Monday, February 19, 2018

ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਦਾ ਕੱਚ-ਸੱਚ


ਅਜਿਹਾ ਕੀ ਕਾਰਣ ਹੈ ਕਿ ਵਿਸ਼ਵ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਵਿਚ ਅਲਬਾਨੀਆ, ਬਾਹਾਮਾਸ, ਬਾਰਬਾਡੋਸ, ਕੰਬੋਡੀਆ, ਐਕੁਆਡੋਰ, ਐਲਸਾਲਵਾਡੋਰ, ਇਥੋਪੀਆ, ਘਾਨਾ, ਗੁਆਟੇਮਾਲਾ, ਹੈਤੀ, ਹੋਂਡਰਸ, ਈਰਾਕ, ਇਰਾਨ, ਪਾਕਿਸਤਾਨ, ਕੀਨੀਆ, ਲਿਬਨਾਨ, ਮਿਆਂਮਾਰ (ਬਰਮਾ), ਨਾਮੀਬੀਆ, ਨਾਇਜੀਰੀਆ, ਪੁਰਤਗਾਲ ਆਦਿ ਵਰਗੇ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਸੁੰਦਰੀਆਂ ਸਿਰ ਤਾਜ ਨਹੀਂ ਸੱਜਦਾ? ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਵਾਰ ਜੇਕਰ ਕਿਸੇ ਦੇਸ਼ ਦੀਆਂ ਸੁੰਦਰੀਆਂ ਨੇ ਮਿਸ ਵਰਲਡ ਮੁਕਾਬਲਾ ਜਿੱਤਿਆ ਹੈ ਤਾਂ ਉਹ ਹੈ-ਭਾਰਤ। ਭਾਰਤ ਨੇ ਛੇ ਵਾਰ (1966, 1994, 1997, 1999, 2000, 2017) ਇਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਛੇ ਵਾਰ ਹੀ (1955, 1981, 1984, 1991, 1995, 2011) ਵੈਨਜ਼ੁਏਲਾ ਦੀਆਂ ਕੁੜੀਆਂ ਨੇ ਪਹਿਲੀ ਥਾਂ ਮੱਲੀ ਹੈ। ਵੈਨਜ਼ੁਏਲਾ ਦੀਆਂ ਸੁੰਦਰੀਆਂ ਨੇ ਸੱਤ ਵਾਰ (1979, 1981, 1986, 1996, 2008, 2009, 2013) ਮਿਸ ਯੂਨੀਵਰਸ  ਦਾ ਖਿਤਾਬ ਵੀ ਆਪਣੇ ਦੇਸ਼ ਦੀ ਝੋਲੀ ਪਾਇਆ ਹੈ ਜਦਕਿ ਦੋ ਵਾਰ (1994, 2000) ਇਹ ਖਿਤਾਬ ਭਾਰਤ ਦੇ ਹਿੱਸੇ ਆਇਆ।  ਇਸ ਤੋਂ ਇਲਾਵਾ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿਚ ਮਿਸ ਅਰਥ ਅਤੇ ਮਿਸ ਇੰਟਰਨੈਸ਼ਨਲ ਵੀ ਖਾਸ ਥਾਂ ਰੱਖਦੇ ਹਨ ਪਰ ਜ਼ਿਆਦਾ ਮਹੱਤਵਪੂਰਣ ਮਿਸ ਯੂਨੀਵਰਸ ਅਤੇ ਮਿਸ ਵਰਲਡ ਹੀ ਹਨ। 

ਕੀ ਵੈਨਜ਼ੁਏਲਾ ਅਤੇ ਭਾਰਤ ਵਿਚ ਸੁਹੱਪਣ ਅਤੇ ਸਮਝਦਾਰੀ (ਜਿੱਦਾ ਕਿ ਇਨ•ਾਂ ਮੁਕਾਬਲਿਆਂ ਵਿਚ ਸਵਾਲ-ਜਵਾਬ ਰਾਊਂਡ ਨੂੰ ਕਾਫੀ ਮਹੱਤਵਪੂਰਣ ਮੰਨਿਆ ਜਾਂਦਾ ਹੈ) ਬਾਕੀ ਮੁਲਕਾਂ ਨਾਲੋਂ ਜ਼ਿਆਦਾ ਹੈ? ਕੀ ਵਿਸ਼ਵ ਪੱਧਰ ਦੇ ਇਹ ਮੁਕਾਬਲੇ ਸਿਰਫ ਸੁੰਦਰਤਾ ਅਤੇ ਸਮਝਦਾਰੀ ਪਰਖਣ ਦੇ ਪੈਮਾਨੇ ਹਨ ਜਾਂ ਇਸ ਪਿੱਛੇ ਕੋਈ ਬਜ਼ਾਰੀ ਕਾਰਣ ਵੀ ਲੁਕੇ ਹੋਏ ਹਨ? ਕੀ ਇਹ ਮੁਕਾਬਲੇ ਜਿੱਤਣ ਵਾਲੇ ਦੇਸ਼ਾਂ ਵਿਚ ਔਰਤਾਂ ਦੀ ਸਥਿਤੀ ਬਾਕੀ ਮੁਲਕਾਂ ਨਾਲੋਂ ਬੇਹਤਰ ਹੈ? ਇਸ ਤੋਂ ਇਲਾਵਾ ਜੇਤੂ ਦੇਸ਼ਾਂ ਦਾ ਨਾ ਜਿੱਤਣ ਵਾਲੇ ਦੇਸ਼ਾਂ ਨਾਲ ਤੁਲਨਾਤਮਕ ਅਧਿਐਨ, ਖਾਸ ਤੌਰ 'ਤੇ ਆਰਥਿਕ ਪੱਧਰ 'ਤੇ, ਵੀ ਬਹੁਤ ਸਾਰੇ ਲੁਕਵੇਂ ਤੱਥਾਂ ਤੋਂ ਪਰਦਾ ਚੁੱਕਦਾ ਹੈ। 

ਇਨ•ਾਂ ਸਵਾਲਾਂ ਦੇ ਜਵਾਬਾਂ ਤੋਂ ਪਹਿਲਾਂ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਖਾਸ ਤੌਰ 'ਤੇ ਮਿਸ ਯੂਨੀਵਰਸ ਅਤੇ ਮਿਸ ਵਰਲਡ ਬਾਰੇ ਕੁਝ ਮੁੱਢਲੀ ਜਾਣਕਾਰੀ ਦੇਣਾ ਜ਼ਰੂਰੀ ਹੈ। ਇਕ ਸਾਲ ਦੇ ਵਕਫੇ ਨਾਲ ਸ਼ੁਰੂ ਹੋਏ ਇਹ ਦੋਵੇਂ ਮੁਕਾਬਲੇ ਅੱਜ ਵਿਸ਼ਵ ਭਰ ਵਿਚ ਇਕ ਖਾਸ ਮੁਕਾਮ ਰੱਖਦੇ ਹਨ। 1951 ਵਿਚ ਮਿਸ ਵਰਲਡ ਅਤੇ 1952 ਵਿਚ ਮਿਸ ਯੂਨੀਵਰਸ ਮੁਕਾਬਲੇ ਸ਼ੁਰੂ ਹੋਏ ਸਨ। ਮਿਸ ਯੂਨੀਵਰਸ ਮੁਕਾਬਲਿਆ ਵਿਚ ਅਮਰੀਕਾ ਸਭ ਤੋਂ ਵੱਧ 8 ਵਾਰ (1954, 1956, 1960, 1967, 1980, 1995, 1997, 2012) ਖਿਤਾਬ ਜਿੱਤ ਚੁੱਕਾ ਹੈ ਜਦਕਿ ਸੱਤ ਵਾਰ ਵੈਨਜ਼ੁਏਲਾ (1979, 1981, 1986, 1996, 2008, 2009, 2013) ਅਤੇ ਪੰਜ ਵਾਰ (1970, 1985, 1993, 2001, 2006) ਪੀਓਰਟੋ ਰੀਕੋ ਦੀਆਂ ਸੁੰਦਰੀਆਂ ਮਿਸ ਯੂਨੀਵਰਸ ਬਣੀਆਂ ਹਨ। 

ਓਧਰ ਮਿਸ ਵਰਲਡ ਮੁਕਾਬਲਿਆਂ ਵਿਚ ਭਾਰਤ ਅਤੇ ਵੈਨਜ਼ੁਏਲਾ (ਛੇ-ਛੇ ਵਾਰ) ਤੋਂ ਬਾਅਦ ਯੂ.ਕੇ. ਪੰਜ ਵਾਰ (1961, 1964, 1965, 1974, 1983), ਅਮਰੀਕਾ ਤਿੰਨ ਵਾਰ (1973, 1990, 2010) ਅਤੇ ਪੀਓਰਟੋ ਰੀਕੋ ਦੋ ਵਾਰ (1975, 2016) ਇਸ ਖਿਤਾਬ ਨੂੰ ਜਿੱਤ ਚੁੱਕਾ ਹੈ। ਉਂਝ ਸਾਊਥ ਅਫਰੀਕਾ, ਚੀਨ, ਪੇਰੂ ਆਦਿ ਸਮੇਤ ਹੋਰ ਵੀ ਬਹੁਤ ਸਾਰੇ ਮੁਲਕਾਂ ਦੀਆਂ ਸੁੰਦਰੀਆਂ ਹਨ ਜੋ ਕਿ ਦੋ ਜਾਂ ਤਿੰਨ ਵਾਰ ਇਹ ਖਿਤਾਬ ਜਿੱਤ ਚੁੱਕੀਆਂ ਹਨ। 

ਇਕ ਗੱਲ ਤਾਂ ਸਪੱਸ਼ਟ ਹੈ ਕਿ ਜੇਕਰ ਇਹ ਸੁੰਦਰਤਾ ਮੁਕਾਬਲੇ ਫੈਸ਼ਨ, ਸੁਹੱਪਣ ਅਤੇ ਸਮਝਦਾਰੀ ਨੂੰ ਪਰਖਣ ਦਾ ਪੈਮਾਨਾ ਹੁੰਦੇ ਤਾਂ ਅੱਜ ਇਟਲੀ (ਜੋ ਕਿ ਦੁਨੀਆਂ ਭਰ ਵਿਚ ਫੈਸ਼ਨ ਲਈ ਮਸ਼ਹੂਰ ਹੈ ਅਤੇ ਜਿੱਥੇ ਖੂਬਸੂਰਤੀ ਦੀ ਕੋਈ ਕਮੀ ਨਹੀਂ) ਨੇ ਸਭ ਤੋਂ ਜ਼ਿਆਦਾ ਖਿਤਾਬ ਜਿੱਤੇ ਹੋਣੇ ਸੀ। ਪਰ ਅੱਜ ਤੱਕ ਇਟਲੀ ਦੀ ਕੋਈ ਵੀ ਮੁਟਿਆਰ ਨਾ ਤਾਂ ਮਿਸ ਵਰਲਡ ਬਣੀ ਹੈ ਅਤੇ ਨਾ ਹੀ ਮਿਸ ਯੂਨੀਵਰਸ। ਇਹੀ ਹਾਲ ਜਰਮਨੀ ਦਾ ਹੈ ਜਿਸ ਨੇ ਕਦੇ ਵੀ ਕੋਈ ਕੌਮਾਂਤਰੀ ਸੁੰਦਰਤਾ ਮੁਕਾਬਲਾ ਨਹੀਂ ਜਿੱਤਿਆ। ਹੋਰ ਤਾਂ ਹੋਰ ਯੂਰਪ ਦੇ ਬਹੁਤ ਸਾਰੇ ਮੁਲਕ ਜੋ ਹਰ ਪੱਖੋਂ ਖੁਸ਼ਹਾਲ ਅਤੇ ਤਰੱਕੀ ਦੀਆਂ ਰਾਹਾਂ ਉੱਤੇ ਹਨ, ਉੱਥੋਂ ਦੀਆਂ ਸੁੰਦਰੀਆਂ ਵੀ ਸੁੰਦਰਤਾ ਮੁਕਾਬਲਿਆਂ ਵਿਚ ਫਾਡੀ ਹੀ ਰਹੀਆਂ ਹਨ। ਇਸ ਦੀ ਚੰਗੀ ਉਦਾਹਰਣ ਨਾਰਵੇ (1990-ਮਿਸ ਯੂਨੀਵਰਸ), ਇਟਲੀ (ਕਦੇ ਨਹੀਂ), ਜਰਮਨੀ (ਕਦੇ ਨਹੀਂ), ਸਪੇਨ (1974-ਮਿਸ ਯੂਨੀਵਰਸ) ਅਤੇ ਫਰਾਂਸ (1953-ਮਿਸ ਵਰਲਡ, 1953 ਅਤੇ 2016-ਮਿਸ ਯੂਨੀਵਰਸ) ਵਰਗੇ ਮੁਲਕ ਹਨ।  

ਇਸ ਦੇ ਉਲਟ ਸੁੰਦਰਤਾ ਮੁਕਾਬਲਿਆਂ ਵਿਚ ਵੈਨਜ਼ੁਏਲਾ ਦੇਸ਼ ਦੀ ਝੰਡੀ ਹੈ ਜਿਸ ਨੇ ਕਿ ਕੁੱਲ 13 ਵਾਰ (ਸੱਤ ਵਾਰ ਮਿਸ ਯੂਨੀਵਰਸ ਅਤੇ ਛੇ ਵਾਰ ਮਿਸ ਵਰਲਡ) ਕੌਮਾਂਤਰੀ ਪੱਧਰ ਦੇ ਮੁਕਾਬਲੇ ਜਿੱਤੇ ਹਨ। ਇਸ ਦੇਸ਼ ਨੇ ਸੱਤ ਵਾਰ ਮਿਸ ਇੰਟਰਨੈਸ਼ਨਲ ਅਤੇ ਦੋ ਵਾਰ ਮਿਸ ਅਰਥ ਦੇ ਖਿਤਾਬ ਵੀ ਜਿੱਤੇ ਹਨ। ਜਾਣ ਕੇ ਹੈਰਾਨੀ ਹੋਵੇਗੀ ਕਿ ਵੈਨਜ਼ੁਏਲਾ ਵਿਚ ਔਰਤਾਂ ਖਿਲਾਫ ਹੋਣ ਵਾਲੇ ਅਪਰਾਧ ਦੀ ਦਰ ਕਾਫੀ ਜ਼ਿਆਦਾ ਹੈ। ਸੰਯੁਕਤ ਸੰਘ (ਯੂ.ਐਨ.) ਦੀ ਮਨੁੱਖੀ ਵਿਕਾਸ ਰਿਪੋਟਰ ਅਨੁਸਾਰ ਲਿੰਗ ਅਸਮਾਨਤਾ ਸੂਚੀ ਵਿਚ ਵੈਨਜ਼ੁਏਲਾ 71ਵੇਂ ਸਥਾਨ 'ਤੇ ਹੈ (2015 ਵਿਚ 101ਵੇਂ ਸਥਾਨ 'ਤੇ ਸੀ) ਜਦਕਿ ਨਾਰਵੇ ਇਸ ਸੂਚੀ ਵਿਚ ਪਹਿਲੀ ਥਾਂ 'ਤੇ ਹੈ (ਯਾਨੀ ਉੱਥੇ ਔਰਤਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ) ਅਤੇ ਉਸ ਨੇ ਸਿਰਫ 1990 ਵਿਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਇਸ ਸੂਚੀ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੇ ਦੇਸ਼ ਸਵਿਟਜ਼ਰਲੈਂਡ ਨੇ ਕਦੇ ਕੋਈ ਕੌਮਾਂਤਰੀ ਸੁੰਦਰਤਾ ਮੁਕਾਬਲਾ ਨਹੀਂ ਜਿੱਤਿਆ। ਭਾਰਤ ਇਸ ਸੂਚੀ ਵਿਚ 2015 ਦੇ 125ਵੇਂ ਸਥਾਨ ਦੇ ਮੁਕਾਬਲੇ 2016 ਵਿਚ 131 ਵੇਂ ਸਥਾਨ 'ਤੇ ਆ ਗਿਆ ਹੈ। 

ਦੂਜਾ ਵਿਚਾਰਨਯੋਗ ਪੱਖ ਇਹ ਹੈ ਕਿ ਵੈਨਜ਼ੁਏਲਾ ਦਾ ਅਰਥਚਾਰਾ ਮੁੱਖ ਰੂਪ ਵਿਚ ਪੈਟਰੋਲੀਅਮ ਵਸਤਾਂ ਦੇ ਖੇਤਰ ਨਾਲ ਜੁੜੇ ਉਦਯੋਗ ਦੇ ਆਲੇ-ਦੁਆਲੇ ਘੁੰਮਦਾ ਹੈ। ਜਿਹੜੇ ਦੇਸ਼ਾਂ ਨਾਲ ਵੈਨਜ਼ੁਏਲਾ ਦੇ ਵਪਾਰਕ ਸਬੰਧ ਹਨ ਉਨ•ਾਂ ਵਿਚ ਅਮਰੀਕਾ ਸਭ ਤੋਂ ਮੋਹਰੀ ਹੈ। ਦੂਜੇ ਦੇਸ਼ਾਂ ਨੂੰ ਭੇਜੀਆਂ ਜਾਣ ਵਾਲੀਆਂ ਵਸਤਾਂ (ਬਰਾਮਦ) ਵਿਚੋਂ ਵੈਨਜ਼ੁਏਲਾ ਦੇਸ਼ ਅਮਰੀਕਾ ਨੂੰ ਸਭ ਤੋਂ ਵੱਧ 35 ਫੀਸਦੀ ਪੈਟਰੋਲੀਅਮ, ਕੈਮੀਕਲ ਅਤੇ ਖੇਤੀ ਅਧਾਰਿਤ ਵਸਤਾਂ ਭੇਜਦਾ ਹੈ। ਭਾਰਤ ਅਤੇ ਚੀਨ ਵੀ ਵੈਨਜ਼ੁਏਲਾ ਦੇ ਵੱਡੇ ਖਰੀਦਦਾਰਾਂ 'ਚੋਂ ਇਕ ਹਨ। ਦੂਜੇ ਪਾਸੇ ਵੈਨਜ਼ੁਏਲਾ ਅਮਰੀਕਾ 'ਚੋਂ ਸਭ ਤੋਂ ਜ਼ਿਆਦਾ ਵਸਤਾਂ ਮੰਗਵਾਉਂਦਾ (22 ਫੀਸਦੀ ਦਰਾਮਦ) ਹੈ ਜਿਨ•ਾਂ ਵਿਚ ਕੱਪੜੇ, ਕਾਰਾਂ, ਮਸ਼ੀਨਰੀ, ਟਰਾਂਸਪੋਟਰ ਅਤੇ ਨਿਰਮਾਣ ਖੇਤਰ ਨਾਲ ਸਬੰਧਤ ਸਾਮਾਨ ਪ੍ਰਮੁੱਖ ਹੈ। ਕਹਿਣ ਦਾ ਭਾਵ ਹੈ ਕਿ ਅਮਰੀਕਾ ਲਈ ਵੈਨਜ਼ੁਏਲਾ ਇਕ ਵੱਡੀ ਮੰਡੀ ਦੇ ਰੂਪ ਵਿਚ ਵਿਕਸਿਤ ਹੋਇਆ ਦੇਸ਼ ਹੈ। 

ਸੁੰਦਰਤਾ ਮੁਕਾਬਲਿਆਂ ਦੀ ਆੜ ਵਿਚ ਵਿਕਸਿਤ ਮੁਲਕ ਕਿਸ ਤਰ•ਾਂ ਵਿਕਾਸਸ਼ੀਲ ਮੁਲਕਾਂ ਨੂੰ ਇਕ ਮੰਡੀ ਦੇ ਰੂਪ ਵਿਚ ਵਰਤ ਰਹੇ ਹਨ ਅਤੇ ਇੱਥੇ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਕਿਸ ਤਰ•ਾਂ ਆਪਣਾ ਠਿਕਾਣਾ ਬਣਾ ਰਹੀਆਂ ਹਨ, ਇਸ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਬਹੁਤ ਜ਼ਿਆਦਾ ਰੌਚਕ ਹੈ। ਸੁੰਦਰਤਾ ਮੁਕਾਬਲੇ ਜਿੱਤਣ ਵਾਲੇ ਦੇਸ਼ਾਂ ਵਿਚ ਚੰਗਾ ਨਾਂ ਖੱਟਣ ਵਾਲੇ ਪੀਓਰਟੋ ਰੀਕੋ ਦੀ ਵਪਾਰ ਦੇ ਮਾਮਲੇ ਵਿਚ ਅਮਰੀਕਾ ਨਾਲ ਚੰਗੀ ਬਣਦੀ ਹੈ। ਇਸ ਦੇਸ਼ ਦੀ ਅਮਰੀਕਾ ਨਾਲ ਬਰਾਮਦ ਦਰ 90 ਫੀਸਦੀ ਹੈ ਜਦਕਿ ਦਰਾਮਦ ਦਰ 55 ਫੀਸਦੀ ਹੈ। ਪਿਛਲੇ ਕਰੀਬ ਤਿੰਨ ਦਹਾਕਿਆਂ, ਜਦੋਂ ਤੋਂ ਵਿਸ਼ਵ ਪੱਧਰ 'ਤੇ ਬਜ਼ਾਰੀਕਰਨ ਨੇ ਆਪਣੇ ਪੈਰ ਪਸਾਰੇ ਹਨ ਅਤੇ ਦੁਨੀਆਂ ਦਾ ਬਜ਼ਾਰ ਸਿਮਟ ਕੇ ਇਕ ਹੋ ਗਿਆ ਹੈ ਓਦੋਂ ਤੋਂ ਸੁੰਦਰਤਾ ਮੁਕਾਬਲੇ ਜਿੱਤਣ ਵਾਲੇ ਦੇਸ਼ਾਂ ਦੇ ਅਰਥਚਾਰੇ ਅਤੇ ਉਸ ਦੇਸ਼ ਦੇ ਅਮਰੀਕਾ ਅਤੇ ਯੂਰਪੀ ਮੁਲਕਾਂ ਨਾਲ ਸਬੰਧ ਕਿਹੋ-ਜਿਹੇ ਰਹੇ ਹਨ, ਦਾ ਪ੍ਰਭਾਵ ਮੁਕਾਬਲਿਆਂ ਦੇ ਨਤੀਜਿਆਂ 'ਤੇ ਪ੍ਰਤੱਖ ਵੇਖਣ ਨੂੰ ਮਿਲ ਰਿਹਾ ਹੈ।

ਭਾਰਤ, ਚੀਨ, ਰੂਸ, ਵੈਨਜ਼ੇÂਲਾ, ਕੁਝ ਅਫਰੀਕੀ ਮੁਲਕ ਅਤੇ ਲਾਤੀਨੀ ਅਮਰੀਕੀ ਮੁਲਕ ਬ੍ਰਾਜ਼ੀਲ, ਪੇਰੂ, ਕੋਲੰਬੀਆ ਸਮੇਤ ਅਜਿਹੇ ਦੇਸ਼ਾਂ ਦੀਆਂ ਸੁੰਦਰੀਆਂ ਦੇ ਸਿਰ 'ਤੇ ਹੀ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਦੇ ਤਾਜ ਸਜੇ ਹਨ ਜਿੱਥੇ ਕੰਪਨੀਆਂ ਦੇ ਮਾਲ ਦੀ ਖਪਤ ਦਾ ਚੰਗਾ ਸਕੋਪ ਹੈ ਅਤੇ ਜਿੱਥੇ ਵਪਾਰ ਦੇ ਚੰਗੇ ਮੰਚ ਸਥਾਪਤ ਹੋਏ ਹਨ। ਉਹ ਦੇਸ਼ ਜਿੱਥੇ ਕੱਚੇ ਮਾਲ ਦੀ ਪ੍ਰਾਪਤੀ ਅਸਾਨੀ ਨਾਲ ਹੋ ਸਕੇ ਅਤੇ ਤਿਆਰ ਮਾਲ ਦੀ ਖਪਤ ਵਿਕਸਿਤ ਮੁਲਕ ਅਸਾਨੀ ਨਾਲ ਕਰਵਾ ਸਕਣ, ਉਨ•ਾਂ ਮੁਲਕਾਂ ਵਿਚ ਕੌਮਾਂਤਰੀ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਦੀਆਂ ਜੇਤੂ ਕੁੜੀਆਂ ਰਾਹੀਂ ਬਜ਼ਾਰਾਂ ਨੂੰ ਪੱਕੇ ਪੈਰੀਂ ਕੀਤਾ ਜਾ ਰਿਹਾ ਹੈ। 

ਭਾਰਤ ਜਦੋਂ ਇਕ ਕੌਮਾਂਤਰੀ ਮੰਡੀ ਦੇ ਰੂਪ ਵਿਚ ਉਭਰ ਰਿਹਾ ਸੀ ਤਾਂ ਇਕ ਤੋਂ ਬਾਅਦ ਇਕ ਸੁੰਦਰਤਾ ਖਿਤਾਬ ਭਾਰਤੀ ਸੁੰਦਰੀਆਂ ਦੇ ਸਿਰ ਸਜਾ ਦਿੱਤੇ ਗਏ। 1994 ਵਿਚ ਸ਼ੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੀ। ਉਸੇ ਸਾਲ ਐਸ਼ਵਰਿਆ ਰਾਏ ਮਿਸ ਵਰਲਡ ਬਣੀ। ਦੋ ਸਾਲ ਦੇ ਵਕਫੇ ਬਾਅਦ ਹੀ 1997 ਵਿਚ ਡਾਇਨਾ ਹੇਡਨ ਮਿਸ ਵਰਲਡ ਬਣੀ। ਫਿਰ 1999 ਵਿਚ ਯੁਕਤਾ ਮੁਖੀ ਮਿਸ ਵਰਲਡ ਬਣੀ। ਸਾਲ 2000 ਵਿਚ ਇਕ ਵਾਰ ਫੇਰ ਮਿਸ ਵਰਲਡ ਅਤੇ ਮਿਸ ਯੂਨੀਵਰਸ ਦੇ ਖਿਤਾਬ ਕ੍ਰਮਵਾਰ ਭਾਰਤ ਦੀਆਂ ਸੁੰਦਰੀਆਂ ਪ੍ਰਿਅੰਕਾ ਚੋਪੜਾ ਅਤੇ ਲਾਰਾ ਦੱਤਾ ਦੇ ਨਾਂ ਰਹੇ। 

ਨਵੀਆਂ ਵਪਾਰਕ ਨੀਤੀਆਂ, ਨਵੇਂ ਤਰ•ਾਂ ਦੇ ਬਜ਼ਾਰਾਂ ਅਤੇ ਉਪਭੋਗਤਾਵਾਂ ਦੇ ਪੈਦਾ ਹੋ ਜਾਣ ਦੇ ਸੰਦਰਭ ਵਿਚ ਹੁਣ ਇਕ ਵਾਰ ਫੇਰ ਉਨ•ਾਂ ਮੁਲਕਾਂ ਦੀਆਂ ਮੁਟਿਆਰਾਂ ਸਿਰ ਤਾਜ ਸਜਣੇ ਸ਼ੁਰੂ ਹੋ ਗਏ ਹਨ ਜਿਨ•ਾਂ ਦੇਸ਼ਾਂ ਵਿਚ ਵਪਾਰ ਦੇ ਨਵੇਂ ਮੌਕੇ ਅਤੇ ਵੱਡੀ ਗਿਣਤੀ ਵਿਚ ਪੈਸਾ ਖਰਚਣਯੋਗ ਉਪਭੋਗਤਾਵਾਂ ਦੀ ਬਹੁਤਾਤ ਹੈ। ਵਿਸ਼ਵ ਮੰਦੀ ਦੇ ਉਭਾਰ ਤੋਂ ਬਾਅਦ 2008 ਤੋਂ 2017 ਤੱਕ ਜਿਨ•ਾਂ ਦੇਸ਼ਾਂ ਦੀਆਂ ਕੁੜੀਆਂ ਮਿਸ ਯੂਨੀਵਰਸ ਅਤੇ ਮਿਸ ਵਰਲਡ ਦੇ ਖਿਤਾਬ ਜਿੱਤੀਆਂ ਹਨ ਉਨ•ਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਮਿਸ ਯੂਨੀਵਰਸ ਮੁਕਾਬਲੇ ਵਿਚ 2008 ਤੇ 2009 'ਚ ਵੈਨਜ਼ੁਏਲਾ, 2010 'ਚ ਮੈਕਸੀਕੋ, 2011 'ਚ ਅੰਗੋਲਾ, 2012 ਵਿਚ ਅਮਰੀਕਾ, 2013 ਵਿਚ ਵੈਨਜ਼ੁਏਲਾ, 2014 ਵਿਚ ਕੋਲੰਬੀਆ, 2015 ਵਿਚ ਫਿਲਪਾਈਨਜ਼ ਅਤੇ 2016 ਵਿਚ ਫਰਾਂਸ ਦੀ ਮੁਟਿਆਰ ਜੇਤੂ ਰਹੀ। ਇਸੇ ਤਰ•ਾਂ ਮਿਸ ਵਰਲਡ ਮੁਕਾਬਲੇ ਵਿਚ 2008 'ਚ ਰੂਸ, 2009 'ਚ ਗਿਬਰਾਲਟਰ, 2010 'ਚ ਅਮਰੀਕਾ, 2011 'ਚ ਵੈਨਜ਼ੁਏਲਾ, 2012 ਵਿਚ ਚੀਨ, 2013 ਵਿਚ ਫਿਲਪਾਈਨਜ਼, 2014 ਵਿਚ ਦੱਖਣੀ ਅਫਰੀਕਾ, 2015 ਵਿਚ ਸਪੇਨ, 2016 ਵਿਚ ਪਿਓਰਟੋ ਰੀਕੋ ਅਤੇ 2017 ਵਿਚ ਭਾਰਤੀ ਸੁੰਦਰੀ ਸਿਰ ਤਾਜ ਸਜਿਆ ਹੈ। 

ਅਜਿਹੇ ਖਿਤਾਬ ਜਿੱਤਣ ਵਾਲੀਆਂ ਕੁੜੀਆਂ ਨੂੰ ਵੱਖ-ਵੱਖ ਦੇਸ਼ਾਂ ਵਿਚ ਅਲੱਗ-ਅਲੱਗ ਮੰਚਾਂ 'ਤੇ ਪੇਸ਼ ਕੀਤਾ ਜਾਂਦਾ ਹੈ। ਕਈ ਸੰਸਥਾਵਾਂ ਦੇ ਬਰਾਂਡ ਅੰਬੈਸਡਰ ਬਣਾ ਕੇ ਕੌਮਾਂਤਰੀ ਪੱਧਰ 'ਤੇ ਮਸ਼ਹੂਰੀ ਕਰਵਾਈ ਜਾਂਦੀ ਹੈ। ਵਪਾਰਕ ਕੰਪਨੀਆਂ ਆਪਣਾ ਸਾਮਾਨ ਵੇਚਣ ਲਈ ਇਨ•ਾਂ ਕੁੜੀਆਂ ਦਾ ਸਹਾਰਾ ਲੈਂਦੀਆਂ ਹਨ। ਕੀ ਕਾਰਣ ਹੈ ਕਿ ਯੂਰਪ ਦੇ ਸਾਰੇ ਖੁਸ਼ਹਾਲ ਦੇਸ਼ਾਂ ਦੀਆਂ ਸੁੰਦਰੀਆਂ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਏਸ਼ੀਆਂ ਦੇ ਅਮੀਰ ਮੁਲਕਾਂ ਦੀਆਂ ਕੁੜੀਆਂ ਇਨ•ਾਂ ਮੁਕਾਬਲਿਆਂ ਵਿਚ ਲਗਾਤਾਰ ਜੇਤੂ ਨਹੀਂ ਰਹਿੰਦੀਆਂ? ਕਿਉਂ ਕਿ ਉਨ•ਾਂ ਦੇਸ਼ਾਂ ਦੇ ਬਜ਼ਾਰਾਂ ਦੀ ਸਥਿਤੀ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਿਲਕੁਲ ਅਲੱਗ ਹੈ ਅਤੇ ਉਨ•ਾਂ ਮੁਲਕਾਂ ਵਿਚ ਵਸਤਾਂ ਦੀ ਮੰਗ 'ਸੰਤੁਸ਼ਟੀ ਬਿੰਦੂ' ਤੱਕ ਪਹੁੰਚ ਚੁੱਕੀ ਹੈ ਜਦਕਿ ਭਾਰਤ ਵਰਗੇ ਮੁਲਕਾਂ ਵਿਚ ਹਾਲੇ ਵੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਤੋਂ ਵਿਰਵੇ ਹਨ। 

ਜਿਨ•ਾਂ ਮੁਲਕਾਂ ਵਿਚ ਸਿਆਸੀ, ਸਮਾਜਕ ਜਾਂ ਆਰਥਿਕ ਅਸਥਿਰਤਾ ਹੈ ਜਾਂ ਜਿੱਥੇ ਮਾਲ ਦੀ ਖਪਤ ਦਾ ਸਕੋਪ ਬਹੁਤ ਘੱਟ ਹੈ ਉਹ ਦੇਸ਼ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿਚ ਕਿਤੇ ਨਜ਼ਰ ਨਹੀਂ ਆਉਂਦੇ। ਇਹੀ ਕਾਰਣ ਹੈ ਕਿ ਬਹੁਤੇ ਅਫਰੀਕੀ, ਮਿਡਲ ਈਸਟ (ਈਰਾਕ, ਇਰਾਨ, ਸੀਰੀਆ, ਫਿਲਸਤੀਨ ਆਦਿ), ਗੜਬੜੀ ਵਾਲੇ ਏਸ਼ੀਆਈ ਦੇਸ਼ ਅਤੇ ਰੂਸ ਨਾਲੋਂ ਟੁੱਟੇ ਮੁਲਕਾਂ ਦੀਆਂ ਸੁੰਦਰੀਆਂ ਨੂੰ ਇਨ•ਾਂ ਮੁਕਾਬਲਿਆਂ ਵਿਚ ਕੋਈ ਥਾਂ ਨਹੀਂ ਮਿਲਦੀ। ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜਿਨ•ਾਂ ਦੇਸ਼ਾਂ ਵਿਚ ਭਵਿੱਖ 'ਚ ਬਜ਼ਾਰ ਦੇ ਵੱਧਣ-ਫੁੱਲਣ ਦੀਆਂ ਸੰਭਾਵਨਾਵਾਂ ਹਾਲੇ ਵੀ ਤੇਜ਼ ਹਨ, ਆਉਣ ਵਾਲੇ ਸਮੇਂ ਵਿਚ ਉਨ•ਾਂ ਦੇਸ਼ਾਂ ਦੀਆਂ ਸੁੰਦਰੀਆਂ ਸਿਰ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਦੇ ਤਾਜ ਸਜਣ। ਇਨ•ਾਂ ਮੁਲਕਾਂ ਵਿਚ ਭਾਰਤ, ਇੰਡੋਨੇਸ਼ੀਆ, ਥਾਈਲੈਂਡ, ਸ੍ਰੀ ਲੰਕਾ, ਬ੍ਰਾਜ਼ੀਲ, ਫਿਲਪਾਈਨਜ਼, ਕੋਲੰਬੀਆ, ਚੀਨ ਆਦਿ ਦਾ ਨਾਂ ਮੂਹਰਲੀ ਕਤਾਰ ਵਿਚ ਸ਼ਾਮਲ ਹੈ। 

ਨਰਿੰਦਰ ਪਾਲ ਸਿੰਘ ਜਗਦਿਓ
(Published in Sunday Magazine of Punjabi Tribune on 26-11-2017) 

No comments: