀ ‘ਤੇ ਧਰਿਆਂ ਕਰਦੀ ਸੀ।

ਲੱਥ ਜਾਣੇ ਇਹ ਦਿਨ ਵੀ ਜਦ ਉਹ ਦਿਨ ਲੰਘ ਚੱਲੇ,
ਉਹ ਸਦਾ ਸੁਹਾਗਣ ਰਹੇ ਅਸੀਂ ਦੁਆ ਇਹ ਮੰਗ ਚੱਲੇ,
ਮੇਰੇ ਲਈ ਉਹ ਵੀ ਤਾਂ ਵਰਤ ਕਿੰਨੇ ਹੀ ਧਰਿਆਂ ਕਰਦੀ ਸੀ।

ਨਰਿੰਦਰ ਪਾਲ ਸਿੰਘ ਜਗਦਿਓ


Wednesday, June 22, 2011

ਕੁੜੱਤਣ (kudattan)


ਕਿੰਨੀ ਕੁੜੱਤਣ ਦਿਲਾਂ ‘ਚ ਭਰੀ ਏ,
ਬੁੱਤ ਜ਼ਿੰਦਾ ਨੇ ਪਰ ਰੂਹ ਮਰੀ ਏ।

ਮੂੰਹ ‘ਤੇ ਆਖ ਦਿੰਦੇ ਉਹ ਗੱਲਾਂ ਕੋਰੀਆਂ,
‘ਕੇਰਾ ਤਾਂ ਗੁੱਸਾ ਆਉਂਦਾ, ਪਰ
ਗੱਲ ਹੁੰਦੀ 16 ਆਨੇ ਖਰੀ ਏ।

ਸਧਰਾਂ ਦੇ ਸਿਰਫ ਪੱਤੇ ਝੜੇ ਨੇ,
ਸੁਪਨੇ ਜ਼ਰੂਰ ਪੂਰੇ ਹੋਣਗੇ ਐਨ.ਪੀ.,
ਧਿਆਨ ਨਾਲ ਦੇਖ ਜੜ੍ਹ ਹਾਲੇ ਹਰੀ ਏ।

ਭਲਾ ਕੀ ਮਿਲੂੰ ਇਨਸਾਫ ਇਥੇ,
ਖੁਦ ਜੱਜ ਦੀ ਕੁਰਸੀ ‘ਤੇ ਬੈਠਾ ਹੈ,
ਸ਼ਿਕਾਇਤ ਜਿਸਦੇ ਖਿਲਾਫ ਕਰੀ ਏ।

ਨਿੱਕੀ ਜਿਹੀ ਗੱਲ ‘ਤੇ ਗੁੱਸੇ ਹੋ ਗਈ,
ਕੋਈ ਦੱਸੋ ਉਸਨੂੰ, ਕਿ ਉਸਦੀ,
ਹਰ ਗੱਲ ਅਸਾਂ ਹੱਸਕੇ ਜ਼ਰੀ ਏ।

ਖੁਦ ਕਿੰਨਾ ਸ਼ਰੀਫ ਤੇ ਭੋਲਾ ਅਫਸਰ ੳਹ,
ਜਿਹਦੇ ਅਹੁਦੇ ਤੇ ਰੁਤਬੇ ਕਰਕੇ,
ਜਗ ‘ਚ ਰਿਸ਼ਤੇਦਾਰਾਂ ਦੀ ਤੜੀ ਏ।

ਰੋਟੀ ਦੇ ਫਿਕਰਾਂ ‘ਚ ਉਮਰ ਲੰਘੀਂ,
ਹੁਣ ਪੋਤਾ ਦਾਦੇ ਨੂੰ ਪੁੱਛਦਾ ਹੈ,
ਤੁਸਾਂ ਕਦੇ ਮੁਹੱਬਤ ਕਰੀ ਏ!

ਸੋਚ ਆਪੋ-ਆਪਣੀ ਹੁੰਦੀ ਹੈ,
ਕੋਈ ਕਹਿ ਦਿੰਦੈ ਕਲਮੂੰਹੀ ਹੈ,
ਕੋਈ ਮੋਹ ਨਾਲ ਆਖੇ ਸਾਡੀ ਪਰੀ ਏ।

ਨਰਿੰਦਰ ਪਾਲ ਸਿੰਘ ਜਗਦਿਓ

Friday, June 17, 2011

ਜ਼ਰੂਰੀ ਨਹੀਂ (jaroori nahi)

ਹਰ ਵਾਰ ਤੇਰੇ ਸੂਟ ਵਰਗੀ ਪੱਗ ਬੰਨ੍ਹਾਂ, ਇਹ ਜ਼ਰੂਰੀ ਨਹੀਂ।

ਤੂੰ ਜੋ ਕਹੇਂ ਉਹੀਂ ਗੱਲ ਮੰਨਾਂ, ਇਹ ਜ਼ਰੂਰੀ ਨਹੀਂ।


ਪੱਥਰਾਂ ਨੂੰ ਸਜਦੇ ਕਰਨੇ ਵਾਲੇ ਲੱਖ-ਕਰੋੜਾਂ ਨੇ,

ਹਰ ਕੋਈ ਬਣ ਜਾਏ ਭਗਤ ਧੰਨਾ, ਇਹ ਜ਼ਰੂਰੀ ਨਹੀਂ।


ਮੈਂ ਤਾਂ ਪਿਆਰ ਨਾਲ ਤੈਨੂੰ ਹੀਰ ਸਲੇਟੀ ਕਹਿੰਦਾ ਹਾਂ,

ਤੂੰ ਕੁੱਟ-ਕੁੱਟ ਲੈ ਆਵੇਂ ਚੂਰੀ ਦਾ ਛੰਨਾ, ਇਹ ਜ਼ਰੂਰੀ ਨਹੀਂ।


ਮੇਰੀ ਕਿਸੇ ਵੀ ਗੱਲ ‘ਤੇ ਜੇ ਇਤਰਾਜ਼ ਤਾਂ ਨਾਂਹ ਕਰ ਦੇਈਂ,

ਹਰ ਗੱਲ ‘ਤੇ ਤੂੰ ਹਾਹੇ ਨੂੰ ਲਾਵੇਂ ਕੰਨਾ, ਇਹ ਜ਼ਰੂਰੀ ਨਹੀਂ।


ਵਿਚਾਰਾਂ ਦਾ ਟਕਰਾਅ ਤਾਂ ਅਕਸਰ ਹੋ ਹੀ ਜਾਂਦਾ ਏ,

ਰਿਸ਼ਤੇ ‘ਤੇ ਕੋਈ ਅਸਰ ਪੈ ਜਾਏ ਚੰਨਾ, ਇਹ ਜ਼ਰੂਰੀ ਨਹੀਂ।


ਮੇਰੀ ਪਿਆਰ ਕਿਤਾਬ ਦੇ ਹਰ ਵਰਕੇ ‘ਤੇ ਨਾਂ ਤੇਰਾ ਲਿਖਿਆ,

ਏਨੀ ਗਹੁ ਨਾਲ ਵੇਖਣਾ ਪੰਨਾ-ਪੰਨਾ, ਇਹ ਜ਼ਰੂਰੀ ਨਹੀਂ।


ਮੰਨਿਆ ਕਿ ਟੁੱਟਦਾ ਨਹੀਂ ਏ ਲੁਧਿਆਣੇ ਤੋਂ ਮੋਹ ਤੇਰਾ,

ਝੂਠੀਂ ਕਹਿਣਾ ਸੋਹਣਾ ਸ਼ਹਿਰ ਏ ਖੰਨਾ, ਇਹ ਜ਼ਰੂਰੀ ਨਹੀਂ।


ਨਰਿੰਦਰ ਪਾਲ ਸਿੰਘ ਜਗਦਿਓ

Thursday, June 9, 2011

ਔਖਾ ਕੰਮ

ਕੁਝ ਖਿਆਲਾਂ ਨੂੰ ਸਮਝਾਉਣਾ, ਥੋੜ੍ਹਾ ਔਖਾ ਹੁੰਦਾ ਏ,

ਦੂਜੀ ਵਾਰੀ ਦਿਲ ਲਾਉਣਾ, ਥੋੜ੍ਹਾ ਔਖਾ ਹੁੰਦਾ ਏ।


ਕੁਝ ਲੋਕੀਂ ਜ਼ਿੰਦਗੀ ਵਿਚ ਮਿਲਦੇ ਪਲ ਭਰ ਲਈ,

ਸਾਰੀ ਉਮਰ ਉਨ੍ਹਾਂ ਨੂੰ ਭੁਲਾਉਣਾ, ਥੋੜ੍ਹਾ ਔਖਾ ਹੁੰਦਾ ਏ।


ਤਿੰਨ ਲੱਖ ਦੀ ਗੱਡੀ ਲੈਣੀ ਏਡੀ ਔਖੀ ਗੱਲ ਨਹੀਂ,

ਪਰ ਪੈਟਰੋਲ ਉਸ ‘ਚ ਭਰਾਉਣਾ, ਥੋੜ੍ਹਾ ਔਖਾ ਹੁੰਦਾ ਏ।


ਕਿਰਾਏ ਦੇ ‘ਮਕਾਨ’ ਕਦੇ ਵੀ ‘ਘਰ’ ਨਹੀਂ ਬਣਦੇ ਹੁੰਦੇ,

ਜ਼ਿੰਦਗੀ ‘ਚ ਅਪਣਾ ਘਰ ਬਣਾਉਣਾ, ਥੋੜ੍ਹਾ ਔਖਾ ਹੁੰਦਾ ਏ।


ਰੱਜ-ਰੱਜ ਕੇ ਖਾਧਾ ਜਦ ਬਿਲ ਮਿੱਤਰ ਦਿੰਦੇ ਸੀ,

ਹੁਣ ਖੁਦ ਖਰਚਾ ਕਰਕੇ ਖਿਲਾਉਣਾ, ਥੋੜ੍ਹਾ ਔਖਾ ਹੁੰਦਾ ਏ।


ਆਟੋ ਰਿਕਸ਼ਾ ਵਿਚ ਤਰ੍ਹਾਂ-ਤਰ੍ਹਾਂ ਦੇ ਲੋਕੀਂ ਮਿਲਦੇ ਨੇ,

ਸਭ ਨੂੰ ਰਿਸ਼ਤੇਦਾਰ ਬਣਾਉਣਾ, ਥੋੜ੍ਹਾ ਔਖਾ ਹੁੰਦਾ ਏ।


ਦੁੱਖ ਏਨਾ ਨਾ ਲੱਗਾ ਪੁੱਤ ਨੇ ਘਰ ਜਦ ਅੱਡ ਕੀਤਾ,

ਪਰ ਧੀ ਨੂੰ ਡੋਲੀ ਬਿਠਾਉਣਾ, ਥੋੜ੍ਹਾ ਔਖਾ ਹੁੰਦਾ ਏ।


ਕਿੰਨੀਆਂ ਭੋਲੀਆਂ ਗੱਲਾਂ ਕਰਦੀ ਰਹਿੰਦੀ ਹੱਸ-ਹੱਸ ਕੇ,

ਕਮਲੀ ਜਿਹੀ ਨੂੰ ਸਮਝਾਉਣਾ, ਥੋੜ੍ਹਾ ਔਖਾ ਹੁੰਦਾ ਏ।


ਮੰਨਿਆ ਬੜੇ ਕੰਮ ਲੋਟ ਆ ਗਏ ਐਨ.ਪੀ.ਸਿੰਹਾਂ ਤੇਰੇ,

ਹਰ ਵਾਰ ਤੁੱਕਾ ਲਾਉਣਾ, ਥੋੜ੍ਹਾ ਔਖਾ ਹੁੰਦਾ ਏ।


ਨਰਿੰਦਰ ਪਾਲ ਸਿੰਘ ਜਗਦਿਓ

Thursday, June 2, 2011

ਕਿਰਦਾਰ (kirdaar)



ਨਿਰਾਸ਼ਾ ਹੋਵੇਗੀ ਉਸ ਵੱਡੀ ਸ਼ਖਸੀਅਤ ਨੂੰ ਜਾਣ ਕੇ,
ਸਿਰਫ ਕਲਾਤਮਕ ਪੱਖ ਦੇਖ ਉਸਦਾ ਕਿਰਦਾਰ ਨਾ ਦੇਖ।

ਜਜ਼ਬੇ ਦੀ ਵੀ ਦਾਦ ਦੇਣੀ ਸਿੱਖ ਲੈ ਦੋਸਤਾ,
ਕਿਸ ਦੀ ਹੋਈ ਜਿੱਤ ਤੇ ਕਿਸ ਦੀ ਹਾਰ ਨਾ ਦੇਖ ।

ਘੱਟ ਲਿਬਾਸ ਵਾਲੇ ਹੋ ਜਾਣ ਮਕਬੂਲ ਛੇਤੀ,
ਅੱਜਕੱਲ੍ਹ ਕਿਸੇ ਦੀ ਅਦਾਕਾਰੀ ਤੇ ਅਦਾਕਾਰ ਨਾ ਦੇਖ।

ਉਬਾਮਾ ਅਤੇ ਉਸਾਮਾ ਨਾਂ ਵਿਚ ਬਹੁਤਾ ਫਰਕ ਨਹੀਂ,
ਪਰ ਗਿੱਦੜ ਅਤੇ ਸ਼ੇਰ ਨੂੰ ਮਿੱਤਰਾ ਇਕਸਾਰ ਨਾ ਦੇਖ।

ਨਸ਼ਾ ਨਸ਼ਾ ਹੀ ਹੁੰਦੈ ਗੱਲ ਘੱਟ-ਵੱਧ ਦੀ ਨਹੀਂ,
ਸ਼ਰਾਬ ‘ਚ ਕਿੰਨੀ ਪਾਣੀ ਦੀ ਏ ਮਿਕਦਾਰ ਨਾ ਦੇਖ।

ਲੋਕਾਂ ਨੇ ਤਾਂ ਐਨ.ਪੀ. ਗੱਲਾਂ ਕਰੀ ਜਾਣੀਆਂ ਨੇ,
ਦੋਵਾਂ ਦਾ ਪਿਆਰ ਦੇਖੀਂ ਤੂੰ ਹੁੰਦੀ ਤਕਰਾਰ ਨਾ ਦੇਖ।

ਮਨਮਰਜ਼ੀ ਦੇ ਕਰ ਕਾਰੇ ਯਾਰਾਂ ਪੱਤਰਕਾਰ ਏ ਤੂੰ,
ਜੋ ਸੈਮੀਨਾਰ ‘ਚ ਰੱਖੇ ਸੀ ਮੈਂ ਉਹ ਵਿਚਾਰ ਨਾ ਦੇਖ।

ਨਰਿੰਦਰ ਪਾਲ ਸਿੰਘ ਜਗਦਿਓ