Friday, March 18, 2016

ਇੰਜ ਕੀਤੀ ਸੀ ਮੈਂ ਐਮ.ਏ. ਪੰਜਾਬੀ


   
ਜਲੰਧਰੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਵਿਖੇ ਪੱਤਰਕਾਰੀ ਤੇ ਜਨ ਸੰਚਾਰ ਦੀ ਮਾਸਟਰ ਡਿਗਰੀ ਕਰਨ ਤੋਂ ਬਾਅਦ ਕਈ ਸਲਾਹਾਂ ਮਿਲੀਆਂ। ਜਿਨਾਂ 'ਚੋਂ ਇਕ ਇਹ ਵੀ ਸੀ ਕਿ ਪੱਤਰਕਾਰੀ ਦੇ ਨਾਲ ਜੇਕਰ ਕਿਸੇ ਭਾਸ਼ਾ ਦੀ ਮਾਸਟਰ ਡਿਗਰੀ ਕੀਤੀ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੈ। ਪੜਾਈ ਦੌਰਾਨ ਹੀ ਕਦੇ-ਕਦਾਈਂ ਪੰਜਾਬੀ ਅਖਬਾਰਾਂ 'ਚ ਮੈਂ ਪਹਿਲਾਂ ਹੀ ਲਿਖਦਾ ਸੀ, ਇਸ ਲਈ ਸੋਚਿਆਂ ਕਿਉਂ ਨਾ ਪੰਜਾਬੀ ਦੀ ਐਮ.ਏ. ਕਰ ਲਈ ਜਾਵੇ।  

 ਜਲੰਧਰੋਂ ਮਨ ਉਕਤਾ ਗਿਆ ਸੀ ਤੇ ਮੇਰੇ ਸ਼ਹਿਰ ਖੰਨਿਓਂ ਚੰਡੀਗੜ ਵਧੇਰੇ ਨਜ਼ਦੀਕ ਸੀ ਇਸ ਲਈ ਚੰਡੀਗੜ ਜਾਣ ਦੀ ਸੋਚੀ। ਪੰਜਾਬ ਯੂਨੀਵਰਸਿਟੀ, ਚੰਡੀਗੜ 'ਚ ਦਾਖਲਾ ਫਾਰਮ ਤਾਂ ਭਰ ਦਿੱਤਾ ਪਰ ਉੱਥੇ ਦਾਖਲਾ ਨਾ ਮਿਲਣ ਦਾ ਜਵਾਬ ਪਹਿਲਾਂ ਹੀ ਮਿਲ ਗਿਆ ਸੀ। ਇਸ ਦਾ ਸਭ ਤੋਂ ਵੱਡਾ ਕਾਰਣ ਸੀ ਕਿ ਮੈਨੂੰ ਪੰਜਾਬੀ ਭਾਸ਼ਾ ਦਾ ਵਿਦਿਆਰਥੀ ਹੀ ਨਹੀਂ ਮੰਨਿਆ ਜਾ ਰਿਹਾ ਸੀ। ਕਾਰਣ ਵੀ ਬਿਲਕੁਲ ਠੀਕ ਸੀ। ਪਹਿਲੀ ਭਾਸ਼ਾ ਦੇ ਤੌਰ 'ਤੇ ਪੰਜਾਬੀ ਮੈਂ ਸਿਰਫ ਦਸਵੀਂ ਕਲਾਸ ਤੱਕ ਹੀ ਪੜਿਆ ਸੀ। ਉਸ ਤੋਂ ਬਾਅਦ ਕਾਮਰਸ ਦੀ ਪੜਾਈ ਕੀਤੀ ਹੋਣ ਕਰਕੇ ਪੰਜਾਬੀ ਇਕ ਵਿਸ਼ੇ ਵੱਜੋਂ ਤਾਂ ਦੋ ਸਾਲ ਤੱਕ ਪੜੀ ਸੀ ਪਰ ਕਾਮਰਸ ਦੀ ਪੜ•ਾਈ 'ਚ ਪੰਜਾਬੀ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ। ਇਹ ਗੱਲ ਸਾਲ 2004 ਦੀ ਹੈ।


 ਪਤਾ ਕਰਦਾ-ਕਰਾਉਂਦਾ ਮੈਂ ਸੈਕਟਰ 26 ਵਾਲੇ ਖਾਲਸਾ ਕਾਲਜ 'ਚ ਪਹੁੰਚ ਗਿਆ। ਦਾਖਲਾ ਲੈਣ ਵਾਲੇ ਉੱਥੇ ਵੀ ਵਾਹਵਾ ਵਿਦਿਆਰਥੀ ਹਾਜ਼ਰ ਸਨ। ਦਾਖਲੇ ਦੀਆਂ ਸ਼ਰਤਾਂ ਅਨੁਸਾਰ ਮੈਂ 'ਯੋਗ' ਵਿਦਿਆਰਥੀ ਨਹੀਂ ਸੀ ਪਰ ਇਕ ਛੋਟੀ ਜਿਹੀ ਸ਼ਰਤ ਨੇ ਮੈਨੂੰ ਉੱਥੇ ਦਾਖਲਾ ਦਿਵਾ ਦਿੱਤਾ। ਇਹ ਬਹੁਤ ਦਿਲਚਸਪ ਕਿੱਸਾ ਹੈ ਜਿਸ ਨੇ ਮੇਰੇ ਅੱਗੇ ਦੇ ਕੈਰੀਅਰ ਵਿਚ ਬਹੁਤ ਵੱਡੀ ਭੂਮਿਕਾ ਅਦਾ ਕੀਤੀ। ਅੱਜ ਵੀ ਮੈਨੂੰ ਦਾਖਲੇ ਵਾਲੇ ਦਿਨ ਦਾ ਬਿਰਤਾਂਤ ਪੂਰੀ ਤਰਾਂ ਯਾਦ ਹੈ ਅਤੇ ਜਦੋਂ ਵੀ ਕਦੇ ਐਮ.ਏ. ਪੰਜਾਬੀ ਵਿਚ ਦਾਖਲੇ ਸਬੰਧੀ ਗੱਲਬਾਤ ਹੁੰਦੀ ਹੈ ਤਾਂ ਸਾਰੀ ਘਟਨਾ ਮੇਰੀਆਂ ਅੱਖਾਂ ਅੱਗੇ ਇਕ ਫਿਲਮ ਵਾਂਗ ਗੁਜ਼ਰਦੀ ਨਜ਼ਰ ਆਉਂਦੀ ਹੈ।

ਕਾਲਜ ਦਾ ਦਾਖਲਾ ਫਾਰਮ ਭਰ ਕੇ ਮੈਂ ਜਮਾਂ ਕਰਵਾ ਦਿੱਤਾ ਅਤੇ ਕਾਊਂਸਲਿੰਗ ਵਾਲੇ ਦਿਨ ਕਾਲਜ ਦੇ ਹਾਲ 'ਚ ਪਹੁੰਚ ਗਿਆ। ਮੇਰਾ ਫਾਰਮ ਦੇਖਕੇ ਹਾਜ਼ਰ ਅਧਿਆਪਕ ਕਹਿੰਦੇ 'ਪਿਛਲੀਆਂ ਕਲਾਸਾਂ 'ਚ ਤੂੰ ਪੰਜਾਬੀ ਇਲੈਕਟਿਵ ਵਿਸ਼ੇ ਵੱਜੋਂ ਤਾਂ ਕੀ ਪੜਨੀ ਐ ਤੂੰ ਤਾਂ ਲਾਜ਼ਮੀ ਵਿਸ਼ੇ ਵੱਜੋਂ ਵੀ ਪੰਜਾਬੀ ਨਹੀਂ ਪੜਿਆ। ਤੈਨੂੰ ਅਸੀਂ ਦਾਖਲਾ ਕਿਵੇਂ ਦੇ ਸਕਦੇ ਹਾਂ।' ਇਕ ਅਧਿਆਪਕ ਮੇਰੇ ਕਾਗਜ਼ਾਤ ਫਰੋਲਦਿਆਂ ਕਹਿੰਦਾ, ਅੱਛਾ ਪੱਤਰਕਾਰੀ ਦੀ ਮਾਸਟਰ ਡਿਗਰੀ ਦੇ ਪੇਪਰ ਦੇ ਕੇ ਆਇਆਂ ਏ, ਪੰਜਾਬੀ ਦੀ ਐਮ.ਏ. ਕਰਨ ਦੀ ਸਲਾਹ ਕਿਸ ਨੇ ਦੇ ਦਿੱਤੀ? ਇਸ ਤੋਂ ਬਾਅਦ ਤਿੰਨੇ ਅਧਿਆਪਕ ਪ੍ਰਾਸਪੈਕਟਸ ਚੁੱਕ ਕੇ ਘੁਸਰ-ਮੁਸਰ ਜਿਹੀ ਕਰਨ ਲੱਗ ਪਏ।

ਕੁਝ ਸਮੇਂ ਬਾਅਦ ਇਕ ਅਧਿਆਪਕ ਕਹਿੰਦਾ 'ਨਰਿੰਦਰ ਸੀਟ ਤਾਂ ਸਾਡੇ ਕੋਲ ਹੈ ਪਰ ਅਸੀਂ ਤੈਨੂੰ ਦਾਖਲਾ ਕਿਵੇਂ ਦੇਈਏ ਜਦਕਿ ਗ੍ਰੈਜੂਏਸ਼ਨ ਦੀਆਂ ਕਲਾਸਾਂ 'ਚ ਪੰਜਾਬੀ ਪੜ•ੇ ਕਈ ਵਿਦਿਆਰਥੀ ਐਮ.ਏ. 'ਚ ਦਾਖਲਾ ਲੈਣ ਲਈ ਲਾਈਨ 'ਚ ਨੇ। ਤੇਰੇ 'ਚ ਕੋਈ ਖਾਸ ਕੁਆਲਿਟੀ ਹੈ ਤਾਂ ਦੱਸ।' ਮੈਂ ਕਿਹਾ, ਜੀ 'ਐਨ.ਪਾਲ' ਦੇ ਨਾਂ ਹੇਠ ਮੇਰਾ ਲਿਖਿਆ ਕਦੇ-ਕਦੇ ਪੰਜਾਬੀ ਅਖਬਾਰਾਂ 'ਚ ਛਪਦਾ ਹੁੰਦਾ ਏ ਅਤੇ ਕੁਝ ਛਪੀਆਂ ਲਿਖਤਾਂ ਵਾਲੀ ਫਾਈਲ ਮੈਂ ਉਨਾਂ ਅੱਗੇ ਕਰ ਦਿੱਤੀ। ਉਨਾਂ ਦਿਨਾਂ ਵਿਚ ਮੈਂ ਇਸੇ 'ਪੈੱਨ ਨੇਮ' ਹੇਠ ਲਿਖਿਆ ਕਰਦਾ ਸੀ। ਐਨ.ਪਾਲ ਨਾਂ ਮੈਂ ਕਿਉਂ ਲਿਖਦਾ ਸੀ ਇਹ ਵੀ ਇਕ ਦਿਲਚਸਪ ਕਿੱਸਾ ਹੈ ਜਿਸ ਬਾਰੇ ਇਕ ਵੱਖਰਾ ਮਿਡਲ ਲਿਖਿਆ ਜਾ ਸਕਦਾ ਹੈ। ਖੈਰ, ਇਕ ਅਧਿਆਪਕ ਕਹਿੰਦਾ ਪਰਸੋਂ ਫਲਾਣੇ ਅਖਬਾਰ 'ਚ ਮਿਡਲ ਤੂੰ ਲਿਖਿਆ ਸੀ। ਮੈਂ ਕਿਹਾ, ਹਾਂ ਜੀ। ਤੇ ਉਹ ਫਲਾਣਾ ਲੇਖ ਵੀ ਤੂੰ ਲਿਖਿਆ ਸੀ। ਮੈਂ ਕਿਹਾ, ਜੀ ਮੈਂ ਹੀ ਲਿਖਿਆ ਸੀ। ਓ ਵਾਹ ਯਾਰ, ਜਾ ਕੇ ਫੀਸ ਭਰਾ ਕੇ ਆ, ਬਾਕੀ ਮੈਂ ਦੇਖ ਲਵਾਂਗਾ। ਇਹ ਡਾ. ਲਾਭ ਸਿੰਘ ਖੀਵਾ ਸਨ।

 ਇਹ 15 ਜੁਲਾਈ, 2004 ਦਾ ਦਿਨ ਸੀ। ਡਾ. ਖੀਵਾ ਨੇ ਨਿੱਜੀ ਦਿਲਚਸਪੀ ਲੈ ਕੇ ਮੇਰਾ ਦਾਖਲਾ ਕਰਵਾਇਆ। ਉਨਾਂ ਦਾਖਲੇ ਲਈ ਡਾ. ਸ਼ਿੰਦਰ ਪਾਲ ਸਿੰਘ (ਉਦੋਂ ਦੇ ਵਿਭਾਗ ਮੁਖੀ) ਤੇ ਪ੍ਰੋ. ਗੁਰਮੇਜ ਸਿੰਘ ਨੂੰ ਵੀ ਮਨਾ ਲਿਆ ਸੀ । ਦਰਅਸਲ ਦਾਖਲਾ ਫਾਰਮ ਦੀਆਂ ਸ਼ਰਤਾਂ 'ਚ ਲਿਖਿਆ ਸੀ ਕਿ ਵਿਭਾਗ ਮੁਖੀ ਆਪਣੀ ਪੱਧਰ 'ਤੇ ਖਾਸ ਮੁਹਾਰਤ/ਗੁਣ ਰੱਖਣ ਵਾਲੇ ਉਨਾਂ ਵਿਦਿਆਰਥੀਆਂ ਦਾ ਵੀ ਦਾਖਲਾ ਕਰ ਸਕਦੇ ਹਨ ਜਿਨਾਂ ਨੇ ਕਿਸੇ ਵੀ ਮਾਸਟਰ ਡਿਗਰੀ 'ਚੋਂ 50 ਫੀਸਦੀ ਅੰਕ ਹਾਸਲ ਕੀਤੇ ਹੋਣ। ਇਸ ਲਿਖਣ ਵਾਲੇ ਖਾਸ ਗੁਣ ਕਰਕੇ ਐਮ.ਏ. ਪੰਜਾਬੀ 'ਚ ਦਾਖਲਾ ਮਿਲ ਗਿਆ ਸੀ।


ਕਲਾਸ 'ਚ ਸਿਰਫ ਮੈਂ ਹੀ ਅਜਿਹਾ ਵਿਦਿਆਰਥੀ ਸੀ ਜਿਸਨੂੰ ਵਿਸ਼ੇ ਵੱਜੋਂ ਪੰਜਾਬੀ ਬਾਰੇ ਬਹੁਤ ਸਾਰੀਆਂ ਗੱਲਾਂ ਨਹੀਂ ਪਤਾ ਸੀ ਪਰ ਮੈਂ ਅਜਿਹਾ ਵਿਦਿਆਰਥੀ ਵੀ ਸੀ ਜਿਸਨੂੰ ਬਹੁਤ ਸਾਰੇ ਵਿਸ਼ਿਆਂ ਦੀਆਂ ਅਜਿਹੀਆਂ ਕਈ ਗੱਲਾਂ ਪਤਾ ਸੀ ਜੋ ਹੋਰ ਕਿਸੇ ਵਿਦਿਆਰਥੀ ਨੂੰ ਨਹੀਂ ਪਤਾ ਸਨ। ਇਹ ਸਭ ਪੱਤਰਕਾਰੀ ਦੀ ਡਿਗਰੀ ਕੀਤੀ ਹੋਣ ਕਰਕੇ ਸੀ। ਬਹੁਤ ਦਿਲਚਸਪੀ ਲੈ ਕੇ ਮੈਂ ਪੰਜਾਬੀ ਦੀਆਂ ਕਈ ਕਿਤਾਬਾਂ ਇਸ ਸਮੇਂ ਦੌਰਾਨ ਪੜੀਆਂ। ਕੋਰਸ ਦੀਆਂ ਕਿਤਾਬਾਂ ਵੀ ਦਿਲ ਲਾ ਕੇ ਪੜੀਆਂ। ਸ਼ਾਮ ਨੂੰ 3 ਵਜੇ ਤੋਂ ਰਾਤੀਂ 10 ਵਜੇ ਤੱਕ ਸੈਕਟਰ 29 ਸਥਿਤ ਇਕ ਅਖਬਾਰ 'ਚ ਸਬ-ਐਡੀਟਰ ਦੀ ਨੌਕਰੀ ਵੀ ਮੈਂ ਉਨਾਂ ਦਿਨਾਂ 'ਚ ਕਰਦਾ ਸੀ। ਮੇਰੇ ਖੁੱਲ•ੇ-ਡੁੱਲੇ ਅਤੇ ਬੇਝਿਜਕ ਸੁਭਾਅ ਕਾਰਣ ਵਿਭਾਗ ਦੇ ਅਧਿਆਪਕ ਡਾ. ਦਵਿੰਦਰ ਸਿੰਘ, ਡਾ. ਗੁਰਮੇਜ ਸਿੰਘ ਅਤੇ ਡਾ. ਲਾਭ ਸਿੰਘ ਖੀਵਾ ਮੇਰੇ ਨਾਲ ਅਧਿਆਪਕਾਂ ਵਾਂਗ ਘੱਟ ਅਤੇ ਦੋਸਤਾਂ ਵਾਂਗ ਵਿਵਹਾਰ ਜ਼ਿਆਦਾ ਕਰਦੇ ਅਤੇ ਇਹ ਵਰਤਾਰਾ ਅੱਜ ਵੀ ਜਾਰੀ ਹੈ। ਉਂਝ ਇਨਾਂ ਅਧਿਆਪਕਾਂ ਨਾਲ ਮੇਲ-ਜੋਲ ਬਹੁਤ ਜ਼ਿਆਦਾ ਘੱਟ ਗਿਆ ਹੈ ਪਰ ਜਦੋਂ ਵੀ ਮਿਲਦੇ ਹਾਂ ਤਾਂ ਉਨ•ਾਂ ਦਿਨਾਂ ਦੀਆਂ ਯਾਦਾਂ ਜ਼ਰੂਰ ਤਾਜ਼ਾ ਹੋ ਜਾਂਦੀਆਂ ਹਨ। 

ਜਦੋਂ ਐਮ.ਏ. ਪੰਜਾਬੀ ਪਹਿਲੇ ਸਾਲ ਦਾ ਨਤੀਜਾ ਆਇਆ ਤਾਂ ਮੇਰੀ ਕਲਾਸ 'ਚੋਂ ਤੀਜੀ ਜਾਂ ਚੌਥੀ ਥਾਂ ਸੀ। ਇਸ ਤੋਂ ਬਾਅਦ ਦੂਜਾ ਸਾਲ ਮੈਨੂੰ ਪ੍ਰਾਈਵੇਟ ਤੌਰ 'ਤੇ ਕਰਨਾ ਪਿਆ ਕਿਉਂ ਕਿ ਨੌਕਰੀ ਜਲੰਧਰ ਦੇ ਇਕ ਅਖਬਾਰ 'ਚ ਲੱਗ ਗਈ ਸੀ। ਨੌਕਰੀ ਦੇ ਬਾਵਜੂਦ ਨੰਬਰ ਵਧੀਆਂ ਆਏ ਤੇ ਮੈਂ ਸਾਲ 2006 'ਚ ਐਮ.ਏ. ਪੰਜਾਬੀ ਕਰ ਗਿਆ। ਇਸ ਤੋਂ ਬਾਅਦ ਪੱਤਰਕਾਰੀ ਤੇ ਹੁਣ ਸਰਕਾਰੀ ਨੌਕਰੀ ਕਰਦਿਆਂ ਕਈ ਅਜਿਹੇ ਮੌਕੇ ਆਏ ਜਦੋਂ ਐਮ.ਏ. ਪੰਜਾਬੀ ਦੀ ਬਦੌਲਤ ਵਾਹਵਾ ਸ਼ਾਬਾਸ਼ ਮਿਲੀ। ਇਸ ਡਿਗਰੀ ਦੀ ਬਦੌਲਤ ਮੇਰੀ ਪੇਸ਼ੇਵਰ ਅਤੇ ਆਮ ਜ਼ਿੰਦਗੀ ਵਿਚ ਬਹੁਤ ਸਾਰੇ ਸਕਾਰਾਤਮਕ ਬਦਲਾਅ ਵੀ ਆਏ। ਮੇਰਾ ਸਲਾਮ ਐ ਮੇਰੇ ਉਨਾਂ ਸਾਰੇ ਅਧਿਆਪਕਾਂ ਨੂੰ, ਜਿਨਾਂ ਦੀ ਬਦੌਲਤ ਮੈਂ ਪੰਜਾਬੀ ਦੀ ਐਮ.ਏ. ਕਰ ਸਕਿਆ।   


-ਨਰਿੰਦਰ ਪਾਲ ਸਿੰਘ ਜਗਦਿਓ 

No comments:

Post a Comment