Friday, July 29, 2016

ਨਾ ਪਰਖ ਯਾਰਾਂ !

ਬੇਵਸੀ ਦੇ ਆਲਮ ਵਿਚ ਕੋਈ ਕਰੇ ਤਾਂ ਕੀ ਕਰੇ?  
ਬੰਦਾ ਦਿਮਾਗ ਦੀ ਮੰਨੇ ਜਾਂ ਦਿਲ ਦੀ ਹਾਮੀ ਭਰੇ!

ਕਿ ਦੂਰੀ ਪਾ ਹੀ ਦਿੰਦੀ ਹੈ ਗਿਲੇ-ਸ਼ਿਕਵੇ ਅਕਸਰ, 
ਕੋਲ ਬਹਿ ਕੇ ਮਿਟ ਜਾਂਦੇ ਨੇ ਮਨ-ਮੁਟਾਵ ਬੜੇ-ਬੜੇ। 

ਉਹਦੇ ਅੱਖਾਂ ਦੀ ਭਾਸ਼ਾ ਮਨ ਦੀ ਗੱਲ ਬੁੱਝ ਨਾ ਹੋਈ,
ਐਵੇਂ ਕੀਤੀਆਂ ਦੋ ਡਿਗਰੀਆਂ ਐਵੇਂ ਕਾਲਜੀ ਪੜ੍ਹੇ! 

ਉਹ ਦਰਿਆ ਦੇ ਪਾਣੀ ਵਾਂਗੂੰ ਵਗ ਰਿਹੈ ਨਿਰੰਤਰ,  
ਆਪਾਂ ਰੁੱਖ ਹਾਂ ਜਿੱਥੇ ਛੱਡ ਗਿਆ ਸੀ ਉੱਥੇ ਹੀ ਖੜ੍ਹੇ। 

ਨਾ ਪਰਖ ਯਾਰਾਂ ਕਿ ਐਨ.ਪੀ. ਸੋਨੇ ਦੀ ਚੀਜ਼ ਨਹੀਂ,  
ਇਨਸਾਨ ਹਾਂ, ਭੋਰਾ ਕੁ ਖੋਟਾ ਤੇ ਥੋੜ੍ਹੇ ਬਹੁਤ ਖਰੇ!  

ਦਿਹਾੜੀ ਲੰਘ ਜਾਂਦੀ ਹੈ ਪਤਾ ਨਹੀਂ ਕੀ-ਕੀ ਸੋਚਦੇ! 
ਕੋਈ ਪੁੱਛਦਾ ਹੈ ਤਾਂ ਆਖ ਦੇਈ ਦਾ ਕੰਮ ਨੇ ਬੜੇ।  

ਨਹੀਂ ਮਿਲਦਾ ਹਾਂ ਹੁਣ ਤਾਂ ਸ਼ਿਕਾਇਤਾਂ ਕਰ ਰਹੇ ਨੇ,  
ਉਦੋਂ ਖੁਦ ਹੀ ਉਨ੍ਹਾਂ ਆਖਿਆ ਸੀ ਕਿ ਜਾਹ ਪਰ੍ਹੇ! 

ਕਈ ਮਰ ਕੇ ਵੀ ਜਿੰਦਾ ਨੇ ਇਸ ਦੁਨੀਆਂ ਦੇ ਵਿਚ। 
ਮਰੀਆਂ ਜ਼ਮੀਰਾਂ ਵਾਲੇ ਕਈ ਜਿਊਂਦੇ ਜੀ ਹੀ ਮਰੇ। 


Wednesday, July 6, 2016

ਤੇਰੀ ਦੀਦ, ਮੇਰੀ ਈਦ


ਮੈਂ ਤਾਂ ਦਿਲ ਦੇ ਸਾਰੇ ਭੇਤ ਨੇ ਖੋਲ੍ਹੇ, 
ਤੇ ਤੂੰ ਕਿਉਂ ਸੱਜਣਾ ਰੱਖਦੈ ਓਹਲੇ?

ਆਪਾਂ ਸਾਧਾਂ ਵਾਂਗੂੰ ਸਭ ਕਹਿ ਦਿੰਦੇ, 
ਤੂੰ ਵਪਾਰੀਆਂ ਵਾਂਗਰ ਸੋਚ ਕੇ ਬੋਲੇ।

ਕਈ ਵਾਰੀ ਮਨ 'ਤੇ ਬੋਝ ਪਾ ਦਿੰਦੇ, 
ਜਿਹੜੇ ਸ਼ਬਦ ਤੂੰ ਕਹਿੰਨਾ ਪੋਲੇ-ਪੋਲੇ।

ਕੀ ਮੋਹ ਮਿਲ ਜਾਊ ਉਸ ਬੰਦੇ ਨੂੰ? 
ਜੋ ਪਿਆਰ ਨੂੰ ਮਾਪੇ ਜਾਂ ਫਿਰ ਤੋਲੇ।


ਗੱਲ ਸਿੱਧੀ ਨਿਬੜੀ ਚੰਗੀ ਹੁੰਦੀ ਐ, 
ਕੰਮ ਖਰਾਬ ਸਦਾ ਕਰਨ ਵਿਚੋਲੇ।

ਇਸ਼ਕ ਦੀ ਕਿਆ ਸ਼ਬਦਾਵਲੀ ਹੁੰਦੀ!
ਮੇਰਾ ਸੋਨਾ, ਬੁੱਗੀ, ਮੇਰੇ ਚੋਲ੍ਹੇ-ਮੋਹਲੇ। 

ਬਸ ਨਸ਼ਾ-ਖੁਮਾਰੀ 'ਚ ਅੰਤਰ ਏਨਾ, 
ਇਕ ਚੜ੍ਹੇ ਤੁਰੰਤ ਇਕ ਹੌਲੇ-ਹੌਲੇ! 

ਉਹਦੀ ਦੀਦ ਹੋਵੇ ਮੇਰੀ ਈਦ ਹੋਜੇ, 
ਅੱਜ ਵੇਖ ਉਹ ਨੂੰ ਅਸਾਂ ਰੋਜ਼ੇ ਖੋਲ੍ਹੇ!  

ਹਰੇਕ ਦਾ ਕੋਈ ਰੂਹਦਾਰ ਹੁੰਦਾ ਏ, 
ਜਿਵੇਂ ਐਨ.ਪੀ ਹੈ ਮੇਰੀ ਰੂਹ ਦੇ ਕੋਲੇ। 

ਚੁਸਤ-ਚਲਾਕੀ ਤੇਰੇ ਸ਼ਹਿਰ ਬਹੁਤ ਏ, 
ਮੇਰੇ ਕਸਬੇ ਦੇ ਲੋਕੀਂ ਬੜੇ ਹੀ ਭੋਲੇ।

ਨੀਂਦ ਮੇਰੀ ਦਾ ਹਾਲ ਨਾ ਪੁੱਛ ਤੂੰ! 
ਰਾਤ ਅੱਧੀ ਉੱਠ ਤੇਰੇ ਗਾਵਾਂ ਸੋਹਲੇ।