Wednesday, December 23, 2015

2015 ਦੀਆਂ ਪੰਜਾਬੀ ਫਿਲਮਾਂ ਦਾ ਲੇਖਾ-ਜੋਖਾ


 'ਅ' ਅੱਖਰ ਵਾਲਿਆਂ ਨੇ ਲੁੱਟਿਆ ਮੇਲਾ

ਅੰਗਰੇਜ਼, ਅਮਰਿੰਦਰ, ਐਮੀ ਤੇ ਅੰਬਰਦੀਪ ਦੇ ਨਾਂ ਰਿਹਾ 2015



ਸਾਲ 2015 'ਅੰਗਰੇਜ਼' ਫਿਲਮ ਲਈ ਯਾਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਾ-ਕਮਾਲ ਫਿਲਮ 'ਇਹੁ ਜਨਮ ਤੁਮਾਰੇ ਲੇਖੇ' ਵੀ ਇਸ ਸਾਲ ਦੀ ਵੱਡੀ ਪ੍ਰਾਪਤੀ ਰਹੀ। ਇਹ ਦੋਵੇਂ ਫਿਲਮਾਂ ਇਤਿਹਾਸਕ ਦਸਤਾਵੇਜ਼ ਬਣ ਗਈਆਂ ਹਨ। ਕਮਾਈ ਪੱਖੋਂ ਵੀ ਇਹ ਦੋਵੇਂ ਫਿਲਮਾਂ ਬੇਹੱਦ ਸਫਲ ਰਹੀਆਂ। ਜਿੱਥੇ ਅੰਗਰੇਜ਼ ਫਿਲਮ ਨੇ ਪੁਰਾਤਨ ਪੰਜਾਬ, ਸੱਭਿਆਚਾਰ, ਪੰਜਾਬ ਦਾ ਪੇਂਡੂ ਮਾਹੌਲ ਅਤੇ ਵਿਰਸੇ ਨੂੰ ਸਕਰੀਨ ਉੱਤੇ ਪੇਸ਼ ਕੀਤਾ ਉੱਥੇ ਹੀ 'ਇਹੁ ਜਨਮ ਤੁਮਾਰੇ ਲੇਖੇ' ਨੇ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦੀ ਸਾਰੀ ਜ਼ਿੰਦਗੀ ਨੂੰ ਇਕ ਲੜੀ ਵਿਚ ਖੂਬਸੂਰਤ ਤਰੀਕੇ ਨਾਲ ਪਰੋ ਕੇ ਰੱਖ ਦਿੱਤਾ।

ਅੰਗਰੇਜ਼ ਫਿਲਮ ਨੇ ਅਮਰਿੰਦਰ ਗਿੱਲ ਨੂੰ ਪਹਿਲੀ ਕਤਾਰ ਦੇ ਹੀਰੋ ਵੱਜੋਂ ਸਥਾਪਤ ਕਰ ਦਿੱਤਾ ਹੈ ਅਤੇ ਫਿਲਮ ਦੇ ਕਹਾਣੀਕਾਰ ਤੇ ਸੰਵਾਦ ਲੇਖਕ ਅੰਬਰਦੀਪ ਦਾ ਨਾਂ ਵੀ ਚਮਕਾ ਦਿੱਤਾ ਹੈ। ਇਹ ਹੋਰ 'ਅ' ਅੱਖਰ ਵਾਲਾ ਅਦਾਕਾਰ ਐਮੀ ਵਿਰਕ ਵੀ ਪੰਜਾਬੀ ਫਿਲਮਾਂ ਨੂੰ ਮਿਲ ਗਿਆ ਹੈ। ਇਸ ਤੋਂ ਇਲਾਵਾ ਫਿਲਮ ਵਿਚ ਧੰਨ ਕੌਰ ਬਣੀ ਸਰਗੁਣ ਮਹਿਤਾ ਪੰਜਾਬੀ ਫਿਲਮਾਂ ਦੀ ਨਵੀਂ ਹੀਰੋਇਨ ਵੱਜੋਂ ਉੱਭਰ ਕੇ ਸਾਹਮਣੇ ਆਈ ਹੈ। ਹਾਲਾਂਕਿ ਉਸ ਦੀ ਅਤੇ ਐਮੀ ਦੀ ਅਗਲੀ ਪੰਜਾਬੀ ਫਿਲਮ ਦਾ ਦਰਸ਼ਕਾਂ ਨੂੰ ਇੰਤਜ਼ਾਰ ਹੈ।


ਇਨਾਂ ਦੋਵਾਂ ਫਿਲਮਾਂ ਨੇ ਆਰਥਿਕ ਪੱਖੋਂ ਵੀ ਅਤੇ ਆਲੋਚਨਾਤਮਕ ਪੱਖੋਂ ਵੀ ਖੂਬ ਵਾਹ-ਵਾਹ ਬਟੋਰੀ। 'ਅੰਗਰੇਜ਼' ਫਿਲਮ ਨੇ ਤਾਂ ਪਿਛਲੇ ਸਭ ਰਿਕਾਰਡ ਤੋੜ ਦਿੱਤੇ ਅਤੇ ਦੇਸ਼ਾਂ-ਵਿਦੇਸ਼ਾਂ ਵਿਚ ਇਸ ਫਿਲਮ ਦੀ ਕਹਾਣੀ ਏਨੀ ਪਸੰਦ ਕੀਤੀ ਗਈ ਕਿ ਹਰ ਉਮਰ ਵਰਗ ਦੇ ਬਹੁਤ ਲੋਕਾਂ ਨੇ ਇਹ ਫਿਲਮ ਇਕ ਤੋਂ ਵੱਧ ਵਾਰ ਵੇਖੀ। ਕਈ ਸਿਨੇਮਾ ਘਰਾਂ ਵਿਚ ਫਿਲਮ ਲਗਾਤਾਰ ਦੋ ਮਹੀਨੇ ਤੱਕ ਲੱਗੀ ਰਹੀ। ਵਿਦੇਸ਼ੀ ਪੰਜਾਬੀਆਂ ਨੇ ਤਾਂ ਇੱਧਰਲਿਆਂ ਨਾਲੋਂ ਵੀ ਜ਼ਿਆਦਾ ਇਸ ਫਿਲਮ ਨੂੰ ਪਿਆਰ ਦਿੱਤਾ।

ਇਸ ਤੋਂ ਇਲਾਵਾ ਗੱਦਾਰ, ਸਰਦਾਰ ਜੀ, ਹੀਰੋ-ਨਾਮ ਯਾਦ ਰੱਖੀਂ ਅਤੇ ਸ਼ਰੀਕ ਫਿਲਮਾਂ ਵੀ ਹਿੱਟ ਸ਼੍ਰੇਣੀ ਵਿਚ ਰੱਖੀਆਂ ਜਾ ਸਕਦੀਆਂ ਹਨ ਜਦਕਿ ਔਸਤ ਫਿਲਮਾਂ ਵਿਚ ਮਿੱਟੀ ਨਾ ਫਰੋਲ ਜੋਗੀਆ, ਮੁੰਡੇ ਕਮਾਲ ਦੇ, ਰੁਪਿੰਦਰ ਗਾਂਧੀ-ਦਾ ਗੈਂਗਸਟਰ, ਕਿੱਸਾ ਪੰਜਾਬ ਅਤੇ ਜੱਜ ਸਿੰਘ-ਐਲ.ਐਲ.ਬੀ ਨੂੰ ਰੱਖਿਆ ਜਾ ਸਕਦਾ ਹੈ। ਫਲਾਪ ਰਹੀਆਂ ਫਿਲਮਾਂ ਵਿਚ ਵੱਟ ਦਾ ਜੱਟ, ਕਿੱਸਾ, ਕੁਦੇਸਣ, ਪੱਤਾ ਪੱਤਾ ਸਿੰਘਾਂ ਦਾ ਵੈਰੀ, ਲੈਦਰ ਲਾਈਫ, ਗਨ ਐਂਡ ਗੋਲ, ਯਾਰਾਨਾ, ਉਹ ਯਾਰਾਂ ਐਵੇਂ ਐਵੇਂ ਲੁੱਟ ਗਿਆ, ਰਮਤਾ ਜੋਗੀ, ਮਾਈਸੈਲਫ ਪੇਂਡੂ, ਇਸ਼ਕ ਵਿਚ ਯੂ ਨੈਵਰ ਨੋਅ, ਜੁਗਾੜੀ ਡਾਟ ਕਾਮ, ਫਰਾਰ ਅਤੇ ਮੁਖਤਿਆਰ ਚੱਢਾ ਪ੍ਰਮੁੱਖ ਰਹੀਆਂ।

ਅਪ੍ਰੈਲ ਮਹੀਨੇ ਰਿਲੀਜ਼ ਹੋਣ ਵਾਲੀ ਫਿਲਮ 'ਨਾਨਕ ਸ਼ਾਹ ਫਰੀਕ' ਕਾਫੀ ਚਰਚਾ ਵਿਚ ਰਹੀ। ਹਾਲਾਂਕਿ ਕਈ ਉਤਾਰ-ਚੜਾਅ ਤੋਂ ਬਾਅਦ ਪੰਜਾਬ ਵਿਚ ਇਸ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਗਾ ਦਿੱਤੀ ਗਈ ਪਰ ਕੁਝ ਰਾਜਾਂ ਵਿਚ ਫਿਲਮ ਸਿਨੇਮਾ ਘਰਾਂ ਵਿਚ ਦਿਖਾਈ ਵੀ ਗਈ। 'ਚਾਰ ਸ਼ਾਹਿਬਜ਼ਾਦੇ' ਫਿਲਮ ਦੀ ਅਪਾਰ ਕਾਮਯਾਬੀ ਤੋਂ ਬਾਅਦ ਅਜਿਹੇ ਵਿਸ਼ਿਆਂ 'ਤੇ ਹੋਰ ਫਿਲਮਾਂ ਬਣਨਾ ਸੁਭਾਵਿਕ ਸੀ ਪਰ 'ਨਾਨਕ ਸ਼ਾਹ ਫਕੀਰ' ਫਿਲਮ ਇਸ ਸੰਦਰਭ 'ਚ ਕੋਈ ਪ੍ਰਭਾਵ ਨਹੀਂ ਛੱਡ ਸਕੀ। ਹੁਣ ਕੁਝ ਤਬਦੀਲੀਆਂ ਕਰਕੇ ਫਿਲਮ ਨਿਰਮਾਤਾ ਇਸਨੂੰ ਦੋਬਾਰਾ ਰਿਲੀਜ਼ ਕਰਨ ਦੀ ਤਿਆਰੀ ਵਿਚ ਹਨ। ਸੁੱਖਾ-ਜਿੰਦਾ ਫਿਲਮ ਨੂੰ ਵੀ ਰੋਕ ਝੱਲਣੀ ਪਈ।

ਉੱਧਰ ਹਰਭਜਨ ਮਾਨ ਦੀਆਂ ਹੁਣ ਤੱਕ ਦੀਆਂ ਸਭ ਫਿਲਮਾਂ ਨਾਲੋਂ 'ਗੱਦਾਰ' ਫਿਲਮ ਉਸ ਨੂੰ ਇਕ ਅਦਾਕਾਰ ਵੱਜੋਂ ਕੁਝ ਹੱਦ ਤੱਕ ਸਥਾਪਿਤ ਕਰ ਗਈ ਹੈ। ਹਰਭਜਨ ਮਾਨ ਦੀ ਇਕ ਹੋਰ ਫਿਲਮ 'ਸਾਡੇ ਸੀ.ਐਮ. ਸਾਬ' 30 ਅਕਤੂਬਰ ਨੂੰ ਰਿਲੀਜ਼ ਹੋਣੀ ਸੀ ਪਰ ਇਸਦੀ ਤਾਰੀਖ ਅੱਗੇ ਪਾ ਦਿੱਤੀ ਗਈ ਅਤੇ ਹਾਲੇ ਤੱਕ ਇਸ ਦੇ ਭਵਿੱਖ ਦਾ ਕੁਝ ਨਹੀਂ ਪਤਾ। ਅਮਰਿੰਦਰ ਗਿੱਲ ਲਈ ਅੰਗਰੇਜ਼ ਫਿਲਮ ਨੇ ਨਵੇਂ ਰਾਹ ਖੋਲ ਦਿੱਤੇ ਹਨ। ਦਿਲਜੀਤ ਦੁਸਾਂਝ ਅਤੇ ਜ਼ਿੰਮੀ ਸ਼ੇਰਗਿੱਲ ਲਈ ਵਰਾ 2015 ਠੀਕ-ਠਾਕ ਰਿਹਾ। ਗਿੱਪੀ ਗਰੇਵਾਲ ਨੇ ਫਲਾਪ ਫਿਲਮ 'ਫਰਾਰ' ਰਾਹੀਂ ਕੋਈ ਖਾਸ ਅਸਰ ਨਹੀਂ ਛੱਡਿਆ। ਜੱਸੀ ਗਿੱਲ, ਯੁਵਰਾਜ ਹੰਸ, ਹਰੀਸ਼ ਵਰਮਾ ਇਕ ਅਦਾਕਾਰ ਵੱਜੋਂ ਸਾਲ 2015 ਵਿਚ ਕੋਈ ਪ੍ਰਭਾਵ ਦਰਜ ਨਹੀਂ ਕਰਵਾ ਸਕੇ।ਪਵਨ ਰਾਜ ਮਲਹੋਤਰਾ ਨੇ 'ਇਹੁ ਜਨਮ ਤੁਮਾਰੇ ਲੇਖੇ' ਵਿਚ ਸਕਰੀਨ 'ਤੇ ਭਗਤ ਪੂਰਨ ਸਿੰਘ ਜੀ ਨੂੰ ਜੀਵਤ ਕਰ ਦਿੱਤਾ।

ਇਸ ਸਾਲ ਇਕ ਨਵਾਂ ਨਾਂ ਐਮੀ ਵਿਰਕ (ਅੰਗਰੇਜ਼) ਪੰਜਾਬੀ ਫਿਲਮਾਂ ਵਿਚ ਹੋਰ ਜੁੜ ਗਿਆ ਹੈ।ਬਾਕੀ ਜਿਹੜੇ ਕਾਮੇਡੀਅਨ ਜਾਂ ਅਦਾਕਾਰ ਪੱਕੇ ਤੌਰ 'ਤੇ ਹਰੇਕ ਦੂਜੀ-ਤੀਜੀ ਫਿਲਮ ਵਿਚ ਨਜ਼ਰ ਆਉਂਦੇ ਹਨ, ਉਨਾਂ 'ਤੇ ਫਿਲਮ ਹਿੱਟ ਜਾਂ ਫਲਾਪ ਹੋਣ ਦਾ ਕੋਈ ਅਸਰ ਇਸ ਸਾਲ ਵੀ ਦੇਖਣ ਨੂੰ ਨਹੀਂ ਮਿਲਿਆ। ਸਭ ਆਪੋ-ਆਪਣੀ ਥਾਂਵੇ ਵਧੀਆ ਕੰਮ ਕਰ ਰਹੇ ਹਨ। ਇਨਾਂ ਵਿਚ ਪ੍ਰਮੁੱਖ ਨਾਂ ਜਸਵਿੰਦਰ ਭੱਲਾ, ਉਪਾਸਨਾ ਸਿੰਘ, ਸਰਦਾਰ ਸੋਹੀ, ਬੀਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਬੀ.ਐਨ. ਸ਼ਰਮਾ, ਗੁੱਗੂ ਗਿੱਲ, ਸ਼ਵਿੰਦਰ ਮਾਹਲ, ਰਣਬੀਰ ਰਾਣਾ, ਕਰਮਜੀਤ ਅਨਮੋਲ ਆਦਿ ਦੇ ਨਾਂ ਪ੍ਰਮੁੱਖ ਹਨ। ਪੰਜਾਬੀ ਫਿਲਮਾਂ ਦੀਆਂ ਸਥਾਪਿਤ ਅਦਾਕਾਰਾਂ ਨੀਰੂ ਬਾਜਵਾ, ਮਾਹੀ ਗਿੱਲ ਅਤੇ ਸੁਰਵੀਨ ਚਾਵਲਾ ਦੀ ਟੱਕਰ ਵਿਚ ਹੁਣ ਸਰਗੁਣ ਮਹਿਤਾ ਤੋਂ ਇਲਾਵਾ ਅਦਿਤੀ ਸ਼ਰਮਾ (ਅੰਗਰੇਜ਼ ਦੀ ਮਾੜੋ) ਦਾ ਨਾਂ ਵੀ ਜੁੜ ਗਿਆ ਹੈ। ਬਾਕੀ ਇਸ ਸਾਲ ਕਈ ਨਵੀਆਂ ਹੀਰੋਇਨਾਂ ਅਤੇ ਹਿੰਦੀ ਸੀਰੀਅਲਾਂ ਤੇ ਫਿਲਮਾਂ ਦੇ ਚਿਹਰੇ ਵੀ ਪੰਜਾਬੀ ਫਿਲਮਾਂ ਵਿਚ ਨਜ਼ਰ ਆਏ ਪਰ ਸਭ ਅਸਰਹੀਣ ਹੀ ਰਹੇ।

ਨਿਰਦੇਸ਼ਕਾਂ ਵਿਚ ਗੁੱਡੂ ਧਨੋਆ ਜੋ ਹਿੰਦੀ ਫਿਲਮਾਂ ਦਾ ਇਕ ਵੱਡਾ ਨਾਂ ਹੈ ਅਤੇ ਜਿਸਨੇ ਦਿਲਜੀਤ ਦੁਸਾਂਝ ਨੂੰ 'ਦਾ ਲਾਇਨ ਆਫ ਪੰਜਾਬ' ਫਿਲਮ ਰਾਹੀਂ ਪੰਜਾਬੀ ਫਿਲਮਾਂ ਵਿਚ ਬ੍ਰੇਕ ਦਿੱਤੀ ਸੀ, ਨੇ ਇਸ ਸਾਲ ਰਮਤਾ ਜੋਗੀ ਫਿਲਮ ਪੇਸ਼ ਕੀਤੀ। ਪਰ ਇਹ ਫਿਲਮ ਪ੍ਰਚਾਰ ਦੀ ਘਾਟ ਦਾ ਸ਼ਿਕਾਰ ਹੋ ਗਈ ਅਤੇ ਦਰਸ਼ਕਾਂ ਨੇ ਸਿਰੇ ਤੋਂ ਨਕਾਰ ਦਿੱਤੀ। ਸਿਮਰਜੀਤ ਸਿੰਘ 'ਅੰਗਰੇਜ਼' ਰਾਹੀਂ ਅਤੇ ਦੂਰਦਰਸ਼ਨ ਵਾਲੇ ਹਰਜੀਤ ਸਿੰਘ 'ਇਹੁ ਜਨਮ ਤੁਮਾਰੇ ਲੇਖੇ' ਰਾਹੀਂ ਨਿਰਦੇਸ਼ਕਾਂ ਵਿਚ ਸਿਖਰ 'ਤੇ ਰਹੇ। ਨਿਰਦੇਸ਼ਕ ਜਤਿੰਦਰ ਮੋਹਰ ਨੇ 'ਕਿੱਸਾ ਪੰਜਾਬ' ਰਾਹੀਂ ਆਪਣੇ ਵੱਖਰੀ ਤਰਾਂ ਦੇ ਪੰਜਾਬੀ ਸਿਨੇਮਾ ਦਾ ਪੱਲਾ ਨਹੀਂ ਛੱਡਿਆ। ਹੋਰ ਨਿਰਦੇਸ਼ਕਾਂ ਵਿਚ ਅਮਿਤੋਜ ਮਾਨ (ਗੱਦਾਰ), ਬਲਜੀਤ ਸਿੰਘ ਦਿਓ (ਹੀਰੋ-ਨਾਮ ਯਾਦ ਰੱਖੀ ਅਤੇ ਫਰਾਰ), ਰੋਹਿਤ ਜੁਗਰਾਜ (ਸਰਦਾਰ ਜੀ), ਗਿਫਟੀ (ਮੁਖਤਿਆਰ ਚੱਢਾ), ਅਮਿਤ ਪਰਾਸ਼ਰ (ਮੁੰਡੇ ਕਮਾਲ ਦੇ) ਅਤੇ ਨਵਨੀਅਤ ਸਿੰਘ (ਸ਼ਰੀਕ) ਦੇ ਨਾਂ ਚਰਚਾਯੋਗ ਰਹੇ।

ਨਵੰਬਰ ਵਿਚ ਸਿਰਫ ਇਕ ਫਿਲਮ ਦਿਲਜੀਤ ਦੋਸਾਂਝ ਦੀ 'ਮੁਖਤਿਆਰ ਚੱਢਾ' ਸਿਨੇਮਾ ਘਰਾਂ ਵਿਚ ਲੱਗੀ। ਇਸ ਫਿਲਮ ਦੇ ਪ੍ਰਚਾਰ ਅਤੇ ਪ੍ਰਾਪੇਗੰਡਾ ਵਿਚ ਕੋਈ ਕਸਰ ਨਹੀਂ ਛੱਡੀ ਗਈ ਸੀ ਪਰ ਫਿਲਮ ਦਰਸ਼ਕਾਂ ਦੀਆਂ ਆਸਾਂ 'ਤੇ ਖਰੀ ਨਾ ਉੱਤਰੀ। ਜਾਂਦੇ ਜਾਂਦੇ ਸਾਲ ਦੇ ਆਖਰੀ ਮਹੀਨੇ ਜੱਜ ਸਿੰਘ ਐਲ.ਐਲ.ਬੀ. ਠੀਕ-ਠਾਕ ਫਿਲਮ ਰਹੀ ਪਰ ਇਹ ਫਿਲਮ ਅਤੇ ਮੁੰਡੇ ਕਮਾਲ ਦੇ ਫਿਲਮ ਦੀਆਂ ਕਹਾਣੀਆਂ ਕੁਝ ਹੱਦ ਤੱਕ ਪਹਿਲਾਂ ਬਣ ਚੁੱਕੀਆਂ ਹਿੰਦੀ ਫਿਲਮਾਂ (ਜੌਲੀ ਐਲਐਲਬੀ ਅਤੇ ਟਾਮ, ਡਿਕ ਐਂਡ ਹੈਰੀ) ਦੀਆਂ ਕਹਾਣੀਆਂ ਤੋਂ ਪ੍ਰੇਰਿਤ ਲੱਗਦੀਆਂ ਹਨ। ਕੁੱਲ ਮਿਲਾ ਕੇ ਸਾਲ 2015 ਪੰਜਾਬੀ ਸਿਨੇਮਾ ਲਈ ਰਲਿਆ-ਮਿਲਿਆ ਰਿਹਾ ਅਤੇ ਅੰਗਰੇਜ਼ ਤੇ 'ਇਹੁ ਜਨਮ ਤੁਮਾਰੇ ਲੇਖੇ' ਫਿਲਮਾਂ ਇਸ ਸਾਲ ਦੀਆਂ ਵੱਡੀਆਂ ਪ੍ਰਾਪਤੀਆਂ ਰਹੀਆਂ।

ਨਰਿੰਦਰ ਪਾਲ ਸਿੰਘ ਜਗਦਿਓ

Thursday, December 17, 2015

ਤੂੰ ਅਤੇ ਮੈਂ

ਤੂੰ ਤੂੰ ਹੈ ਅਤੇ ਮੈਂ ਮੈਂ ਹਾਂ, ਸਾਡੇ ਵਿਚਕਾਰ ਕੋਈ ਮੁਕਾਬਲਾ ਨਹੀਂ,
ਤੂੰ ਵੱਧ ਕਰਦੈਂ ਮੈਂ ਘੱਟ ਕਰਦਾਂ, ਇਹ ਪਿਆਰ ਕੋਈ ਮੁਕਾਬਲਾ ਨਹੀਂ। 

ਜ਼ਿੰਦਗੀ ਕੱਟਣ ਲਈ, ਕੁਝ ਗੱਲਾਂ ਸਮਝਣ 'ਚ ਜ਼ਿੰਦਗੀ ਗੁਜ਼ਰ ਜਾਂਦੀ, 
ਹਾਏ ਓ ਰੱਬਾ ਕਿਆ ਅਜਬ ਤੇਰਾ ਸੰਸਾਰ, ਕੋਈ ਮੁਕਾਬਲਾ ਨਹੀਂ।

ਕਰ ਕਰ ਕੇ ਦਿਖਾਵੇ, ਕੀ ਦਿਖਾਵੇਂ ਦੁਨੀਆਂ ਨੂੰ ਤੇਰਾ ਟੀਚਾ ਦੱਸ ਕੀ, 
ਬੰਦਾ ਕਿੰਨੀ ਆਕੜ ਤੇ ਕਰੇ ਕਿੰਨਾ ਹੰਕਾਰ, ਕੋਈ ਮੁਕਾਬਲਾ ਨਹੀਂ।  

ਸੀਰਤ ਸੋਹਣੀ, ਸਿਆਣਪ, ਸੁਹੱਪਣ ਤੇ ਸੁਭਾਅ ਸਾਦਗੀ ਭਰਿਆ, 
ਖੁਦ ਕੁਦਰਤ ਨੇ ਕਿਆ ਕੀਤਾ ਤੇਰਾ ਸ਼ਿੰਗਾਰ, ਕੋਈ ਮੁਕਾਬਲਾ ਨਹੀਂ। 

ਤੇਰੇ ਸਾਰੇ ਵਾਅਦੇ, ਬਣ ਗਏ ਲਾਰੇ, ਕਿੱਥੋਂ ਸਿਆਸਤ ਸਿੱਖ ਲਈ ਤੂੰ, 
ਵਾਹ ਵਾਹ ਵਾਹ ਵਾਹ, ਵਾਹ ਮੇਰੀ ਸਰਕਾਰ, ਕੋਈ ਮੁਕਾਬਲਾ ਨਹੀਂ।

ਚਿਹਰੇ 'ਤੇ ਨਹੀਂ ਲਿਖਿਆ ਹੁੰਦਾ ਕੋਈ ਮਨ ਵਿਚ ਕੀ-ਕੀ ਸੋਚਦਾ ਏ,  
ਭੋਲੇ ਚਿਹਰੇ ਪਿੱਛੇ ਮਿਲਿਆ ਇਕ ਹੁਸ਼ਿਆਰ, ਕੋਈ ਮੁਕਾਬਲਾ ਨਹੀਂ।




Monday, December 7, 2015

ਬਨਵਾਸ



ਨਾ ਗੁਰੂਦੁਆਰੇ ਮਿਲਿਆ ਨਾ ਕਿਸੇ ਮਸਜਿਦ ਮੰਦਰ, 
ਮੈਂ ਬਹੁਤ ਵਾਰੀ ਮਹਿਸੂਸ ਕੀਤਾ ਤੈਨੂੰ ਖੁਦ ਦੇ ਅੰਦਰ। 

ਮਿਲਿਆ ਬਨਵਾਸ, ਵੱਖ ਹੋਏ, ਇਮਤਿਹਾਨ ਵਫਾ ਦਾ,
ਇਕ ਹੋਰ ਰਮਾਇਣ ਦੀ ਤੂੰ ਸੀਤਾ ਮੈਂ ਰਾਮ ਚੰਦਰ। 

ਮਾਰੂਥਲ ਬਣੀ ਰੂਹ ਨੂੰ ਹਰ ਮੌਸਮ ਹੈ ਇਕ ਬਰਾਬਰ, 
ਇਹ ਔੜਾਂ 'ਚ ਵੀ ਕੱਲਰ ਤੇ ਬਾਰਿਸ਼ ਵਿਚ ਵੀ ਬੰਜ਼ਰ। 

ਓ ਸੱਜਣਾਂ ਵਿਚ-ਵਿਚਾਲੇ ਵਾਲਾ ਰਾਹ ਤਾਂ ਛੱਡਣਾ ਪੈਣਾ, 
ਜਾਂ ਫੁੱਲਾਂ ਵਾਂਗੂੰ ਰੱਖ ਜਾਂ ਦਿਲ 'ਤੇ ਮਾਰ ਦੇ ਖੰਜ਼ਰ। 

ਤੇਰੇ ਮੇਰੇ ਵਿਚਕਾਰ ਦੂਰੀ ਹੋਗੀ ਇਕ ਜ਼ਿੰਦਗੀ ਜਿੰਨੀ,
ਕਿ ਮੇਰੀ ਉਮਰ ਬੀਤਦੀ ਜਾਂਦੀ ਨਾ ਮੁੱਕੇ ਇਹ ਸਫਰ। 

ਜਦੋਂ ਮਿਲਣਾ ਹੀ ਨਹੀਂ ਰਹਿਣਾ ਆਪਾਂ ਵੱਖੋ-ਵੱਖਰੇ, 
ਫਿਰ ਕੀ ਲੰਡਨ-ਕੈਨੇਡਾ ਤੇ ਕੀ ਖੰਨਾ ਜਲੰਧਰ!    

ਚਲੋ ਚੰਗਾ ਹੀ ਹੈ ਮਿਲ ਗਿਆ ਸਭ ਕੁਝ ਚੰਗਾ-ਚੰਗਾ, 
ਇਕੋ ਅਫਸੋਸ ਨਾਸੂਰ ਜਿਹਾ ਨਾ ਮਿਲਿਆ ਨਰਿੰਦਰ।