ਰੋਜ਼ ਰੱਬ ਅੱਗੇ ਮੁੰਡਾ ਉਲਾਂਬਾ ਇਹ ਲਾਏ ਜੀ,
ਕਿਹੋ ਜਿਹੇ ਲੇਖ ਤੁਸੀਂ ਬਾਬਾ ਜੀ ਬਣਾਏ ਜੀ,
ਜਿਹਦੇ ਪਿੱਛੇ ਕਮਲਪੁਣੇ ਦੀ ਹੱਦ ਟੱਪੀ,
ਕੁੜੀ ਕਮਲੀ ਨਾ ਭੋਰਾ ਭਰ ਸਾਨੂੰ ਘਾਹ ਪਾਏ ਜੀ।
ਕਿੰਨਾ ਸਜ-ਫਬ ਕੇ ਮੈਂ ਕਾਲਜ ਨੂੰ ਆਉਂਦਾ ਜੀ,
ਨਵੇਂ ਤੇ ਟਰੈਂਡੀ ਦੇਖੋ ਕੱਪੜੇ ਵੀ ਪਾਉਂਦਾ ਜੀ,
ਧੁੱਪਾਂ ਹੋਵੇ ਜਾਂ ਨਾ ਹੋਵੇ ਰੇਬੈਨ ਵੀ ਲਾਉਂਦਾ ਜੀ,
ਉਹਦੇ ਕੋਲੋਂ ਮੈਂ ਤਾਂ ਬਸ ਇਹੋ ਹੀ ਚਾਹੁੰਦਾ ਜੀ,
ਕਿ ਇਕ ਵਾਰੀ ਨਿਗ੍ਹਾਂ ਦਾਸ ਵੱਲ ਉਹ ਘੁਮਾਏ ਜੀ।
ਉਹਦੇ ਚੱਕਰਾਂ ‘ਚ ਲੰਘ ਗਏ ਦੋ ਸਾਲ ਜੀ,
ਆਖਰੀ ਇਹ ਵਰ੍ਹਾਂ ਹੁਣ ਬਸ ਉਹਦੇ ਨਾਲ ਜੀ,
ਉਹਦੇ ਤੱਕ ਆਕੇ ਮੇਰੀ ਮੁੱਕ ਗਈ ਏ ਭਾਲ ਜੀ,
ਉਹਦਾ ਕੁਝ ਪਤਾ ਨਹੀਂ ਕੀ ਏ ਖਿਆਲ ਜੀ,
ਕਿਹੜੀ ਗੱਲ ਰੱਖੇ ਉਹ ਦਿਲ ‘ਚ ਲੁਕਾਏ ਜੀ।
ਰੋਜ਼ ਦਿਲ ਤੇ ਦਿਮਾਗ ਵਿਚ ਹੁੰਦੀਆਂ ਲੜਾਈਆਂ ਜੀ,
ਅਫਸਰ ਬਣਨਾ ਸੀ ਕਰਕੇ ਪੜ੍ਹਾਈਆਂ ਜੀ,
ਕਾਹਦੀਆਂ ਪੜ੍ਹਾਈਆਂ ਅਸੀਂ ਅਕਲਾਂ ਗਵਾਈਆਂ ਜੀ,
ਵਾਹ ਓਏ ਰੱਬਾ ਕਿਹੋ ਜਿਹੀਆਂ ਉਮਰਾਂ ਇਹ ਆਈਆਂ ਜੀ,
ਉਹ ਦਿਨੇ ਚੈਨ ਰਾਤ ਦੀਆਂ ਨੀਂਦਰਾਂ ਉਡਾਏ ਜੀ।
ਤੁਸੀਂ ਦੱਸ ਦਿਓ ਥੋਤੋਂ ਮੰਗਾਂ ਮੈਂ ਸਲਾਹ ਜੀ,
ਕਿਹੜਾ ਫੜ੍ਹਾਂ ਉਹਦੇ ਦਿਲ ਤੱਕ ਜਾਣ ਵਾਲਾ ਰਾਹ ਜੀ,
ਕੀ ਇਸ ਗੱਲ ਦੀ ਮੈਂ ਕਰਾਂ ਕੋਈ ਪਰਵਾਹ ਜੀ?,
ਚੰਗੀ ਲੱਗੇ ਮੈਨੂੰ ਕੌਫੀ ਤੇ ਪਸੰਦ ਉਹਨੂੰ ਚਾਹ ਜੀ,
ਕੀ ਆਦਤਾਂ ਦਾ ਵਖਰੇਵਾਂ ਰਿਸ਼ਤੇ ‘ਚ ਫਿੱਕ ਪਾਏ ਜੀ?।
ਮੇਰਾ ਇਸ਼ਕ ਹਕੀਕੀ ਨਾ ਇਹ ਇਸ਼ਕ ਮਿਜਾਜ਼ੀ ਆ,
ਉਹ ਭਰੇ ਥੋੜ੍ਹਾ ਜਿਹਾ ਹੁੰਗਾਰਾ ਅਸੀਂ ਬੈਠੇ ਹੋਏ ਰਾਜ਼ੀ ਆ,
ਜਿੰਦ-ਜਾਨ ਦੀ ਹੁਣ ਲੱਗ ‘ਗੀ ਏ ਬਾਜ਼ੀ ਆ,
ਉਹਦੇ ਬਿਨਾਂ ਜ਼ਿੰਦਗੀ ਵੀ ਜ਼ਿੰਦਗੀ ਕਾਹਦੀ ਆ,
ਉਹਨੂੰ ਹੁਣ ਗੱਲ ਇਹ ਕੌਣ ਸਮਝਾਏ ਜੀ।
ਉਹਦੇ ਬਾਰੇ ਉਹਨੂੰ ਗੱਲ ਇਕ ਦੱਸਣੀ ਜ਼ਰੂਰ ਆ,
ਨਾ ਉਹ ਅੰਬਰਾਂ ਦਾ ਚੰਨ ਨਾ ਕੋਈ ਪਰੀ ਨਾ ਕੋਈ ਹੂਰ ਆ,
ਪਰ ਸਾਦਗੀ-ਸੁਹੱਪਣ ਨਾਲ ਕਿੰਨੀ ਭਰਪੂਰ ਆ,
ਮੈਨੂੰ ਮਨਜ਼ੂਰ ਆ ਉਹ ਮੈਨੂੰ ਮਨਜ਼ੂਰ ਆ,
ਉਹਦੇ ਬਾਰੇ ਸੋਚ-ਸੋਚ ਮੇਰਾ ਸਿਰ ਚਕਰਾਏ ਜੀ,
ਮੰਨ ਜਾਏ ਉਹ ਮੰਨ ਜਾਏ ਉਹ ਹੁਣ ਤਾਂ ਮੰਨ ਜਾਏ ਜੀ।
ਨਰਿੰਦਰ ਪਾਲ ਸਿੰਘ ਜਗਦਿਓ
No comments:
Post a Comment