Sunday, August 5, 2012

ਟਿਊਸ਼ਨਾਂ ਦੇ ਗੋਰਖਧੰਦੇ ਨੂੰ ਕਿਵੇਂ ਠੱਲ੍ਹ ਪਾਈ ਜਾਵੇ?

ਦੇਸ਼ ਦਾ ਅਜਿਹਾ ਕੋਈ ਹਿੱਸਾ ਨਹੀਂ ਬਚਿਆ ਹੋਵੇਗਾ ਜਿੱਥੇ ਟਿਊਸ਼ਨਾਂ ਅਤੇ ਕੋਚਿੰਗ ਸੈਂਟਰਾਂ ਦਾ ਧੰਦਾ ਨਹੀਂ ਚੱਲ ਰਿਹਾ ਹੋਵੇਗਾ। ਵਿਦਿਆਰਥੀਆਂ ਨੂੰ ਆਪੋ-ਆਪਣੀਆਂ ਵਿੱਦਿਅਕ ਸੰਸਥਾਵਾਂ ਤੋਂ ਬਾਹਰ ਟਿਊਸ਼ਨਾਂ ਪੜ੍ਹਨ ਦੀ ਜ਼ਰੂਰਤ ਕਿਉਂ ਪਈ ਅਤੇ ਵਿੱਦਿਅਕ ਅਦਾਰਿਆਂ ਦੇ ਮੁਕਾਬਲੇ ਟਿਊਸ਼ਨ ਸੈਂਟਰਾਂ ਦਾ ਕੰਮਕਾਰ ਕਿਉਂ ਵਧ-ਫੁੱਲ ਰਿਹਾ ਹੈ, ਇਹ ਇੱਕ ਵੱਡਾ ਸਵਾਲ ਹੈ। ਦੇਸ਼ ਦੀ ਸਿੱਖਿਆ ਪ੍ਰਣਾਲੀ 'ਤੇ ਵੀ ਅਜਿਹੇ ਟਿਊਸ਼ਨ ਅਤੇ ਕੋਚਿੰਗ ਸੈਂਟਰ ਵੱਡਾ ਸਵਾਲੀਆਂ ਨਿਸ਼ਾਨ ਲਗਾਉਂਦੇ ਹਨ।ਕੀ ਸਾਡੇ ਸਕੂਲਾਂ/ਕਾਲਜਾਂ 'ਚ ਕਰਵਾਈ ਜਾਂਦੀ ਪੜ੍ਹਾਈ ਦਾ ਮਿਆਰ ਅਤੇ ਅਧਿਆਪਕਾਂ ਦੀ ਕਾਰਜ-ਕੁਸ਼ਲਤਾ ਇਨ੍ਹਾਂ ਸੈਂਟਰਾਂ 'ਚ ਪੜ੍ਹਾਉਣ ਵਾਲਿਆਂ ਨਾਲੋਂ ਘੱਟ ਹੈ? (ਉਂਝ ਟਿਊਸ਼ਨਾਂ ਵੀ ਜ਼ਿਆਦਾਤਰ ਉਹੀਂ ਅਧਿਆਪਕ ਪੜ੍ਹਾਉਂਦੇ ਹਨ ਜੋ ਸਕੂਲਾਂ/ਕਾਲਜਾਂ 'ਚ ਅਧਿਆਪਕ ਹਨ ਅਤੇ ਉਨ੍ਹਾਂ ਕੋਲ ਟਿਊਸ਼ਨਾਂ ਪੜ੍ਹਨ ਵਾਲੇ ਵੀ ਜ਼ਿਆਦਾਤਰ ਉਨ੍ਹਾਂ ਦੇ ਸਕੂਲ/ਕਾਲਜ ਦੇ ਹੀ ਵਿਦਿਆਰਥੀ ਹੁੰਦੇ ਹਨ।)  

ਟਿਊਸ਼ਨ ਅਤੇ ਕੋਚਿੰਗ ਸੈਂਟਰਾਂ ਨੇ ਮੌਜੂਦਾ ਸਮੇਂ 'ਚ ਸਾਡੀ ਸਿੱਖਿਆ ਪ੍ਰਣਾਲੀ ਦੀ ਸਾਖ ਅਤੇ ਸਾਰਥਕਤਾ ਪ੍ਰਤੀ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਵੀ ਖੜ੍ਹੇ ਕਰ ਦਿੱਤੇ ਹਨ। ਇਹ ਸਵਾਲ ਅੱਜ ਹੋਰ ਵੀ ਜ਼ਿਆਦਾ ਘੋਖ-ਪੜਤਾਲ ਅਤੇ ਵਿਚਾਰ-ਚਰਚਾ ਦੀ ਮੰਗ ਕਰਦੇ ਹਨ ਕਿਉਂ ਕਿ ਕਈ ਟਿਊਸ਼ਨ ਸੈਂਟਰ ਵਾਲੇ ਮੌਜੂਦਾ ਸਮੇਂ 'ਚ ਨਿੱਜੀ ਯੂਨੀਵਰਸਿਟੀਆਂ ਦੇ 'ਮਾਲਕ' ਬਣ ਬੈਠੇ ਹਨ। ਉਹ ਵੀ ਸਮੇਂ ਸੀ ਜਦੋਂ ਅਧਿਆਪਕ ਨਿੱਜੀ ਦਿਲਚਸਪੀ ਲੈ ਕੇ ਪੜ੍ਹਾਈ 'ਚ ਕਮਜ਼ੋਰ ਵਿਦਿਆਰਥੀਆਂ ਨੂੰ ਸਕੂਲ/ਕਾਲਜ ਦੀ ਛੁੱਟੀ ਤੋਂ ਬਾਅਦ ਬਿਨਾਂ ਕੋਈ ਪੈਸਾ ਲਿਆ 'ਵਾਧੂ ਪੀਰੀਅਡ' 'ਚ ਪੜ੍ਹਾ ਦਿੰਦੇ ਸੀ ਅਤੇ ਇਕ ਅੱਜ ਦਾ ਸਮਾਂ ਹੈ ਜਦੋਂ ਬਹੁਤੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਕੋਲ ਟਿਊਸ਼ਨ ਲੱਗਣ ਲਈ 'ਮਜ਼ਬੂਰ' ਕਰ ਦਿੰਦੇ ਹਨ। ਅੱਜ ਟਿਊਸ਼ਨ ਦੀਆਂ ਫੀਸਾਂ ਦੇਣੀਆਂ ਹਰ ਮਾਪੇ ਦੇ ਵਸ ਦੀ ਗੱਲ ਨਹੀਂ। 

ਟਿਊਸ਼ਨਾਂ ਅਤੇ ਕੋਚਿੰਗ ਸੈਂਟਰਾਂ ਦੇ ਸੰਦਰਭ 'ਚ ਇਕ-ਦੋ ਨੁਕਤੇ ਸਮਝਣ ਨਾਲ ਇਨ੍ਹਾਂ ਨੂੰ ਕਾਫੀ ਹੱਦ ਤੱਕ ਠੱਲ੍ਹ ਪਾਈ ਜਾ ਸਕਦੀ ਹੈ। ਪਹਿਲਾ ਤਾਂ ਹਰੇਕ ਕਲਾਸ ਦੇ ਸਿਲੇਬਸ ਨੂੰ ਸਾਲ 'ਚ ਹੋਣ ਵਾਲੀ ਪੜ੍ਹਾਈ ਦੇ ਹਿਸਾਬ ਨਾਲ ਤਰਕਸੰਗਤ ਬਣਾਇਆ ਜਾਣਾ ਬਹੁਤ ਜ਼ਰੂਰੀ ਹੈ। ਕੀ ਇਹ ਸੰਭਵ ਹੈ ਕਿ 400-500 ਸਫਿਆਂ ਵਾਲੀ ਅਤੇ 20-25 ਚੈਪਟਰਾਂ ਵਾਲੀ ਕਿਸੇ ਕਿਤਾਬ ਨੂੰ 90-100 ਕਲਾਸਾਂ/ਲੈਕਚਰਾਂ 'ਚ ਪੜ੍ਹਾਇਆ ਜਾ ਸਕੇ? ਇਹ ਸਿਰਫ ਇਕ ਵਿਸ਼ੇ ਦੀ ਗੱਲ ਹੈ ਜਦਕਿ ਇਕ ਜਮਾਤ 'ਚ ਪੰਜ ਜਾਂ ਛੇ ਵਿਸ਼ੇ ਹੋਰ ਵੀ ਪੜ੍ਹਾਏ ਜਾਣੇ ਹੁੰਦੇ ਹਨ। ਪੜ੍ਹਾਈ ਦਾ ਇਹੀ ਦਬਾਅ ਵਿਦਿਆਰਥੀਆਂ ਨੂੰ ਟਿਊਸ਼ਨਾਂ ਪੜ੍ਹਨ ਲਈ ਮਜ਼ਬੂਰ ਕਰਦਾ ਹੈ। ਦੂਸਰਾ, ਸਾਡੇ ਸਿੱਖਿਆ ਤੰਤਰ 'ਚ ਅਧਿਆਪਕਾਂ ਦੇ ਮੁਲਾਂਕਣ ਦਾ ਕੋਈ ਸਾਰਥਕ ਮਾਪਦੰਡ ਨਹੀਂ ਹੈ। ਬਲਕਿ ਅਧਿਆਪਕਾਂ ਨੂੰ ਬੱਚਿਆਂ ਦੀ 'ਇੰਟਰਨਲ ਅਸੈਸਮੈਂਟ' ਲਗਾਉਣ ਦਾ ਅਧਿਕਾਰ ਦਿੱਤਾ ਹੋਇਆ ਹੈ, ਜਿਸਦੇ ਡਰ ਹੇਠ ਬਹੁਤੇ ਬੱਚੇ ਤਾਂ ਉਸੇ ਅਧਿਆਪਕ ਕੋਲ ਟਿਊਸ਼ਨ ਰੱਖ ਲੈਂਦੇ ਹਨ ਤਾਂ ਜੋ ਉਸਦੇ ਨੰਬਰ ਵਧੀਆਂ ਲੱਗ ਜਾਣ। 

ਤੀਸਰਾ, ਟਿਊਸ਼ਨ ਸੈਂਟਰ ਕਿਸੇ ਨਿਯਮ/ਕਾਨੂੰਨ ਹੇਠਾਂ ਨਹੀਂ ਆਉਂਦੇ ਜਦਕਿ ਕਈ ਸੈਂਟਰਾਂ 'ਚ ਸਕੂਲਾਂ/ਕਾਲਜਾਂ ਦੀ ਤਰ੍ਹਾਂ ਹੀ ਕਲਾਸ ਰੂਮ ਬਣਾ ਕੇ ਉੱਥੇ ਪੜ੍ਹਾਈ ਕਰਵਾਈ ਜਾਂਦੀ ਹੈ। ਕਈ ਵਿੱਦਿਅਕ ਸੰਸਥਾਵਾਂ ਨੇ ਆਪਣੇ ਅਧਿਆਪਕਾਂ ਲਈ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਜੇਕਰ ਉੱਥੋਂ ਦਾ ਅਧਿਆਪਕ ਟਿਊਸ਼ਨ ਪੜ੍ਹਾਉਂਦਾ ਜਾਂ ਪੈਸੇ ਲੈ ਕੇ ਕੋਈ ਕੋਚਿੰਗ ਦਿੰਦਾ ਫੜਿਆ ਗਿਆ ਤਾਂ ਉਸ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਜਾਵੇਗਾ। ਅਜਿਹੀ ਵਿਵਸਥਾ ਹਰ ਅਦਾਰੇ 'ਚ ਕਰਨੀ ਜ਼ਰੂਰੀ ਹੈ। ਪਰ ਸਵਾਲ ਤਾਂ ਇਹ ਹੈ ਕਿ ਉਨ੍ਹਾਂ ਟਿਊਸ਼ਨ ਅਤੇ ਕੋਚਿੰਗ ਸੈਂਟਰਾਂ ਦਾ ਕੀ ਕੀਤਾ ਜਾਵੇ ਜੋ ਆਜ਼ਾਦਾਨਾ ਤੌਰ 'ਤੇ ਆਪਣੇ ਪੈਰ ਪਸਾਰ ਰਹੇ ਹਨ। ਇਸ ਕੰਮ ਲਈ ਵਿੱਦਿਅਕ ਅਦਾਰਿਆਂ, ਯੂਨੀਵਰਸਿਟੀਆਂ, ਬੁੱਧੀਜੀਵੀਆਂ ਅਤੇ ਸਿੱਖਿਆਂ ਸ਼ਾਸ਼ਤਰੀਆਂ ਨੂੰ ਅਜਿਹੀਆਂ ਨੀਤੀਆਂ ਅਤੇ ਸਿਲੇਬਸ ਤਿਆਰ ਕਰਨੇ ਚਾਹੀਦੇ ਹਨ ਤੇ ਅਧਿਆਪਕਾਂ ਨੂੰ ਖਾਸ ਸਿਖਲਾਈ ਦੇਣੀ ਚਾਹੀਦੀ ਹੈ ਕਿ ਇਕ ਪੀਰੀਅਡ 'ਚ ਜੋ ਪੜ੍ਹਾਇਆਂ ਗਿਆ ਉਸਦੀ ਸਮਝ ਸਾਰੇ ਵਿਦਿਆਰਥੀਆਂ ਨੂੰ ਆ ਗਈ ਹੈ, ਇਹ ਸੁਨਿਸ਼ਚਿਤ ਕੀਤਾ ਜਾਵੇ। ਅਧਿਆਪਕ-ਵਿਦਿਆਰਥੀਆਂ ਦੀ ਗਿਣਤੀ ਕਿਸੇ ਵੀ ਹਾਲਤ 'ਚ ਇਕ ਅਧਿਆਪਕ ਪਿੱਛੇ 25-30 ਵਿਦਿਆਰਥੀਆਂ ਤੋਂ ਜ਼ਿਆਦਾ ਨਾ ਹੋਵੇ। 

ਟਿਊਸ਼ਨ ਅਤੇ ਕੋਚਿੰਗ ਸੈਂਟਰਾਂ ਦਾ ਧੰਦਾ ਕਿਵੇਂ ਵਧ-ਫੁਲ ਰਿਹਾ ਹੈ ਇਸ ਬਾਰੇ 'ਆਰਕਸ਼ਨ' ਫਿਲਮ 'ਚ ਵੀ ਬਹੁਤ ਕੁਝ ਦਿਖਾਇਆ ਗਿਆ ਹੈ, ਜੋ ਕਿ ਸੱਚ ਵੀ ਹੈ ਪਰ ਅਮਲੀ ਰੂਪ 'ਚ ਇਸ ਸਬੰਧੀ ਬਹੁਤ ਸਾਰੇ ਯਤਨ ਕਰਨੇ ਹਾਲੇ ਬਾਕੀ ਹਨ। ਹੈਰਾਨੀ ਅਤੇ ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਸੁਣੀਦਾ ਹੈ ਕਿ ਯੂ.ਕੇ.ਜੀ. ਵਾਲੇ ਵਿਦਿਆਰਥੀ ਵੀ ਟਿਊਸ਼ਨਾਂ ਪੜ੍ਹਦੇ ਹਨ। ਫਿਰ ਸਕੂਲਾਂ 'ਚ ਕੀ ਪੜ੍ਹਾਇਆ ਜਾਂਦਾ ਹੈ? ਸਕੂਲ ਕਾਹਦੇ ਲਈ ਹਨ? ਅਜਿਹੇ ਬਹੁਤ ਸਾਰੇ ਲੋਕ ਵੀ ਹਨ ਜੋ 'ਸਟੇਟਸ' ਕਰਕੇ ਆਪਣੇ ਬੱਚਿਆਂ ਨੂੰ ਛੋਟੀਆਂ ਕਲਾਸਾਂ ਤੋਂ ਹੀ ਟਿਊਸ਼ਨ ਸੈਂਟਰ ਭੇਜ ਦਿੰਦੇ ਹਨ। ਪਰ ਬਹੁਤੇ ਲੋਕ ਅਜਿਹੇ ਵੀ ਹਨ ਜੋ ਮਜ਼ਬੂਰੀਵਸ ਆਪਣੇ ਧੀਆਂ-ਪੁੱਤਰਾਂ ਨੂੰ ਟਿਊਸ਼ਨਾਂ ਪੜ੍ਹਾਉਂਦੇ ਹਨ। ਅਧਿਆਪਕਾਂ ਦੇ ਦੋਹਰੇ ਮਾਪਦੰਡ ਵੀ ਸਾਹਮਣੇ ਆ ਰਹੇ ਹਨ।ਉਹੀਂ ਅਧਿਆਪਕ ਸਕੂਲ/ਕਾਲਜ 'ਚ ਉਨਾ ਚੰਗਾ ਕਿਉਂ ਨਹੀਂ ਪੜ੍ਹਾਉਂਦਾ ਜਿੰਨਾ ਜ਼ੋਰ ਟਿਊਸ਼ਨ ਪੜ੍ਹਾਉਣ ਵੇਲੇ ਲਗਾਉਂਦੇ ਹਨ? 'ਉੱਪਰਲੀਆਂ ਕਮਾਈਆਂ' ਨੇ ਬਹੁਤੇ ਅਧਿਆਪਕਾਂ ਦੇ ਈਮਾਨ ਵੀ ਹਿਲਾ ਦਿੱਤੇ ਹਨ ਅਤੇ ਰੱਬ ਵਰਗੇ ਅਧਿਆਪਨ ਦੇ ਪੇਸ਼ੇ ਨੂੰ ਵੀ ਦਾਗਦਾਰ ਕਰ ਦਿੱਤਾ ਹੈ। 

ਜਦੋਂ ਵਿਦਿਆਰਥੀ ਮੋਟੀਆਂ ਰਕਮਾਂ ਦੇ ਕੇ ਸਕੂਲਾਂ/ਕਾਲਜਾਂ 'ਚ ਦਾਖਲੇ ਕਰਵਾਉਂਦੇ ਹਨ ਤਾਂ ਇਨ੍ਹਾਂ ਵਿੱਦਿਅਕ ਅਦਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਵਿਦਿਆਰਥੀਆਂ ਨੂੰ 'ਟਿਊਸਨਾਂ ਰਹਿਤ' ਪੜ੍ਹਾਈ ਕਰਵਾਈ ਜਾਵੇ ਅਤੇ ਜਦੋਂ ਅਧਿਆਪਕ ਮੋਟੀਆਂ ਤਨਖਾਹਾਂ ਲੈਂਦੇ ਹਨ ਤਾਂ ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣਾ ਸਾਰਾ ਜ਼ੋਰ ਸਕੂਲਾਂ/ਕਾਲਜਾਂ 'ਚ ਪੜ੍ਹਾਉਣ 'ਤੇ ਹੀ ਲਾਉਣ। ਇਹ ਬਹਾਨਾ ਤਰਕਹੀਣ ਹੈ ਕਿ ਕੁਝ ਨਿੱਜੀ ਸਕੂਲ ਘੱਟ ਤਨਖਾਹਾਂ ਦੇ ਕੇ ਅਧਿਆਪਕਾਂ ਦਾ ਸ਼ੋਸ਼ਣ ਕਰਦੇ ਹਨ ਇਸ ਲਈ ਜ਼ਿਆਦਾ ਪੈਸੇ ਕਮਾਉਣ ਲਈ ਅਜਿਹੇ ਅਧਿਆਪਕ ਟਿਊਸ਼ਨਾਂ ਪੜ੍ਹਾਉਂਦੇ ਹਨ। ਟਿਊਸ਼ਨਾਂ ਪੜ੍ਹਾ ਕੇ ਅੱਗੋਂ ਅਜਿਹੇ ਅਧਿਆਪਕ ਵੀ ਤਾਂ ਵਿਦਿਆਰਥੀਆਂ ਦਾ ਸ਼ੋਸ਼ਣ ਹੀ ਕਰ ਰਹੇ ਹੁੰਦੇ ਹਨ।  

ਪੰਜਾਬ ਦੇ ਸੰਦਰਭ 'ਚ ਗੱਲ ਕਰੀਏ ਤਾਂ ਅੱਜ ਤਕਰੀਬਨ ਹਰੇਕ ਸ਼ਹਿਰ/ਕਸਬੇ 'ਚ ਟਿਊਸ਼ਨ ਸੈਂਟਰਾਂ ਦਾ ਗੋਰਖਧੰਦਾ ਚੱਲ ਰਿਹਾ ਹੈ। ਗਲੀ-ਮੁਹੱਲਿਆਂ ਦੇ ਘਰਾਂ 'ਚ ਵੀ ਟਿਊਸ਼ਨਾਂ ਪੜ੍ਹਾਉਣ ਦੇ ਬੋਰਡ ਲੱਗੇ ਹੋਏ ਹਨ। ਕੀ ਸਕੂਲੀ/ਕਾਲਜ ਦੀ ਪੜ੍ਹਾਈ ਦਾ ਮਿਆਰ ਏਨਾ ਡਿਗ ਚੁੱਕਾ ਹੈ ਕਿ ਟਿਊਸ਼ਨ ਬਿਨਾਂ ਗੁਜ਼ਾਰਾ ਨਹੀਂ ਹੋਣਾ? ਜਾਂ ਫਿਰ ਵਿਦਿਆਰਥੀਆਂ ਦੀ ਮਾਨਸਿਕਤਾ ਹੀ ਐਸੀ ਬਣ ਗਈ ਹੈ ਕਿ ਉਹ ਸਮਝਣਾ ਹੀ ਟਿਊਸ਼ਨ 'ਤੇ ਜਾ ਕੇ ਚਾਹੁੰਦੇ ਹਨ। ਇਕ ਗੱਲ ਤਾਂ ਬਹੁਤ ਸਪੱਸ਼ਟ ਹੈ ਕਿ ਟਿਊਸ਼ਨਾਂ ਦੇ ਗੋਰਖਧੰਦੇ 'ਚੋਂ ਨਿਕਲਣ ਲਈ ਅਧਿਆਪਕਾਂ ਅਤੇ ਵਿੱਦਿਅਕ ਸੰਸਥਾਵਾਂ ਵੱਲੋਂ ਬਹੁਤ ਸਾਰੀਆਂ ਪਹਿਲਕਦਮੀਆਂ ਸ਼ੁਰੂ ਕਰਨ ਦੀ ਲੋੜ ਹੈ (ਉੱਪਰ ਲਿਖੇ ਕਈ ਸੁਝਾਅ ਅਤੇ ਸਵਾਲਾਂ ਦਾ ਹੱਲ ਵੀ ਇਸੇ ਪੱਧਰ 'ਤੇ ਨਿਕਲ ਆਵੇਗਾ)। ਅਸਲ ਮਸਲੇ ਦੀ 
ਜੜ੍ਹ ਦਾ ਆਗਾਜ਼ ਹੀ ਇੱਥੋਂ ਹੁੰਦਾ ਹੈ, ਬਾਕੀ ਦੇ ਪੱਧਰਾਂ 'ਤੇ ਕਾਰਵਾਈਆਂ ਖੁਦ ਹੀ ਸੁਖਾਲੀਆਂ ਹੋ ਜਾਣਗੀਆਂ ਜਦੋਂ ਵਿਦਿਆਰਥੀਆਂ ਨੂੰ ਟਿਊਸ਼ਨਾਂ ਨਾ ਪੜ੍ਹਨ ਦੇਣ ਦਾ ਪ੍ਰਣ ਅਧਿਆਪਕ ਅਤੇ ਵਿੱਦਿਅਕ ਅਦਾਰੇ ਕਰ ਲੈਣਗੇ। 


- ਨਰਿੰਦਰ ਪਾਲ ਸਿੰਘ ਜਗਦਿਓ 

No comments:

Post a Comment