Sunday, October 25, 2015

ਕੁਝ ਗੱਲਾਂ ਲਾਭ ਜੰਜੂਏ ਦੀਆਂ


   
ਸਾਲ 2008 ਵਿਚ 28 ਅਕਤੂਬਰ ਨੂੰ ਦੀਵਾਲੀ ਸੀ। 25 ਅਕਤੂਬਰ ਦੀ ਰਾਤ ਨੂੰ ਇਹ ਫੈਸਲਾ ਹੋਇਆ ਕਿ ਮੈਂ ਅਤੇ ਮੇਰਾ ਸਹਿਕਰਮੀ ਵਿਸ਼ਾਲ ਮਿਲ ਕੇ ਕਿਸੇ ਵੱਡੇ ਗਾਇਕ ਨਾਲ ਇਕ ਘੰਟੇ ਦਾ 'ਦੀਵਾਲੀ ਸਪੈਸ਼ਲ' ਸ਼ੋਅ ਰਿਕਾਰਡ ਕਰੀਏ। ਉਨਾਂ ਦਿਨਾਂ ਵਿਚ ਮੈਂ ਇਕ ਪੰਜਾਬੀ ਚੈਨਲ ਵਿਚ ਨੌਕਰੀ ਕਰਦਾ ਸੀ। ਸਮਾਂ ਏਨਾ ਘੱਟ ਸੀ ਕਿ ਸਾਨੂੰ ਦੋਵਾਂ ਨੂੰ ਕੁਝ ਹੋਰ ਨਾ ਸੁੱਝਿਆ ਅਤੇ ਵਿਸ਼ਾਲ ਨੇ ਲਾਭ ਜੰਜੂਏ ਨੂੰ ਇਹ ਪ੍ਰੋਗਰਾਮ ਕਰਨ ਲਈ ਰਾਜੀ ਕਰ ਲਿਆ। ਅਸੀਂ ਤਿੰਨੋਂ ਯਾਨੀ ਮੈਂ, ਵਿਸ਼ਾਲ ਅਤੇ ਲਾਭ ਜੰਜੂਆ ਖੰਨਾ ਸ਼ਹਿਰ ਦੇ ਰਹਿਣ ਵਾਲੇ ਹਾਂ। ਵਿਸ਼ਾਲ, ਮੇਰੇ ਅਤੇ ਲਾਭ ਜੰਜੂਏ ਦੇ ਕਈ ਸਾਂਝੇ ਦੋਸਤ ਵੀ ਹਨ ਖੰਨਾ ਵਿਚ। 26 ਅਕਤੂਬਰ 2008 ਨੂੰ ਰਿਕਾਰਡਿੰਗ ਲਈ ਵੀ ਖੰਨਾ ਸ਼ਹਿਰ ਹੀ ਚੁਣ ਲਿਆ ਗਿਆ। ਲਾਭ ਉਨਾਂ ਦਿਨਾਂ ਵਿਚ ਨਵਾਂ-ਨਵਾਂ ਹਿੱਟ ਹੋਇਆ ਸੀ (ਬਲਕਿ ਸੁਪਰ-ਡੁਪਰ ਹਿੱਟ)। ਉਸ ਦਾ ਗੀਤ ਸੋਹਣੀ ਦੇ ਨਖਰੇ (ਪਾਰਟਨਰ-2007) ਅਤੇ ਜੀ ਕਰਦਾ (ਸਿੰਘ ਇਜ਼ ਕਿੰਗ- ਅਗਸਤ 2008) ਚੋਟੀ 'ਤੇ ਸਨ ਪਰ ਲਾਭ ਹਾਲੇ ਵੀ 'ਸੁਪਰ ਦੇਸੀ' ਹੀ ਸੀ। 


ਨੱਠ-ਭੱਜ ਵਿਚ ਇਹ ਪ੍ਰੋਗਰਾਮ ਭਾਵੇਂ ਐਸਾ-ਵੈਸਾ ਹੀ ਬਣਿਆ ਸੀ ਪਰ ਲਾਭ ਜੰਜੂਏ ਨਾਲ ਮੇਰੀ ਦੋਸਤੀ ਚੰਗੀ ਹੋ ਗਈ ਸੀ। ਲਾਭ ਜੰਜੂਏ ਨੇ ਬਾਅਦ ਵਿਚ ਮੈਨੂੰ ਖੁਦ ਦੱਸਿਆ ਸੀ ਕਿ ਇਹ ਉਸ ਦਾ ਅਜਿਹਾ ਪਹਿਲਾ ਪ੍ਰੋਗਰਾਮ ਸੀ ਜਿਸ ਵਿਚ ਉਸ ਨੂੰ ਇਕ ਘੰਟੇ ਦਾ ਸਮਾਂ ਮਿਲਿਆ ਸੀ, ਨਹੀਂ ਤਾਂ ਜਦੋਂ ਉਹ ਹਿੱਟ ਨਹੀਂ ਸੀ ਤਾਂ ਟੀ.ਵੀ. ਉੱਤੇ ਇਕ-ਇਕ ਗੀਤ ਰਿਕਾਰਡ ਕਰਨ ਲਈ ਵੀ ਕਾਫੀ ਤਰੱਦਦ ਕਰਨਾ ਪੈਂਦਾ ਸੀ। ਇਸ ਤੋਂ ਬਾਅਦ ਤਾਂ ਉਸ ਨੇ ਚੈਨਲ ਉੱਤੇ ਕਿੰਨੇ ਹੀ ਲਾਈਵ ਸ਼ੋਅ ਵੀ ਕੀਤੇ। 26 ਸਤੰਬਰ 2009 ਨੂੰ ਮੈਂ ਉਸ ਦੀ ਇੰਟਵਵਿਊ ਵੀ ਰਿਕਾਰਡ ਕੀਤੀ ਅਤੇ ਇਹ ਵੀ ਉਸ ਦੀ ਅਜਿਹੀ ਪਹਿਲੀ ਇੰਟਰਵਿਊ ਸੀ ਜਿਸ ਵਿਚ ਉਸ ਨੂੰ ਖੁੱਲੀਆ ਗੱਲਾਂ ਕਰਨ ਲਈ 24 ਮਿੰਟ ਦਿੱਤੇ ਗਏ ਸਨ। ਇਨਾਂ 6-7 ਸਾਲਾਂ ਵਿਚ ਸਾਡੀ ਕਈ ਵਾਰ ਮੁਲਾਕਾਤ ਹੋਈ। ਟੈਲੀਵਿਜ਼ਨ ਸਬੰਧੀ ਉਸ ਦੀ ਕੋਈ ਵੀ ਪੁੱਛ-ਪੜਤਾਲ ਹੁੰਦੀ ਤਾਂ ਉਹ ਮੈਨੂੰ ਜ਼ਰੂਰ ਫੋਨ ਕਰਦਾ ਸੀ।

ਲਾਭ ਜੰਜੂਆ ਬਹੁਤ ਹੀ ਸਧਾਰਣ ਬੰਦਾ ਸੀ। ਜਿੱਦਾਂ ਸਿਆਣੇ ਆਖਦੇ ਹਨ ਕਿ ਜਦੋਂ ਰੱਬ ਨੇ ਕਿਸੇ ਨੂੰ ਕੁਝ ਦੇਣਾ ਹੁੰਦਾ ਹੈ ਤਾਂ ਰੱਬ ਖੁਦ ਬੰਦੇ ਨੂੰ ਬਾਹੋਂ ਫੜ ਕੇ ਉਸ ਦੀ ਝੋਲੀ ਭਰ ਦਿੰਦਾ ਹੈ। ਇਹੀ ਕੁਝ ਲਾਭ ਨਾਲ ਹੋਇਆ। ਉਸ ਨੇ ਕਿੰਨਾ ਸਮਾਂ ਸੰਘਰਸ਼ ਕੀਤਾ, ਸਕੂਲ ਵਿਚ ਸੰਗੀਤ ਸਿਖਾਇਆ, ਧੱਕੇ ਖਾਧੇ ਅਤੇ ਸਰੋਤਿਆ ਵਿਚਕਾਰ ਨੋਟਿਸ-ਰਹਿਤ ਰਿਹਾ ਅਤੇ ਜਦੋਂ ਉਸ ਨੂੰ ਆਸ ਹੀ ਨਹੀਂ ਸੀ ਤਾਂ ਉਹ ਵਿਸ਼ਵ ਪੱਧਰ 'ਤੇ ਹਿੱਟ ਹੋ ਗਿਆ। ਖੰਨਾ ਸ਼ਹਿਰ ਦੇ ਕਿੰਨੇ ਹੀ ਸਕੂਲਾਂ ਵਿਚ ਲਾਭ ਜੰਜੂਆ ਆਪਣੇ ਸਾਈਕਲ ਪਿੱਛੇ ਹਾਰਮੋਨੀਅਮ ਰੱਖ ਕੇ ਜਾਇਆ ਕਰਦਾ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਨੂੰ ਉਸ ਨੇ ਸੰਗੀਤ ਸਿਖਾਇਆ। 

ਸਾਲ 2003 ਵਿਚ 'ਬੂਮ' ਫਿਲਮ ਵਿਚ ਆਏ ਉਸ ਦੇ ਗਾਣੇ 'ਮੁੰਡਿਆਂ ਤੋਂ ਬਚ ਕੇ ਰਹੀ' ਤੋਂ ਪਹਿਲਾਂ ਅਤੇ ਕਾਫੀ ਬਾਅਦ ਵਿਚ ਵੀ ਉਹ ਖੰਨਾ ਸ਼ਹਿਰ ਵਿਚ ਜਿਸ ਪੁਰਾਣੇ ਜਿਹੇ ਸਕੂਟਰ ਉੱਤੇ ਘੁੰਮਦਾ ਹੁੰਦਾ ਸੀ ਉਸ ਨੂੰ ਦੇਖ ਕੇ ਬਹੁਤੇ ਸ਼ਹਿਰਵਾਸੀ ਹੈਰਾਨ ਰਹਿ ਜਾਂਦੇ ਸਨ। ਮਸ਼ਹੂਰ ਹੋਣ ਤੋਂ ਬਾਅਦ ਭਾਵੇਂ ਲਾਭ ਜੰਜੂਆ ਨੇ ਰੰਗ-ਬਿਰੰਗੇ ਤੇ ਚਮਕੀਲੇ ਜਿਹੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਸਨ ਪਰ ਦਿਲੋਂ ਉਹ ਚਮਕ-ਦਮਕ ਤੋਂ ਰਹਿਤ ਸੀ। ਉਸ ਦੀਆਂ ਗੱਲਾਂ ਬੜੀਆਂ ਰੌਚਕ ਹੁੰਦੀਆਂ ਸਨ। ਸੁਣਨ ਵਾਲੇ ਦੇ ਚਿਹਰੇ ਤੋਂ ਮੁਸਕਾਨ ਜਾਂਦੀ ਹੀ ਨਹੀਂ ਸੀ। ਉਹਦੀਆਂ ਗੱਲਾਂ ਕਿਸੇ 'ਸਟਾਰ' ਵਰਗੀਆਂ ਨਹੀਂ ਬਲਕਿ ਸਧਾਰਣ ਲੋਕਾਂ ਵਰਗੀਆਂ ਹੁੰਦੀਆਂ ਸਨ। ਵੱਡੀ ਉਮਰ ਵਿਚ ਮਿਲੀ ਕਾਮਯਾਬੀ ਕਰਕੇ ਉਹ ਬੀਤੇ ਸਮੇਂ ਦੇ ਖਲਾਅ ਨੂੰ ਭਰਨ ਦੀ ਕੋਸ਼ਿਸ਼ ਕਰਿਆ ਕਰਦਾ ਸੀ ਅਤੇ ਆਪਣੀ ਕਾਮਯਾਬੀ ਨੂੰ ਬਹੁਤ ਮਾਣ ਨਾਲ ਦੱਸਿਆ ਕਰਦਾ ਸੀ। ਉਸ ਦੇ ਨਾਲ ਕੈਰੀਅਰ ਸ਼ੁਰੂ ਕਰਕੇ ਹਿੱਟ ਹੋਏ ਕਈ ਗਾਇਕਾਂ ਤੋਂ ਉਸ ਨੂੰ ਗਿਲਾ ਸੀ ਕਿ ਹੁਣ ਉਸ ਦੀ ਕਾਮਯਾਬੀ ਅਜਿਹੇ ਗਾਇਕਾਂ ਤੋਂ ਹਜ਼ਮ ਨਹੀਂ ਹੋ ਰਹੀ। 

ਮੈਂ ਜਦੋਂ ਉਸ ਦੀ ਇੰਟਰਵਿਊ ਕੀਤੀ ਸੀ ਤਾਂ ਉਹ ਕਈ ਅਜਿਹੀਆਂ ਗੱਲਾਂ ਵੀ ਖੁਸ਼ੀ-ਖੁਸ਼ੀ ਵਿਚ ਦੱਸ ਗਿਆ ਜੋ ਜ਼ਿਆਦਾ ਗਾਇਕ ਅਕਸਰ ਲੁਕਾ ਜਾਂਦੇ ਹਨ। ਅਦਾਕਾਰੀ ਦਾ ਵੀ ਉਸ ਨੂੰ ਕਾਫੀ ਸ਼ੌਕ ਸੀ। ਭਾਵੇਂ ਇਹ ਗੱਲ ਸੁਣਨ ਵਿਚ ਥੋੜੀ ਹੋਰ ਤਰਾਂ ਦੀ ਲੱਗੇ ਪਰ ਮੈਨੂੰ ਲਾਭ ਜੰਜੂਆ ਕਦੇ ਵੀ ਬਾਲੀਵੁੱਡ ਵਿਚ ਰਚਣ-ਮਿਚਣ ਵਾਲਾ ਨਹੀਂ ਜਾਪਿਆ ਕਿਉਂ ਕਿ ਉਸ ਵਿਚ ਨਾ ਤਾਂ ਬਾਲੀਵੁੱਡ ਵਾਲੀ ਫੂੰ-ਫਾਂ ਸੀ ਅਤੇ ਨਾ ਹੀ ਉਸ ਦੀ ਗੱਲਬਾਤ ਬਾਲੀਵੁੱਡ ਵਰਗਿਆ ਵਰਗੀ ਸੀ। ਪਤਾ ਨਹੀਂ ਕਿਵੇਂ ਉਹ ਹਿੰਦੀ ਫਿਲਮਾਂ ਵਿਚ ਫੱਟੇ ਚੱਕੀ ਤੁਰੀ ਗਿਆ! ਉਸ ਨੂੰ ਮਿਲ ਕੇ ਇਹ ਹੌਂਸਲਾ ਜ਼ਰੂਰ ਹੁੰਦਾ ਸੀ ਕਿ ਬੰਦਾ ਕੋਸ਼ਿਸ਼ ਕਰਦਾ ਰਹੇ ਅਤੇ ਆਪਣੇ ਕੰਮ ਨੂੰ ਲਗਨ ਨਾਲ ਕਰਦਾ ਰਹੇ, ਕਾਮਯਾਬੀ ਦੇਰ-ਸਵੇਰ ਮਿਲ ਹੀ ਜਾਂਦੀ ਹੈ। 

ਜੁਲਾਈ 2013 ਵਿਚ ਲਾਭ ਨੇ ਦਾਰਾ ਸਟੂਡਿਓ ਕਿਸੇ ਇੰਟਰਵਿਊ ਦੇ ਸਿਲਸਿਲੇ ਵਿਚ ਆਉਣਾ ਸੀ। ਮੈਂ ਉਦੋਂ ਤੱਕ ਚੈੱਨਲ ਵਿਚੋਂ ਨੌਕਰੀ ਛੱਡ ਚੁੱਕਾ ਸੀ ਪਰ ਸੀ ਚੰਡੀਗੜ ਵਿਚ ਹੀ। ਉਸ ਦਾ ਫੋਨ ਆਇਆ ਕਿ ਆ ਕੇ ਮਿਲ ਜਾਹ। ਮੈਂ ਜਦੋਂ ਮਿਲਣ ਗਿਆ ਤਾਂ ਕਹਿੰਦਾ, ਨਰਿੰਦਰ ਨਾ ਤਾਂ ਤੂੰ ਕਦੇ ਖੰਨੇ ਮਿਲਦਾ ਤੇ ਚੰਡੀਗੜ ਆ ਕੇ ਵੀ ਸਮਾਂ ਨੀ ਕੱਢਦਾ। ਮੈਂ ਕਿਹਾ, ਬਾਈ ਜੀ ਬਿਜ਼ੀ ਤਾਂ ਜ਼ਿਆਦਾ ਤੁਸੀਂ ਹੋ, ਤੁਸੀਂ ਬਸ ਯਾਦ ਕਰ ਲਿਆ ਕਰੋ, ਮੈਂ ਆ ਜਾਇਆ ਕਰਾਂਗਾ। ਉਸ ਤੋਂ ਬਾਅਦ ਸਾਡੀ ਮੁਲਾਕਾਤ ਤਾਂ ਨਹੀਂ ਹੋਈ ਪਰ ਫੋਨ ਉੱਤੇ ਗੱਲਬਾਤ ਕਈ ਵਾਰ ਹੋਈ। ਇਕ ਗੱਲ ਹੋਰ। ਲਾਭ ਜੰਜੂਆ ਸੰਗ ਭੋਰਾ ਵੀ ਨਹੀਂ ਕਰਦਾ ਸੀ। ਕੋਈ ਚਾਹੇ ਜਾਂ ਨਾ ਚਾਹੇ ਉਹ ਆਪਣੇ ਆਉਣ ਵਾਲੇ ਗੀਤਾਂ ਨੂੰ ਉੱਚੀ ਆਵਾਜ਼ ਵਿਚ ਗਾ ਕੇ ਸੁਣਾ ਹੀ ਦਿੰਦਾ ਸੀ ਅਤੇ ਨਾਲ ਹੀ ਆਖਦਾ,  “ਕਿਉਂ ਇਹ ਗਾਣਾ ਫੇਰ ਪਾ ਦਊਗਾ ਨਾ ਗਾਹ ਜਦੋਂ ਮਾਰਕਿਟ ਵਿਚ ਆ ਗਿਆ।” 

ਪਿਛਲੇ ਦਿਨੀਂ ਸਾਡੀ ਇਕ ਰਿਸ਼ਤੇਦਾਰੀ ਵਿਚੋਂ ਅਮਰੀਕਾ ਤੋਂ ਫੁੱਫੜ ਵਜ਼ੀਰ ਸਿੰਘ ਆਏ ਹੋਏ ਸਨ। ਗੱਲਾਂਬਾਤਾਂ ਦੌਰਾਨ ਮੈਨੂੰ ਇਹ ਗੱਲ ਜਾਣ ਕੇ ਹੈਰਾਨੀ ਹੋਈ ਕਿ 1979 ਵਿਚ ਉਨਾਂ ਦੇ ਵਿਆਹ ਦਾ ਸਿਹਰਾ ਲਾਭ ਜੰਜੂਆ ਨੇ ਗਾਇਆ ਸੀ। ਇਹ ਗੱਲ ਤਾਂ ਮੈਨੂੰ ਪਤਾ ਸੀ ਕਿ ਉਸ ਨੇ ਕੁਝ ਸਾਲ ਸ਼ਬਦ-ਗਾਇਨ ਵੀ ਕੀਤਾ ਹੈ। ਲਾਭ ਜੰਜੂਆ ਦਾ ਜੀਵਨ ਪ੍ਰੇਰਨਾ ਦੇਣ ਵਾਲਾ ਹੈ। ਸੰਘਰਸ਼ ਭਰੇ ਸਮੇਂ 'ਚੋਂ ਨਿਕਲ ਕੇ ਕਾਮਯਾਬੀ ਦੀਆਂ ਪੌੜੀਆਂ ਚੜਨ ਵਾਲਾ ਲਾਭ ਜੰਜੂਆ ਬਹੁਤ ਹੀ ਸਧਾਰਣ ਬੰਦਾ ਸੀ। ਮੁੰਬਈ ਵਿਚਲੀ ਦੁਨੀਆਂ ਵਿਚ ਉੱਚੇ ਮੁਕਾਮ 'ਤੇ ਪਹੁੰਚ ਕੇ ਵੀ ਉਸ ਨੇ ਖੰਨੇ ਸ਼ਹਿਰ ਵਿਚਲੀਆ ਆਪਣੀਆਂ ਜੜਾਂ ਨਹੀਂ ਛੱਡੀਆ ਅਤੇ ਇਕ ਸਧਾਰਣ ਨਾਗਰਿਕ ਵਾਂਗ ਸ਼ਹਿਰ ਵਿਚ ਵਿਚਰਦਾ ਰਿਹਾ। ਉਹ ਦੀਆਂ ਗੱਲਾਂ ਲੰਬਾ ਸਮਾਂ ਯਾਦ ਰਹਿਣਗੀਆਂ।

ਨਰਿੰਦਰ ਪਾਲ ਸਿੰਘ ਜਗਦਿਓ

No comments:

Post a Comment