Thursday, August 27, 2009

ਵਿੱਦਿਅਕ ਯੋਗਤਾ ਅਤੇ ਕਾਬਲੀਅਤ


ਮੇਰੇ ਦਾਦਾ ਜੀ ਵਿੱਦਿਅਕ ਅਤੇ ਕਿੱਤਾਮੁਖੀ ਯੋਗਤਾ ਪੱਖੋਂ ਕੋਰੇ ਹਨ। ਉਨ੍ਹਾਂ ਕੋਲ ਨਾ ਤਾਂ ਕੋਈ ਡਿਗਰੀ ਹੈ ਤੇ ਨਾ ਹੀ ਡਿਪਲੋਮਾ। ਪਰ ਲੱਕੜ ਦੇ ਕੰਮ ਦਾ ਉਨ੍ਹਾਂ ਨੂੰ ਏਨਾ ਕੁ ਤਜ਼ਰਬਾ ਹੈ ਕਿ ਕਿਸੇ ਵੀ ਲੱਕੜ ਦੀ ਗੇਲੀ ਦੀ ਪੈਮਾਇਸ਼ ਅਤੇ ਉਸ ‘ਚੋਂ ਕਿੰਨੇ ਫੁੱਟ ਲੱਕੜ ਨਿਕਲੇਗੀ, ਲੱਕੜ ਖਰੀਦ ਕੇ ਨਫਾ ਹੋਏਗਾ ਜਾਂ ਨੁਕਸਾਨ, ਉਹ ਪਲਾਂ ‘ਚ ਹੀ ਦੱਸ ਦਿੰਦੇ ਨੇ। ਮੈਂ ਡਬਲ ਐਮ.ਏ. ਹਾਂ ਅਤੇ ਕਈ ਕੋਸ਼ਿਸ਼ਾਂ ਦੇ ਬਾਅਦ ਇਹ ਹਿਸਾਬ-ਕਿਤਾਬ ਹਾਲੇ ਤੱਕ ਵੀ ਮੈਨੂੰ ਨਹੀਂ ਆਇਆ। ਉਨ੍ਹਾਂ ਤੋਂ ਬੂਹੇ-ਬਾਰੀਆਂ,ਖਿੜਕੀਆਂ ਅਤੇ ਚੋਗਾਠਾਂ ਦਾ ਕੰਮ ਸਿੱਖ ਕੇ ਏਨੇ ਕੁ ਬੰਦੇ ‘ਮਿਸਤਰੀ’ ਬਣੇ ਹਨ ਕਿ ਕਿਸੇ ਆਈ.ਟੀ.ਆਈ. ਤੋਂ ਵੀ ਪਾਸ ਨਹੀਂ ਹੋਏ ਹੋਣੇ! ਘੱਟੋਂ-ਘੱਟ ਮੈਂ ਤਾਂ ਅਜਿਹਾ ਕੋਈ ਲੱਕੜ ਦਾ ਮਿਸਤਰੀ ਨਹੀਂ ਦੇਖਿਆ ਜੋ ਇਸ ਪੇਸ਼ੇ ਦੀ ਕੋਈ ਡਿਗਰੀ ਜਾਂ ਡਿਪਲੋਮੇ ਤੋਂ ਬਾਅਦ ਬਜ਼ਾਰ ‘ਚ ਕੰਮ ਕਰ ਰਿਹਾ ਹੋਵੇ।


ਇੰਝ ਹੀ ਮਕੈਨਿਕ, ਇਲੈਕਟ੍ਰੀਸ਼ਨ, ਕੰਬਾਇਨਾਂ ਬਣਾਉਣ ਵਾਲੇ, ਸ਼ਹਿਦ ਉਤਪਾਦਕ, ਨਿਕਲ ਪਲਾਂਟ ਬਣਾਉਣ ਵਾਲੇ ਅਤੇ ਅਜਿਹੇ ਹੀ ਹੋਰ ਪੇਸ਼ਿਆਂ ਵਾਲੇ ਮੈਂ ਕਿੰਨੇ ਹੀ ਵਿਅਕਤੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਸਿਫਰ ਹੈ ਪਰ ਹੱਥੀਂ ਕੀਤੇ ਕੰਮ ਕਾਰਣ ਉਨ੍ਹਾਂ ਨੂੰ ਏਨਾ ਕੁ ਤਜ਼ਰਬਾ ਹੋ ਚੁੱਕਿਆ ਹੈ ਕਿ ਬੀ.ਈ. ਅਤੇ ਐਮ.ਬੀ.ਏ. ਵਰਗੀਆਂ ਉੱਚ ਡਿਗਰੀਆਂ ਦੇ ਵਿਦਿਆਰਥੀ ਵੀ ਇਨ੍ਹਾਂ ਤੋਂ ਸਿਖਲਾਈ ਲੈਣ ਆਉਂਦੇ ਹਨ।


ਕਿੱਤਾਮੁਖੀ ਪੜ੍ਹਾਈ ਦਾ ਰੁਝਾਨ ਅਜੋਕੇ ਸਮੇਂ ‘ਚ ਵਧਿਆਂ ਤਾਂ ਜ਼ਰੂਰ ਹੈ ਪਰ ਇਸਦਾ ਵਿਹਾਰਕ ਪੱਖ ਹਾਲੇ ਉਸ ਪੱਧਰ ਤੱਕ ਨਹੀਂ ਪਹੁੰਚਿਆ, ਜੋ ਹੋਣਾ ਚਾਹੀਦਾ ਹੈ। ਕਿੰਨੇ ਹੀ ਨਵੇਂ ਪੇਸ਼ਾਵਰ ਕੋਰਸ ਪਿਛਲੇ ਕੁਝ ਸਮੇਂ ‘ਚ ਹੀ ਕਾਲਜਾਂ-ਯੂਨੀਵਰਸਿਟੀਆਂ ਵੱਲੋਂ ਧੜਾਧੜ ‘ਵੇਚੇ’ ਜਾ ਰਹੇ ਨੇ। ਪਰ ਇਨ੍ਹਾਂ ਕੋਰਸਾਂ ਨੂੰ ਪਾਸ ਕਰਨ ਵਾਲੇ ਬਹੁਤੇ ਵਿਦਿਆਰਥੀਆਂ ਦੀ ਬਜ਼ਾਰ ‘ਚ ਕੀ ਦਸ਼ਾ ਹੁੰਦੀ ਹੈ, ਇਸ ਬਾਰੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ। ਕੋਰਸਾਂ ਦੀ ਫੀਸ ਲੱਖਾਂ ਰੁਪਏ ਪਰ ਤਨਖਾਹ ਦੋ-ਢਾਈ ਹਜ਼ਾਰ ਰੁਪਏ ਮਸਾਂ ਹੀ। ਅਸਲ ਵਿੱਚ ਸਾਡਾ ਵਿੱਦਿਅਕ ਢਾਂਚਾ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਤਜ਼ਰਬਾ ਹਾਸਿਲ ਕਰਨ ਦਾ ਕੋਈ ਖਾਸ ਮੌਕਾ ਨਹੀਂ ਦਿੰਦਾ।
ਉਦਾਹਰਣ ਦੇ ਤੌਰ ‘ਤੇ ਬੀ.ਐਡ. ਕਰਨ ਵਾਲੇ ਵਿਦਿਆਰਥੀ ਨੂੰ ਅਧਿਆਪਕ ਬਣਨ ਦੇ ਯੋਗ ਮੰਨਿਆ ਜਾਂਦਾ ਹੈ। ਬੀ.ਐਡ. ਦੀ ਪੜ੍ਹਾਈ ਮਸਾਂ ਹੀ ਸੱਤ ਕੁ ਮਹੀਨੇ ਕਰਾਈ ਜਾਂਦੀ ਹੈ। ਇਸ ‘ਚੋਂ ਵੀ ਬਹੁਤਾ ਸਮਾਂ ਚਾਰਟ ਤਿਆਰ ਕਰਦਿਆਂ, ਡਰਾਇੰਗਾਂ ਬਣਾਉਂਦਿਆਂ ਅਤੇ ਅਜਿਹਾ ਹੀ ਲਟਰਮ-ਫਟਰਮ ਜਿਹਾ ਕੰਮ ਕਰਦਿਆਂ ਲੰਘਾ ਦਿੱਤਾ ਜਾਂਦਾ ਹੈ। ਕਲਾਸਾਂ ਪੜ੍ਹਾਉਣ ਦੀ ਸਿਖਲਾਈ ਰੋ-ਪਿੱਟ ਕੇ 20-22 ਦਿਨ ਦਿੱਤੀ ਜਾਂਦੀ ਹੈ। ਜਦਕਿ ਚਾਹੀਦਾ ਇਹ ਹੈ ਕਿ ਬੀ.ਐਡ. ਦੀ ਡਿਗਰੀ ਕਰਨ ਵਾਲੇ ਨੂੰ ਘੱਟੋਂ-ਘੱਟ ਪੂਰਾ ਇੱਕ ਸੈਸ਼ਨ ਕਿਸੇ ਪੇਂਡੂ ਸਕੂਲ ‘ਚ ਲਗਾ ਕੇ ਰੱਖਣਾ ਚਾਹੀਦਾ ਹੈ। ਉਸਨੂੰ ਤਜ਼ਰਬੇ ‘ਚੋਂ ਸਿਖਾਇਆ ਜਾਣਾ ਚਾਹੀਦਾ ਹੈ ਕਿ ਕਿਵੇਂ ਪੜ੍ਹਾਉਣਾ ਹੈ ਅਤੇ ਇਸ ਦੌਰਾਨ ਆਉਣ ਵਾਲੀਆਂ ਦਿੱਕਤਾਂ ਨਾਲ ਕਿਵੇਂ ਨਜਿੱਠਣਾ ਹੈ।


ਛੇ ਸਾਲ ਪਹਿਲਾਂ ਜਦੋਂ ਮੈਂ ਪੱਤਰਕਾਰੀ ਦੀ ਡਿਗਰੀ ਕੀਤੀ ਸੀ, ਸਾਨੂੰ ਕਿਤਾਬਾਂ ‘ਚੋਂ ਹੀ ਤਸਵੀਰਾਂ ਦਿਖਾ-ਦਿਖਾ ਕੈਮਰਿਆਂ, ਐਡੀਟਿੰਗ ਅਤੇ ਡਾਇਰੈਕਸ਼ਨ ਬਾਰੇ ਪੜ੍ਹਾ ਦਿੱਤਾ ਗਿਆ ਸੀ। ਕੈਮਰਾ ਐਂਗਲ, ਲੈਂਜ ਅਤੇ ਇਲੈਕਟ੍ਰਾਨਿਕ ਮੀਡੀਆ ਨਾਲ ਸਬੰਧਿਤ ਸਾਮਾਨ ਦੀ ਜਾਣਕਾਰੀ ਲਾਇਬ੍ਰੇਰੀ ‘ਚ ਪਈਆਂ ਕਿਤਾਬਾਂ ‘ਚੋਂ ਹੀ ਦੇ ਦਿੱਤੀ ਗਈ ਸੀ। ਪ੍ਰਿੰਟ ਮੀਡੀਆ ਨਾਲ ਜੁੜੀਆਂ ਗੱਲਾਬਾਤਾਂ ਵੀ ਕਲਾਸ ਲੈਕਚਰਾਂ ਰਾਹੀਂ ਸਿਖਾ ਦਿੱਤੀਆਂ ਗਈਆਂ ਸਨ। ਇੱਕ-ਅੱਧ ਗੇੜਾ ਕਿਸੇ ਅਖਬਾਰ ਦਾ ਲਵਾ ਦਿੱਤਾ ਜਾਂਦਾ ਸੀ।


ਵਿੱਦਿਅਕ ਯੋਗਤਾ ਪੱਖੋਂ ਤਾਂ ਅਸੀਂ ਪੱਤਰਕਾਰੀ ਦੀ ਮਾਸਟਰ ਡਿਗਰੀ ਕਰੀ ਫਿਰਦੇ ਸੀ ਪਰ ਜਦੋਂ ਨੌਕਰੀ ਲਈ ਗਏ ਤਾਂ ਉੱਥੇ ਇੱਕ ਦਸਵੀਂ ਪਾਸ (ਪਰ ਤਜ਼ਰਬਾ ਰੱਖਣ ਵਾਲਾ) ਪੱਤਰਕਾਰ ਹੀ ਪੈਰ ਨਾ ਲੱਗਣ ਦਿਆ ਕਰੇ। ਜਿੰਨਾ ਚਿਰ ਅਸੀਂ ਡਿਗਰੀ ਕਰਨ ਨੂੰ ਲਾਇਆ ਸੀ ਮੇਰੇ ਇੱਕ ਸਾਥੀ ਨੇ ਉਸ ਤੋਂ ਅੱਧਾ ਸਮਾਂ (ਸ਼ਾਇਦ ਇਸ ਤੋਂ ਵੀ ਘੱਟ) ਕਿਸੇ ਨਿਊਜ਼ ਚੈੱਨਲ ‘ਚ ‘ਇੰਨਟ੍ਰਨਸ਼ਿਪ’ ਲਗਵਾ ਕੇ ਤਜ਼ਰਬਾ ਹਾਸਿਲ ਕਰ ਲਿਆ ਕਿ ਅਸਲ ‘ਚ ਕੰਮ ਕਰਨਾ ਕਿਵੇਂ ਹੈ। ਜਦੋਂ ਨੂੰ ਅਸੀਂ ਡਿਗਰੀ ਕਰਕੇ ਹਟੇ ਉਹ ਇਲੈਕਟ੍ਰਾਨਿਕ ਮੀਡੀਆ ‘ਚ ਪੰਜਾਬ ਦੇ ਨਾਮੀਂ ਪੱਤਰਕਾਰਾਂ ‘ਚ ਸ਼ੁਮਾਰ ਸੀ।


ਪਿਛਲੇ ਦਿਨੀਂ ਆਪਣੀ ਇੱਕ ਜਮਾਤਣ ਨੂੰ ਮੈਂ ਪੱਤਰਕਾਰੀ ਸਬੰਧੀ ਕੁਝ ਆਮ ਬੋਲਚਾਲ ਦੇ ਸ਼ਬਦ, ਇਸ ਪੇਸ਼ੇ ‘ਚ ਕੰਮ ਆਉਣ ਵਾਲੀਆਂ ਗੱਲਾਬਾਤਾਂ ਅਤੇ ਸਬੰਧਿਤ ਪ੍ਰਸ਼ਨ ਪੁੱਛ ਲਏ ਜੋ ਨਾ ਤਾਂ ਅਸੀਂ ਕਿਤਾਬਾਂ ‘ਚ ਪੜ੍ਹੇ ਸੀ ਅਤੇ ਨਾ ਉਹ ਪੜ੍ਹਾਏ ਜਾਂਦੇ ਸਨ/ਹਨ। ਇਹ ਕੁੜੀ ਪੱਤਰਕਾਰੀ ਦੀ ਲੈਕਚਰਾਰ ਲੱਗੀ ਹੋਈ ਹੈ, ਮੇਰੀਆਂ 7-8 ਹੋਰਨਾਂ ਜਮਾਤਣਾਂ ਵਾਂਗ। ਮੈਨੂੰ ਸੁਣਕੇ ਹੈਰਾਨੀ ਹੋਈ ਕਿ ਇਸ ਬਾਰੇ ਉਸਨੂੰ ਉੱਕਾ ਹੀ ਗਿਆਨ ਨਹੀਂ ਸੀ। ਗਿਆਨ ਤਾਂ ਉਦੋਂ ਹੀ ਹੋਣਾ ਸੀ ਜੇਕਰ ਉਸਦਾ ਅਜਿਹੀਆਂ ਗੱਲਾਂ ਨਾਲ ਵਾਹ ਪਿਆ ਹੁੰਦਾ! ਜੋ ਮੈਂ ਅਤੇ ਉਸਨੇ ਪੜ੍ਹਿਆ ਸੀ, ਉਹੀਂ ਉਹ ਅੱਗੇ ਪੜ੍ਹਾਈ ਜਾ ਰਹੀ ਹੈ। ਹਾਲਾਂਕਿ ਲੈਕਚਰਾਰ ਲੱਗਣ ਲਈ ਯੂ.ਜੀ.ਸੀ. ਵੱਲੋਂ ਉਸਦੀ ਯੋਗਤਾ ਮੇਰੇ ਨਾਲੋਂ ਜ਼ਿਆਦਾ ਹੈ ਕਿਉਂ ਕਿ ਉਸਨੇ ਨੈੱਟ ਪਾਸ ਕੀਤਾ ਹੋਇਆ ਹੈ। ਜਦਕਿ ਪ੍ਰੈਕਟੀਕਲ ਪੱਧਰ ‘ਤੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਅਜਿਹਾ ਕੋਈ ਵੀ ਵਿਅਕਤੀ ਵਧੀਆਂ ਸਿਖਲਾਈ ਦੇ ਸਕਦਾ ਹੈ ਜਿਸਨੇ ਪੱਤਰਕਾਰੀ ਦੇ ਖੇਤਰ ‘ਚ ਹੱਥੀਂ ਕੰਮ ਕਰਨ ਦਾ ਤਜ਼ਰਬਾ ਹਾਸਿਲ ਕੀਤਾ ਹੋਵੇ। ਇਸ ਲਈ ਇਹ ਜ਼ਰੂਰੀ ਨਹੀਂ ਕਿ ਵਿੱਦਿਅਕ ਯੋਗਤਾ ਕਿਸੇ ਦੀ ਕਾਬਲੀਅਤ ਪਰਖਣ ਦਾ ਪੈਮਾਨਾ ਹੁੰਦਾ ਏ।

Tuesday, August 4, 2009

ਕਾਹਦੀਆਂ ਪੜ੍ਹਾਈਆਂ !!!



ਸਾਲ 1994 ‘ਚ ਮੈਂ ਦਸਵੀਂ ਕਲਾਸ ‘ਚ ਪੜ੍ਹਦਾ ਸੀ। ਖੰਨੇ ਸ਼ਹਿਰ ਦਾ ਮਸ਼ਹੂਰ ਅਤੇ ਸਭ ਤੋਂ ਪੁਰਾਣਾ ਸਕੂਲ ਏ, ਜਿਸਨੂੰ ਇਲਾਕੇ ਭਰ ‘ਚ ਆਰੀਆ ਸਕੂਲ ਦੇ ਨਾਂ ਨਾਲ ਜਾਣਿਆਂ ਜਾਂਦਾ ਏ। ਇਕ ਵਾਰ ਅਸੀਂ ਜਮਾਤ ਦੇ 30 ਵਿਦਿਆਰਥੀਆਂ ਨੇ ਸਮੇਂ ਸਿਰ ਫੀਸ ਨਾ ਭਰਾਈ। ਉਂਝ ਕਲਾਸ ‘ਚ ਅਸੀਂ 35 ਕੁ ਵਿਦਿਆਰਥੀ ਹੀ ਸਾਂ। ਮਾਸਟਰ ਜੀ ਕਹਿੰਦੇ ਮੈਂ ਤੁਹਾਡਾ ਪੂਰੀ ਜਮਾਤ ਦਾ ਨਾਂ ਕੱਟ ਦੇਣਾ ਏ। ਮੇਰੇ ਚੰਗੀ ਤਰ੍ਹਾਂ ਯਾਦ ਏ ਉਸੇ ਸਮੇਂ ਪੂਰੀ ਜਮਾਤ ਦੀ ਬਣਦੀ ਫੀਸ ਪੰਜ ਸੌ ਚਾਲੀ ਰੁਪਏ ਸਾਡੇ ਇਕ ਹੀ ਸਾਥੀ ਨੇ ਭਰ ਦਿੱਤੀ ਸੀ। ਕਹਿੰਦਾ ਮੈਂ ਆਪ ਹੀ ਸਾਰਿਆਂ ਤੋਂ ਪੈਸੇ ਇਕੱਠੇ ਕਰ ਲਊ। ਸਾਡਾ ਇਹ ਸਾਥੀ ਉਮਰ ‘ਚ ਵੀ ਸਾਰੀ ਕਲਾਸ ਤੋਂ ਵੱਡਾ ਸੀ ਅਤੇ ਪੈਸੇ ਪੱਖੋਂ ਵੀ ਵਧੀਆਂ ਸੀ।



ਖੈਰ, ਕਹਿਣ ਦਾ ਭਾਵ ਏ ਪ੍ਰਤੀ ਵਿਦਿਆਰਥੀ ਫੀਸ ਸਿਰਫ 18 ਰੁਪਏ ਸੀ ਜੋ ਕਿ ਅੱਜ ਦੇ ਮੁਕਾਬਲੇ ਸੁਣ ਕੇ ਇੰਝ ਲੱਗਦਾ ਏ ਜਿਵੇਂ ਕੋਈ ਮਜ਼ਾਕ ਵਾਲੀ ਗੱਲ ਹੋਵੇ। ਹੁਣ ਤਾਂ ਸਕੂਲਾਂ ‘ਚ ਨਰਸਰੀ ਦੀ ਦਾਖਲਾ ਫੀਸ ਵੀ ਕਈ ਹਜ਼ਾਰ ਰੁਪਏ ਹੈ! ਮੇਰਾ ਭਤੀਜਾ ਅਨਮੋਲਵੀਰ ਸਿੰਘ ਹਾਲੇ ਯੂ.ਕੇ.ਜੀ ‘ਚ ਹੈ ਤੇ ਉਸਦੀ ਮਹੀਨੇ ਦੀ ਫੀਸ ਮੇਰੀ ਦਸਵੀਂ ਦੀ ਫੀਸ ਤੋਂ ਕਈ ਗੁਣਾਂ ਵਧੇਰੇ ਹੈ।



ਪਿਛਲੇ ਦਿਨੀਂ ਮੇਰੇ ਦਫਤਰ ਦੇ ਕਿਸੇ ਹੋਰ ਵਿਭਾਗ ਦਾ ਇਕ ਸਾਥੀ ਵਾਰ-ਵਾਰ ਫੋਨ ਕਰਕੇ ਕਹਿ ਰਿਹਾ ਸੀ ਕਿ ਉਸ ਦੇ ਦੋਸਤ ਦੀ ਬੇਟੀ ਨੇ ਕਿਸੇ ਇੰਜਨੀਅਰਿੰਗ ਕਾਲਜ ‘ਚ ਦਾਖਲਾ ਲੈਣਾ ਏ ਅਤੇ ਕਾਲਜ ਵਾਲੇ ਇਕ ਲੱਖ ਰੁਪਿਆ ਦਾਨ (ਡੋਨੇਸ਼ਨ) ਵਜੋਂ ਮੰਗ ਰਹੇ ਨੇ ਅਤੇ ਪੱਤਰਕਾਰ ਹੋਣ ਦੇ ਨਾਤੇ ਮੈਂ ਕਾਲਜ ਵਾਲਿਆਂ ਨੂੰ ਫੋਨ ਕਰਕੇ ਦਾਨ ਰਾਸ਼ੀ ਘਟਾਉਣ ਬਾਰੇ ਕਹਾਂ। ਕੁਝ ਦਿਨ ਪਹਿਲਾਂ ਪਤਾ ਲੱਗਿਆ ਕਿ ਜਿਸ ਕੁੜੀ ਨੇ ਦਾਖਲਾ ਲੈਣਾ ਸੀ ਉਸਨੇ 65 ਹਜ਼ਾਰ ਰੁਪਿਆ ਫੀਸ ਦਾ ਭਰਾ ਦਿੱਤਾ ਏ ਅਤੇ ਕਲਾਸਾਂ ਸ਼ੁਰੂ ਹੋ ਗਈਆਂ ਨੇ। ਹਾਲੇ ਉਸਦਾ ਇਹ ਪਹਿਲਾਂ ਸਮੈਸਟਰ ਏ ਅਤੇ ਸੱਤ ਸਮੈਸਟਰ ਹਾਲੇ ਹੋਰ ਪਏ ਨੇ। ਹੁਣ ਖਰਚਿਆਂ ਦਾ ਹਿਸਾਬ ਲਗਾ ਲਓ!



ਜਦੋਂ ਮੈਂ ਏ.ਐਸ.ਕਾਲਜ, ਖੰਨਾ ‘ਚ ਬੀ.ਕਾਮ ਵਿਚ ਦਾਖਲਾ ਲਿਆ ਸੀ ਤਾਂ ਮੇਰੀ ਦਾਖਲਾ ਫੀਸ ਚੌਵੀ-ਪੰਚੀ ਸੌ ਰੁਪਏ ਸੀ , ਜਿਸ ‘ਚ ਸ਼ਾਇਦ ਤਿੰਨ ਮਹੀਨਿਆਂ ਦੀ ਫੀਸ ਵੀ ਸ਼ਾਮਲ ਸੀ। ਇਸ ਤੋਂ ਪਹਿਲਾਂ ਆਰੀਆ ਸਕੂਲ ‘ਚ ਪੜ੍ਹਦਿਆਂ ਦਾਖਲਾ ਅਤੇ ਮਹੀਨੇ ਦੀ ਫੀਸ ਕਦੇ ਵੀ ਕੁਝ ਕੁ ਸੌ ਰੁਪਏ ਤੋਂ ਵੱਧ ਨਹੀਂ ਦਿੱਤੀ ਸੀ। ਕਾਲਜ ਦੀ ਦਾਖਲਾ ਫੀਸ ਕਾਫੀ ਜ਼ਿਆਦਾ ਲੱਗੀ। ਹੁਣੇ-ਹੁਣੇ ਮੇਰੀ ਭੂਆ ਦਾ ਮੁੰਡਾ ਉਸੇ ਕਾਲਜ ‘ਚ ਬੀ.ਸੀ.ਏ ‘ਚ ਦਾਖਲਾ ਕਰਾਕੇ ਆਇਆ ਹੈ ਅਤੇ ਫੁੱਫੜ ਜੀ ਨੇ ਦੱਸਿਆ ਏ ਕਿ ਫੀਸ ਦੀ ਪਹਿਲੀ ਕਿਸ਼ਤ ਤੇਈ ਹਜ਼ਾਰ ਰੁਪਏ ਭਰਾਈ ਏ ਕਾਲਜ ਵਾਲਿਆਂ ਨੇ। ਸਧਾਰਣ ਨੌਕਰੀ-ਪੇਸ਼ੇ ਵਾਲਾ ਭਲਾ ਆਪਣੇ ਪੁੱਤ-ਧੀਆਂ ਨੂੰ ਕਿੱਥੋਂ ਪੜ੍ਹਾ ਲਊ!



ਫੀਸਾਂ ਦਾ ਵਾਧਾ ਤਾਂ ਇਕ ਪਾਸੇ ਰਿਹਾ, ਵਿਦਿਅਕ ਸੰਸਥਾਵਾਂ ‘ਚ ਲੁੱਟ-ਖਸੁੱਟ ਦੇ ਕਈ ਨਵੇਂ ਸਾਧਨ ਵੀ ਸਮੇਂ ਦੇ ਨਾਲ-ਨਾਲ ਤਿਆਰ ਹੋ ਰਹੇ ਨੇ। ਦਾਨ ਰਾਸ਼ੀ ਦੇ ਰੂਪ ‘ਚ ਮੋਟੀਆਂ ਰਕਮਾਂ ਲੈਣ ਦੀ ਗੱਲ ਤਾਂ ਕਿਸੇ ਤੋਂ ਲੁਕੀ ਨਹੀਂ ਹੁਣ ਤਾਂ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੀ ਰਾਸ਼ੀ ਵੀ ਵਿਦਿਆਰਥੀਆਂ ਤੋਂ ਕਿਸੇ ਨਾ ਕਿਸੇ ਰੂਪ ‘ਚ ਲਈ ਜਾ ਰਹੀ ਐ। ਸਾਡੇ ਚਾਚੇ ਦੀ ਕੁੜੀ ਨੂੰ ਆਪਣੇ ਕਾਲਜ ਛੱਡਣ ਦਾ ਪ੍ਰਮਾਣ ਪੱਤਰ ਲੈਣ ਬਦਲੇ ਕਾਲਜ ਵਾਲਿਆਂ ਨੇ ਉਸ ਤੋਂ 500 ਰੁਪਏ ਲੈ ਲਏ। ਏਸੇ ਤਰ੍ਹਾਂ ਨਤੀਜਾ ਕਾਰਡ ਦੇਣ ਬਦਲੇ ਵੀ ਬਹੁਤੇ ਕਾਲਜ ਵਿਦਿਆਰਥੀਆਂ ਦੀ ਜੇਬ ‘ਤੇ ‘ਡਾਕੇ’ ਮਾਰ ਰਹੇ ਨੇ। ਨਿਯਮਾਂ ਮੁਤਾਬਕ ਤਾਂ ਕਾਲਜ ਅਜਿਹਾ ਕਰ ਹੀ ਨਹੀਂ ਸਕਦੇ!



ਮੇਰੀ ਹੁਣ ਤੱਕ ਦੀ ਸਭ ਤੋਂ ‘ਮਹਿੰਗੀ ਡਿਗਰੀ’ ਪੱਤਰਕਾਰੀ ਦੀ ਰਹੀ ਐ। ਮੋਟੇ ਰੂਪ ‘ਚ ਦੋ ਸਾਲਾਂ ਦੀ ਫੀਸ ਕੋਈ ਪੰਜਾਹ ਹਜ਼ਾਰ ਰੁਪਏ ਬਣਦੀ ਸੀ। ਕੁਝ ਦਿਨ ਪਹਿਲਾਂ ਪੱਤਰਕਾਰੀ ਦੀਆਂ ਦੋ ਵਿਦਿਆਰਥਣਾਂ ਟ੍ਰੇਨਿੰਗ ਲੈਣ ਲਈ ਦਫਤਰ ਆਈਆਂ । ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਪੰਜਾਬ ਦਾ ਉਪ ਮੁੱਖ ਮੰਤਰੀ ਕੌਣ ਸੀ। ਖੈਰ, ਜਿਸ ਇੰਸਟੀਚਿਊਟ ਤੋਂ ਉਹ ਡਿਗਰੀ ਕਰ ਰਹੀਆਂ ਨੇ, ਉੱਥੇ ਇਕ ਸਾਲ ਦੀ ਫੀਸ ਐ ਇਕ ਲੱਖ 60 ਹਜ਼ਾਰ ਰੁਪਏ।



ਮੈਂ ਤਾਂ ਇਸ ਗੱਲੋਂ ਵੀ ਹੈਰਾਨ ਆ ਕਿ ਮੇਰੇ ਦੋਵੇਂ ਚਾਚਿਆਂ ਦੇ ਦੋ ਮੁੰਡੇ ਦੋ-ਦੋ ਵਾਰ ਕਾਲਜ ਦੀਆਂ ਫੀਸਾਂ ਭਰਕੇ ਹੁਣ ਪੜ੍ਹਾਈ ਛੱਡੀ ਘਰ ਬੈਠੇ ਨੇ । ਮੈਨੂੰ ਅੱਜ ਵੀ ਇਸ ਗੱਲ ਦੀ ਰੜਕ ਮਹਿਸੂਸ ਹੁੰਦੀ ਏ ਜਦੋਂ ਮੈਂ ਐਮ.ਕਾਮ ਦੀ ਡਿਗਰੀ ਵਿਚਾਲੇ ਹੀ ਛੱਡਕੇ ਪੱਤਰਕਾਰੀ ਅਤੇ ਜਨਸੰਚਾਰ ਦੀ ਡਿਗਰੀ ‘ਚ ਦਾਖਲਾ ਲੈ ਲਿਆ ਸੀ ਅਤੇ ਐਮ.ਕਾਮ ਵਾਸਤੇ ਭਰਾਈ ਛੇ ਹਜ਼ਾਰ ਦੀ ਫੀਸ ਐਵੇਂ ਹੀ ਗਈ ਸੀ। ਪਾੜਿਓ ਸ਼ੁਕਰ ਮਨਾਓ ਜੇ ਕੋਈ ਮਾਪਾ ਤੁਹਾਨੂੰ ਇਸ ਦੌਰ ‘ਚ ਪੜ੍ਹਾ ਰਿਹਾ ਏ!