Sunday, February 25, 2018

'ਗੋਰੇ ਰੰਗ' ਦਾ ਕਾਰੋਬਾਰ: ਦਿਲਚਸਪ ਤੇ ਹੈਰਾਨਕੁੰਨ ਤੱਥ



ਗੋਰੇ ਰੰਗ ਦੀਆਂ ਗੱਲਾਂ ਤੋਂ ਭਾਰਤੀ ਸਿਆਸਤ ਵੀ ਅਛੂਤੀ ਨਹੀਂ ਰਹੀ। ਅਹੁਦਾ ਸੰਭਾਲਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰੰਗ ਗੋਰਾ ਕਿਵੇਂ ਹੋਇਆ ਇਸ ਬਾਬਤ ਤਨਜ਼ ਭਰੇ ਬਿਆਨ ਗੁਜਰਾਤ ਚੋਣਾਂ ਦੌਰਾਨ ਸਾਹਮਣੇ ਆਏ। ਕਾਲੀ/ਕਣਕ-ਰੰਗੀ ਚਮੜੀ ਵਾਲੇ ਲੋਕਾਂ ਦੇ ਦੇਸ਼ਾਂ ਵਿਚ ਗੋਰੇ ਰੰਗ ਦਾ ਚਾਅ ਅਤੇ ਲਾਲਸਾ ਦਾ ਹੀ ਨਤੀਜਾ ਹੈ ਕਿ ਕੌਮਾਂਤਰੀ ਪੱਧਰ 'ਤੇ ਇਕ ਪੂਰਾ ਉਦਯੋਗ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਵਾਲਾ ਸਥਾਪਿਤ ਹੋ ਚੁੱਕਾ ਹੈ। ਗੋਰੇ ਰੰਗ ਦੇ ਕੌਮਾਂਤਰੀ ਪੱਧਰ 'ਤੇ ਚੱਲ ਰਹੇ ਕਾਰੋਬਾਰ ਦੇ ਵੱਖ-ਵੱਖ ਪਹਿਲੂਆਂ ਦੀ ਇਸ ਲੇਖ ਰਾਹੀਂ ਪੁਣਛਾਣ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 

       ਸਾਰੀ ਦੁਨੀਆਂ ਦੀ 75 ਫੀਸਦੀ ਦੇ ਕਰੀਬ ਆਬਾਦੀ ਏਸ਼ੀਆਈ ਅਤੇ ਅਫਰੀਕੀ ਮੁਲਕਾਂ ਵਿਚ ਰਹਿੰਦੀ ਹੈ। ਇਸ ਅਬਾਦੀ ਵਿਚ ਚੀਨ, ਭਾਰਤ, ਇੰਡੋਨੇਸ਼ੀਆ, ਬ੍ਰਾਜ਼ੀਲ (ਲਾਤਿਨ ਅਮਰੀਕੀ ਦੇਸ਼), ਪਾਕਿਸਤਾਨ, ਨਾਈਜੀਰੀਆ, ਬੰਗਲਾਦੇਸ਼ ਅਤੇ ਜਪਾਨ ਅਜਿਹੇ ਮੁਲਕ ਹਨ ਜੋ ਸਭ ਤੋਂ ਜ਼ਿਆਦਾ ਜਨਸੰਖਿਆ ਵਾਲੇ ਪਹਿਲੇ 10 ਦੇਸ਼ਾਂ ਵਿਚ ਸ਼ੁਮਾਰ ਹਨ। ਇਨ੍ਹਾਂ ਮੁਲਕਾਂ ਸਮੇਤ ਬਹੁਤੇ ਏਸ਼ੀਆਈ, ਲਾਤਿਨ ਅਮਰੀਕੀ (ਮੈਕਸੀਕੋ, ਕੋਲੰਬੀਆ, ਐਕੁਆਡੋਰ, ਕਿਊਬਾ, ਹੋਂਡਰਸ, ਅਰਜਨਟੀਨਾ, ਗੁਆਟੇਮਾਲਾ ਆਦਿ) ਅਤੇ ਅਫਰੀਕੀ ਦੇਸ਼ਾਂ ਦੇ ਲੋਕਾਂ ਦੀ ਚਮੜੀ ਕਾਲੀ/ਕਣਕ-ਰੰਗੀ  ਹੈ। ਏਸ਼ੀਆਈ ਅਤੇ ਅਫਰੀਕੀ ਮੁਲਕਾਂ ਦੇ ਲੋਕਾਂ ਨੂੰ ਗੋਰਾ ਬਣਾਉਣ ਲਈ ਬਹੁਤ ਸਾਰੀਆਂ ਕੰਪਨੀਆਂ ਅਜਿਹੀਆਂ ਕ੍ਰੀਮਾਂ, ਲੋਸ਼ਨ, ਬਲੀਚ ਕ੍ਰੀਮਾਂ ਅਤੇ ਫੇਸਵਾਸ਼ ਬਣਾ ਕੇ ਵੇਚ ਰਹੀਆਂ ਹਨ ਜਿਸ ਦਾ ਦੁਨੀਆਂ ਭਰ ਵਿਚ ਇਕ ਵੱਡਾ ਬਜ਼ਾਰ ਸਥਾਪਿਤ ਹੁੰਦਾ ਜਾ ਰਿਹਾ ਹੈ।

       ਬਾਜ਼ਾਰ ਸਬੰਧੀ ਖੋਜ ਕਾਰਜ ਕਰਨ ਵਾਲੀ ਇਕ ਅਮਰੀਕੀ ਕੰਪਨੀ 'ਗਲੋਬਲ ਇੰਡਸਟਰੀ ਐਨਾਲਿਸਟਸ' ਦੀ ਇਕ ਰਿਪੋਰਟ ਮੁਤਾਬਿਕ ਸਾਲ 2020 ਤੱਕ ਰੰਗ ਗੋਰਾ ਕਰਨ ਵਾਲੀਆਂ ਕੰਪਨੀਆਂ ਦਾ ਕੌਮਾਂਤਰੀ ਬਜ਼ਾਰ ਤਕਰੀਬਨ  1,48,800 ਕਰੋੜ ਰੁਪਏ (23 ਬਿਲੀਅਨ ਅਮਰੀਕੀ ਡਾਲਰ) ਤੱਕ ਪੁੱਜ ਜਾਵੇਗਾ। ਵੱਖ-ਵੱਖ ਅੰਕੜੇ ਇਕੱਠੇ ਕਰਨ ਵਾਲੀ ਨਾਮੀਂ ਕੰਪਨੀ 'ਨੀਲਸਨ' ਨੇ ਅੱਠ ਸਾਲ ਪਹਿਲਾਂ ਇਕ ਰਿਪੋਰਟ ਵਿਚ ਦੱਸਿਆ ਸੀ ਕਿ ਸਿਰਫ ਭਾਰਤ ਵਿਚ ਹੀ ਲੋਕ ਸਾਲਾਨਾ 2890 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਅਤੇ ਲੋਸ਼ਨ ਵਰਤ ਲੈਂਦੇ ਹਨ। ਇਹ ਰਕਮ ਹਰ ਸਾਲ ਹੋਰ ਜ਼ਿਆਦਾ ਵੱਧਦੀ ਜਾ ਰਹੀ ਹੈ। ਏਸੇ ਏਜੰਸੀ ਦੀ ਰਿਪੋਰਟ ਅਨੁਸਾਰ ਸਾਲ 2012 ਵਿਚ ਭਾਰਤੀਆਂ ਨੇ 233 ਟਨ ਰੰਗ ਗੋਰਾ ਕਰਨ ਵਾਲੇ ਉਤਪਾਦ ਖਰੀਦੇ ਸਨ। ਬੀਬੀਸੀ ਦੀ ਇਕ ਖਬਰ ਅਨੁਸਾਰ ਭਾਰਤ ਸਮੇਤ ਦੱਖਣੀ ਏਸ਼ੀਆ ਦੇ ਮੁਲਕਾਂ ਵਿਚ ਇਕ ਸਾਲ ਵਿਚ ਓਨੀਆਂ ਕੋਕਾ ਕੋਲਾ ਦੀਆਂ ਬੋਤਲਾਂ ਨਹੀਂ ਖਰੀਦੀਆਂ ਜਾਂਦੀਆਂ ਜਿੰਨੀਆਂ ਕਿ ਰੰਗ ਗੋਰਾ ਕਰਨ ਵਾਲੀਆਂ ਟਿਊਬਾਂ ਖਰੀਦ ਲਈਆਂ ਜਾਂਦੀਆਂ ਹਨ।

       ਭਾਰਤ ਦੇ ਸੰਦਰਭ ਵਿਚ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਦੀ ਸ਼ੁਰੂਆਤ 1975 ਵਿਚ ਓਦੋਂ ਹੋਈ ਜਦੋਂ ਹਿੰਦੋਸਤਾਨ ਯੂਨੀਲੀਵਰ ਕੰਪਨੀ ਦੀ 'ਫੇਅਰ ਐਂਡ ਲਵਲੀ' ਨੇ ਦੇਸ਼ ਵਿਚ ਦਸਤਕ ਦਿੱਤੀ। ਸਾਲ-ਦਰ-ਸਾਲ ਇਸ ਕ੍ਰੀਮ ਨੇ ਭਾਰਤੀ ਸਮਾਜ ਵਿਚ ਬਿਲਕੁਲ ਓਸੇ ਤਰ੍ਹਾਂ ਆਪਣੀ ਥਾਂ ਬਣਾ ਲਈ ਜਿਵੇਂ ਕਿ ਹਰ ਬਨਸਪਤੀ ਘਿਓ ਸਾਡੇ ਲਈ 'ਡਾਲਡਾ' ਹੈ, ਠੀਕ ਉਸੇ ਤਰ੍ਹਾਂ ਬਹੁਤੀਆਂ ਕ੍ਰੀਮਾਂ ਸਾਡੇ ਲਈ 'ਫੇਅਰ ਐਂਡ ਲਵਲੀ' ਹਨ। ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕ੍ਰੀਮ ਹਰ ਸਾਲ 2000 ਕਰੋੜ ਰੁਪਏ ਦੇ ਕਰੀਬ ਭਾਰਤ ਵਿਚ ਕਮਾਈ ਕਰਦੀ ਹੈ। ਭਾਰਤ ਤੋਂ ਇਲਾਵਾ ਇਸ ਦੀ ਵਿਕਰੀ ਬੰਗਲਾਦੇਸ਼, ਮਲੇਸ਼ੀਆ, ਇੰਡੋਨੇਸ਼ੀਆ, ਸਿੰਘਾਪੁਰ, ਬਰੂਨੀ, ਥਾਈਲੈਂਡ, ਸ੍ਰੀਲੰਕਾ ਅਤੇ ਏਸ਼ੀਆਂ ਦੇ ਹੋਰਨਾਂ ਮੁਲਕਾਂ ਵਿਚ ਵੀ ਹੁੰਦੀ ਹੈ।

       ਇਸ ਤੋਂ ਇਲਾਵਾ ਪ੍ਰੋਕਟਰ ਐਂਡ ਗੈਬਲ, ਰੈਵਲੋਨ, ਗਾਰਨੀਅਰ, ਨੀਵਿਆ ਅਤੇ ਇਮਾਮੀ ਕੰਪਨੀਆਂ ਵੱਲੋਂ ਵੀ ਰੰਗ ਗੋਰਾਂ ਕਰਨ ਵਾਲੀਆਂ ਕ੍ਰੀਮਾਂ ਤੇ ਲੋਸ਼ਨ ਤਿਆਰ ਕੀਤੇ ਜਾਂਦੇ ਹਨ। ਇਨ੍ਹਾਂ ਕੌਮਾਂਤਰੀ ਬਰਾਂਡਾਂ ਤੋਂ ਇਲਾਵਾ ਹੁਣ ਬਹੁਤ ਸਾਰੀਆਂ ਹੋਰ ਭਾਰਤੀ ਕੰਪਨੀਆਂ ਨੇ ਵੀ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।   2005 ਤੱਕ ਰੰਗ ਗੋਰਾ ਕਰਨ ਲਈ ਔਰਤਾਂ ਅਤੇ ਮਰਦ ਸਿਰਫ 'ਫੇਅਰ ਐਂਡ ਲਵਲੀ' ਕ੍ਰੀਮ ਹੀ ਵਰਤਦੇ  ਸਨ। ਹਾਲਾਂਕਿ ਇਹ ਕ੍ਰੀਮ ਔਰਤਾਂ ਲਈ ਬਣਾਈ ਗਈ ਸੀ। 2005 ਵਿਚ ਇਮਾਮੀ ਨੇ ਮਰਦਾਂ ਨੂੰ ਗੋਰਾ ਕਰਨ ਲਈ 'ਫੇਅਰ ਐਂਡ ਹੈਂਡਸਮ' ਕ੍ਰੀਮ ਭਾਰਤੀਆਂ ਨੂੰ ਦਿੱਤੀ।

       2014 ਵਿਚ ਸੈਂਟਰ ਫਾਰ ਸਾਇੰਸ ਐਂਡ ਇਨਵਾਰਿਨਮੈਂਟ (ਵਾਤਾਵਰਣ) ਦੀ ਇਕ ਖੋਜ ਵਿਚ ਸਾਹਮਣੇ ਆ ਚੁੱਕਾ ਹੈ ਕਿ ਭਾਰਤ ਵਿਚ ਵਰਤੀਆਂ ਜਾ ਰਹੀਆਂ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਦੇ ਕੀਤੇ ਗਏ ਟੈਸਟ ਵਿੱਚ ਅੱਧੀਆਂ ਕ੍ਰੀਮਾਂ 'ਚ ਪਾਰਾ (ਮਰਕਰੀ) ਪਾਇਆ ਗਿਆ ਜੋ ਕਿ ਪੂਰੀ ਤਰ੍ਹਾਂ ਨਾਲ ਗੈਰ-ਕਾਨੂੰਨੀ ਹੈ। ਅਗਸਤ 2014 ਵਿਚ ਹੀ ਐਡਵਰਟਾਈਜ਼ਿੰਗ ਸਟੈਂਡਰਜ਼ ਕੌਂਸਲ ਨੇ ਅਜਿਹੀਆਂ ਸਾਰੀਆਂ ਕ੍ਰੀਮਾਂ 'ਤੇ ਬੈਨ ਲਾਉਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਜਿਹੜੀਆਂ ਵੀ ਕ੍ਰੀਮਾਂ ਕਾਲੇ ਰੰਗ ਨੂੰ 'ਹੀਣਭਾਵਨਾ' ਵੱਜੋਂ ਪੇਸ਼ ਕਰਦੀਆਂ ਹਨ ਉਨ੍ਹਾਂ 'ਤੇ ਰੋਕ ਲਗਾਈ ਜਾਵੇ। ਉਂਝ ਹਾਲੇ ਤੱਕ ਅਜਿਹੀ ਕੋਈ ਖੋਜ ਜਾਂ ਤੱਥ ਸਾਹਮਣੇ ਨਹੀਂ ਆਏ ਜਿਸ ਰਾਹੀਂ ਇਹ ਪਤਾ ਲੱਗ ਸਕੇ ਕਿ ਅਜਿਹੀਆਂ ਕ੍ਰੀਮਾਂ ਨਾਲ ਦੁਨੀਆਂ ਭਰ ਵਿਚ ਕਿੰਨੇ ਕੁ ਕਾਲੇ/ਕਣਕ-ਰੰਗੀ ਲੋਕ ਗੋਰੇ ਹੋ ਗਏ ਹਨ।

       ਵਿਸ਼ਵ ਭਰ ਵਿਚ ਜਦੋਂ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਨੂੰ ਨਸਲਵਾਦ ਨਾਲ ਜੋੜਿਆਂ ਜਾਣ ਲੱਗਾ ਤਾਂ ਇਸ ਦਾ ਵਿਆਪਕ ਪੱਧਰ 'ਤੇ ਵਿਰੋਧ ਵੀ ਹੋਇਆ। ਘਾਨਾ ਅਤੇ ਕੋਸਟਾ ਰੀਕਾ ਮੁਲਕਾਂ ਨੇ ਅਜਿਹੀਆਂ ਸਾਰੀਆਂ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਦੀ ਵਿਕਰੀ ਉੱਤੇ ਬੈਨ ਲਗਾ ਦਿੱਤਾ ਹੈ ਜਿਨ੍ਹਾਂ ਵਿਚ ਦੋ ਪ੍ਰਤੀਸ਼ਤ ਤੋਂ ਜ਼ਿਆਦਾ 'ਹਾਈਡ੍ਰੋਕਿਊਨਨ' ਦੀ ਵਰਤੋਂ ਕੀਤੀ ਜਾਂਦੀ ਹੈ। ਅਜਿਹੀ ਰੋਕ ਦੱਖਣੀ ਅਫਰੀਕਾ ਵਿਚ 1980 ਤੋਂ ਲੱਗੀ ਹੋਈ ਹੈ। ਕੀਨੀਆ ਅਤੇ ਗੈਬੀਆ ਵਿਚ ਵੀ ਅਜਿਹੀਆਂ ਕ੍ਰੀਮਾਂ 'ਤੇ ਬੈਨ ਹੈ। 'ਹਾਈਡ੍ਰੋਕਿਊਨਨ' ਦੀ ਵਰਤੋਂ ਕਰਨ ਵਾਲੇ ਉਤਪਾਦਾਂ ਉੱਤੇ ਅਮਰੀਕਾ, ਜਪਾਨ, ਆਸਟ੍ਰੇਲੀਆ ਅਤੇ ਯੂਰਪੀਅਨ ਯੂਨੀਅਨ ਵਾਲੇ ਮੁਲਕਾਂ ਵਿਚ ਪਹਿਲਾਂ ਹੀ ਰੋਕ ਲਗਾਈ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਵਿਚ ਵਰਤਿਆਂ ਜਾਂਦਾ ਪਾਰਾ ਅਤੇ ਹਾਈਡ੍ਰੋਕਿਊਨਨ ਦੀ ਵਰਤੋਂ ਦੇ ਬਹੁਤ ਸਾਰੇ ਮਾੜੇ ਅਸਰ ਸਾਹਮਣੇ ਆਉਂਦੇ ਹਨ। ਹਾਈਡ੍ਰੋਕਿਊਨਨ ਇਕ ਅਜਿਹਾ ਕੈਮੀਕਲ ਹੈ ਜਿਸ ਦੀ ਵਰਤੋਂ ਫੋਟੋਆਂ ਡਿਵੈਲਪ/ਬਣਾਉਣ ਵਿਚ ਕੀਤੀ ਜਾਂਦੀ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਚਮੜੀ ਦਾ ਕੈਂਸਰ ਹੁੰਦਾ ਹੈ। ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਹੋਣ ਦਾ ਖਤਰਾ ਵੀ ਬਣਿਆਂ ਰਹਿੰਦਾ ਹੈ।

       ਅਫਰੀਕੀ ਮੁਲਕਾਂ ਵਿਚ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਸਬੰਧੀ ਅੰਕੜੇ ਬਹੁਤ ਹੈਰਾਨੀਜਨਕ ਹਨ। ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ 'ਤੇ ਲਗਾਏ ਬੈਨ ਵਾਲੇ ਮੁਲਕ ਘਾਨਾ ਵਿਚ 30 ਫੀਸਦੀ ਔਰਤਾਂ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਜਦਕਿ ਨਾਈਜੀਰੀਆ ਵਿਚ ਇਹੀ ਦਰ 77 ਫੀਸਦੀ ਹੈ। ਉੱਧਰ ਟੌਂਗੋ, ਦੱਖਣੀ ਅਫਰੀਕਾ, ਸੈਨੇਗਲ ਅਤੇ ਮਾਲੀ ਵਿਚ ਕ੍ਰਮਵਾਰ 59, 35, 27 ਅਤੇ 25 ਫੀਸਦੀ ਔਰਤਾਂ ਰੰਗ ਗੋਰਾ ਕਰਨ ਵਾਲੀਆਂ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ। ਇਸ ਦਾ ਦਿਲਚਸਪ ਪਹਿਲੂ ਇਹ ਹੈ ਕਿ ਨਾਈਜੀਰੀਆ ਜਿੱਥੇ 77 ਫੀਸਦੀ ਔਰਤਾਂ ਗੋਰੇ ਰੰਗ ਦੀ ਚਾਹਤ ਲਈ ਕ੍ਰੀਮਾਂ ਦੀ ਵਰਤੋਂ ਕਰਦੀਆਂ ਹਨ ਉੱਥੋਂ ਦੀ ਸੁੰਦਰੀ ਅਗਬਾਨੀ ਡਾਰੇਗੋ ਨੂੰ 16 ਨਵੰਬਰ 2001 ਨੂੰ ਮਿਸ ਵਰਲਡ ਦਾ ਖਿਤਾਬ ਦਿੱਤਾ ਗਿਆ ਸੀ ਅਤੇ ਉਸ ਦਾ ਰੰਗ ਕਾਲਾ ਸੀ ਨਾ ਕਿ ਗੋਰਾ। ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿਚ ਜਿੱਤਣ ਵਾਲੀ ਨਾਈਜੀਰੀਆ ਦੀ ਇਹ ਹੁਣ ਤੱਕ ਦੀ ਇਕੋ-ਇਕ ਸੁੰਦਰੀ ਹੈ।

       ਵਿਸ਼ਵ ਪੱਧਰ 'ਤੇ ਗੋਰੇ ਰੰਗ ਦੀ ਚਾਹਤ ਰੱਖਣ ਵਾਲਿਆਂ ਵੱਲੋਂ ਖਰੀਦੀਆਂ ਜਾਂਦੀਆਂ ਕ੍ਰੀਮਾਂ, ਲੋਸ਼ਨਾਂ ਅਤੇ ਫੇਸਵਾਸ਼ ਸਬੰਧੀ ਇਕ ਸੈਮੀਨਾਰ ਵਿਚ ਪੜ੍ਹੇ ਗਏ ਖੋਜ ਪੱਤਰ ਦੇ ਨਤੀਜੇ ਬਹੁਤ ਦਿਲਚਸਪ ਹਨ। ਜੂਨ 2013 ਵਿਚ ਕਰੋਏਸ਼ੀਆਂ ਵਿਚ ਇਕ ਕੌਮਾਂਤਰੀ ਸੈਮੀਨਾਰ ਵਿਚ ਮਾਰੀਆ ਕਿਊਰੀ-ਸਕਲੋਡਵਸਕਾ ਯੂਨੀਵਰਸਿਟੀ, ਪੋਲੈਂਡ ਦੇ ਅਲੈਕਸੈਂਡਰਾ ਕਿਊਕ ਵੱਲੋਂ '21ਵੀਂ ਸਦੀ ਵਿਚ ਕੌਮਾਂਤਰੀ ਬਿਊਟੀ ਉਦਯੋਗ ਵਿਚ ਚੱਲ ਰਹੇ ਰੁਝਾਨ' ਵਿਸ਼ੇ 'ਤੇ ਇਕ ਪਰਚਾ ਪੜ੍ਹਿਆ ਗਿਆ। ਅਲੈਕਸੈਂਡਰਾ ਨੇ ਦੱਸਿਆ ਕਿ ਬਿਊਟੀ ਉਤਪਾਦਾਂ ਨਾਲ ਸਬੰਧੀ ਸਮਾਨ ਦੀ ਸਭ ਤੋਂ ਵੱਡੀ ਮੰਡੀ ਵੱਜੋਂ ਬਰਿੱਕ (ਬੀ.ਆਰ.ਆਈ.ਸੀ) ਦੇਸ਼ ਯਾਨੀ ਕਿ ਬ੍ਰਾਜ਼ੀਲ, ਰੂਸ, ਇੰਡੀਆ ਅਤੇ ਚੀਨ ਉਭਰ ਕੇ ਸਾਹਮਣੇ ਆ ਰਹੇ ਹਨ। ਇਨ੍ਹਾਂ ਚਾਰ ਦੇਸ਼ਾਂ ਵਿਚ ਹੀ ਸਾਰੀ ਦੁਨੀਆਂ ਦਾ ਚੌਥਾ ਹਿੱਸਾ ਮਤਲਬ ਕਿ 25 ਫੀਸਦੀ ਸੁੰਦਰਤਾ ਸਬੰਧੀ ਸਮਾਨ ਦੀ ਖਪਤ ਹੋ ਰਹੀ ਹੈ। 'ਬਰਿਕੱਸ' ਮੁਲਕਾਂ ਦੇ ਪੰਜਵੇਂ ਦੇਸ਼ ਦੱਖਣੀ ਅਫਰੀਕਾ ਵਿਚ ਵੀ ਸੁੰਦਰਤਾ ਉਤਪਾਦਾਂ ਦੀ ਵਰਤੋਂ ਬਹੁਤ ਜ਼ਿਆਦਾ ਹੈ।

       ਅਲੈਕਸੈਂਡਰਾ ਅਨੁਸਾਰ ਇਸ ਤੋਂ ਇਲਾਵਾ ਜਿਹੜੇ ਬਾਕੀ ਮੁਲਕ ਤੇਜ਼ੀ ਨਾਲ ਸੁੰਦਰਤਾ ਸਬੰਧੀ ਵਸਤਾਂ ਦੀ ਖਰੀਦਦਾਰੀ ਕਰ ਰਹੇ ਹਨ ਉਨ੍ਹਾਂ ਵਿਚ ਮੈਕਸੀਕੋ, ਅਰਜਨਟੀਨਾ, ਇੰਡੋਨੇਸ਼ੀਆ, ਥਾਈਲੈਂਡ ਅਤੇ ਤੁਰਕੀ ਪ੍ਰਮੁੱਖ ਹਨ। ਕੌਮਾਂਤਰੀ ਪੱਧਰ 'ਤੇ ਸੁੰਦਰਤਾ ਸਬੰਧੀ ਵਸਤਾਂ ਨੂੰ ਸਕਿਨ ਕੇਅਰ, ਹੇਅਰ ਕੇਅਰ, ਕਲਰ ਅਤੇ ਇਤਰਾਂ ਵਿਚ ਵੰਡਿਆਂ ਗਿਆ ਹੈ। ਹੈਰਾਨੀਜਨਕ ਤੱਥ ਇਹ ਹੈ ਕਿ ਏਸ਼ੀਆਈ ਬਜ਼ਾਰ ਵਿਚ ਸਕਿਨ ਕੇਅਰ ਵਿਚ ਵੱਡੀ ਭੂਮਿਕਾ ਉਨ੍ਹਾਂ ਉਤਪਾਦਾਂ ਦੀ ਹੈ ਜੋ ਕਿ ਚਿਹਰੇ ਦੇ ਰੰਗ ਨੂੰ ਗੋਰਾ ਕਰਨ ਲਈ ਵਰਤੋਂ ਵਿਚ ਆਉਂਦੇ ਹਨ। ਅਲੈਕਸੈਂਡਰਾ ਅਨੁਸਾਰ ਭਾਰਤ ਵਿਚ ਜੋ ਕ੍ਰੀਮਾਂ ਮੂੰਹ 'ਤੇ ਲਗਾਉਣ ਲਈ ਵਰਤੀਆਂ ਜਾਂਦੀਆਂ ਹਨ ਉਨ੍ਹਾਂ ਵਿਚੋਂ 80 ਫੀਸਦੀ ਕ੍ਰੀਮਾਂ 'ਚ ਰੰਗ ਗੋਰਾ ਕਰਨ ਦੇ ਅੰਸ਼ ਹੁੰਦੇ ਹਨ।

       ਗੋਰੇ ਰੰਗ ਦੀ ਚਾਹਤ ਰੱਖਣ ਪਿਛਲੇ ਸਮਾਜਿਕ ਕਾਰਣ ਕੁਝ ਵੀ ਹੋਣ ਪਰ ਇਕ ਗੱਲ ਤਾਂ ਸਪੱਸ਼ਟ ਹੈ ਕਿ ਗੋਰਿਆਂ (ਬਰਤਾਨੀਆ) ਵੱਲੋਂ ਦੁਨੀਆਂ ਦੇ ਤਕਰੀਬਨ ਹਰੇਕ ਮੁਲਕ ਵਿਚ ਕੀਤੇ ਰਾਜ ਦਾ ਨਤੀਜਾ ਹੈ ਕਿ ਕਾਲੇ/ਕਣਕ-ਰੰਗੀ ਰੰਗ ਨੂੰ ਹਾਲੇ ਵੀ ਬਹੁਤੇ ਲੋਕ ਹੀਣਭਾਵਨਾ ਨਾਲ ਵੇਖਦੇ ਹਨ। ਇਸ਼ਤਿਹਾਰਾਂ ਵਿਚ ਵੀ ਕਾਲੇ ਜਾਂ ਕਣਕਵੰਨੇ ਰੰਗ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਜੋ ਕਿ ਮੁੰਡੇ ਜਾਂ ਕੁੜੀ ਦੇ ਵਧੀਆ ਵਿਆਹ ਵਿਚ ਅੜਿੱਕਾ ਬਣਦਾ ਹੈ ਜਾਂ ਕਾਲੇ ਰੰਗ ਕਰਕੇ ਚੰਗੀ ਨੌਕਰੀ ਨਹੀਂ ਮਿਲਦੀ। ਗੋਰੇ ਰੰਗ ਦੀਆਂ ਕ੍ਰੀਮਾਂ, ਲੋਸ਼ਨਾਂ ਜਾਂ ਫੇਸਵਾਸ਼ ਸਬੰਧੀ ਜ਼ਿਆਦਾਤਰ ਇਸ਼ਤਿਹਾਰ ਜਜ਼ਬਾਤੀ ਪੱਧਰ ਦੇ ਹਨ ਅਤੇ ਪੇਸ਼ਕਾਰੀ ਇਸ ਤਰ੍ਹਾਂ ਦੀ ਹੈ ਕਿ ਗੋਰੇ ਰੰਗ ਨੂੰ 'ਉੱਤਮ' ਦਰਸਾਇਆ ਜਾਂਦਾ ਹੈ। ਅਜਿਹੇ ਇਸ਼ਤਿਹਾਰਾਂ ਵਿਚ ਉਨ੍ਹਾਂ ਫਿਲਮੀ ਚਿਹਰਿਆਂ ਨੂੰ ਲਿਆ ਜਾਂਦਾ ਹੈ ਜੋ ਕਿ ਨੌਜਵਾਨਾਂ ਦੇ ਰੋਲ ਮਾਡਲ ਹੁੰਦੇ ਹਨ।

       ਗੋਰਾ ਰੰਗ ਕਰਨ ਵਾਲੀਆਂ ਕ੍ਰੀਮਾਂ, ਲੋਸ਼ਨਾਂ ਅਤੇ ਫੇਸਵਾਸ਼ ਲਈ ਹੁਣ ਤੱਕ ਕੈਟਰੀਨਾ ਕੈਫ, ਯਾਮੀ ਗੌਤਮ, ਪ੍ਰਿਯੰਕਾ ਚੋਪੜਾ, ਨੇਹਾ ਧੂਪੀਆ, ਸ਼ਰਧਾ ਕਪੂਰ, ਐਸ਼ਵਰਿਆ ਰਾਏ, ਕ੍ਰਿਸ਼ਮਾ ਕਪੂਰ, ਸੋਨਮ ਕਪੂਰ, ਆਸਿਨ, ਸ਼੍ਰੇਆ ਸਰਨ, ਦੀਆ ਮਿਰਜ਼ਾ, ਪ੍ਰੀਟੀ ਜ਼ਿੰਟਾ, ਵਿਦਿਆ ਬਾਲਨ, ਮਹਿਮਾ ਚੌਧਰੀ, ਜੂਹੀ ਚਾਵਲਾ, ਅਨੁਸ਼ਕਾ ਸ਼ਰਮਾ, ਜੇਨੇਲੀਆ ਡਿਸੂਜ਼ਾ ਦੇਸ਼ਮੁੱਖ ਅਤੇ ਦੀਪਿਕਾ ਪਾਦੂਕੋਣ ਵਰਗੀਆਂ ਅਭਿਨੇਤਰੀਆਂ ਅਤੇ ਸ਼ਾਹਰੁਖ ਖਾਨ, ਸੈਫ ਅਲੀ ਖਾਨ, ਇਮਰਾਨ ਹਾਸ਼ਮੀ, ਸ਼ਾਹਿਦ ਕਪੂਰ, ਸਿਧਾਰਥ ਮਲਹੋਤਰਾ, ਰਿਤਿਕ ਰੌਸ਼ਨ ਅਤੇ ਜੌਨ ਅਬਰਾਹਿਮ ਵਰਗੇ ਅਦਾਕਾਰ ਇਸ਼ਤਿਹਾਰ ਕਰ ਚੁੱਕੇ ਹਨ।

       ਜਦੋਂ ਸ਼ਾਹਰੁਖ ਖਾਨ ਨੇ ਕਣਕਵੰਨੇ ਰੰਗ ਨੂੰ ਨੀਵਾਂ ਦਿਖਾਉਂਦਿਆਂ ਗੋਰਾ ਰੰਗ ਕਰਨ ਵਾਲੀ ਇਕ ਕ੍ਰੀਮ ਦਾ ਇਸ਼ਤਿਹਾਰ ਕੀਤਾ ਸੀ ਤਾਂ ਉਸ ਦੀ ਕਾਫੀ ਨਿੰਦਾ ਹੋਈ ਸੀ ਪਰ ਇਸ਼ਤਿਹਾਰਾਂ ਰਾਹੀਂ ਰੋਜ਼ਾਨਾ 4 ਕਰੋੜ ਰੁਪਏ ਕਮਾਈ ਕਰਨ ਵਾਲਾ ਅਜਿਹਾ ਨਿੰਦਾ ਦੀ ਕੀ ਪ੍ਰਵਾਹ ਕਰੇਗਾ? ਇਕ ਅਮਰੀਕੀ ਸਲਾਹਕਾਰ ਸੰਸਥਾ 'ਅਮਰੀਕਨ ਅਪਰੇਜ਼ਲ' ਅਨੁਸਾਰ ਸ਼ਾਹਰੁਖ ਇਸ਼ਤਿਹਾਰਾਂ ਰਾਹੀਂ ਸਾਲਾਨਾ 100 ਮਿਲੀਅਨ ਡਾਲਰ (650 ਕਰੋੜ ਰੁਪਏ ਤਕਰੀਬਨ) ਕਮਾਉਂਦਾ ਹੈ। 'ਰਾਈਜ਼ ਆਫ ਦਾ ਮਿਲੇਨੀਅਮ:ਇੰਡੀਆਜ਼ ਮੋਸਟ ਵੈਲੂਏਬਲ ਸੈਲੀਬ੍ਰੇਟੀ ਬਰਾਂਡ' ਦੀ ਤਾਜ਼ਾ ਰਿਪੋਰਟ ਅਨੁਸਾਰ ਸ਼ਾਹਰੁਖ ਖਾਨ ਦੀ ਬਰਾਂਡ ਵੈਲਿਊ 679 ਕਰੋੜ ਰੁਪਏ ਹੋ ਗਈ ਹੈ ਜੋ ਕਿ ਕ੍ਰਿਕਟਰ ਵਿਰਾਟ ਕੋਹਲੀ ਤੋਂ ਬਾਅਦ ਦੂਜੇ ਨੰਬਰ 'ਤੇ ਹੈ।   

       ਮੌਜੂਦਾ ਸਮੇਂ ਰੰਗ ਦਾ ਭੇਦਭਾਵ ਰੱਖਣ ਵਾਲਿਆਂ ਖਿਲਾਫ ਬਹੁਤ ਸਾਰੇ ਲੋਕ ਅਤੇ ਸੰਸਥਾਵਾਂ ਅੱਗੇ ਆ ਗਏ ਹਨ। ਨਿਊਯਾਰਕ ਵਿਚ ਇਕ ਕੋਰੀਆਈ ਕ੍ਰੀਮ ਦੇ ਇਸ਼ਤਿਹਾਰ ਲਈ ਪ੍ਰਬੰਧਕਾਂ ਨੂੰ ਇਸ ਲਈ ਮੁਆਫੀ ਮੰਗਣੀ ਪਈ ਕਿਉਂ ਕਿ ਉਨ੍ਹਾਂ ਇਕ ਕਣਕਵੰਨੇ ਵਿਅਕਤੀ ਦੀ ਫੋਟੋ ਨਾਲ ਲਿਖ ਦਿੱਤਾ 'ਕੀ ਤੁਸੀਂ ਗੋਰਾ ਹੋਣਾ ਚਾਹੁੰਦੇ ਹੋ?' ਇਸੇ ਤਰ੍ਹਾਂ ਪੱਛਮੀ ਏਸ਼ੀਆਂ ਵਿਚ ਨੀਵਿਆ ਕੰਪਨੀ ਨੂੰ ਵੀ ਆਪਣਾ ਇਕ ਇਸ਼ਤਿਹਾਰ ਵਾਪਸ ਲੈਣਾ ਪਿਆ ਜਿਸ 'ਤੇ ਲਿਖਿਆ ਸੀ 'ਚਿੱਟਾ ਹੀ ਸ਼ੁੱਧ ਹੈ।'

       ਕਣਕਵੰਨੇ ਰੰਗ ਦੀ ਖੂਬਸੂਰਤ ਅਦਾਕਾਰਾ ਨੰਦਿਤਾ ਦਾਸ ਨੇ 'ਡਾਰਕ ਇਜ਼ ਬਿਊਟੀਫੁੱਲ' ਮੁਹਿੰਮ ਚਲਾਈ ਹੋਈ ਹੈ ਤਾਂ ਜੋ ਕਾਲੇ ਰੰਗ ਵਾਲੇ ਵੀ ਆਪਣੇ ਕੁਦਰਤੀ ਰੰਗ 'ਤੇ ਮਾਣ ਕਰ ਸਕਣ। ਉਸ ਅਨੁਸਾਰ ਖੂਬਸੂਰਤੀ ਕਿਸੇ ਖਾਸ ਰੰਗ ਦੀ ਮੋਹਤਾਜ਼ ਨਹੀਂ ਹੁੰਦੀ। ਇਸੇ ਤਰ੍ਹਾਂ ਕੰਗਣਾ ਰਣਾਓਤ ਨੇ ਗੋਰੇ ਰੰਗ ਦੀ ਇਕ ਕ੍ਰੀਮ ਵਾਲਾ ਇਕ ਇਸ਼ਤਿਹਾਰ ਇਸ ਲਈ ਨਹੀਂ ਕੀਤਾ ਸੀ ਕਿਉਂ ਕਿ ਉਸ ਦਾ ਮੰਨਣਾ ਸੀ ਕਿ ਅਜਿਹੇ ਇਸ਼ਤਿਹਾਰਾਂ ਤੋਂ ਅਦਾਕਾਰਾਂ ਨੂੰ ਦੂਰ ਰਹਿਣਾ ਚਾਹੀਦਾ ਹੈ। ਇਹ ਇਸ਼ਤਿਹਾਰ ਭਰਮ ਪਾਉਣ ਵਾਲੇ ਹੁੰਦੇ ਹਨ। ਹਾਲਾਂਕਿ ਇਸ ਇਸ਼ਤਿਹਾਰ ਬਦਲੇ ਉਸ ਨੂੰ ਦੋ ਕਰੋੜ ਰੁਪਏ ਮਿਲ ਰਹੇ ਸਨ। ਰਣਬੀਰ ਕਪੂਰ, ਸਵਰਾ ਭਾਸਕਰ, ਰਣਦੀਪ ਹੁੱਡਾ ਅਤੇ ਕਾਲਕੀ ਕੋਚਲਿਨ ਨੇ ਵੀ ਅਜਿਹੇ ਇਸ਼ਤਿਹਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਅਭੈ ਦਿਓਲ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਕਿਸੇ ਵੀ ਅਦਾਕਾਰ ਨੂੰ ਆਪਣੀ ਪ੍ਰਸਿੱਧੀ ਗੋਰੇ ਰੰਗ ਵਾਲੀਆਂ ਕ੍ਰੀਮਾਂ ਵੇਚਣ ਲਈ ਨਹੀਂ ਵਰਤਣੀ ਚਾਹੀਦੀ।

       ਦਰਅਸਲ ਇਕ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਕਿ ਮਨੁੱਖ ਦੀ ਚਮੜੀ ਦੇ ਰੰਗ ਦਾ ਜੈਨੇਟਿਕਸ ਨਾਲ ਸਿੱਧਾ ਸਬੰਧ ਹੈ ਜੋ ਕਿ ਸਾਨੂੰ ਆਪਣੇ ਮਾਪਿਆਂ ਤੋਂ ਮਿਲਦਾ ਹੈ। ਇਸ ਤੋਂ ਇਲਾਵਾ ਮਨੁੱਖ ਦੀ ਚਮੜੀ ਦਾ ਰੰਗ ਬਹੁਤ ਸਾਰੀਆਂ ਗੱਲਾਂ 'ਤੇ ਨਿਰਭਰ ਕਰਦਾ ਹੈ। ਇਨ੍ਹਾਂ ਵਿਚੋਂ ਇਕ ਹੈ 'ਮੇਲੈਨਿਨ' ਅਤੇ ਦੂਜਾ 'ਨੀਲੇ-ਚਿੱਟੇ ਟਿਸ਼ੂਆਂ' ਦਾ ਬਣਨਾ। ਮੇਲੈਨਿਨ ਦੇ ਬਣਨ ਨਾਲ ਚਮੜੀ ਗੂੜੇ ਰੰਗ ਦੀ ਹੁੰਦੀ ਹੈ ਜਦਕਿ ਨੀਲੇ-ਚਿੱਟੇ ਟਿਸ਼ੂ ਚਮੜੀ ਦਾ ਰੰਗ ਫਿੱਕਾ ਰੱਖਦੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਵਿਚ ਅਲਟਰਾ ਵਾਇਲਟ ਰੇਡੀਏਸ਼ਨਜ਼ (ਯੂ.ਵੀ ਕਿਰਨਾਂ) ਜ਼ਿਆਦਾ ਹੁੰਦੀਆਂ ਹਨ ਉੱਥੋਂ ਦੇ ਬਾਸ਼ਿੰਦਿਆਂ ਦੀ ਚਮੜੀ ਦਾ ਰੰਗ ਗੂੜ੍ਹਾ ਹੋਵੇਗਾ। ਅਜਿਹੇ ਮੁਲਕਾਂ ਵਿਚ ਕੌਂਗੋ, ਯੂਗਾਂਡਾ, ਕੀਨੀਆ, ਸੋਮਾਲੀਆ, ਇੰਡੋਨੇਸ਼ੀਆ, ਐਕੁਆਡੋਰ, ਕੋਲੰਬੀਆ ਅਤੇ ਬ੍ਰਾਜ਼ੀਲ ਵਰਗੇ ਮੁਲਕ ਸ਼ਾਮਲ ਹਨ। ਇਨ੍ਹਾਂ ਰੇਡੀਏਸ਼ਨਜ਼ ਤੋਂ ਦੂਰ ਵਾਲੇ ਇਲਾਕਿਆਂ ਦੇ ਲੋਕਾਂ ਦੀ ਚਮੜੀ ਦਾ ਰੰਗ ਹਲਕਾ ਹੋਵੇਗਾ। ਅਜਿਹੇ ਮੁਲਕਾਂ ਵਿਚ ਡੈਨਮਾਰਕ, ਰੂਸ, ਕੈਨੇਡਾ, ਚਿੱਲੀ, ਨਿਊਜ਼ੀਲੈਂਡ, ਇੰਗਲੈਂਡ, ਫਰਾਂਸ, ਆਸਟ੍ਰੇਲੀਆ, ਨਾਰਵੇ ਆਦਿ ਆਉਂਦੇ ਹਨ।

       ਇਨ੍ਹਾਂ ਕ੍ਰੀਮਾਂ, ਲੋਸ਼ਨਾਂ ਆਦਿ ਨਾਲ ਕਾਲੇ ਰੰਗ ਨੂੰ ਗੋਰਾ ਨਹੀਂ ਕੀਤਾ ਜਾ ਸਕਦਾ ਅਤੇ ਇਸ ਤਰ੍ਹਾਂ ਦਾ ਦੁਨੀਆਂ ਵਿਚ ਹਾਲੇ ਤੱਕ ਕੋਈ ਇਨਸਾਨ ਦਾਅਵਾ ਨਹੀਂ ਕਰਦਾ ਕਿ ਕਿਸੇ ਕ੍ਰੀਮ ਨਾਲ ਉਸ ਦਾ ਰੰਗ ਕਾਲੇ ਤੋਂ ਗੋਰਾ ਹੋ ਗਿਆ ਹੋਵੇ। ਹਾਂ, ਏਨਾ ਜ਼ਰੂਰ ਹੈ ਕਿ ਵਿਸ਼ਵ ਪੱਧਰ 'ਤੇ ਇਨ੍ਹਾਂ ਕ੍ਰੀਮਾਂ ਦੇ ਵਪਾਰ ਰਾਹੀਂ ਕਈ ਕਰੋੜ ਰੁਪਏ ਦੀ ਕਮਾਈ ਬਹੁਤ ਸਾਰੀਆਂ ਕੰਪਨੀਆਂ ਕਰ ਰਹੀਆਂ ਹਨ।

       ਗੋਰਾ ਰੰਗ ਕਰਨ ਵਾਲੇ ਉਤਪਾਦ ਬਣਾਉਣ ਵਾਲੀਆਂ ਕੰਪਨੀਆਂ ਵਿਚੋਂ ਕੁਝ ਨਾਮੀਂ ਕੰਪਨੀਆਂ ਪ੍ਰੋਕਟਰ ਐਂਡ ਗੈਬਲ ਅਤੇ ਰੈਵਲੋਨ ਦਾ ਹੈੱਡਕੁਆਟਰ ਅਮਰੀਕਾ, ਗਾਰਨੀਅਰ ਦਾ ਫਰਾਂਸ, ਨੀਵੀਆ ਦਾ ਜਰਮਨ ਅਤੇ ਯੂਨੀਲੀਵਰ ਦਾ ਹੈੱਡਕੁਆਟਰ ਇੰਗਲੈਂਡ ਵਿਚ ਸਥਿਤ ਹੈ। ਇਨ੍ਹਾਂ ਦੇਸ਼ਾਂ ਵਿਚ ਪਹਿਲਾਂ ਹੀ ਵਧੇਰੇ ਵੱਸੋਂ ਗੋਰੇ ਰੰਗ ਵਾਲਿਆਂ ਦੀ ਹੈ ਇਸ ਲਈ ਜ਼ਾਹਰਾ ਤੌਰ 'ਤੇ ਇਨ੍ਹਾਂ ਮੁਲਕਾਂ ਦੇ ਲੋਕ ਉਹ ਕ੍ਰੀਮਾਂ ਨਹੀਂ ਵਰਤਦੇ ਜੋ ਕਾਲੇ/ਕਣਕ-ਰੰਗੀ ਦੇਸ਼ਾਂ ਦੇ ਲੋਕਾਂ ਲਈ ਬਣਾਈਆਂ ਜਾਂਦੀਆਂ ਹਨ। ਇਮਾਮੀ ਸਮੇਤ ਕੁਝ ਕੁ ਭਾਰਤੀ ਬਰਾਂਡ ਹਨ ਜੋ ਕਿ ਭਾਰਤੀ ਲੋਕਾਂ ਲਈ ਰੰਗ ਗੋਰਾ ਕਰਨ ਦੀਆਂ ਕ੍ਰੀਮਾਂ ਬਣਾਉਂਦੇ ਹਨ । ਸਾਲ 2016 ਵਿਚ ਇਮਾਮੀ ਦਾ ਮਾਲੀਆ 12000 ਕਰੋੜ ਰੁਪਏ ਸੀ।

ਨਰਿੰਦਰ ਪਾਲ ਸਿੰਘ ਜਗਦਿਓ

Monday, February 19, 2018

ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਦਾ ਕੱਚ-ਸੱਚ


ਅਜਿਹਾ ਕੀ ਕਾਰਣ ਹੈ ਕਿ ਵਿਸ਼ਵ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਵਿਚ ਅਲਬਾਨੀਆ, ਬਾਹਾਮਾਸ, ਬਾਰਬਾਡੋਸ, ਕੰਬੋਡੀਆ, ਐਕੁਆਡੋਰ, ਐਲਸਾਲਵਾਡੋਰ, ਇਥੋਪੀਆ, ਘਾਨਾ, ਗੁਆਟੇਮਾਲਾ, ਹੈਤੀ, ਹੋਂਡਰਸ, ਈਰਾਕ, ਇਰਾਨ, ਪਾਕਿਸਤਾਨ, ਕੀਨੀਆ, ਲਿਬਨਾਨ, ਮਿਆਂਮਾਰ (ਬਰਮਾ), ਨਾਮੀਬੀਆ, ਨਾਇਜੀਰੀਆ, ਪੁਰਤਗਾਲ ਆਦਿ ਵਰਗੇ ਹੋਰ ਬਹੁਤ ਸਾਰੇ ਦੇਸ਼ਾਂ ਦੀਆਂ ਸੁੰਦਰੀਆਂ ਸਿਰ ਤਾਜ ਨਹੀਂ ਸੱਜਦਾ? ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇ ਕਿ ਹੁਣ ਤੱਕ ਸਭ ਤੋਂ ਜ਼ਿਆਦਾ ਵਾਰ ਜੇਕਰ ਕਿਸੇ ਦੇਸ਼ ਦੀਆਂ ਸੁੰਦਰੀਆਂ ਨੇ ਮਿਸ ਵਰਲਡ ਮੁਕਾਬਲਾ ਜਿੱਤਿਆ ਹੈ ਤਾਂ ਉਹ ਹੈ-ਭਾਰਤ। ਭਾਰਤ ਨੇ ਛੇ ਵਾਰ (1966, 1994, 1997, 1999, 2000, 2017) ਇਸ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਛੇ ਵਾਰ ਹੀ (1955, 1981, 1984, 1991, 1995, 2011) ਵੈਨਜ਼ੁਏਲਾ ਦੀਆਂ ਕੁੜੀਆਂ ਨੇ ਪਹਿਲੀ ਥਾਂ ਮੱਲੀ ਹੈ। ਵੈਨਜ਼ੁਏਲਾ ਦੀਆਂ ਸੁੰਦਰੀਆਂ ਨੇ ਸੱਤ ਵਾਰ (1979, 1981, 1986, 1996, 2008, 2009, 2013) ਮਿਸ ਯੂਨੀਵਰਸ  ਦਾ ਖਿਤਾਬ ਵੀ ਆਪਣੇ ਦੇਸ਼ ਦੀ ਝੋਲੀ ਪਾਇਆ ਹੈ ਜਦਕਿ ਦੋ ਵਾਰ (1994, 2000) ਇਹ ਖਿਤਾਬ ਭਾਰਤ ਦੇ ਹਿੱਸੇ ਆਇਆ।  ਇਸ ਤੋਂ ਇਲਾਵਾ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿਚ ਮਿਸ ਅਰਥ ਅਤੇ ਮਿਸ ਇੰਟਰਨੈਸ਼ਨਲ ਵੀ ਖਾਸ ਥਾਂ ਰੱਖਦੇ ਹਨ ਪਰ ਜ਼ਿਆਦਾ ਮਹੱਤਵਪੂਰਣ ਮਿਸ ਯੂਨੀਵਰਸ ਅਤੇ ਮਿਸ ਵਰਲਡ ਹੀ ਹਨ। 

ਕੀ ਵੈਨਜ਼ੁਏਲਾ ਅਤੇ ਭਾਰਤ ਵਿਚ ਸੁਹੱਪਣ ਅਤੇ ਸਮਝਦਾਰੀ (ਜਿੱਦਾ ਕਿ ਇਨ•ਾਂ ਮੁਕਾਬਲਿਆਂ ਵਿਚ ਸਵਾਲ-ਜਵਾਬ ਰਾਊਂਡ ਨੂੰ ਕਾਫੀ ਮਹੱਤਵਪੂਰਣ ਮੰਨਿਆ ਜਾਂਦਾ ਹੈ) ਬਾਕੀ ਮੁਲਕਾਂ ਨਾਲੋਂ ਜ਼ਿਆਦਾ ਹੈ? ਕੀ ਵਿਸ਼ਵ ਪੱਧਰ ਦੇ ਇਹ ਮੁਕਾਬਲੇ ਸਿਰਫ ਸੁੰਦਰਤਾ ਅਤੇ ਸਮਝਦਾਰੀ ਪਰਖਣ ਦੇ ਪੈਮਾਨੇ ਹਨ ਜਾਂ ਇਸ ਪਿੱਛੇ ਕੋਈ ਬਜ਼ਾਰੀ ਕਾਰਣ ਵੀ ਲੁਕੇ ਹੋਏ ਹਨ? ਕੀ ਇਹ ਮੁਕਾਬਲੇ ਜਿੱਤਣ ਵਾਲੇ ਦੇਸ਼ਾਂ ਵਿਚ ਔਰਤਾਂ ਦੀ ਸਥਿਤੀ ਬਾਕੀ ਮੁਲਕਾਂ ਨਾਲੋਂ ਬੇਹਤਰ ਹੈ? ਇਸ ਤੋਂ ਇਲਾਵਾ ਜੇਤੂ ਦੇਸ਼ਾਂ ਦਾ ਨਾ ਜਿੱਤਣ ਵਾਲੇ ਦੇਸ਼ਾਂ ਨਾਲ ਤੁਲਨਾਤਮਕ ਅਧਿਐਨ, ਖਾਸ ਤੌਰ 'ਤੇ ਆਰਥਿਕ ਪੱਧਰ 'ਤੇ, ਵੀ ਬਹੁਤ ਸਾਰੇ ਲੁਕਵੇਂ ਤੱਥਾਂ ਤੋਂ ਪਰਦਾ ਚੁੱਕਦਾ ਹੈ। 

ਇਨ•ਾਂ ਸਵਾਲਾਂ ਦੇ ਜਵਾਬਾਂ ਤੋਂ ਪਹਿਲਾਂ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਖਾਸ ਤੌਰ 'ਤੇ ਮਿਸ ਯੂਨੀਵਰਸ ਅਤੇ ਮਿਸ ਵਰਲਡ ਬਾਰੇ ਕੁਝ ਮੁੱਢਲੀ ਜਾਣਕਾਰੀ ਦੇਣਾ ਜ਼ਰੂਰੀ ਹੈ। ਇਕ ਸਾਲ ਦੇ ਵਕਫੇ ਨਾਲ ਸ਼ੁਰੂ ਹੋਏ ਇਹ ਦੋਵੇਂ ਮੁਕਾਬਲੇ ਅੱਜ ਵਿਸ਼ਵ ਭਰ ਵਿਚ ਇਕ ਖਾਸ ਮੁਕਾਮ ਰੱਖਦੇ ਹਨ। 1951 ਵਿਚ ਮਿਸ ਵਰਲਡ ਅਤੇ 1952 ਵਿਚ ਮਿਸ ਯੂਨੀਵਰਸ ਮੁਕਾਬਲੇ ਸ਼ੁਰੂ ਹੋਏ ਸਨ। ਮਿਸ ਯੂਨੀਵਰਸ ਮੁਕਾਬਲਿਆ ਵਿਚ ਅਮਰੀਕਾ ਸਭ ਤੋਂ ਵੱਧ 8 ਵਾਰ (1954, 1956, 1960, 1967, 1980, 1995, 1997, 2012) ਖਿਤਾਬ ਜਿੱਤ ਚੁੱਕਾ ਹੈ ਜਦਕਿ ਸੱਤ ਵਾਰ ਵੈਨਜ਼ੁਏਲਾ (1979, 1981, 1986, 1996, 2008, 2009, 2013) ਅਤੇ ਪੰਜ ਵਾਰ (1970, 1985, 1993, 2001, 2006) ਪੀਓਰਟੋ ਰੀਕੋ ਦੀਆਂ ਸੁੰਦਰੀਆਂ ਮਿਸ ਯੂਨੀਵਰਸ ਬਣੀਆਂ ਹਨ। 

ਓਧਰ ਮਿਸ ਵਰਲਡ ਮੁਕਾਬਲਿਆਂ ਵਿਚ ਭਾਰਤ ਅਤੇ ਵੈਨਜ਼ੁਏਲਾ (ਛੇ-ਛੇ ਵਾਰ) ਤੋਂ ਬਾਅਦ ਯੂ.ਕੇ. ਪੰਜ ਵਾਰ (1961, 1964, 1965, 1974, 1983), ਅਮਰੀਕਾ ਤਿੰਨ ਵਾਰ (1973, 1990, 2010) ਅਤੇ ਪੀਓਰਟੋ ਰੀਕੋ ਦੋ ਵਾਰ (1975, 2016) ਇਸ ਖਿਤਾਬ ਨੂੰ ਜਿੱਤ ਚੁੱਕਾ ਹੈ। ਉਂਝ ਸਾਊਥ ਅਫਰੀਕਾ, ਚੀਨ, ਪੇਰੂ ਆਦਿ ਸਮੇਤ ਹੋਰ ਵੀ ਬਹੁਤ ਸਾਰੇ ਮੁਲਕਾਂ ਦੀਆਂ ਸੁੰਦਰੀਆਂ ਹਨ ਜੋ ਕਿ ਦੋ ਜਾਂ ਤਿੰਨ ਵਾਰ ਇਹ ਖਿਤਾਬ ਜਿੱਤ ਚੁੱਕੀਆਂ ਹਨ। 

ਇਕ ਗੱਲ ਤਾਂ ਸਪੱਸ਼ਟ ਹੈ ਕਿ ਜੇਕਰ ਇਹ ਸੁੰਦਰਤਾ ਮੁਕਾਬਲੇ ਫੈਸ਼ਨ, ਸੁਹੱਪਣ ਅਤੇ ਸਮਝਦਾਰੀ ਨੂੰ ਪਰਖਣ ਦਾ ਪੈਮਾਨਾ ਹੁੰਦੇ ਤਾਂ ਅੱਜ ਇਟਲੀ (ਜੋ ਕਿ ਦੁਨੀਆਂ ਭਰ ਵਿਚ ਫੈਸ਼ਨ ਲਈ ਮਸ਼ਹੂਰ ਹੈ ਅਤੇ ਜਿੱਥੇ ਖੂਬਸੂਰਤੀ ਦੀ ਕੋਈ ਕਮੀ ਨਹੀਂ) ਨੇ ਸਭ ਤੋਂ ਜ਼ਿਆਦਾ ਖਿਤਾਬ ਜਿੱਤੇ ਹੋਣੇ ਸੀ। ਪਰ ਅੱਜ ਤੱਕ ਇਟਲੀ ਦੀ ਕੋਈ ਵੀ ਮੁਟਿਆਰ ਨਾ ਤਾਂ ਮਿਸ ਵਰਲਡ ਬਣੀ ਹੈ ਅਤੇ ਨਾ ਹੀ ਮਿਸ ਯੂਨੀਵਰਸ। ਇਹੀ ਹਾਲ ਜਰਮਨੀ ਦਾ ਹੈ ਜਿਸ ਨੇ ਕਦੇ ਵੀ ਕੋਈ ਕੌਮਾਂਤਰੀ ਸੁੰਦਰਤਾ ਮੁਕਾਬਲਾ ਨਹੀਂ ਜਿੱਤਿਆ। ਹੋਰ ਤਾਂ ਹੋਰ ਯੂਰਪ ਦੇ ਬਹੁਤ ਸਾਰੇ ਮੁਲਕ ਜੋ ਹਰ ਪੱਖੋਂ ਖੁਸ਼ਹਾਲ ਅਤੇ ਤਰੱਕੀ ਦੀਆਂ ਰਾਹਾਂ ਉੱਤੇ ਹਨ, ਉੱਥੋਂ ਦੀਆਂ ਸੁੰਦਰੀਆਂ ਵੀ ਸੁੰਦਰਤਾ ਮੁਕਾਬਲਿਆਂ ਵਿਚ ਫਾਡੀ ਹੀ ਰਹੀਆਂ ਹਨ। ਇਸ ਦੀ ਚੰਗੀ ਉਦਾਹਰਣ ਨਾਰਵੇ (1990-ਮਿਸ ਯੂਨੀਵਰਸ), ਇਟਲੀ (ਕਦੇ ਨਹੀਂ), ਜਰਮਨੀ (ਕਦੇ ਨਹੀਂ), ਸਪੇਨ (1974-ਮਿਸ ਯੂਨੀਵਰਸ) ਅਤੇ ਫਰਾਂਸ (1953-ਮਿਸ ਵਰਲਡ, 1953 ਅਤੇ 2016-ਮਿਸ ਯੂਨੀਵਰਸ) ਵਰਗੇ ਮੁਲਕ ਹਨ।  

ਇਸ ਦੇ ਉਲਟ ਸੁੰਦਰਤਾ ਮੁਕਾਬਲਿਆਂ ਵਿਚ ਵੈਨਜ਼ੁਏਲਾ ਦੇਸ਼ ਦੀ ਝੰਡੀ ਹੈ ਜਿਸ ਨੇ ਕਿ ਕੁੱਲ 13 ਵਾਰ (ਸੱਤ ਵਾਰ ਮਿਸ ਯੂਨੀਵਰਸ ਅਤੇ ਛੇ ਵਾਰ ਮਿਸ ਵਰਲਡ) ਕੌਮਾਂਤਰੀ ਪੱਧਰ ਦੇ ਮੁਕਾਬਲੇ ਜਿੱਤੇ ਹਨ। ਇਸ ਦੇਸ਼ ਨੇ ਸੱਤ ਵਾਰ ਮਿਸ ਇੰਟਰਨੈਸ਼ਨਲ ਅਤੇ ਦੋ ਵਾਰ ਮਿਸ ਅਰਥ ਦੇ ਖਿਤਾਬ ਵੀ ਜਿੱਤੇ ਹਨ। ਜਾਣ ਕੇ ਹੈਰਾਨੀ ਹੋਵੇਗੀ ਕਿ ਵੈਨਜ਼ੁਏਲਾ ਵਿਚ ਔਰਤਾਂ ਖਿਲਾਫ ਹੋਣ ਵਾਲੇ ਅਪਰਾਧ ਦੀ ਦਰ ਕਾਫੀ ਜ਼ਿਆਦਾ ਹੈ। ਸੰਯੁਕਤ ਸੰਘ (ਯੂ.ਐਨ.) ਦੀ ਮਨੁੱਖੀ ਵਿਕਾਸ ਰਿਪੋਟਰ ਅਨੁਸਾਰ ਲਿੰਗ ਅਸਮਾਨਤਾ ਸੂਚੀ ਵਿਚ ਵੈਨਜ਼ੁਏਲਾ 71ਵੇਂ ਸਥਾਨ 'ਤੇ ਹੈ (2015 ਵਿਚ 101ਵੇਂ ਸਥਾਨ 'ਤੇ ਸੀ) ਜਦਕਿ ਨਾਰਵੇ ਇਸ ਸੂਚੀ ਵਿਚ ਪਹਿਲੀ ਥਾਂ 'ਤੇ ਹੈ (ਯਾਨੀ ਉੱਥੇ ਔਰਤਾਂ ਨਾਲ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ) ਅਤੇ ਉਸ ਨੇ ਸਿਰਫ 1990 ਵਿਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਇਸ ਸੂਚੀ ਵਿਚ ਦੂਜੇ ਸਥਾਨ 'ਤੇ ਰਹਿਣ ਵਾਲੇ ਦੇਸ਼ ਸਵਿਟਜ਼ਰਲੈਂਡ ਨੇ ਕਦੇ ਕੋਈ ਕੌਮਾਂਤਰੀ ਸੁੰਦਰਤਾ ਮੁਕਾਬਲਾ ਨਹੀਂ ਜਿੱਤਿਆ। ਭਾਰਤ ਇਸ ਸੂਚੀ ਵਿਚ 2015 ਦੇ 125ਵੇਂ ਸਥਾਨ ਦੇ ਮੁਕਾਬਲੇ 2016 ਵਿਚ 131 ਵੇਂ ਸਥਾਨ 'ਤੇ ਆ ਗਿਆ ਹੈ। 

ਦੂਜਾ ਵਿਚਾਰਨਯੋਗ ਪੱਖ ਇਹ ਹੈ ਕਿ ਵੈਨਜ਼ੁਏਲਾ ਦਾ ਅਰਥਚਾਰਾ ਮੁੱਖ ਰੂਪ ਵਿਚ ਪੈਟਰੋਲੀਅਮ ਵਸਤਾਂ ਦੇ ਖੇਤਰ ਨਾਲ ਜੁੜੇ ਉਦਯੋਗ ਦੇ ਆਲੇ-ਦੁਆਲੇ ਘੁੰਮਦਾ ਹੈ। ਜਿਹੜੇ ਦੇਸ਼ਾਂ ਨਾਲ ਵੈਨਜ਼ੁਏਲਾ ਦੇ ਵਪਾਰਕ ਸਬੰਧ ਹਨ ਉਨ•ਾਂ ਵਿਚ ਅਮਰੀਕਾ ਸਭ ਤੋਂ ਮੋਹਰੀ ਹੈ। ਦੂਜੇ ਦੇਸ਼ਾਂ ਨੂੰ ਭੇਜੀਆਂ ਜਾਣ ਵਾਲੀਆਂ ਵਸਤਾਂ (ਬਰਾਮਦ) ਵਿਚੋਂ ਵੈਨਜ਼ੁਏਲਾ ਦੇਸ਼ ਅਮਰੀਕਾ ਨੂੰ ਸਭ ਤੋਂ ਵੱਧ 35 ਫੀਸਦੀ ਪੈਟਰੋਲੀਅਮ, ਕੈਮੀਕਲ ਅਤੇ ਖੇਤੀ ਅਧਾਰਿਤ ਵਸਤਾਂ ਭੇਜਦਾ ਹੈ। ਭਾਰਤ ਅਤੇ ਚੀਨ ਵੀ ਵੈਨਜ਼ੁਏਲਾ ਦੇ ਵੱਡੇ ਖਰੀਦਦਾਰਾਂ 'ਚੋਂ ਇਕ ਹਨ। ਦੂਜੇ ਪਾਸੇ ਵੈਨਜ਼ੁਏਲਾ ਅਮਰੀਕਾ 'ਚੋਂ ਸਭ ਤੋਂ ਜ਼ਿਆਦਾ ਵਸਤਾਂ ਮੰਗਵਾਉਂਦਾ (22 ਫੀਸਦੀ ਦਰਾਮਦ) ਹੈ ਜਿਨ•ਾਂ ਵਿਚ ਕੱਪੜੇ, ਕਾਰਾਂ, ਮਸ਼ੀਨਰੀ, ਟਰਾਂਸਪੋਟਰ ਅਤੇ ਨਿਰਮਾਣ ਖੇਤਰ ਨਾਲ ਸਬੰਧਤ ਸਾਮਾਨ ਪ੍ਰਮੁੱਖ ਹੈ। ਕਹਿਣ ਦਾ ਭਾਵ ਹੈ ਕਿ ਅਮਰੀਕਾ ਲਈ ਵੈਨਜ਼ੁਏਲਾ ਇਕ ਵੱਡੀ ਮੰਡੀ ਦੇ ਰੂਪ ਵਿਚ ਵਿਕਸਿਤ ਹੋਇਆ ਦੇਸ਼ ਹੈ। 

ਸੁੰਦਰਤਾ ਮੁਕਾਬਲਿਆਂ ਦੀ ਆੜ ਵਿਚ ਵਿਕਸਿਤ ਮੁਲਕ ਕਿਸ ਤਰ•ਾਂ ਵਿਕਾਸਸ਼ੀਲ ਮੁਲਕਾਂ ਨੂੰ ਇਕ ਮੰਡੀ ਦੇ ਰੂਪ ਵਿਚ ਵਰਤ ਰਹੇ ਹਨ ਅਤੇ ਇੱਥੇ ਕੌਮਾਂਤਰੀ ਪੱਧਰ ਦੀਆਂ ਕੰਪਨੀਆਂ ਕਿਸ ਤਰ•ਾਂ ਆਪਣਾ ਠਿਕਾਣਾ ਬਣਾ ਰਹੀਆਂ ਹਨ, ਇਸ ਸਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਬਹੁਤ ਜ਼ਿਆਦਾ ਰੌਚਕ ਹੈ। ਸੁੰਦਰਤਾ ਮੁਕਾਬਲੇ ਜਿੱਤਣ ਵਾਲੇ ਦੇਸ਼ਾਂ ਵਿਚ ਚੰਗਾ ਨਾਂ ਖੱਟਣ ਵਾਲੇ ਪੀਓਰਟੋ ਰੀਕੋ ਦੀ ਵਪਾਰ ਦੇ ਮਾਮਲੇ ਵਿਚ ਅਮਰੀਕਾ ਨਾਲ ਚੰਗੀ ਬਣਦੀ ਹੈ। ਇਸ ਦੇਸ਼ ਦੀ ਅਮਰੀਕਾ ਨਾਲ ਬਰਾਮਦ ਦਰ 90 ਫੀਸਦੀ ਹੈ ਜਦਕਿ ਦਰਾਮਦ ਦਰ 55 ਫੀਸਦੀ ਹੈ। ਪਿਛਲੇ ਕਰੀਬ ਤਿੰਨ ਦਹਾਕਿਆਂ, ਜਦੋਂ ਤੋਂ ਵਿਸ਼ਵ ਪੱਧਰ 'ਤੇ ਬਜ਼ਾਰੀਕਰਨ ਨੇ ਆਪਣੇ ਪੈਰ ਪਸਾਰੇ ਹਨ ਅਤੇ ਦੁਨੀਆਂ ਦਾ ਬਜ਼ਾਰ ਸਿਮਟ ਕੇ ਇਕ ਹੋ ਗਿਆ ਹੈ ਓਦੋਂ ਤੋਂ ਸੁੰਦਰਤਾ ਮੁਕਾਬਲੇ ਜਿੱਤਣ ਵਾਲੇ ਦੇਸ਼ਾਂ ਦੇ ਅਰਥਚਾਰੇ ਅਤੇ ਉਸ ਦੇਸ਼ ਦੇ ਅਮਰੀਕਾ ਅਤੇ ਯੂਰਪੀ ਮੁਲਕਾਂ ਨਾਲ ਸਬੰਧ ਕਿਹੋ-ਜਿਹੇ ਰਹੇ ਹਨ, ਦਾ ਪ੍ਰਭਾਵ ਮੁਕਾਬਲਿਆਂ ਦੇ ਨਤੀਜਿਆਂ 'ਤੇ ਪ੍ਰਤੱਖ ਵੇਖਣ ਨੂੰ ਮਿਲ ਰਿਹਾ ਹੈ।

ਭਾਰਤ, ਚੀਨ, ਰੂਸ, ਵੈਨਜ਼ੇÂਲਾ, ਕੁਝ ਅਫਰੀਕੀ ਮੁਲਕ ਅਤੇ ਲਾਤੀਨੀ ਅਮਰੀਕੀ ਮੁਲਕ ਬ੍ਰਾਜ਼ੀਲ, ਪੇਰੂ, ਕੋਲੰਬੀਆ ਸਮੇਤ ਅਜਿਹੇ ਦੇਸ਼ਾਂ ਦੀਆਂ ਸੁੰਦਰੀਆਂ ਦੇ ਸਿਰ 'ਤੇ ਹੀ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਦੇ ਤਾਜ ਸਜੇ ਹਨ ਜਿੱਥੇ ਕੰਪਨੀਆਂ ਦੇ ਮਾਲ ਦੀ ਖਪਤ ਦਾ ਚੰਗਾ ਸਕੋਪ ਹੈ ਅਤੇ ਜਿੱਥੇ ਵਪਾਰ ਦੇ ਚੰਗੇ ਮੰਚ ਸਥਾਪਤ ਹੋਏ ਹਨ। ਉਹ ਦੇਸ਼ ਜਿੱਥੇ ਕੱਚੇ ਮਾਲ ਦੀ ਪ੍ਰਾਪਤੀ ਅਸਾਨੀ ਨਾਲ ਹੋ ਸਕੇ ਅਤੇ ਤਿਆਰ ਮਾਲ ਦੀ ਖਪਤ ਵਿਕਸਿਤ ਮੁਲਕ ਅਸਾਨੀ ਨਾਲ ਕਰਵਾ ਸਕਣ, ਉਨ•ਾਂ ਮੁਲਕਾਂ ਵਿਚ ਕੌਮਾਂਤਰੀ ਪੱਧਰ ਦੇ ਸੁੰਦਰਤਾ ਮੁਕਾਬਲਿਆਂ ਦੀਆਂ ਜੇਤੂ ਕੁੜੀਆਂ ਰਾਹੀਂ ਬਜ਼ਾਰਾਂ ਨੂੰ ਪੱਕੇ ਪੈਰੀਂ ਕੀਤਾ ਜਾ ਰਿਹਾ ਹੈ। 

ਭਾਰਤ ਜਦੋਂ ਇਕ ਕੌਮਾਂਤਰੀ ਮੰਡੀ ਦੇ ਰੂਪ ਵਿਚ ਉਭਰ ਰਿਹਾ ਸੀ ਤਾਂ ਇਕ ਤੋਂ ਬਾਅਦ ਇਕ ਸੁੰਦਰਤਾ ਖਿਤਾਬ ਭਾਰਤੀ ਸੁੰਦਰੀਆਂ ਦੇ ਸਿਰ ਸਜਾ ਦਿੱਤੇ ਗਏ। 1994 ਵਿਚ ਸ਼ੁਸ਼ਮਿਤਾ ਸੇਨ ਮਿਸ ਯੂਨੀਵਰਸ ਬਣੀ। ਉਸੇ ਸਾਲ ਐਸ਼ਵਰਿਆ ਰਾਏ ਮਿਸ ਵਰਲਡ ਬਣੀ। ਦੋ ਸਾਲ ਦੇ ਵਕਫੇ ਬਾਅਦ ਹੀ 1997 ਵਿਚ ਡਾਇਨਾ ਹੇਡਨ ਮਿਸ ਵਰਲਡ ਬਣੀ। ਫਿਰ 1999 ਵਿਚ ਯੁਕਤਾ ਮੁਖੀ ਮਿਸ ਵਰਲਡ ਬਣੀ। ਸਾਲ 2000 ਵਿਚ ਇਕ ਵਾਰ ਫੇਰ ਮਿਸ ਵਰਲਡ ਅਤੇ ਮਿਸ ਯੂਨੀਵਰਸ ਦੇ ਖਿਤਾਬ ਕ੍ਰਮਵਾਰ ਭਾਰਤ ਦੀਆਂ ਸੁੰਦਰੀਆਂ ਪ੍ਰਿਅੰਕਾ ਚੋਪੜਾ ਅਤੇ ਲਾਰਾ ਦੱਤਾ ਦੇ ਨਾਂ ਰਹੇ। 

ਨਵੀਆਂ ਵਪਾਰਕ ਨੀਤੀਆਂ, ਨਵੇਂ ਤਰ•ਾਂ ਦੇ ਬਜ਼ਾਰਾਂ ਅਤੇ ਉਪਭੋਗਤਾਵਾਂ ਦੇ ਪੈਦਾ ਹੋ ਜਾਣ ਦੇ ਸੰਦਰਭ ਵਿਚ ਹੁਣ ਇਕ ਵਾਰ ਫੇਰ ਉਨ•ਾਂ ਮੁਲਕਾਂ ਦੀਆਂ ਮੁਟਿਆਰਾਂ ਸਿਰ ਤਾਜ ਸਜਣੇ ਸ਼ੁਰੂ ਹੋ ਗਏ ਹਨ ਜਿਨ•ਾਂ ਦੇਸ਼ਾਂ ਵਿਚ ਵਪਾਰ ਦੇ ਨਵੇਂ ਮੌਕੇ ਅਤੇ ਵੱਡੀ ਗਿਣਤੀ ਵਿਚ ਪੈਸਾ ਖਰਚਣਯੋਗ ਉਪਭੋਗਤਾਵਾਂ ਦੀ ਬਹੁਤਾਤ ਹੈ। ਵਿਸ਼ਵ ਮੰਦੀ ਦੇ ਉਭਾਰ ਤੋਂ ਬਾਅਦ 2008 ਤੋਂ 2017 ਤੱਕ ਜਿਨ•ਾਂ ਦੇਸ਼ਾਂ ਦੀਆਂ ਕੁੜੀਆਂ ਮਿਸ ਯੂਨੀਵਰਸ ਅਤੇ ਮਿਸ ਵਰਲਡ ਦੇ ਖਿਤਾਬ ਜਿੱਤੀਆਂ ਹਨ ਉਨ•ਾਂ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਮਿਸ ਯੂਨੀਵਰਸ ਮੁਕਾਬਲੇ ਵਿਚ 2008 ਤੇ 2009 'ਚ ਵੈਨਜ਼ੁਏਲਾ, 2010 'ਚ ਮੈਕਸੀਕੋ, 2011 'ਚ ਅੰਗੋਲਾ, 2012 ਵਿਚ ਅਮਰੀਕਾ, 2013 ਵਿਚ ਵੈਨਜ਼ੁਏਲਾ, 2014 ਵਿਚ ਕੋਲੰਬੀਆ, 2015 ਵਿਚ ਫਿਲਪਾਈਨਜ਼ ਅਤੇ 2016 ਵਿਚ ਫਰਾਂਸ ਦੀ ਮੁਟਿਆਰ ਜੇਤੂ ਰਹੀ। ਇਸੇ ਤਰ•ਾਂ ਮਿਸ ਵਰਲਡ ਮੁਕਾਬਲੇ ਵਿਚ 2008 'ਚ ਰੂਸ, 2009 'ਚ ਗਿਬਰਾਲਟਰ, 2010 'ਚ ਅਮਰੀਕਾ, 2011 'ਚ ਵੈਨਜ਼ੁਏਲਾ, 2012 ਵਿਚ ਚੀਨ, 2013 ਵਿਚ ਫਿਲਪਾਈਨਜ਼, 2014 ਵਿਚ ਦੱਖਣੀ ਅਫਰੀਕਾ, 2015 ਵਿਚ ਸਪੇਨ, 2016 ਵਿਚ ਪਿਓਰਟੋ ਰੀਕੋ ਅਤੇ 2017 ਵਿਚ ਭਾਰਤੀ ਸੁੰਦਰੀ ਸਿਰ ਤਾਜ ਸਜਿਆ ਹੈ। 

ਅਜਿਹੇ ਖਿਤਾਬ ਜਿੱਤਣ ਵਾਲੀਆਂ ਕੁੜੀਆਂ ਨੂੰ ਵੱਖ-ਵੱਖ ਦੇਸ਼ਾਂ ਵਿਚ ਅਲੱਗ-ਅਲੱਗ ਮੰਚਾਂ 'ਤੇ ਪੇਸ਼ ਕੀਤਾ ਜਾਂਦਾ ਹੈ। ਕਈ ਸੰਸਥਾਵਾਂ ਦੇ ਬਰਾਂਡ ਅੰਬੈਸਡਰ ਬਣਾ ਕੇ ਕੌਮਾਂਤਰੀ ਪੱਧਰ 'ਤੇ ਮਸ਼ਹੂਰੀ ਕਰਵਾਈ ਜਾਂਦੀ ਹੈ। ਵਪਾਰਕ ਕੰਪਨੀਆਂ ਆਪਣਾ ਸਾਮਾਨ ਵੇਚਣ ਲਈ ਇਨ•ਾਂ ਕੁੜੀਆਂ ਦਾ ਸਹਾਰਾ ਲੈਂਦੀਆਂ ਹਨ। ਕੀ ਕਾਰਣ ਹੈ ਕਿ ਯੂਰਪ ਦੇ ਸਾਰੇ ਖੁਸ਼ਹਾਲ ਦੇਸ਼ਾਂ ਦੀਆਂ ਸੁੰਦਰੀਆਂ, ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਏਸ਼ੀਆਂ ਦੇ ਅਮੀਰ ਮੁਲਕਾਂ ਦੀਆਂ ਕੁੜੀਆਂ ਇਨ•ਾਂ ਮੁਕਾਬਲਿਆਂ ਵਿਚ ਲਗਾਤਾਰ ਜੇਤੂ ਨਹੀਂ ਰਹਿੰਦੀਆਂ? ਕਿਉਂ ਕਿ ਉਨ•ਾਂ ਦੇਸ਼ਾਂ ਦੇ ਬਜ਼ਾਰਾਂ ਦੀ ਸਥਿਤੀ ਵਿਕਾਸਸ਼ੀਲ ਦੇਸ਼ਾਂ ਦੇ ਮੁਕਾਬਲੇ ਬਿਲਕੁਲ ਅਲੱਗ ਹੈ ਅਤੇ ਉਨ•ਾਂ ਮੁਲਕਾਂ ਵਿਚ ਵਸਤਾਂ ਦੀ ਮੰਗ 'ਸੰਤੁਸ਼ਟੀ ਬਿੰਦੂ' ਤੱਕ ਪਹੁੰਚ ਚੁੱਕੀ ਹੈ ਜਦਕਿ ਭਾਰਤ ਵਰਗੇ ਮੁਲਕਾਂ ਵਿਚ ਹਾਲੇ ਵੀ ਬਹੁਤ ਸਾਰੇ ਲੋਕ ਬਹੁਤ ਸਾਰੀਆਂ ਚੀਜ਼ਾਂ ਤੋਂ ਵਿਰਵੇ ਹਨ। 

ਜਿਨ•ਾਂ ਮੁਲਕਾਂ ਵਿਚ ਸਿਆਸੀ, ਸਮਾਜਕ ਜਾਂ ਆਰਥਿਕ ਅਸਥਿਰਤਾ ਹੈ ਜਾਂ ਜਿੱਥੇ ਮਾਲ ਦੀ ਖਪਤ ਦਾ ਸਕੋਪ ਬਹੁਤ ਘੱਟ ਹੈ ਉਹ ਦੇਸ਼ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਵਿਚ ਕਿਤੇ ਨਜ਼ਰ ਨਹੀਂ ਆਉਂਦੇ। ਇਹੀ ਕਾਰਣ ਹੈ ਕਿ ਬਹੁਤੇ ਅਫਰੀਕੀ, ਮਿਡਲ ਈਸਟ (ਈਰਾਕ, ਇਰਾਨ, ਸੀਰੀਆ, ਫਿਲਸਤੀਨ ਆਦਿ), ਗੜਬੜੀ ਵਾਲੇ ਏਸ਼ੀਆਈ ਦੇਸ਼ ਅਤੇ ਰੂਸ ਨਾਲੋਂ ਟੁੱਟੇ ਮੁਲਕਾਂ ਦੀਆਂ ਸੁੰਦਰੀਆਂ ਨੂੰ ਇਨ•ਾਂ ਮੁਕਾਬਲਿਆਂ ਵਿਚ ਕੋਈ ਥਾਂ ਨਹੀਂ ਮਿਲਦੀ। ਸਾਨੂੰ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜਿਨ•ਾਂ ਦੇਸ਼ਾਂ ਵਿਚ ਭਵਿੱਖ 'ਚ ਬਜ਼ਾਰ ਦੇ ਵੱਧਣ-ਫੁੱਲਣ ਦੀਆਂ ਸੰਭਾਵਨਾਵਾਂ ਹਾਲੇ ਵੀ ਤੇਜ਼ ਹਨ, ਆਉਣ ਵਾਲੇ ਸਮੇਂ ਵਿਚ ਉਨ•ਾਂ ਦੇਸ਼ਾਂ ਦੀਆਂ ਸੁੰਦਰੀਆਂ ਸਿਰ ਕੌਮਾਂਤਰੀ ਸੁੰਦਰਤਾ ਮੁਕਾਬਲਿਆਂ ਦੇ ਤਾਜ ਸਜਣ। ਇਨ•ਾਂ ਮੁਲਕਾਂ ਵਿਚ ਭਾਰਤ, ਇੰਡੋਨੇਸ਼ੀਆ, ਥਾਈਲੈਂਡ, ਸ੍ਰੀ ਲੰਕਾ, ਬ੍ਰਾਜ਼ੀਲ, ਫਿਲਪਾਈਨਜ਼, ਕੋਲੰਬੀਆ, ਚੀਨ ਆਦਿ ਦਾ ਨਾਂ ਮੂਹਰਲੀ ਕਤਾਰ ਵਿਚ ਸ਼ਾਮਲ ਹੈ। 

ਨਰਿੰਦਰ ਪਾਲ ਸਿੰਘ ਜਗਦਿਓ
(Published in Sunday Magazine of Punjabi Tribune on 26-11-2017)