Wednesday, September 23, 2015

ਦੋ ਗੱਲਾਂ ਦਿਲ ਦੀਆਂ

ਪਿਆਰ 



ਕਿ ਕੁਝ ਕਹਿਣ ਲਈ
ਬਕ-ਬਕ ਕਰਨਾ 
ਜ਼ਰੂਰੀ ਨਹੀਂ ਹੁੰਦਾ
ਇਕ ਚੁੱਪ
ਅੱਖਾਂ ਦੀ ਭਾਸ਼ਾ
ਇਸ ਦਾ ਕੋਈ ਤੋੜ ਨਹੀਂ ਹੁੰਦਾ।
ਮੈਂ ਕੀ ਕਹਾਂ
ਮੈਂ ਕੀ ਲਿਖਾਂ
ਕਿਹੜੇ ਸ਼ਬਦਾਂ ਨੂੰ ਵਰਤਾਂ
ਕਿ ਮੈਂ ਕਵੀ ਨਹੀਂ
ਕੋਈ ਬੁੱਧੀਜੀਵੀ ਨਹੀਂ 
ਬੋਝਲ ਅੱਖਰਾਂ ਦਾ ਜਾਣੂੰ ਨਹੀਂ
ਇਕ ਸਧਾਰਣ ਇਨਸਾਨ
ਜਿਵੇਂ ਤਾਰੀਫ ਕਰਦਾ ਹੈ
ਜਿੱਦਾਂ ਦਿਲ ਦੀ ਕਹਿੰਦਾ ਹੈ
ਓਦਾਂ ਹੀ
ਮੈਂ ਵੀ ਆਖ ਦਿੰਦਾ ਹਾਂ
ਕਿ 
ਮੈਂ ਤੈਨੂੰ ਬਹੁਤ ਪਸੰਦ ਕਰਦਾ ਹਾਂ
ਤੇਰੇ ਨਾਲ ਪਿਆਰ ਕਰਦਾ ਹਾਂ। 




'ਨਵ ਰੀਤ'


ਇਕ 'ਨਵ ਰੀਤ' ਚਲਾਵਾਂਗੇ
ਤੂੰ ਸੁਹਜ, ਸਿਆਣਪ ਤੇ ਸੋਝੀ ਰੱਖੀ
ਆਜ਼ਾਦੀ ਮੈਂ ਦੇਵਾਂਗਾ
ਤੂੰ ਉਡਾਰੀ ਭਰਨ ਦੀ ਕੁਵੱਤ ਰੱਖੀ
ਸੁਨਹਿਰੀ ਖੰਭ ਮੈਂ ਦੇਵਾਂਗਾ
ਤੂੰ ਫਿਕਰਾਂ, ਚਿੰਤਾਵਾਂ ਤੋਂ ਮੁਕਤ ਰਹੀਂ
ਹਾਸੇ ਤੇ ਸ਼ਰਾਰਤਾਂ ਮੈਂ ਦੇਵਾਂਗਾ।
ਕਿ ਤੂੰ ਮੇਰਾ ਹੀ ਰੂਪ ਹੈ
ਅਸੀਂ ਇਕਮਿੱਕ ਹਾਂ
ਜਿੱਦਾਂ ਮੈਂ ਰੀਤਾਂ-ਰਵਾਇਤਾਂ ਤੋਂ ਉਲਟ ਹਾਂ
ਓਦਾਂ ਹੀ ਤੂੰ ਵੀ
'ਨਵਰੀਤ' ਬਣ ਕੇ
ਦੁਨੀਆਂ ਦੇ ਅੰਬਰ 'ਤੇ ਛਾ ਜਾਵੀਂ!
ਆਪਾਂ ਮਿਲ ਕੇ
ਇਕ 'ਨਵ ਰੀਤ' ਚਲਾਵਾਂਗੇ...




Wednesday, September 16, 2015

ਰੂਹਦਾਰੀਆਂ



ਤੇਰੇ ਨਾਲ, 
ਕੁਝ ਰੂਹਦਾਰੀਆਂ, 
ਕੁਝ ਗਿਲੇ-ਸ਼ਿਕਵੇ, 
ਅੰਤਾਂ ਦਾ ਏ ਮੋਹ, 
ਤੇਰੀਆਂ ਤੂੰ ਜਾਣੇ, 
ਸਾਡੇ ਦਿਲ ਵਿਚ ਜੋ, 
ਅਸਾਂ ਦੱਸ ਦਿੱਤਾ ਓਹ। 

ਤੇਰੀਆਂ ਗੱਲਾਂ,
ਤੇਰੇ ਈ ਵਾਂਗੂੰ,
ਸ਼ਹਿਦ ਜਿਹੀਆਂ ਨੇ, 
ਮਿੱਠੇ ਸ਼ੱਕਰ ਪਾਰੇ, 
ਗੱਲ ਸੁਣਾਂ, ਮੈਂ ਭਰਾਂਗਾ-
ਦਿਨ-ਰਾਤੀਂ ਬਹਿਕੇ, 
ਸਾਰੀ ਉਮਰ ਹੁੰਗਾਰੇ। 

ਇਕ ਗਲਵੱਕੜੀ, 
ਇਕ ਤੂੰ ਇਕ ਮੈਂ, 
ਫਰਕ ਹੈ ਕਿਹੜਾ? 
ਤੇਰੀ ਹਾਂ ਮੇਰੀ ਹਾਂ ਹੈ, 
ਸਾਡਾ ਵੰਡਿਆਂ ਕੁਝ ਨਾ, 
ਤੂੰ ਤੇ ਮੈਂ, 
ਗੱਲ ਇਕ ਹੀ ਤਾਂ ਹੈ! 

ਤੇਰੇ ਬਿਨ, 
ਕਾਹਦੇ ਖੁਸ਼ੀਆਂ-ਖੇੜੇ, 
ਕਾਹਦਾ ਹਾਸਾ-ਠੱਠਾ, 
ਸੁੱਖ ਸਭ ਤੇਰੇ ਨਾਲ, 
ਨੀ ਕਮਲੀਏ ਝੱਲੀਏ, 
ਗੱਲ ਸਮਝ ਜਾਇਆ ਕਰ, 
ਮੈਂ ਕਿਹੜਾ ਪਾਏ ਸਵਾਲ?

Thursday, September 3, 2015

ਖਾਸਮ-ਖਾਸ !

ਜਦੋਂ ਕੋਲ ਸੈਂ ਤਾਂ ਦਿਲੋਂ ਦੂਰ ਸੀ, 
ਹੁਣ ਦੂਰ ਐਂ ਤਾਂ ਜਾਪਦੈ ਆਸ-ਪਾਸ,
ਓਦੋਂ ਭੀੜ ਦਾ ਹਿੱਸਾ ਲੱਗਦਾ ਸੈਂ, 
ਹੁਣ ਬਣੀਂ ਬੈਠਾ ਏ ਖਾਸਮ-ਖਾਸ! 

ਚਿੱਤ ਕਰਦਾ ਹਰ ਪਲ ਵੇਖਾਂ ਤੈਨੂੰ, 
ਪਰ ਦੇਖ ਨੀਂ ਸਕਦਾ ਭੋਰਾ ਉਦਾਸ!
ਜਿਸਮਾਨੀ ਦੂਰੀ ਜਿੱਦਾਂ ਧਰਤ ਅਕਾਸ਼, 
ਰੂਹਾਂ ਦਾ ਫਾਸਲਾ ਜਿਉਂ ਨਹੁੰ ਤੇ ਮਾਸ।

ਦੋ ਕੰਮ ਕਰੀਂ ਨਾ ਜ਼ਿੰਦਗੀ ਵਿਚ ਤੂੰ, 
ਇਕ ਦਿਲ ਤੋੜਨਾ, ਦੂਜਾ ਵਿਸ਼ਵਾਸ।
ਕਦੀਂ ਮੇਰੀ ਹਿੰਮਤ ਜੇ ਡਗਮਗਾਈ,
ਦੇਵੀਂ ਹੌਂਸਲਾ ਨਾ ਕਿ ਝੂਠਾ ਧਰਵਾਸ।

ਅਰਾਮ ਨਾਲ ਬਹਿ ਜਦ ਤੱਕਿਆ ਤੈਨੂੰ,
ਲੁੱਟ ਲਿਆ ਚੈਨ ਉੱਡੇ ਹੋਸ਼ ਹਵਾਸ। 
ਸਾਡਾ ਵਿਚ ਪਹਾੜਾਂ ਇਕ ਘਰ ਹੋਵੇ, 
ਕਰਾਂ ਕਦੇ-ਕਦੇ ਮੈਂ ਇਹ ਅਰਦਾਸ।

'ਕੱਲ੍ਹਾ ਦੀਪ ਨਾ ਕਿਸੇ ਕੰਮ ਦਾ ਹੁੰਦਾ, 
ਬਿਨ ਰੋਸ਼ਨੀ ਪੁੱਛਦਾ ਕਿਹੜਾ ਬਾਤ? 
ਹੀਰ ਦੇ ਨਾਲ ਰਾਂਝਾ ਹੀ ਜੱਚਦਾ, 
ਸਾਡੀ ਵੀ ਜੋੜੀ ਉਂਝ ਲੱਗਦੀ ਖਾਸ। 

ਗੱਲ ਸਮਝ ਨਾ ਆਵੇ, ਪੁੱਛ ਲਵੀਂ, 
ਐਵੀਂ ਨਾ ਕਹੀਂ, ਇਹ ਕੀ ਬਕਵਾਸ!