Thursday, January 7, 2016

ਬੱਚਿਆਂ ਵਰਗੀ

ਕੈਸਾ ਅਜਬ ਹੈ ਇਹ ਦਿਲ ਦਾ ਸੰਸਾਰ ਵੀ, 
ਕਿ ਨਫਰਤ ਵੀ ਦਿਲੋਂ ਹੁੰਦੀ ਹੈ ਤੇ ਪਿਆਰ ਵੀ। 

ਨੀਂਦ ਨਾ ਆਵੇ ਉਹ ਨੂੰ ਦੇਖੇ ਤੋਂ ਬਿਨਾਂ ਮੈਨੂੰ, 
ਉਂਝ ਨੀਂਦਾਂ ਉਡਾ ਦਿੰਦੈ ਉਹਦਾ ਦੀਦਾਰ ਵੀ। 

ਉਸਦੇ ਕੋਲ ਨੇ ਮੇਰੇ ਤੋਂ ਵੱਧ ਮੇਰੀਆਂ ਖਬਰਾਂ, 
ਨਹੀਂ ਰੱਖਦਾ ਏਨੀਆਂ ਖਬਰਾਂ ਤਾਂ ਅਖਬਾਰ ਵੀ!

ਇਕਮਿਕ ਹਾਂ ਅਸੀਂ ਵੰਡਿਆਂ ਸਾਡਾ ਕੁਝ ਨਹੀਂ, 
ਮੇਰੀ ਜਿੱਤ ਵੀ ਉਹੀ ਹੈ ਤੇ ਮੇਰੀ ਹਾਰ ਵੀ। 

ਰੋਜ਼ੀ-ਰੋਟੀ ਦਾ ਇਹ ਮਸਲਾ ਵੀ ਕੈਸਾ ਹੈ!
ਕਿ ਖਿੰਡੇ-ਪੁੰਡੇ ਜਿਹੇ ਪਏ ਸਾਂਝੇ ਪਰਿਵਾਰ ਵੀ।

ਉਹਦਾ ਦੋਵਾਂ 'ਚੋਂ ਕਿਹੜਾ ਚਿਹਰਾ ਦੇਖਣਾ ਹੈ? 
ਉਹ ਸਮਾਜ ਸੇਵਾ ਵੀ ਕਰਦੈ ਤੇ ਵਪਾਰ ਵੀ। 

ਜਿਉਂ ਮੈਨੂੰ ਯਾਦਾਂ ਨਿੱਤ ਸਤਾ ਕੇ ਰੱਖਦੀਆਂ ਨੇ, 
ਕੀ ਤੂੰ ਵੀ ਹੁੰਨੈ ਕਦੀਂ ਬੇਚੈਨ ਤੇ ਬੇਕਰਾਰ ਵੀ? 

ਇਲਾਕੇ ਦਾ ਸਿਆਣਪ ਨਾਲ ਸਬੰਧ ਨਾ ਕੋਈ, 
ਉਮਰ ਨਾਲ ਨਹੀਂ ਹੁੰਦਾ ਕੋਈ ਸਮਝਦਾਰ ਵੀ। 

ਬੱਚਿਆਂ ਵਰਗੀ ਲੱਗਦੀ ਹੈ ਉਹ ਅਕਸਰ ਮੈਨੂੰ, 
ਕਦੇ ਕਿੰਨੀ ਭੋਲੀ ਤੇ ਕਦੇ-ਕਦੇ ਹੁਸ਼ਿਆਰ ਵੀ। 

No comments:

Post a Comment