Thursday, August 27, 2009

ਵਿੱਦਿਅਕ ਯੋਗਤਾ ਅਤੇ ਕਾਬਲੀਅਤ


ਮੇਰੇ ਦਾਦਾ ਜੀ ਵਿੱਦਿਅਕ ਅਤੇ ਕਿੱਤਾਮੁਖੀ ਯੋਗਤਾ ਪੱਖੋਂ ਕੋਰੇ ਹਨ। ਉਨ੍ਹਾਂ ਕੋਲ ਨਾ ਤਾਂ ਕੋਈ ਡਿਗਰੀ ਹੈ ਤੇ ਨਾ ਹੀ ਡਿਪਲੋਮਾ। ਪਰ ਲੱਕੜ ਦੇ ਕੰਮ ਦਾ ਉਨ੍ਹਾਂ ਨੂੰ ਏਨਾ ਕੁ ਤਜ਼ਰਬਾ ਹੈ ਕਿ ਕਿਸੇ ਵੀ ਲੱਕੜ ਦੀ ਗੇਲੀ ਦੀ ਪੈਮਾਇਸ਼ ਅਤੇ ਉਸ ‘ਚੋਂ ਕਿੰਨੇ ਫੁੱਟ ਲੱਕੜ ਨਿਕਲੇਗੀ, ਲੱਕੜ ਖਰੀਦ ਕੇ ਨਫਾ ਹੋਏਗਾ ਜਾਂ ਨੁਕਸਾਨ, ਉਹ ਪਲਾਂ ‘ਚ ਹੀ ਦੱਸ ਦਿੰਦੇ ਨੇ। ਮੈਂ ਡਬਲ ਐਮ.ਏ. ਹਾਂ ਅਤੇ ਕਈ ਕੋਸ਼ਿਸ਼ਾਂ ਦੇ ਬਾਅਦ ਇਹ ਹਿਸਾਬ-ਕਿਤਾਬ ਹਾਲੇ ਤੱਕ ਵੀ ਮੈਨੂੰ ਨਹੀਂ ਆਇਆ। ਉਨ੍ਹਾਂ ਤੋਂ ਬੂਹੇ-ਬਾਰੀਆਂ,ਖਿੜਕੀਆਂ ਅਤੇ ਚੋਗਾਠਾਂ ਦਾ ਕੰਮ ਸਿੱਖ ਕੇ ਏਨੇ ਕੁ ਬੰਦੇ ‘ਮਿਸਤਰੀ’ ਬਣੇ ਹਨ ਕਿ ਕਿਸੇ ਆਈ.ਟੀ.ਆਈ. ਤੋਂ ਵੀ ਪਾਸ ਨਹੀਂ ਹੋਏ ਹੋਣੇ! ਘੱਟੋਂ-ਘੱਟ ਮੈਂ ਤਾਂ ਅਜਿਹਾ ਕੋਈ ਲੱਕੜ ਦਾ ਮਿਸਤਰੀ ਨਹੀਂ ਦੇਖਿਆ ਜੋ ਇਸ ਪੇਸ਼ੇ ਦੀ ਕੋਈ ਡਿਗਰੀ ਜਾਂ ਡਿਪਲੋਮੇ ਤੋਂ ਬਾਅਦ ਬਜ਼ਾਰ ‘ਚ ਕੰਮ ਕਰ ਰਿਹਾ ਹੋਵੇ।


ਇੰਝ ਹੀ ਮਕੈਨਿਕ, ਇਲੈਕਟ੍ਰੀਸ਼ਨ, ਕੰਬਾਇਨਾਂ ਬਣਾਉਣ ਵਾਲੇ, ਸ਼ਹਿਦ ਉਤਪਾਦਕ, ਨਿਕਲ ਪਲਾਂਟ ਬਣਾਉਣ ਵਾਲੇ ਅਤੇ ਅਜਿਹੇ ਹੀ ਹੋਰ ਪੇਸ਼ਿਆਂ ਵਾਲੇ ਮੈਂ ਕਿੰਨੇ ਹੀ ਵਿਅਕਤੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਸਿਫਰ ਹੈ ਪਰ ਹੱਥੀਂ ਕੀਤੇ ਕੰਮ ਕਾਰਣ ਉਨ੍ਹਾਂ ਨੂੰ ਏਨਾ ਕੁ ਤਜ਼ਰਬਾ ਹੋ ਚੁੱਕਿਆ ਹੈ ਕਿ ਬੀ.ਈ. ਅਤੇ ਐਮ.ਬੀ.ਏ. ਵਰਗੀਆਂ ਉੱਚ ਡਿਗਰੀਆਂ ਦੇ ਵਿਦਿਆਰਥੀ ਵੀ ਇਨ੍ਹਾਂ ਤੋਂ ਸਿਖਲਾਈ ਲੈਣ ਆਉਂਦੇ ਹਨ।


ਕਿੱਤਾਮੁਖੀ ਪੜ੍ਹਾਈ ਦਾ ਰੁਝਾਨ ਅਜੋਕੇ ਸਮੇਂ ‘ਚ ਵਧਿਆਂ ਤਾਂ ਜ਼ਰੂਰ ਹੈ ਪਰ ਇਸਦਾ ਵਿਹਾਰਕ ਪੱਖ ਹਾਲੇ ਉਸ ਪੱਧਰ ਤੱਕ ਨਹੀਂ ਪਹੁੰਚਿਆ, ਜੋ ਹੋਣਾ ਚਾਹੀਦਾ ਹੈ। ਕਿੰਨੇ ਹੀ ਨਵੇਂ ਪੇਸ਼ਾਵਰ ਕੋਰਸ ਪਿਛਲੇ ਕੁਝ ਸਮੇਂ ‘ਚ ਹੀ ਕਾਲਜਾਂ-ਯੂਨੀਵਰਸਿਟੀਆਂ ਵੱਲੋਂ ਧੜਾਧੜ ‘ਵੇਚੇ’ ਜਾ ਰਹੇ ਨੇ। ਪਰ ਇਨ੍ਹਾਂ ਕੋਰਸਾਂ ਨੂੰ ਪਾਸ ਕਰਨ ਵਾਲੇ ਬਹੁਤੇ ਵਿਦਿਆਰਥੀਆਂ ਦੀ ਬਜ਼ਾਰ ‘ਚ ਕੀ ਦਸ਼ਾ ਹੁੰਦੀ ਹੈ, ਇਸ ਬਾਰੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਕੋਰਸਾਂ ਦੀ ਫੀਸ ਲੱਖਾਂ ਰੁਪਏ ਪਰ ਤਨਖਾਹ ਦੋ-ਢਾਈ ਹਜ਼ਾਰ ਰੁਪਏ ਮਸਾਂ ਹੀ। ਅਸਲ ਵਿੱਚ ਸਾਡਾ ਵਿੱਦਿਅਕ ਢਾਂਚਾ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਤਜ਼ਰਬਾ ਹਾਸਿਲ ਕਰਨ ਦਾ ਕੋਈ ਖਾਸ ਮੌਕਾ ਨਹੀਂ ਦਿੰਦਾ।
ਉਦਾਹਰਣ ਦੇ ਤੌਰ ‘ਤੇ ਬੀ.ਐਡ. ਕਰਨ ਵਾਲੇ ਵਿਦਿਆਰਥੀ ਨੂੰ ਅਧਿਆਪਕ ਬਣਨ ਦੇ ਯੋਗ ਮੰਨਿਆ ਜਾਂਦਾ ਹੈ। ਬੀ.ਐਡ. ਦੀ ਪੜ੍ਹਾਈ ਮਸਾਂ ਹੀ ਸੱਤ ਕੁ ਮਹੀਨੇ ਕਰਾਈ ਜਾਂਦੀ ਹੈ। ਇਸ ‘ਚੋਂ ਵੀ ਬਹੁਤਾ ਸਮਾਂ ਚਾਰਟ ਤਿਆਰ ਕਰਦਿਆਂ, ਡਰਾਇੰਗਾਂ ਬਣਾਉਂਦਿਆਂ ਅਤੇ ਅਜਿਹਾ ਹੀ ਲਟਰਮ-ਫਟਰਮ ਜਿਹਾ ਕੰਮ ਕਰਦਿਆਂ ਲੰਘਾ ਦਿੱਤਾ ਜਾਂਦਾ ਹੈ। ਕਲਾਸਾਂ ਪੜ੍ਹਾਉਣ ਦੀ ਸਿਖਲਾਈ ਰੋ-ਪਿੱਟ ਕੇ 20-22 ਦਿਨ ਦਿੱਤੀ ਜਾਂਦੀ ਹੈ। ਜਦਕਿ ਚਾਹੀਦਾ ਇਹ ਹੈ ਕਿ ਬੀ.ਐਡ. ਦੀ ਡਿਗਰੀ ਕਰਨ ਵਾਲੇ ਨੂੰ ਘੱਟੋਂ-ਘੱਟ ਪੂਰਾ ਇੱਕ ਸੈਸ਼ਨ ਕਿਸੇ ਪੇਂਡੂ ਸਕੂਲ ‘ਚ ਲਗਾ ਕੇ ਰੱਖਣਾ ਚਾਹੀਦਾ ਹੈ। ਉਸਨੂੰ ਤਜ਼ਰਬੇ ‘ਚੋਂ ਸਿਖਾਇਆ ਜਾਣਾ ਚਾਹੀਦਾ ਹੈ ਕਿ ਕਿਵੇਂ ਪੜ੍ਹਾਉਣਾ ਹੈ ਅਤੇ ਇਸ ਦੌਰਾਨ ਆਉਣ ਵਾਲੀਆਂ ਦਿੱਕਤਾਂ ਨਾਲ ਕਿਵੇਂ ਨਜਿੱਠਣਾ ਹੈ।


ਛੇ ਸਾਲ ਪਹਿਲਾਂ ਜਦੋਂ ਮੈਂ ਪੱਤਰਕਾਰੀ ਦੀ ਡਿਗਰੀ ਕੀਤੀ ਸੀ, ਸਾਨੂੰ ਕਿਤਾਬਾਂ ‘ਚੋਂ ਹੀ ਤਸਵੀਰਾਂ ਦਿਖਾ-ਦਿਖਾ ਕੈਮਰਿਆਂ, ਐਡੀਟਿੰਗ ਅਤੇ ਡਾਇਰੈਕਸ਼ਨ ਬਾਰੇ ਪੜ੍ਹਾ ਦਿੱਤਾ ਗਿਆ ਸੀ। ਕੈਮਰਾ ਐਂਗਲ, ਲੈਂਜ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਿਤ ਸਾਮਾਨ ਦੀ ਜਾਣਕਾਰੀ ਲਾਇਬ੍ਰੇਰੀ ‘ਚ ਪਈਆਂ ਕਿਤਾਬਾਂ ‘ਚੋਂ ਹੀ ਦੇ ਦਿੱਤੀ ਗਈ ਸੀ। ਪ੍ਰਿੰਟ ਮੀਡੀਆ ਨਾਲ ਜੁੜੀਆਂ ਗੱਲਾਬਾਤਾਂ ਵੀ ਕਲਾਸ ਲੈਕਚਰਾਂ ਰਾਹੀਂ ਸਿਖਾ ਦਿੱਤੀਆਂ ਗਈਆਂ ਸਨ। ਇੱਕ-ਅੱਧ ਗੇੜਾ ਕਿਸੇ ਅਖਬਾਰ ਦਾ ਲਵਾ ਦਿੱਤਾ ਜਾਂਦਾ ਸੀ।


ਵਿੱਦਿਅਕ ਯੋਗਤਾ ਪੱਖੋਂ ਤਾਂ ਅਸੀਂ ਪੱਤਰਕਾਰੀ ਦੀ ਮਾਸਟਰ ਡਿਗਰੀ ਕਰੀ ਫਿਰਦੇ ਸੀ ਪਰ ਜਦੋਂ ਨੌਕਰੀ ਲਈ ਗਏ ਤਾਂ ਉੱਥੇ ਇੱਕ ਦਸਵੀਂ ਪਾਸ (ਪਰ ਤਜ਼ਰਬਾ ਰੱਖਣ ਵਾਲਾ) ਪੱਤਰਕਾਰ ਹੀ ਪੈਰ ਨਾ ਲੱਗਣ ਦਿਆ ਕਰੇ। ਜਿੰਨਾ ਚਿਰ ਅਸੀਂ ਡਿਗਰੀ ਕਰਨ ਨੂੰ ਲਾਇਆ ਸੀ ਮੇਰੇ ਇੱਕ ਸਾਥੀ ਨੇ ਉਸ ਤੋਂ ਅੱਧਾ ਸਮਾਂ (ਸ਼ਾਇਦ ਇਸ ਤੋਂ ਵੀ ਘੱਟ) ਕਿਸੇ ਨਿਊਜ਼ ਚੈੱਨਲ ‘ਚ ‘ਇੰਨਟ੍ਰਨਸ਼ਿਪ’ ਲਗਵਾ ਕੇ ਤਜ਼ਰਬਾ ਹਾਸਿਲ ਕਰ ਲਿਆ ਕਿ ਅਸਲ ‘ਚ ਕੰਮ ਕਰਨਾ ਕਿਵੇਂ ਹੈ। ਜਦੋਂ ਨੂੰ ਅਸੀਂ ਡਿਗਰੀ ਕਰਕੇ ਹਟੇ ਉਹ ਇਲੈਕਟ੍ਰਾਨਿਕ ਮੀਡੀਆ ‘ਚ ਪੰਜਾਬ ਦੇ ਨਾਮੀਂ ਪੱਤਰਕਾਰਾਂ ‘ਚ ਸ਼ੁਮਾਰ ਸੀ।


ਪਿਛਲੇ ਦਿਨੀਂ ਆਪਣੀ ਇੱਕ ਜਮਾਤਣ ਨੂੰ ਮੈਂ ਪੱਤਰਕਾਰੀ ਸਬੰਧੀ ਕੁਝ ਆਮ ਬੋਲਚਾਲ ਦੇ ਸ਼ਬਦ, ਇਸ ਪੇਸ਼ੇ ‘ਚ ਕੰਮ ਆਉਣ ਵਾਲੀਆਂ ਗੱਲਾਬਾਤਾਂ ਅਤੇ ਸਬੰਧਿਤ ਪ੍ਰਸ਼ਨ ਪੁੱਛ ਲਏ ਜੋ ਨਾ ਤਾਂ ਅਸੀਂ ਕਿਤਾਬਾਂ ‘ਚ ਪੜ੍ਹੇ ਸੀ ਅਤੇ ਨਾ ਉਹ ਪੜ੍ਹਾਏ ਜਾਂਦੇ ਸਨ/ਹਨ। ਇਹ ਕੁੜੀ ਪੱਤਰਕਾਰੀ ਦੀ ਲੈਕਚਰਾਰ ਲੱਗੀ ਹੋਈ ਹੈ, ਮੇਰੀਆਂ 7-8 ਹੋਰਨਾਂ ਜਮਾਤਣਾਂ ਵਾਂਗ। ਮੈਨੂੰ ਸੁਣਕੇ ਹੈਰਾਨੀ ਹੋਈ ਕਿ ਇਸ ਬਾਰੇ ਉਸਨੂੰ ਉੱਕਾ ਹੀ ਗਿਆਨ ਨਹੀਂ ਸੀ। ਗਿਆਨ ਤਾਂ ਉਦੋਂ ਹੀ ਹੋਣਾ ਸੀ ਜੇਕਰ ਉਸਦਾ ਅਜਿਹੀਆਂ ਗੱਲਾਂ ਨਾਲ ਵਾਹ ਪਿਆ ਹੁੰਦਾ! ਜੋ ਮੈਂ ਅਤੇ ਉਸਨੇ ਪੜ੍ਹਿਆ ਸੀ, ਉਹੀਂ ਉਹ ਅੱਗੇ ਪੜ੍ਹਾਈ ਜਾ ਰਹੀ ਹੈ। ਹਾਲਾਂਕਿ ਲੈਕਚਰਾਰ ਲੱਗਣ ਲਈ ਯੂ.ਜੀ.ਸੀ. ਵੱਲੋਂ ਉਸਦੀ ਯੋਗਤਾ ਮੇਰੇ ਨਾਲੋਂ ਜ਼ਿਆਦਾ ਹੈ ਕਿਉਂ ਕਿ ਉਸਨੇ ਨੈੱਟ ਪਾਸ ਕੀਤਾ ਹੋਇਆ ਹੈ। ਜਦਕਿ ਪ੍ਰੈਕਟੀਕਲ ਪੱਧਰ ‘ਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਅਜਿਹਾ ਕੋਈ ਵੀ ਵਿਅਕਤੀ ਵਧੀਆਂ ਸਿਖਲਾਈ ਦੇ ਸਕਦਾ ਹੈ ਜਿਸਨੇ ਪੱਤਰਕਾਰੀ ਦੇ ਖੇਤਰ ‘ਚ ਹੱਥੀਂ ਕੰਮ ਕਰਨ ਦਾ ਤਜ਼ਰਬਾ ਹਾਸਿਲ ਕੀਤਾ ਹੋਵੇ। ਇਸ ਲਈ ਇਹ ਜ਼ਰੂਰੀ ਨਹੀਂ ਕਿ ਵਿੱਦਿਅਕ ਯੋਗਤਾ ਕਿਸੇ ਦੀ ਕਾਬਲੀਅਤ ਪਰਖਣ ਦਾ ਪੈਮਾਨਾ ਹੁੰਦਾ ਏ।

No comments:

Post a Comment