Friday, December 26, 2014

ਪੱਕੇ ਪੈਂਰੀ ਹੋ ਰਿਹੈ ਪੰਜਾਬੀ ਸਿਨੇਮਾ

ਸਾਲ 2014 ਦੀਆਂ ਪੰਜਾਬੀ ਫਿਲਮਾਂ ਦਾ ਲੇਖਾ-ਜੋਖਾ


ਪੰਜਾਬੀ ਫਿਲਮਾਂ ਲਈ ਵਪਾਰਕ ਪੱਖੋਂ ਸਾਲ 2014 ਰਲਵਾਂ-ਮਿਲਵਾਂ ਜਿਹਾ ਰਿਹਾ ਹੈ ਪਰ ਤਕਨੀਕੀ ਪੱਖੋਂ ਫਿਲਮਾਂ ਦੇ ਮਿਆਰ ਵਿਚ ਪਿਛਲੇ ਸਾਲਾਂ ਨਾਲੋਂ ਕਾਫੀ ਜ਼ਿਆਦਾ ਸੁਧਾਰ ਵੇਖਣ ਨੂੰ ਮਿਲਿਆ ਹੈ। ਸਾਲ 2014 ਦੀ ਸਭ ਤੋਂ ਵੱਡੀ ਹਿੱਟ ਫਿਲਮ 'ਚਾਰ ਸਾਹਿਬਜ਼ਾਦੇ' (ਨਿਰਦੇਸ਼ਕ ਹੈਰੀ ਬਵੇਜਾ) ਅਜਿਹੀ ਪਹਿਲੀ ਪੰਜਾਬੀ ਫਿਲਮ ਹੈ ਜੋ 3ਡੀ ਐਨੀਮੇਸ਼ਨ ਤਕਨੀਕ ਨਾਲ ਬਣਾਈ ਗਈ ਹੈ ਅਤੇ ਜਿਸਨੇ ਕਈ ਬਾਲੀਵੁੱਡ ਦੀਆਂ ਫਿਲਮਾਂ ਨੂੰ ਵੀ ਟੱਕਰ ਦਿੱਤੀ ਹੈ। ਇਸ ਫਿਲਮ ਨੇ ਪੰਜਾਬੀ ਫਿਲਮਾਂ ਵਿਚ ਧਾਰਮਿਕ ਵਿਸ਼ਿਆਂ ਪ੍ਰਤੀ ਹੋਰ ਫਿਲਮਾਂ ਬਣਾਉਣ ਲਈ ਵੀ ਰਾਹ ਮੋਕਲਾ ਕਰ ਦਿੱਤਾ ਹੈ। ਸਿਰਫ ਇਹੀ ਫਿਲਮ ਅਜਿਹੀ ਹੈ ਜੋ ਕਈ ਸਿਨੇਮਿਆਂ ਵਿਚ ਤਿੰਨ ਹਫਤਿਆਂ ਤੋਂ ਵੀ ਜ਼ਿਆਦਾ ਚੱਲੀ ਅਤੇ ਕਈ ਸ਼ਹਿਰਾਂ ਵਿਚ ਤਾਂ ਫਿਲਮ ਹਟਾ ਦੇਣ ਤੋਂ ਬਾਅਦ ਦੋਬਾਰਾ ਲਗਾਈ ਗਈ। ਪੰਜਾਬ ਸਰਕਾਰ ਨੇ ਵੀ 'ਚਾਰ ਸਾਹਿਬਜ਼ਾਦੇ' ਫਿਲਮ ਨੂੰ ਟੈਕਸ-ਮੁਕਤ ਕੀਤਾ। ਹੁਣ ਦਰਸ਼ਕ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ ਅਤੇ ਅਜਿਹੇ ਹੋਰ ਸਿੱਖ ਯੋਧਿਆਂ ਉੱਤੇ ਵੀ ਫਿਲਮਾਂ ਦਾ ਨਿਰਮਾਣ ਹੋਇਆ ਵੇਖਣਾ ਚਾਹੁੰਦੇ ਹਨ।

ਸਾਲ 2014 ਦੀ ਪਹਿਲੀ ਤਿਮਾਹੀ ਫਲਾਪ ਫਿਲਮਾਂ ਭਰਪੂਰ ਰਹੀ।ਮੇਰੇ ਯਾਰ ਕਮੀਨੇ, ਪਟਿਆਲਾ ਡਰੀਮਜ਼, ਵੀਰਾਂ ਨਾਲ ਸਰਦਾਰੀ, ਅਸੀਂ ਹਾਂ ਯਾਰ ਪੰਜਾਬੀ, ਕਿਰਪਾਨ, ਇਸ਼ਕ ਬਰਾਂਡੀ ਅਤੇ ਫਤਹਿ ਫਿਲਮਾਂ ਦਰਸ਼ਕਾਂ 'ਤੇ ਕੋਈ ਖਾਸ ਪ੍ਰਭਾਵ ਦਰਜ ਨਹੀਂ ਕਰਾ ਸਕੀਆ। ਸਾਲ 2013 ਵਾਂਗ ਹੀ ਇਸ ਸਾਲ ਵੀ ਕਾਮੇਡੀ ਭਰਪੂਰ ਫਿਲਮਾਂ ਦਾ ਦਬਦਬਾ ਰਿਹਾ ਅਤੇ ਮਿਸਟਰ ਐਂਡ ਮਿਸਿਜ਼ 420, ਡਿਸਕੋ ਸਿੰਘ ਅਤੇ ਡਬਲ ਦੀ ਟਰਬਲ ਫਿਲਮਾਂ ਤੋਂ ਇਲਾਵਾ ਬਾਕੀ ਕਾਮੇਡੀ ਫਿਲਮਾਂ ਔਸਤ ਰਹੀਆਂ। ਇਨ•ਾਂ ਤੋਂ ਇਲਾਵਾ ਵਧੀਆਂ ਕਮਾਈ ਕਰਨ ਵਾਲੀਆਂ ਫਿਲਮਾਂ ਵਿਚ ਜੱਟ ਜੇਮਜ਼ ਬਾਂਡ, ਪੰਜਾਬ 1984, ਗੋਰਿਆਂ ਨੂੰ ਦਫਾ ਕਰੋ, ਯੋਧਾ ਅਤੇ ਬਾਜ਼ ਫਿਲਮਾਂ ਪ੍ਰਮੁੱਖ ਰਹੀਆਂ। 'ਕੌਮ ਦੇ ਹੀਰੇ' ਫਿਲਮ ਵਿਵਾਦ ਕਾਰਣ ਸਿਨੇਮਿਆਂ ਵਿਚ ਜਾਰੀ ਨਹੀਂ ਹੋ ਸਕੀ ਪਰ ਫਿਲਮ ਨੂੰ ਵਿਦੇਸ਼ਾਂ ਤੋਂ ਚੰਗਾ ਫੰਡ ਇਕੱਠਾ ਹੋਇਆ ਤੇ ਪੂਰਾ ਸਾਲ ਇਹ ਫਿਲਮ ਚਰਚਾ ਵਿਚ ਰਹੀ।

ਜਿਹੜੀਆਂ ਫਿਲਮਾਂ ਔਸਤ ਤੋਂ ਵੀ ਹੇਠਾਂ ਰਹੀਆਂ ਉਨ•ਾਂ ਵਿਚ ਮੈਰਿਜ ਦਾ ਗੈਰਿਜ, ਦਿਲ ਵਿਲ ਪਿਆਰ ਵਿਆਰ, ਮਾਈਸੈਲਫ ਘੈਂਟ, ਰੈਂਬੋ ਰਾਂਝਾ, ਮੁੰਡਿਆਂ ਤੋਂ ਬਚ ਕੇ ਰਹੀ, 47 ਤੋਂ 84, ਅਰਸ਼ੋ, ਯਾਰਾਂ ਦਾ ਕੈਚਅੱਪ, ਪੈਸਾ ਯਾਰ ਤੇ ਪੰਗਾ, ਆ ਗਏ ਮੁੰਡੇ ਯੂ.ਕੇ. ਦੇ, ਕੰਟਰੋਲ ਭਾਅ ਜੀ ਕੰਟਰੋਲ, ਇਡੀਅਟ ਬੁਆਏਜ਼, ਪੁਲੀਸ ਇਨ ਪਾਲੀਵੁੱਡ, ਹੈਪੀ ਗੋ ਲੱਕੀ ਅਤੇ ਪਰੋਪਰ ਪਟੋਲਾ ਫਿਲਮਾਂ ਦੇ ਨਾਂ ਖਾਸ ਚਰਚਾਯੋਗ ਹਨ। ਕੁਝ ਫਿਲਮਾਂ ਅਜਿਹੀਆਂ ਵੀ ਹਨ ਜਿਨ•ਾਂ ਬਾਰੇ ਇਹ ਵੀ ਪਤਾ ਨਹੀਂ ਲੱਗਿਆ ਕਿ ਇਹ ਕਦੋਂ ਸਿਨੇਮਿਆਂ 'ਚ ਆਈਆਂ ਤੇ ਕਦੋਂ ਚਲੀਆਂ ਗਈਆਂ। ਪਰਾਊਡ ਟੂ ਬੀ ਏ ਸਿੱਖ, ਓ ਮਾਈ ਪਿਓ, ਦੀ ਬਲੱਡ ਸਟਰੀਟ ਅਤੇ ਹੋ ਜਾਵੇ ਜੇ ਪਿਆਰ ਫਿਲਮਾਂ ਇਸ ਖਾਨੇ ਵਿਚ ਰੱਖੀਆਂ ਜਾ ਸਕਦੀਆਂ ਹਨ।

ਪੰਜਾਬੀ ਫਿਲਮਾਂ ਹਾਲੇ ਵੀ ਵਿਸ਼ਿਆਂ ਦੀ ਘਾਟ ਨਾਲ ਜੂਝ ਰਹੀਆਂ ਹਨ। ਦੱਖਣੀ ਫਿਲਮਾਂ ਦੇ ਮੁਕਾਬਲੇ ਅਸੀਂ ਹਾਲੇ ਬਹੁਤ ਜ਼ਿਆਦਾ ਪਿੱਛੇ ਹਾਂ। ਯਥਾਰਥਵਾਦੀ ਤੇ ਧਾਰਮਿਕ ਸਿਨੇਮਾ ਜਿਸ ਨੂੰ ਜ਼ਿਆਦਾਤਰ ਨਿਰਮਾਤਾ ਤੇ ਨਿਰਦੇਸ਼ਕ ਹੱਥ ਪਾਉਣੋਂ ਡਰਦੇ ਹਨ, ਉਹੀਂ ਫਿਲਮਾਂ (ਪੰਜਾਬ 1984, ਚਾਰ ਸਾਹਿਬਜਾਦੇ ਤੇ ਯੋਧਾ) ਇਸ ਸਾਲ ਹਿੱਟ ਰਹੀਆਂ। ਪੰਜਾਬੀ ਫਿਲਮਾਂ ਦੀ ਕਮਾਈ ਦਾ ਵੱਡਾ ਹਿੱਸਾ ਵਿਦੇਸ਼ੀ ਧਰਤੀ ਤੋਂ ਆਉਣ ਕਰਕੇ ਹੁਣ ਪ੍ਰਚਾਰ ਤੇ ਪ੍ਰਸਾਰ ਢੰਗਾਂ ਵਿਚ ਵੀ ਤਬਦੀਲੀ ਆਈ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆਂ, ਨਿਊਜ਼ੀਲੈਂਡ ਅਤੇ ਕੁਝ ਯੂਰਪ ਦੇ ਦੇਸ਼ਾਂ ਵਿਚ ਵੀ ਫਿਲਮਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਫਿਲਮਾਂ ਦਾ ਸੰਗੀਤ ਪਹਿਲਾਂ ਤੋਂ ਹੀ ਫਿਲਮ ਦੀ ਜਾਨ ਰਿਹਾ ਹੈ ਅਤੇ ਮੌਜੂਦਾ ਸਮੇਂ ਵੀ ਗੀਤ-ਸੰਗੀਤ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।

ਗੀਤ-ਸੰਗੀਤ ਪੱਖੋਂ ਮਿਸਟਰ ਐਂਡ ਮਿਸਿਜ਼ 420 (ਰਿਲੀਜ਼ ਤਾਰੀਖ 14 ਮਾਰਚ ਤੇ ਨਿਰਦੇਸ਼ਕ ਸ਼ਿਤਿਜ਼ ਚੌਧਰੀ), ਡਿਸਕੋ ਸਿੰਘ (11 ਅਪ੍ਰੈਲ, ਅਨੁਰਾਗ ਸਿੰਘ), ਜੱਟ ਜੇਮਜ਼ ਬਾਂਡ (25 ਅਪ੍ਰੈਲ, ਰੋਹਿਤ ਜੁਗਰਾਜ), ਦਿਲ ਵਿਲ ਪਿਆਰ ਵਿਆਰ (2 ਮਈ, ਮਨਜੀਤ ਮਾਨ), ਰੋਮੀਓ ਰਾਂਝਾ (16 ਮਈ, ਨਵਨੀਤ ਸਿੰਘ), ਮੁੰਡਿਆ ਤੋਂ ਬਚ ਕੇ ਰਹੀ (30 ਮਈ, ਨਵਿੰਦਰ ਕਿਰਪਾਲ ਸਿੰਘ), 1984 ਪੰਜਾਬ (27 ਜੂਨ, ਅਨੁਰਾਗ ਸਿੰਘ), ਆ ਗਏ ਮੁੰਡੇ ਯੂ.ਕੇ. ਦੇ (8 ਅਗਸਤ, ਮਨਮੋਹਨ ਸਿੰਘ), ਡਬਲ ਦੀ ਟਰਬਲ (29 ਅਗਸਤ, ਸਮੀਪ ਕੰਗ), ਗੋਰਿਆਂ ਨੂੰ ਦਫਾ ਕਰੋ (12 ਸਤੰਬਰ, ਪੰਕਜ ਬੱਤਰਾ), ਯੋਧਾ (31 ਅਕਤੂਬਰ, ਮਨਦੀਪ ਬੈਨੀਪਾਲ) ਅਤੇ ਪਰੋਪਰ ਪਟੋਲਾ (28 ਨਵਬੰਰ, ਹਰੀਸ਼ ਵਿਆਸ) ਫਿਲਮਾਂ ਬਹੁਤ ਵਧੀਆਂ ਰਹੀਆਂ।
ਅਦਾਕਾਰੀ ਵਿਚ ਗਾਇਕਾਂ ਦੀ ਦਸਤਕ ਹਾਲਾਂਕਿ ਨਿਰੰਤਰ ਜਾਰੀ ਹੈ ਪਰ ਸਾਲ 2014 ਵਿਚ ਆਈਆਂ ਫਿਲਮਾਂ ਵਿਚ ਇੰਦਰਜੀਤ ਨਿੱਕੂ (ਮੇਰੇ ਯਾਰ ਕਮੀਨੇ), ਰਾਏ ਜੁਝਾਰ (ਵੀਰਾਂ ਨਾਲ ਸਰਦਾਰੀ), ਰੌਸ਼ਨ ਪ੍ਰਿੰਸ (ਕਿਰਪਾਨ ਤੇ ਇਸ਼ਕ ਬਰਾਂਡੀ), ਅਲਫਾਜ਼ (ਇਸ਼ਕ ਬਰਾਂਡੀ), ਰਾਜ ਕਾਕੜਾ (ਕੌਮ ਦੇ ਹੀਰੇ), ਨਵਰਾਜ ਹੰਸ (ਮੈਰਿਜ਼ ਦਾ ਗੈਰਿਜ), ਜੈਜ਼ੀ ਬੀ ਤੇ ਗੈਰੀ ਸੰਧੂ (ਰੋਮੀਓ ਰਾਂਝਾ), ਬੱਬਲ ਰਾਏ (ਓ ਮਾਈ ਪਿਓ), ਮੰਨਤ ਸਿੰਘ (ਅਰਸ਼ੋ), ਹਾਰਡੀ ਸੰਧੂ (ਯਾਰਾਂ ਦਾ ਕੈੱਚਅੱਪ), ਬੱਬੂ ਮਾਨ (ਬਾਜ਼) ਅਤੇ ਅਮਰਿੰਦਰ ਗਿੱਲ ਫਿਲਮ ਹੈਪੀ ਗੋ ਲੱਕੀ ਵਿਚ ਕੋਈ ਖਾਸ ਪ੍ਰਭਾਵ ਦਰਜ ਨਹੀਂ ਕਰਵਾ ਸਕੇ। ਦਿਲਜੀਤ ਦੋਸਾਂਝ, ਗਿੱਪੀ ਗਰੇਵਾਲ, ਜੱਸੀ ਗਿੱਲ, ਯੁਵਰਾਜ ਹੰਸ, ਕੁਲਜਿੰਦਰ ਸਿੱਧੂ (ਯੋਧਾ) ਅਤੇ ਨੀਰੂ ਬਾਜਵਾ ਦੀ ਚਾਂਦੀ ਰਹੀ। ਬੀਨੂ ਢਿੱਲੋਂ, ਜਸਵਿੰਦਰ ਭੱਲਾ, ਬੀ.ਐਨ. ਸ਼ਰਮਾ, ਸਰਦਾਰ ਸੋਹੀ ਤੇ ਗੁਰਪ੍ਰੀਤ ਘੁੱਗੀ ਦਾ ਸਿੱਕਾ ਪਿਛਲੇ ਸਾਲਾਂ ਵਾਂਗ ਹੀ ਚੱਲਣਾ ਜਾਰੀ ਰਿਹਾ। ਧਰਮਿੰਦਰ ਨੇ ਫਿਲਮ ਡਬਲ ਦੀ ਟਰਬਲ ਤੇ ਕਿਰਨ ਖੇਰ ਨੇ 1984 ਪੰਜਾਬ ਫਿਲਮ ਰਾਹੀਂ ਧਮਾਕੇਦਾਰ ਹਾਜ਼ਰੀ ਲਵਾਈ।

ਸਾਲ 2013 'ਚ ਰਿਲੀਜ਼ ਹੋਈਆਂ 39 ਪੰਜਾਬੀ ਫਿਲਮਾਂ 'ਚੋਂ 24 ਫਿਲਮਾਂ ਕਾਮੇਡੀ ਭਰਪੂਰ ਸਨ ਅਤੇ ਜ਼ਿਆਦਾਤਰ ਫਲਾਪ ਰਹੀਆਂ, ਇਹੀ ਹਾਲ ਸਾਲ 2014 ਦੌਰਾਨ ਵੀ ਰਿਹਾ। ਇਹ ਸਪੱਸ਼ਟ ਹੈ ਕਿ ਕਾਮੇਡੀ ਪੰਜਾਬੀ ਫਿਲਮਾਂ ਦੀ 'ਓਵਰਡੋਜ਼' ਦਰਸ਼ਕਾਂ ਨੂੰ ਹੁਣ ਪਸੰਦ ਨਹੀਂ ਆ ਰਹੀ। ਹੁਣ ਜਦੋਂ ਪੰਜਾਬੀ ਫਿਲਮਾਂ ਦੀ ਗਿਣਤੀ ਵਧੀ ਹੈ ਅਤੇ ਦਰਸ਼ਕਾਂ ਦਾ ਹੁੰਗਾਰਾ ਵੀ ਵਧਿਆ ਹੈ ਤਾਂ ਬਹੁਤ ਜ਼ਰੂਰੀ ਹੈ ਕਿ ਫਿਲਮ ਨਿਰਮਾਣ ਨਾਲ ਜੁੜੇ ਲੋਕ ਆਉਣ ਵਾਲੇ ਸਾਲਾਂ ਵਿਚ ਵੱਖੋ-ਵੱਖਰੇ ਵਿਸ਼ਿਆਂ (ਇਤਿਹਾਸ, ਨਾਬਰਾਬਰੀ, ਖੇਤੀਬਾੜੀ ਅਧਾਰਤ, ਵੱਖ-ਵੱਖ ਅੰਦੋਲਨ ਪ੍ਰਧਾਨ ਫਿਲਮਾਂ, ਤਰੱਕੀ ਦੀਆਂ ਬੁਲੰਦੀਆਂ ਛੂਹਣ ਵਾਲੇ ਲੋਕਾਂ ਦੀ ਕਹਾਣੀ, ਰਾਜਨੀਤੀ, ਵਿਦੇਸ਼ੀ ਪੜ•ਾਈ, ਸਿੱਖ ਸੂਰਬੀਰ-ਯੋਧਿਆਂ ਦੀ ਕਹਾਣੀ, 1947-1984 ਦੇ ਵੱਖ-ਵੱਖ ਪਹਿਲੂਆਂ ਦੀ ਕਹਾਣੀ, ਗਦਰੀ ਬਾਬਿਆਂ ਤੇ ਅਜ਼ਾਦੀ ਸੰਘਰਸ਼ ਦੀ ਕਹਾਣੀ, ਨਾਵਲ ਅਧਾਰਤ ਫਿਲਮਾਂ ਆਦਿ) ਆਧਾਰਿਤ ਫਿਲਮਾਂ ਬਣਾਉਣ ਤਾਂ ਜੋ ਪੰਜਾਬੀ ਸਿਨੇਮਾ ਵੀ ਦੱਖਣ ਵਾਂਗ ਭਾਰਤ 'ਚ ਆਪਣੀ ਇਕ ਵੱਖਰੀ ਥਾਂ ਬਣਾ ਸਕੇ।

ਨਰਿੰਦਰ ਪਾਲ ਸਿੰਘ ਜਗਦਿਓ