Saturday, September 8, 2012

ਗਾਇਕੀ ਦਾ ਕੀੜਾ !


ਇਹ ਗੱਲ ਅਗਸਤ 2010 ਦੀ ਹੈ। ਗਾਇਕ ਮੁਕੇਸ਼ ਦੀ ਬਰਸੀ ਸਬੰਧੀ ਚੰਡੀਗੜ੍ਹ 'ਚ ਕੋਈ ਸਮਾਗਮ ਹੋਣਾ ਸੀ। ਕਿਸੇ ਨਿੱਜੀ ਸੰਸਥਾ ਵੱਲੋਂ ਪ੍ਰੋਗਰਾਮ ਉਲੀਕਿਆਂ ਗਿਆ ਸੀ। ਮੁਕੇਸ਼ ਨੇ ਹਿੰਦੀ ਫਿਲਮਾਂ 'ਚ ਸਭ ਤੋਂ ਜ਼ਿਆਦਾ 91 ਗੀਤ ਸੰਗੀਤਕਾਰ ਜੋੜੀ ਕਲਿਆਣ ਜੀ-ਆਨੰਦ ਜੀ ਦੇ ਨਿਰਦੇਸ਼ਨ ਹੇਠ ਗਾਏ ਹਨ। ਹਾਂਲਾਕਿ ਮੁਕੇਸ਼ ਦਾ ਦਿਹਾਂਤ 27 ਅਗਸਤ 1976 'ਚ ਹੋ ਗਿਆ ਸੀ ਪਰ ਅੱਜ ਵੀ ਉਸਦੇ ਗਾਏ ਗੀਤਾਂ ਦੇ ਪ੍ਰਸੰਸਕਾਂ ਦੀ ਕੋਈ ਕਮੀ ਨਹੀਂ ਹੈ। 


ਇਸ ਪ੍ਰੋਗਰਾਮ ਸਬੰਧੀ ਸੰਗੀਤਕਾਰ ਆਨੰਦ ਜੀ ਚੰਡੀਗੜ੍ਹ ਆਏ ਹੋਏ ਸਨ (ਕਲਿਆਣ ਜੀ ਦਾ ਦਿਹਾਂਤ ਹੋ ਚੁੱਕਾ ਹੈ)। ਪ੍ਰਬੰਧਕਾਂ ਨੇ ਸਮਾਗਮ ਤੋਂ ਇਕ ਦਿਨ ਪਹਿਲਾਂ ਸੈਕਟਰ 10 'ਚ ਹੋਟਲ ਮਾਊਂਟਵਿਊ 'ਚ ਆਨੰਦ ਜੀ ਨਾਲ ਕੁਝ ਗਿਣਵੇਂ ਜਿਹੇ ਪੱਤਰਕਾਰਾਂ ਦਾ ਇਕ ਮਿਲਣੀ ਪ੍ਰੋਗਰਾਮ ਫਿਕਸ ਕਰ ਲਿਆ। ਮੈਨੂੰ ਵੀ ਸੱਦਾ ਆ ਗਿਆ ਸੀ। ਹਾਂਲਾਕਿ ਮੈਂ ਬਹੁਤੀਆਂ ਰਾਜਨੀਤਿਕ ਖਬਰਾਂ ਹੀ ਕਵਰ ਕਰਦਾ ਸੀ ਪਰ ਕਦੇ-ਕਦਾਈਂ ਖੇਡਾਂ ਜਾਂ ਸਭਿਆਚਾਰਕ ਬੀਟ ਵੀ ਕਵਰ ਕਰ ਲੈਂਦਾ ਸੀ। ਹਿੰਦੀ ਸੰਗੀਤ ਮੈਂ ਕਾਫੀ ਘੱਟ ਸੁਣਦਾ ਹਾਂ ਤੇ ਇਸ ਸਬੰਧੀ ਮੇਰੀ ਜਾਣਕਾਰੀ ਵੀ ਸੀਮਤ ਜਿਹੀ ਹੀ ਹੈ। ਇਸ ਲਈ ਜਾਣ ਦਾ ਕੋਈ ਮੂਡ ਤਾਂ ਨਹੀਂ ਸੀ ਪਰ ਚਲਾ ਗਿਆ। 

ਹੋਟਲ ਦੇ ਰੈਸਟੋਰੈਂਟ 'ਚ ਬੈਠਾ ਇਕ ਮਧਰੇ ਜਿਹੇ ਕੱਦ ਦਾ ਸਧਾਰਣ ਜਿਹੀ ਦਿੱਖ ਵਾਲਾ ਬਜ਼ੁਰਗ ਆਪਣੇ ਵੇਲੇ ਦੀਆਂ ਕਈ ਯਾਦਾਂ ਸਾਂਝੀਆਂ ਕਰ ਰਿਹਾ ਸੀ। ਇਹੀ ਗੁਜਰਾਤੀ ਬਾਬੂ ਆਨੰਦ ਜੀ ਸਨ। ਜਾ ਕੇ ਮੈਂ ਵੀ ਬੈਠ ਗਿਆ। ਪੱਤਰਕਾਰਾਂ ਦੀ ਕਤਾਰ 'ਚ ਜ਼ਿਆਦਾ ਕੁੜੀਆਂ ਬੈਠੀਆਂ ਸਨ। ਆਮ ਜਿਹੀਆਂ ਗੱਲਾਂ ਹੋ ਰਹੀਆਂ ਸਨ। ਮਾਹੌਲ ਕਾਫੀ ਖੁਸ਼ਗਵਾਰ ਸੀ। ਆਨੰਦ ਜੀ ਸਾਰਿਆਂ ਨਾਲ ਗੱਲਾਂ ਕਰ ਰਹੇ ਸਨ। ਸਾਰੇ ਜਣੇ ਸਵਾਲ ਕਰ ਰਹੇ ਸਨ। ਕਈ ਜਗਿਆਸਾਵਾਂ ਹੋਟਲ ਦੇ ਵੇਟਰਾਂ ਨੇ ਵੀ ਆਨੰਦ ਜੀ ਤੋਂ ਸਵਾਲ ਪੁੱਛ ਕੇ ਸ਼ਾਂਤ ਕੀਤੀਆਂ। ਮੈਂ ਅਕਸਰ ਪ੍ਰੈੱਸ ਕਾਨਫਰੰਸਾਂ 'ਚ ਸਵਾਲ ਬਹੁਤ ਘੱਟ ਕਰਿਆਂ ਕਰਦਾ ਸੀ।  

ਆਨੰਦ ਜੀ ਮੈਨੂੰ ਚੁੱਪ ਬੈਠਿਆਂ ਦੇਖ ਕੇ ਕਹਿੰਦੇ “ਅਰੇ ਸਰਦਾਰ ਜੀ ਆਪ ਭੀਂ ਪੂਛੋ ਕੁਝ?” ਮੈਂ ਉਨ੍ਹਾਂ ਨੂੰ ਵਾਰੀ-ਵਾਰੀ ਚਾਰ-ਪੰਜ ਸਵਾਲ ਕੀਤ ਜਿਵੇਂ ਤੁਸੀਂ ਧੁਨ ਪਹਿਲਾਂ ਤਿਆਰ ਕਰਦੇ ਸੀ ਜਾਂ ਗੀਤ ਪਹਿਲਾਂ ਲਿਖਵਾਇਆ ਕਰਦੇ ਸੀ, ਹਾਈ ਪਿੱਚ 'ਤੇ ਲਿਖੇ/ਗਾਏ ਕਈ ਗੀਤਾਂ 'ਚ ਤੁਹਾਡੇ ਸਮੇਂ ਦੇ ਸੰਗੀਤਕਾਰ/ਗੀਤਕਾਰ ਨਿਰਾਰਥਕ ਸ਼ਬਦਾਂ ਦੀ ਬਹੁਤ ਵਰਤੋਂ ਕਰਦੇ ਸਨ, ਇਕੋ ਵਾਰ 'ਚ ਰਿਕਾਰਡਿੰਗ ਕਰਨ ਲਈ ਕਿੰਨੀ ਵਾਰ ਪ੍ਰੈਕਟਿਸ ਕੀਤੀ ਜਾਂਦੀ ਸੀ, ਕਿਹੜਾ ਸੰਗੀਤਕ ਯੰਤਰ ਵੱਖੋ-ਵੱਖਰੇ ਸੰਗੀਤਕਾਰਾਂ ਦਾ ਪੱਕਾ ਸੀ ਜਿਸ ਨੂੰ ਉਹ ਆਪਣੇ ਹਰੇਕ ਗੀਤ 'ਚ ਵਰਤਿਆ ਕਰਦਾ ਸੀ ਆਦਿ। ਸੰਗੀਤ ਨਾਲ ਜੁੜੀਆਂ ਹੋਰ ਵੀ ਕਈ ਗੱਲਾਂ ਹੋਈਆਂ। 

ਵਾਹ ਸਰਦਾਰ ਜੀ! ਮਜ਼ਾ ਆ ਗਿਆ ਆਪ ਸੇ ਬਾਤ ਕਰਕੇ! ਆਪ ਹਾਈ ਪਿੱਚ ਪੇ ਗਾਤੇ ਹੋ ਕਿਆ? ਆਨੰਦ ਜੀ ਦਾ ਸਵਾਲ ਸੁਣ ਕੇ ਮੈਂ ਹੱਸ ਪਿਆ। ਮੈਂ ਕਿਹਾ ਤੁਸੀਂ ਕਿਵੇਂ ਅੰਦਾਜ਼ਾ ਲਾ ਲਿਆ ਕਿ ਮੈਂ ਗਾਉਂਦਾ ਹਾਂ? ਆਨੰਦ ਜੀ ਮੂੰਹ 'ਚ ਪਾਨ-ਮਸਾਲਾ ਪਾਉਂਦਿਆਂ ਕਹਿੰਦੇ “ ਮੈਨੇ ਸੁਨਾ ਹੈ ਪੰਜਾਬ ਮੇਂ ਆਜ ਕਲ ਬਹੁਤ ਸੇ ਸਿੰਗਰ ਪੈਦਾ ਹੋ ਗਏ ਹੈ, ਜਿਨ ਕੋ ਸੰਗੀਤ ਕਾ ਕੁਝ ਭੀ ਨਹੀਂ ਪਤਾ ਵੋਹ ਭੀ ਗਾ ਰਹੇ ਹੈ। ਆਪ ਕੋ ਤੋਂ ਸੰਗੀਤ ਕੇ ਬਾਰੇ ਮੇਂ ਲਗਤਾ ਹੈ ਕਾਫੀ ਕੁਝ ਪਤਾ ਹੈ।ਬਾਕੀ ਆਪ ਕੀ ਆਵਾਜ਼ ਮੇਂ ਭੀ ਮਿਠਾਸ ਮਹਿਸੂਸ ਕੀ ਹੈ ਮੈਨੇ। ਮੈਂ ਬੜਾ ਹੱਸਿਆ ਅਤੇ ਕਿਹਾ ਮੈਂ ਨਾ ਤਾਂ ਕਦੇ ਗਾਇਆ ਹੈ ਅਤੇ ਨਾ ਗਾ ਸਕਦਾ ਹਾਂ। ਬਾਕੀ ਸੰਗੀਤ ਬਾਰੇ ਮੈਂ ਤਾਂ ਸਧਾਰਣ ਜਿਹੇ ਹੀ ਸਵਾਲ ਪੁੱਛੇ ਸੀ ਜੋ ਮੇਰੇ ਜ਼ਿਹਨ ਵਿਚ ਸੀ। 
“ਨਹੀਂ ਯੇ ਬਾਤ ਨਹੀਂ, ਆਪ ਭੀ ਗਾ ਸਕਤੇ ਹੋ ਜਬ ਸਾਰਾ ਪੰਜਾਬ ਗਾ ਰਹਾ ਹੈ।” ਗੱਲ ਹਾਸੇ-ਮਜ਼ਾਕ 'ਚ ਆਈ-ਗਈ ਹੋ ਗਈ। ਬਾਅਦ 'ਚ ਮੈਂ ਹੱਸਦਿਆਂ ਇਸ ਗੱਲ ਦਾ ਜ਼ਿਕਰ ਕਈਆਂ ਕੋਲ ਕੀਤਾ ਕਿ ਆਨੰਦ ਜੀ ਨੂੰ ਮੇਰੇ 'ਚ ਇਕ ਉੱਭਰ ਰਿਹਾ ਪੰਜਾਬੀ ਗਾਇਕ ਦਿਸਿਆ ਹੈ। ਮੇਰੇ ਕਈ ਜਾਣਕਾਰਾਂ ਨੇ ਮਜ਼ਾਕ 'ਚ ਇਹ ਵੀ ਕਿਹਾ ਕਿ ਹੁਣ ਤੂੰ ਵੀ ਹੋਰਨਾਂ ਵਾਂਗੂੰ 'ਗਾਇਕੀ ਦਾ ਕੀੜਾ' ਨਾ ਕੱਢਣ ਲੱਗ ਪਵੀਂ। 

ਇਹ ਗੱਲ ਭਾਵੇਂ ਆਨੰਦ ਜੀ ਨੇ ਕਿਸੇ ਵੀ ਲਹਿਜੇ 'ਚ ਕੀਤੀ ਸੀ ਪਰ ਮੈਨੂੰ ਜਦ ਵੀ ਇਹ ਗੱਲ ਯਾਦ ਆਉਂਦੀ ਹੈ ਤਾਂ ਇਸ ਗੱਲ ਦੀ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਕਿ ਕੌਮੀ ਪੱਧਰ 'ਤੇ ਪੰਜਾਬੀ ਗਾਇਕੀ ਦਾ ਹਸ਼ਰ ਕਿੰਨਾ ਮਾੜਾ ਹੋ ਗਿਆ ਹੈ। ਪੰਜਾਬੀ 'ਚ ਗਾਉਣ ਵਾਲਿਆਂ ਨੂੰ ਕਿੰਨੇ ਹਲਕੇ ਪੱਧਰ 'ਤੇ ਲਿਆ ਜਾਣ ਲੱਗਿਆ ਹੈ। ਕੋਈ ਸਮਾਂ ਸੀ ਜਦੋਂ ਬਾਲੀਵੁੱਡ 'ਚ ਪੰਜਾਬੀ ਗਾਇਕਾਂ ਦਾ ਨਾਂ ਮਾਣ-ਸਨਮਾਨ ਨਾਲ ਲਿਆ ਜਾਂਦਾ ਸੀ। 
ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਅਮਰੀਕਾ ਰਹਿੰਦਾ ਇਕ ਪੰਜਾਬੀ ਮੁੰਡਾ ਮੈਨੂੰ ਪੰਜਾਬ ਦੇ ਇਕ ਮਸ਼ਹੂਰ ਗੀਤਕਾਰ ਰਾਹੀਂ ਮਿਲਿਆ। ਪਤਾ ਲੱਗਿਆ ਉਸ ਨੇ ਨਵਾਂ-ਨਵਾਂ ਗਾਉਣਾ ਸ਼ੁਰੂ ਕੀਤਾ ਸੀ। ਮੈਂ ਉਸ ਦੇ ਗਾਉਣ ਬਾਰੇ ਪੁੱਛਿਆ ਕਿ ਕਦੋਂ ਤੋਂ ਗਾਉਂਦੇ ਹੋ? ਕਹਿੰਦਾ “ ਕੁਝ ਸਮਾਂ ਪਹਿਲਾਂ ਸਾਡੇ ਪਿੰਡ ਵੱਲ ਦਾ ਇਕ ਗੀਤਕਾਰ ਅਮਰੀਕਾ ਆਇਆ ਹੋਇਆ ਸੀ ਅਤੇ ਅਸੀਂ ਕਾਰ 'ਚ ਜਾ ਰਹੇ ਸੀ। ਮੈਂ ਉਂਝ ਹੀ ਗਾਉਣ ਲੱਗ ਪਿਆ ਤੇ ਉਹ ਗੀਤਕਾਰ ਕਹਿੰਦਾ ਤੇਰੀ ਤਾਂ ਆਵਾਜ਼ ਹੀ ਬਹੁਤ ਸੋਹਣੀ ਏ ਆਪਾਂ ਤੇਰੀ ਟੇਪ ਕੱਢਦੇ ਹਾਂ। ਬਸ ਜੀ ਉੱਥੋਂ ਹੀ ਕੈਸਿਟ ਰਿਕਾਰਡ ਕਰਵਾਉਣ ਦਾ ਮੂਡ ਬਣ ਗਿਆ।” ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਇਸ 'ਗਾਇਕ ਮੁੰਡੇ' ਨੇ ਟੇਪ ਵੀ ਕੱਢ ਦਿੱਤੀ, ਦੋ-ਤਿੰਨ ਗੀਤਾਂ ਦੇ ਵੀਡੀਓ ਵੀ ਫਿਲਮਾਏ ਅਤੇ 10 ਕੁ ਲੱਖ ਰੁਪਿਆ ਵੀ ਖਰਚ ਦਿੱਤਾ। ਇਹ ਇਕ ਸੱਚੀ ਉਦਾਹਰਣ ਹੈ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਮਿਸਾਲਾਂ ਹੋਣਗੀਆਂ! 

ਦਰਅਸਲ ਅੱਜ ਪੰਜਾਬੀ ਗਾਣਿਆਂ 'ਚ ਗਾਲ੍ਹਾਂ ਕੱਢੀਆਂ ਜਾ ਰਹੀਆਂ ਨੇ। ਪੰਜਾਬੀ ਗਾਣਿਆਂ 'ਚ ਨੰਗਪੁਣਾ ਸਭ ਹੱਦਾਂ ਟੱਪ ਗਿਆ ਹੈ। ਪੰਜਾਬੀ ਗਾਣਿਆਂ 'ਚ ਪੰਜਾਬੀ ਬੋਲਾਂ 'ਤੇ ਅੰਗਰੇਜ਼ੀ ਭਾਰੀ ਹੁੰਦੀ ਜਾ ਰਹੀ ਹੈ। ਪੰਜਾਬੀ ਗਾਣਿਆਂ 'ਚ ਹਥਿਆਰ ਚੁੱਕਣ ਦੀਆਂ ਗੱਲਾਂ ਸ਼ਰੇਆਮ ਹੋ ਰਹੀਆਂ ਹਨ। ਪੰਜਾਬੀ ਗਾਣਿਆਂ 'ਚ ਕਾਲਜਾਂ-ਸਕੂਲਾਂ 'ਚ ਆਸ਼ਕੀ ਮਾਰਨ ਲਈ ਉਕਸਾਇਆ ਜਾ ਰਿਹਾ ਹੈ। ਪੰਜਾਬੀ ਗਾਣਿਆਂ ਦੇ ਫਿਲਮਾਂਕਣ ਵੇਲੇ ਨੰਗੀਆਂ ਕੁੜੀਆਂ ਨਚਾਈਆਂ/ਦਿਖਾਈਆਂ ਜਾ ਰਹੀਆਂ ਹਨ। ਪੰਜਾਬੀ ਗਾਣਿਆਂ 'ਚ ਦਾਰੂ ਪੀਣ ਤੇ ਹੋਰ ਨਸ਼ੇ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪੰਜਾਬੀ ਗਾਣਿਆਂ 'ਚ ਬੰਦੇ ਮਾਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪੰਜਾਬੀ ਗਾਣਿਆਂ 'ਚ ਹਿੰਸਾ ਭਾਰੂ ਹੈ, ਸ਼ੋਰ ਬੇਹਿਸਾਬ ਹੈ, ਬੇਸੁਰਾਪਣ ਪ੍ਰਧਾਨ ਹੈ, ਬੇਮਾਅਨੀ ਤੁਕਬੰਦੀ ਸਿਖਰਾਂ 'ਤੇ ਹੈ । ਮਾਪਿਆਂ ਦੇ ਅੱਖੀਂ ਘੱਟਾ ਪਾ ਕੇ ਕੁੜੀਆਂ ਨੂੰ ਰਾਤਾਂ ਨੂੰ ਮਿਲਣ ਲਈ ਉਸਦਾ 'ਜਾਣਕਾਰ' ਪੰਜਾਬੀ ਗਾਣਿਆਂ ਰਾਹੀਂ 'ਤਰਲੇ' ਮਾਰ ਰਿਹਾ ਹੈ। ਪੰਜਾਬੀ ਗਾਣਿਆਂ 'ਚ 'ਪੰਜਾਬ' ਹੀ ਨਹੀਂ ਬਾਕੀ ਸਭ ਕੁਝ ਹੈ।

ਤਕਰੀਬਨ ਸਾਰੇ ਪੰਜਾਬੀ ਗਾਣੇ ਇਨ੍ਹਾਂ 'ਵਿਸ਼ੇਸ਼ਤਾਵਾਂ' ਨਾਲ ਭਰੇ ਪਏ ਹਨ ਅਤੇ ਅਸੀਂ ਹਾਲੇ ਵੀ ਸਲਾਹਾਂ ਕਰੀ ਜਾ ਰਹੇ ਹਾਂ ਕਿ ਪੰਜਾਬ ਦੀ ਜਵਾਨੀ, ਪੰਜਾਬ ਦੇ ਸੱਭਿਆਚਾਰ ਅਤੇ ਪੰਜਾਬ ਦੇ ਰਵਾਇਤੀ ਗੀਤ-ਸੰਗੀਤ ਨੂੰ ਬਚਾਉਣ ਲਈ ਕੋਈ ਸਾਰਥਕ ਕਦਮ ਉਠਾਏ ਜਾਣ। ਹੁਣ ਹੋਰ ਕੀ ਦੇਖਣਾ/ਸੁਣਨਾ ਬਾਕੀ ਰਹਿ ਗਿਆ ਹੈ?     


- ਨਰਿੰਦਰ ਪਾਲ ਸਿੰਘ ਜਗਦਿਓ

No comments:

Post a Comment