Tuesday, October 29, 2013

ਸਮਾਂ ਉਹ ਵੀ ਨਹੀਂ ਪਰਤਣਾ !


                      

                                                                 
(if anyone have picture of NATRAJ CINEMA, KHANNA, kindly email me at npsjagdeo@gmail.com) 


      ਕੁਝ ਸਮਾਂ ਬੰਦ ਰਹਿਣ ਤੋਂ ਬਾਅਦ ਜਦੋਂ ਨਵੇਂ ਰੰਗ-ਰੂਪ 'ਚ ਖੰਨੇ ਸ਼ਹਿਰ ਵਾਲਾ 'ਨਟਰਾਜ' ਸਿਨੇਮਾ ਸ਼ੁਰੂ ਹੋਇਆ ਸੀ ਤਾਂ ਸ਼ਹਿਰਵਾਸੀਆਂ ਤੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਲਿਸ਼ਕਵੀਆਂ ਕੰਧਾਂ, ਆਰਾਮਦਾਇਕ ਕੁਰਸੀਆਂ, ਹਵਾਦਾਰ ਹਾਲ, ਸਪੈਸ਼ਲ ਬਾਕਸ ਤੇ ਇਸ ਦੀ ਨਵੀਂ ਰੰਗਤ ਲਾਜਵਾਬ ਸੀ।ਉਨ੍ਹਾਂ ਦਿਨਾਂ 'ਚ ਮੇਰੀ ਉਮਰ ਦੇ ਸਾਰੇ ਮੁੰਡੇ ਸਾਰਾ-ਸਾਰਾ ਦਿਨ ਨਟਰਾਜ ਦੀਆਂ ਗੱਲਾਂ ਕਰਦੇ ਥੱਕਦੇ ਹੀ ਨਹੀਂ ਹੁੰਦੇ ਸੀ।

     ਮੈਂ ਫਿਲਮਾਂ ਕਾਫੀ ਘੱਟ ਦੇਖਦਾ ਹਾਂ। ਉਨ੍ਹਾਂ ਦਿਨਾਂ 'ਚ ਜਦੋਂ ਮੇਰੇ ਸਾਰੇ ਜਮਾਤੀ 'ਦਿਲਵਾਲੇ ਦੁਲਹਨੀਆਂ ਲੇ ਜਾਏਂਗੇ' ਕਈ-ਕਈ ਵਾਰ ਦੇਖ ਆਏ ਸਨ ਤਾਂ ਮੈਂ ਵੀ 11ਵੇਂ ਹਫਤੇ ਉਹ ਫਿਲਮ ਨਟਰਾਜ 'ਚ ਦੇਖੀ ਸੀ। ਫਿਲਮ ਨਾਲੋਂ ਜ਼ਿਆਦਾ ਮੈਨੂੰ ਸਿਨੇਮੇ ਦੀ ਨਵੀਂ ਰੰਗਤ ਨੇ ਪ੍ਰਭਾਵਿਤ ਕੀਤਾ।

      ਇਸ ਤੋਂ ਪਹਿਲਾਂ ਜਦੋਂ ਮੇਰੇ ਨਾਨਕੇ ਸ਼ਹਿਰ ਸਮਰਾਲੇ 'ਚ 'ਦਿਲਮਨ ਪੈਲੇਸ' ਸਿਨੇਮਾ ਸ਼ੁਰੂ ਹੋਇਆ ਸੀ ਤਾਂ ਅੰਦਰੋਂ ਉਹ ਵੀ ਨਟਰਾਜ ਦਾ ਭੁਲੇਖਾ ਪਾਉਂਦਾ ਸੀ। ਮੈਨੂੰ ਉਦੋਂ ਵੀ ਬਹੁਤ ਖੁਸ਼ੀ ਹੋਈ ਸੀ ਕਿਉਂ ਕਿ ਹੁਣ ਫਿਲਮਾਂ ਦੇਖਣੀਆਂ 'ਸੌਖਾ ਕੰਮ' ਹੋ ਗਿਆ ਸੀ। ਸੁਰਤ ਸੰਭਾਲਣ ਤੋਂ ਬਾਅਦ ਸ਼ਾਇਦ ਪਹਿਲੀ ਫਿਲਮ ਮੈਂ 1990 'ਚ ਖੰਨੇ ਸ਼ਹਿਰ ਦੇ ਸਭ ਤੋਂ ਪੁਰਾਣੇ ਸਿਨੇਮੇ 'ਨਾਵਲਟੀ' 'ਚ 'ਮੈਨੇ ਪਿਆਰ ਕੀਆ' ਦੇਖੀ ਸੀ। ਉਸ ਦਿਨ ਕਰੂਏ ਦੇ ਵਰਤ ਸਨ ਅਤੇ ਸਿਨੇਮਾ 'ਚ 'ਲੇਡੀਜ਼ ਸਪੈਸ਼ਲ' ਸ਼ੋਅ ਦਾ ਇੰਤਜ਼ਾਮ ਕੀਤਾ ਗਿਆ ਸੀ। ਜਦੋਂ ਮੇਰੀ ਅੰਮੀ, ਚਾਚੀ ਤੇ ਭੂਆ ਨੇ ਫਿਲਮ ਦੇਖ ਕੇ ਆਉਣ ਦੀ ਗੱਲ ਕਹੀ ਤਾਂ ਅਸੀਂ ਜਵਾਕ ਖੁਸ਼ੀ 'ਚ ਉੱਛਲ ਪਏ ਸਾਂ।

     ਮੈਂ ਹੁਣ ਤੱਕ ਜਿੰਨੀਆ ਕੁ ਫਿਲਮਾਂ ਸਿਨੇਮਾ 'ਚ ਜਾ ਕੇ ਦੇਖੀਆਂ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਫਿਲਮਾਂ ਉੱਪਰ ਦੱਸੇ ਸਿਨੇਮਿਆਂ 'ਚ ਹੀ ਦੇਖੀਆਂ ਹਨ। ਮੇਰੀਆਂ ਬਹੁਤ ਸਾਰੀਆਂ ਯਾਦਾਂ ਇਨ੍ਹਾਂ ਨਾਲ ਜੁੜੀਆਂ ਹੋਈਆਂ ਹਨ। 13-14 ਕੁ ਸਾਲ ਪਹਿਲਾਂ ਆਪਣੇ ਚਚੇਰੇ ਭਰਾ ਜੱਗੀ ਕੋਲ ਅਹਿਮਦਾਬਾਦ ਜਾ ਕੇ ਜਦੋਂ ਪਹਿਲੀ ਵਾਰ ਮਲਟੀਪਲੈਕਸ ਸਿਨੇਮਾ 'ਚ ਫਿਲਮ ਦੇਖੀ ਸੀ ਤਾਂ ਮੈਂ ਹੱਕਾ-ਬੱਕਾ ਰਹਿ ਗਿਆ ਸੀ।

     ਉਨ੍ਹਾਂ ਦਿਨਾਂ 'ਚ ਮੇਰੇ ਲਈ ਮਲਟੀਪਲੈਕਸ ਸਿਨੇਮੇ ਹੈਰਾਨ ਕਰਨ ਵਾਲੇ ਸਨ। ਨਾ ਤਾਂ ਉੱਥੇ ਟਿਕਟ ਖਿੜਕੀ 'ਤੇ ਲੰਬੀਆਂ-ਲੰਬੀਆਂ ਕਤਾਰਾਂ ਸਨ, ਨਾ ਹੀ ਕੋਈ ਟਿਕਟਾਂ ਬਲੈਕ ਕਰ ਰਿਹਾ ਸੀ, ਹਾਲ ਏਨਾ ਠੰਡਾ ਸੀ ਕਿ ਕਾਂਬਾ ਛਿੜਦਾ ਸੀ, ਕੋਈ ਘੈਂਟ ਜਿਹਾ ਸੀਨ ਆਉਣ 'ਤੇ ਕੋਈ ਸੀਟੀ ਨਹੀਂ ਵਜਾ ਰਿਹਾ ਸੀ ਅਤੇ ਨਾ ਹੀ ਸਾਡੇ ਸਿਨੇਮਿਆਂ ਵਾਂਗ ਅੰਦਰ ਚੀਕ-ਚਿਹਾੜਾ ਪੈ ਰਿਹਾ ਸੀ। ਹੋਰ ਤਾਂ ਹੋਰ ਸਿਨੇਮਾ ਹਾਲ ਦੇ ਬਾਹਰ ਇਕ ਪੂਰਾ ਬਜ਼ਾਰ ਸਜਿਆ ਹੋਇਆ ਸੀ। ਜੇ ਫਿਲਮ ਦੇਖਣੀ ਹੈ ਤਾਂ ਫਿਲਮ ਦੇਖ ਲਓ ਨਹੀਂ ਤਾਂ ਦੁਕਾਨਾਂ, ਸ਼ੋਅਰੂਮਾਂ 'ਤੇ ਘੁੰਮ ਆਓ। ਮੈਂ ਵਾਪਸ ਪੰਜਾਬ ਆ ਕੇ ਕਿੰਨਾ ਸਮਾਂ ਇਹ ਗੱਲਾਂ ਦੋਸਤਾਂ ਨੂੰ ਸੁਣਾਉਂਦਾ ਤੇ ਸਮਝਾਉਂਦਾ ਰਿਹਾ।

      ਖੈਰ, ਕੁਝ ਦਿਨ ਪਹਿਲਾਂ ਸੰਗਰੂਰ ਵਾਲੇ ਵਿਕਰਮ ਨੇ ਫੇਸਬੁੱਕ 'ਤੇ ਫਿਲਮ 'ਜੀ ਆਇਆ ਨੂੰ' ਦਾ ਪੋਸਟਰ ਸਾਂਝਾ ਕੀਤਾ ਜਿਸ 'ਤੇ ਲਿਖਿਆ ਹੋਇਆ ਸੀ ਕਿ ਫਿਲਮ ਫਲਾਣੀ ਤਾਰੀਖ ਨੂੰ ਫਲਾ-ਫਲਾ ਸਿਨੇਮਿਆਂ 'ਚ ਰਿਲਿਜ਼ ਹੋ ਰਹੀ ਹੈ। ਇਸ ਪੋਸਟਰ 'ਚ ਦੋ ਸਿਨੇਮਿਆਂ ਨੇ ਮੇਰਾ ਖਾਸ ਧਿਆਨ ਖਿੱਚਿਆ, ਇਕ ਸੀ ਨਟਰਾਜ-ਖੰਨਾ ਤੇ ਦੂਜਾ ਭਾਗ-ਮੋਗਾ। ਸਿਨੇਮਿਆਂ ਨਾਲ ਜੁੜੀਆਂ ਮੇਰੀਆਂ ਕਿੰਨੀਆਂ ਹੀ ਯਾਦਾਂ ਤਾਜ਼ਾ ਹੋ ਗਈਆਂ।

     ਖੰਨਾ ਸ਼ਹਿਰ 'ਚ ਨਟਰਾਜ ਤੇ ਨਾਵਲਟੀ ਸਿਨੇਮਾ ਦੀ ਹੁਣ ਕੋਈ ਹੋਂਦ ਬਾਕੀ ਨਹੀਂ ਰਹੀ। ਨਟਰਾਜ ਦੀ ਇਕ ਵੀ ਇੱਟ ਬਾਕੀ ਨਹੀਂ ਬਚੀ। ਸਿਨੇਮਾ ਵਾਲੀ ਥਾਂ 'ਤੇ ਘਾਹ-ਫੂਸ ਉੱਗਿਆ ਪਿਆ ਹੈ। ਪੱਧਰੇ ਮੈਦਾਨ ਦੇ ਇਕ ਪਾਸੇ ਨੂੰ ਸਾਫ ਕਰਕੇ ਕੁਝ ਨੌਜਵਾਨ ਸ਼ਾਮ ਵੇਲੇ ਉੱਥੇ ਵਾਲੀਵਾਲ ਖੇਡਦੇ ਹਨ। ਉਹ ਵੀ ਸਮਾਂ ਸੀ ਜਦੋਂ ਇਸੇ ਥਾਂ 'ਤੇ ਸ਼ਾਮ ਨੂੰ ਰੌਣਕਾਂ ਲੱਗਿਆ ਕਰਦੀਆਂ ਸਨ!

     ਨਾਵਲਟੀ ਸਿਨੇਮਾ ਢਾਹ ਕੇ ਉਸ ਜਗ੍ਹਾਂ ਮਾਰਕਿਟ ਉਸਾਰ ਦਿੱਤੀ ਗਈ ਹੈ। 'ਦਿਲਮਨ ਪੈਲੇਸ' ਤਾਂ ਇਸ ਤੋਂ ਵੀ ਕਈ ਸਾਲ ਪਹਿਲਾਂ ਦੀ ਢਾਹ ਦਿੱਤਾ ਗਿਆ ਸੀ। ਮੋਗੇ ਸ਼ਹਿਰ 'ਚ ਨੌਕਰੀ ਕਰਦਿਆਂ ਮੈਂ ਰੋਜ਼ਾਨਾ ਭਾਗ ਸਿਨੇਮਾ ਦੇ ਅੱਗਿਓਂ ਲੰਘਦਾ ਸਾਂ। ਬੰਦ ਪਏ ਸਿਨੇਮਾ ਦੇ ਆਸ-ਪਾਸ ਘਾਹ-ਬੂਟੀਆਂ ਉੱਗੀਆਂ ਪਈਆਂ ਹਨ ਅਤੇ ਜ਼ਿਮਨੀ ਚੋਣ-2013 'ਚ ਇਕ ਸਿਆਸੀ ਪਾਰਟੀ ਨੇ ਉੱਥੇ ਆਪਣਾ ਦਫਤਰ ਬਣਾਇਆ ਹੋਇਆ ਸੀ।

     ਖੰਨਾ ਸ਼ਹਿਰ ਦੇ ਆਰੀਆ ਸਕੂਲ 'ਚ ਪੜ੍ਹੇ ਉਨ੍ਹਾਂ ਵਿਦਿਆਰਥੀਆਂ ਨੂੰ ਯਾਦ ਹੋਵੇਗਾ ਕਿ ਉਨ੍ਹਾਂ ਦਿਨਾਂ 'ਚ ਅੱਠ ਵਜੇ ਸਕੂਲ ਲੱਗਣ ਤੋਂ ਕੁਝ ਸਮਾਂ ਬਾਅਦ ਕੁਝ ਮਾਸਟਰਾਂ ਦਾ ਟੋਲਾ ਨਟਰਾਜ ਸਿਨੇਮਾ 'ਚ ਲੁਕ ਕੇ ਬੈਠ ਜਾਂਦਾ ਸੀ। ਜਿਹੜਾ-ਜਿਹੜਾ ਵਿਦਿਆਰਥੀ ਸਵੇਰੇ 9 ਵਜੇ ਵਾਲੇ ਸ਼ੋਅ 'ਚ ਉਨ੍ਹਾਂ ਨੂੰ ਮਿਲ ਜਾਂਦਾ, ਉਸਦੀ ਖੜਕੈਂਤੀ ਕਰਦੇ ਦੀ ਉਹ ਉਸ ਨੂੰ ਸਕੂਲ ਲੈ ਆਉਂਦੇ ਸੀ। ਕਿਆ ਸਮਾਂ ਸੀ ਉਹ ਵੀ!

    ਨਟਰਾਜ, ਨਾਵਲਟੀ, ਦਿਲਮਨ ਪੈਲੇਸ ਅਤੇ ਭਾਗ ਵਾਂਗ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ 'ਚ ਪੁਰਾਣੀ ਦਿੱਖ ਵਾਲੇ 'ਸਿੰਗਲ ਸਕਰੀਨ' ਸਿਨੇਮਾ ਬੰਦ ਹੋ ਚੁੱਕੇ ਹਨ ਜਾਂ ਬੰਦ ਹੋਣ ਕਿਨਾਰੇ ਪਏ ਹਨ। ਸਿਨੇਮਿਆਂ ਦੇ ਗੜ੍ਹ ਵੱਜੋਂ ਜਾਣੇ ਜਾਂਦੇ ਲੁਧਿਆਣਾ ਅਤੇ ਜਲੰਧਰ 'ਚ ਵੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਕਈ ਸ਼ਹਿਰਾਂ ਦੇ ਸਿਨੇਮਾ ਉੱਥੋਂ ਦੀ ਪਹਿਚਾਣ ਸਨ। ਮੇਰੇ ਯਾਦ ਹੈ ਜਲੰਧਰ ਕੰਮ ਕਰਦਿਆਂ ਸਾਲ 2005 'ਚ ਕਿਸੇ ਖਬਰ ਦੇ ਸਿਲਸਿਲੇ 'ਚ ਮੈਂ ਰਾਜ ਕਪੂਰ ਸਾਹਿਬ ਦੀਆਂ ਫਿਲਮਾਂ ਦੇ ਇਕ ਡਿਸਟ੍ਰੀਬਿਊਟਰ ਨੂੰ ਮਿਲਿਆ ਸੀ। ਗੱਲਾਂ ਕਰਦਿਆਂ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਮੈਂ ਖੰਨਾ ਸ਼ਹਿਰ ਦਾ ਰਹਿਣ ਵਾਲਾ ਹਾਂ ਤਾਂ ਉਹ ਅੱਗੋਂ ਕਹਿੰਦੇ “ ਓ ਅੱਛਾ, ਨਾਵਲਟੀ ਸਿਨੇਮਾ ਤੋਂ ਤੁਹਾਡਾ ਘਰ ਕਿੰਨਾ ਕੁ ਦੂਰ ਹੈ?”

      ਇਨ੍ਹਾਂ ਸਿਨੇਮਿਆਂ ਦਾ ਆਪਣਾ ਇਕ ਇਤਿਹਾਸ ਹੈ, ਆਪਣੀ ਇਕ ਕਹਾਣੀ ਹੈ ਅਤੇ ਅਣਗਿਣਤ ਲੋਕਾਂ ਦੀਆਂ ਅਨੇਕਾਂ ਯਾਦਾਂ ਇਨ੍ਹਾਂ ਨਾਲ ਜੁੜੀਆਂ ਹੋਈਆਂ ਹਨ। ਮੌਜੂਦਾ ਬਾਜ਼ਾਰੀ ਢਾਂਚੇ ਨੇ ਭਾਵੇਂ ਸਿਨੇਮਾ ਨੂੰ ਇਕ ਨਵੀਂ ਪਹਿਚਾਣ ਅਤੇ ਰੰਗਤ ਦਿੱਤੀ ਹੈ ਪਰ 'ਸਿੰਗਲ ਸਕਰੀਨ' ਸਿਨੇਮਿਆਂ ਦੀ ਟੌਅਰ ਵੱਖਰੀ ਹੈ, ਸੀ ਅਤੇ ਰਹੇਗੀ। 

  ਨਰਿੰਦਰ ਪਾਲ ਸਿੰਘ ਜਗਦਿਓ

No comments:

Post a Comment