Wednesday, October 1, 2014

ਬਾਬਾ ਮਿਹਰ ਕਰੂ ...



ਖੁੱਲ੍ਹਾ ਦਾਹੜਾ, ਕਾਲੇ ਰੰਗ ਦਾ ਗੋਲ ਪਰਨਾ ਬੰਨ੍ਹੀ ਤੇ ਗਲ 'ਚ ਪੀਲੇ ਰੰਗ ਦਾ ਸਿਰੋਪਾ ਪਾਈ ਇਕ ਛੇ ਫੁੱਟ ਦੇ 'ਗੁਰਸਿੱਖ' ਨੇ ਅੱਗੇ ਛੋਟਾ ਜਿਹਾ ਗੋਲਕ ਲਿਆ ਧਰਿਆ ਜੋ ਉਸ ਨੇ ਖੱਬੇ ਹੱਥ 'ਚ ਫੜ੍ਹਿਆ ਹੋਇਆ ਸੀ। “ਵਾਹਿਗੁਰੂ ਜੀ ਕਾ ਖਾਲਸਾ.. ਤੇ ਅਜਿਹੇ ਦੋ-ਤਿੰਨ ਹੋਰ ਜੈਕਾਰੇ ਛੱਡ ਕੇ ਕਹਿੰਦਾ, ਲਿਆਓ ਗੁਰਮੁਖੋ ਆਪਣੀ ਸ਼ਰਧਾ ਅਨੁਸਾਰ ਜੋ ਪਾਉਣਾ, ਪਾ ਦਿਓ। ਤੇ ਨਾਲ ਹੀ ਲੈਮੀਨੇਟ ਜਿਹੇ ਕੀਤੇ ਦੋ-ਤਿੰਨ ਕਾਗਜ਼ ਵੀ ਉਸ ਨੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਨ੍ਹਾਂ ਨੂੰ ਪੜ੍ਹਾ ਕੇ 'ਦਾਨੀ ਸੱਜਣਾਂ' ਤੋਂ ਜ਼ਿਆਦਾ ਤੋਂ ਜ਼ਿਆਦਾ ਮਾਇਆ ਲਈ ਜਾ ਸਕੇ।

ਜਿਸ ਦੋਸਤ ਦੀ ਦੁਕਾਨ 'ਤੇ ਮੈਂ ਬੈਠਾ ਸੀ ਉਸ ਨੇ ਨਾਲ ਹੀ ਹੱਥ ਜੋੜ ਦਿੱਤੇ ਤੇ ਉਹ ਬਾਬਾ ਸਾਡੇ ਸਭ ਵੱਲ ਜ਼ਹਿਰੀ ਅੱਖਾਂ ਨਾਲ ਦੇਖਦਾ ਹੋਇਆ ਬਾਹਰ ਨਿਕਲ ਗਿਆ। ਪਤਾ ਨਹੀਂ ਕਿਹੜੇ ਧਾਰਮਿਕ ਸਥਾਨ, ਬਿਰਧ ਆਸ਼ਰਮ ਜਾਂ ਪਿੰਗਲਵਾੜੇ ਲਈ ਪੈਸੇ ਇਕੱਠੇ ਕਰ ਰਿਹਾ ਸੀ? ਇਹ ਵਰਤਾਰਾ ਅੱਜਕੱਲ੍ਹ ਆਮ ਵਾਪਰ ਰਿਹਾ ਹੈ। ਇਕੱਲੇ ਬੰਦੇ ਤੋਂ ਲੈ ਕੇ 4-5 ਦੇ ਇਕੱਠ 'ਚ ਫਿਰਦੇ ਅਜਿਹੇ ਬਹੁਤ 'ਬਾਬੇ' ਹਨ ਜੋ ਘਰ-ਘਰ, ਦੁਕਾਨ-ਦੁਕਾਨ ਤੇ ਪਿੰਡ-ਪਿੰਡ ਜਾ ਕੇ 'ਗੁਰਧਾਮਾਂ ਜਾਂ ਪਿੰਗਲਵਾੜਿਆਂ/ਬਿਰਧ ਆਸ਼ਰਮਾਂ' ਦੇ ਨਾਂ 'ਤੇ ਪੈਸਾ, ਰਾਸ਼ਨ ਤੇ ਕੱਪੜੇ ਆਦਿ ਇਕੱਠੇ ਕਰ ਰਹੇ ਹਨ। ਹਾਲਾਂਕਿ ਇਸ ਬਾਰੇ ਸ਼ੋਮਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ) ਤੇ ਹੋਰ ਧਾਰਮਿਕ ਸਥਾਨਾਂ ਵੱਲੋਂ ਬਹੁਤ ਸਾਰੀਆਂ ਅਪੀਲਾਂ ਆਉਂਦੀਆਂ ਰਹਿੰਦੀਆਂ ਹਨ ਕਿ ਅਜਿਹੇ ਲੋਕਾਂ ਨੂੰ ਕੋਈ ਪੈਸਾ, ਰਾਸ਼ਨ ਜਾਂ ਸਾਮਾਨ ਨਾ ਦਿੱਤਾ ਜਾਵੇ ਕਿਉਂ ਕਿ ਕਿਸੇ ਨੂੰ ਵੀ ਅਜਿਹਾ ਕਰਨ ਲਈ ਐਸ.ਜੀ.ਪੀ.ਸੀ ਜਾਂ ਹੋਰ ਧਾਰਮਿਕ ਸਥਾਨ/ਵੱਖ-ਵੱਖ ਥਾਈਂ ਖੁਲ੍ਹੇ ਪਿੰਗਲਵਾੜਿਆਂ ਦੇ ਪ੍ਰਬੰਧਕ ਆਦਿ ਨਹੀਂ ਭੇਜਦੇ।

ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਅਜਿਹੇ 'ਮੰਗਣ ਵਾਲਿਆਂ' ਨੂੰ ਦੇਖ ਕੇ ਉਨ੍ਹਾਂ ਨਾਲ ਤਰਕ ਜਾਂ ਬਹਿਸ ਕਰਨ ਨੂੰ ਵੀ ਜੀ ਨਹੀਂ ਕਰਦਾ ਕਿਉਂ ਕਿ ਜਾਂ ਤਾਂ ਅਜਿਹੇ ਵਧੇਰੇ ਬੰਦੇ ਸਿਆਣੀ ਉਮਰ ਦੇ ਹੁੰਦੇ ਹਨ ਤੇ ਜਾਂ ਉਨ੍ਹਾਂ ਦਾ ਵਿਵਹਾਰ ਅਜਿਹਾ ਹੁੰਦਾ ਹੈ ਜਿਵੇਂ ਸੱਚਮੁੱਚ ਉਹ 'ਬਹੁਤ ਵੱਡੇ ਸਮਾਜ ਸੁਧਾਰਕ/ਧਾਰਮਿਕ ਸੇਵਕ' ਹੁੰਦੇ ਹਨ। ਦੁੱਖ ਜ਼ਰੂਰ ਹੁੰਦਾ ਹੈ ਕਿ ਧਰਮ ਦੇ ਨਾਂ 'ਤੇ ਕਿਵੇਂ ਇਹ ਲੋਕ ਘਰ-ਘਰ 'ਹੱਥ ਅੱਡਦੇ' ਫਿਰਦੇ ਹਨ ਜਦਕਿ ਧਾਰਮਿਕ ਸਥਾਨਾਂ 'ਤੇ ਦਾਨ ਦੇਣ ਵਾਲਿਆਂ ਦੀ ਤਾਂ ਕੋਈ ਕਮੀ ਹੀ ਨਹੀਂ। ਜਿਸ ਨੇ ਦਾਨ ਦੇਣਾ ਹੁੰਦਾ ਹੈ ਉਹ ਖੁਦ ਜਾ ਕੇ ਸ਼ਰਧਾ ਮੁਤਾਬਿਕ ਆਪ ਦਾਨ ਦੇ ਆਉਂਦਾ ਹੈ।

ਸੁਣੀ-ਸੁਣਾਈ ਗੱਲ ਹੈ। ਕੁਝ ਸਾਲ ਪਹਿਲਾਂ ਕਿਸੇ ਗੁਰੂਦੁਆਰਾ ਸਾਹਿਬ ਵਿਖੇ ਸੀਮਿੰਟ ਜਾਂ ਸਰੀਏ ਦਾ ਭਰਿਆ ਟਰੱਕ ਕਈ ਦਿਨ ਖੜ੍ਹਾ ਰਿਹਾ। ਜਦੋਂ ਕੁਝ ਦਿਨਾਂ ਬਾਅਦ ਚੈੱਕ ਕੀਤਾ ਗਿਆ ਤਾਂ ਨਵੇਂ-ਨਕੋਰ ਟਰੱਕ ਦੀ ਕਾਪੀ ਗੁਰੁਦੁਆਰਾ ਸਾਹਿਬ ਦੇ ਨਾਂ ਸੀ ਅਤੇ ਵਿਚ ਪਿਆ ਸਾਮਾਨ ਗੁਰੂਦੁਆਰਾ ਸਾਹਿਬ ਦੀ ਬਣ ਰਹੀ ਇਮਾਰਤ ਲਈ ਕੋਈ ਦਾਨੀ ਸੱਜਣ ਦੇ ਗਿਆ ਸੀ। ਇਹ ਹੁੰਦੈ ਅਸਲ ਦਾਨ!

ਇਕ ਦੋਸਤ ਨੇ ਗੱਲ ਸੁਣਾਈ। ਕਹਿੰਦਾ ਸਾਡੇ ਪਿੰਡਾਂ ਵੱਲ ਟਾਟਾ 407 ਲਈ 6-7 ਬੰਦੇ ਕਣਕ, ਕੱਪੜੇ ਤੇ ਮਾਇਆ ਇਕੱਠੀ ਕਰਦੇ ਫਿਰਨ। ਹੱਥਾਂ 'ਚ ਉਨ੍ਹਾਂ ਦੇ ਇਕ ਧਾਰਮਿਕ ਸਥਾਨ ਦੀਆਂ ਰਸੀਦਾਂ ਤੇ ਪਰਚੇ ਸਨ। ਪਿੰਡ ਵਾਲੇ ਸ਼ਰਧਾ ਮੁਤਾਬਿਕ ਦਾਨ ਦੇਈ ਜਾਣ। ਪਿੰਡ ਦੇ ਇਕ ਕਾਮਰੇਡ ਟਾਈਪ ਨੌਜਵਾਨ ਨੇ ਇਕ ਬੰਦੇ ਨੂੰ ਪਛਾਣ ਲਿਆ ਕਿ ਫਲਾਣਾ ਬੰਦਾ ਤਾਂ ਉਸ ਨੇ ਕਈ ਵਾਰ ਸ਼ਾਮ ਨੂੰ ਸ਼ਹਿਰ ਵਾਲੇ ਠੇਕੇ ਉੱਤੇ ਦੇਖਿਆ ਏ। ਉਸ ਨੇ ਰਸੀਦ 'ਤੇ ਲਿਖੇ ਓਸ ਧਾਰਮਿਕ ਸਥਾਨ 'ਤੇ ਨੰਬਰ ਮਿਲਾ ਲਿਆ ਤੇ ਪੁੱਛਿਆ ਕਿ ਕੋਈ 6-7 ਬੰਦੇ ਤੁਸੀਂ ਫਲਾਣੇ ਪਿੰਡ 'ਚ ਰਸਦ ਤੇ ਮਾਇਆ ਇਕੱਠੀ ਕਰਨ ਲਈ ਭੇਜੇ ਹਨ। ਧਾਰਮਿਕ ਸਥਾਨ ਦੇ ਪ੍ਰਬੰਧਕਾਂ ਨੇ ਸਾਫ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਨੂੰ ਤਾਂ ਆਸ-ਪਾਸ ਦੇ ਪਿੰਡਾਂ ਵਾਲੇ ਖੁਦ ਬਹੁਤ ਸਾਰੀ ਕਣਕ ਤੇ ਮਾਇਆ ਦੇ ਜਾਂਦੇ ਹਨ ਤੇ ਉਨ੍ਹਾਂ ਕਦੇ ਕਿਸੇ ਵਿਅਕਤੀ ਨੂੰ ਰਾਸ਼ਨ ਤੇ ਪੈਸੇ ਇਕੱਠੇ ਕਰਨ ਲਈ ਨਹੀਂ ਭੇਜਿਆ।

ਬੱਸ ਫੇਰ ਕੀ ਸੀ, ਸਾਧ-ਸੰਗਤ ਨੇ ਢਾਹ ਲਏ ਉਹ ਬੰਦੇ। ਸਾਰੇ ਮਿੰਨਤਾਂ ਕਰਦੇ ਫਿਰਨ ਕਿ ਇਸ ਵਾਰ ਛੱਡ ਦਿਓ ਮੁੜ ਕੇ ਅਜਿਹਾ ਕਾਰਾ ਨੀ ਕਰਦੇ। ਬਾਅਦ 'ਚ ਪਤਾ ਲੱਗਿਆ ਕਿ ਇਹ ਸਾਰੇ 'ਬਾਬੇ' ਉਸ ਧਾਰਮਿਕ ਸਥਾਨ ਨਾਲ ਹੀ ਜੁੜੇ ਹੋਏ ਸਨ ਤੇ ਰਸੀਦਾਂ ਤੇ ਪਰਚੇ ਅਸਲੀ ਸਨ ਪਰ ਮੰਗਣ ਦਾ ਜੋ ਉਹ ਕੰਮ ਕਰ ਰਹੇ ਸੀ ਉਹ ਨਾਜਾਇਜ਼ ਸੀ ਕਿਉਂ ਕਿ ਮੰਗਣ ਦਾ ਸਾਰਾ ਕੰਮ ਓਹ 'ਬਾਹਰੋ-ਬਾਹਰ' ਕਰ ਰਹੇ ਸਨ ਤੇ ਮੰਗਿਆ ਸਾਮਾਨ ਖੁਦ ਡਕਾਰ ਰਹੇ ਸਨ। ਠੱਗੀ-ਠੋਰੀ ਦੇ ਨਵੇਂ-ਨਵੇਂ ਤਰੀਕੇ ਫੜ੍ਹ ਲਏ ਨੇ ਲੋਕਾਂ ਨੇ!

ਇਹ ਮਾਮਲੇ ਅਜਿਹੇ ਹਨ ਕਿ ਇਨ੍ਹਾਂ ਵਿਰੁੱਧ ਕੋਈ ਜਲਦੀ-ਜਲਦੀ ਆਵਾਜ਼ ਵੀ ਨਹੀਂ ਚੁੱਕਦਾ। ਧਾਰਮਿਕ ਸਥਾਨਾਂ ਦੇ ਨਾਂ 'ਤੇ ਮੰਗਣ ਵਾਲੇ ਜਦੋਂ ਸਿਆਣੇ-ਬਿਆਨੇ ਬੰਦੇ ਤੁਹਾਡੇ ਘਰ ਦੀ ਘੰਟੀ ਆ ਵਜਾਉਂਦੇ ਹਨ ਤਾਂ ਬੰਦਾ ਉਨ੍ਹਾਂ ਨੂੰ ਕੀ ਜਵਾਬ ਦੇਵੇ? ਜ਼ਿਆਦਾਤਰ ਸਮੂਹਾਂ ਵਿਚ ਘੁੰਮਦੇ ਅਜਿਹੇ 'ਸੇਵਕ' ਕਈ ਵਾਰ ਬੇਸ਼ਰਮੀਂ ਦੀਆਂ ਹੱਦਾਂ ਵੀ ਟੱਪ ਜਾਂਦੇ ਹਨ। ਜੇਕਰ ਬੰਦਾ 'ਦਾਨ' ਦੇਣ ਲਈ ਮਨ੍ਹਾਂ ਕਰ ਦੇਵੇ ਤਾਂ ਆਖ ਦੇਣਗੇ, ਚਲੋ ਜੋ ਦੇਣਾ ਹੈ ਦੇ ਦਿਓ, ਖਾਲੀ ਕਿਉਂ ਮੋੜਦੇ ਹੋ।

ਹੋਰ ਬਹੁਤ ਸਾਰੀਆਂ ਸਮਾਜਿਕ ਬੁਰਾਈਆਂ ਦੇ ਨਾਲ-ਨਾਲ ਇਹ ਮਸਲਾ ਵੀ ਗੰਭੀਰ ਹੈ ਪਰ ਆਮ ਲੋਕ ਇਸ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰਦੇ। ਮੇਰੇ ਯਾਦ ਹੈ 14 ਸਾਲ ਪਹਿਲਾਂ ਜਦੋਂ ਮੈਂ ਚੰਡੀਗੜ੍ਹ ਪੜ੍ਹਨ ਲਈ ਗਿਆ ਸੀ ਤਾਂ ਜਿਹੜਾ ਕਮਰਾ ਅਸੀਂ ਕਿਰਾਏ 'ਤੇ ਲਿਆ ਸੀ ਉਸ ਦੇ ਨਾਲ ਵਾਲੇ ਕਮਰੇ ਵਿਚ ਇਕ ਮੁੰਡਾ ਪਹਿਲਾਂ ਦੀ ਦੋ ਸਾਲਾਂ ਤੋਂ ਰਹਿ ਰਿਹਾ ਸੀ। ਦੂਜੇ-ਤੀਜੇ ਦਿਨ ਹੀ ਇਕ ਅਧੇੜ ਜਿਹੀ ਉਮਰ ਦਾ ਬੰਦਾ ਕਿਸੇ ਪਿੰਗਲਵਾੜੇ ਲਈ ਦਾਨ ਮੰਗਣ ਆ ਗਿਆ। ਉਸ ਨੇ ਅਜਿਹੀਆਂ ਜਜ਼ਬਾਤੀ ਗੱਲਾਂ ਕੀਤੀਆਂ ਕਿ ਮੇਰੇ ਨਾਲ ਰਹਿੰਦੇ ਦੋਸਤ ਨੇ 100 ਰੁਪਏ ਦੀ ਪਰਚੀ ਕਟਾ ਦਿੱਤੀ। ਇਸ ਗੱਲ ਦਾ ਪਤਾ ਜਦੋਂ ਸਾਡੇ ਗੁਆਂਢੀ ਮੁੰਡੇ ਨੂੰ ਲੱਗਾ ਤਾਂ ਉਹ ਬਹੁਤ ਗੁੱਸੇ ਹੋਇਆ। ਉਸ ਨੇ ਦੱਸਿਆ ਕਿ ਚੰਡੀਗੜ੍ਹ ਪੜ੍ਹਦੇ ਮੁੰਡਿਆਂ ਕੋਲ ਤਾਂ ਅਜਿਹੇ 'ਢੋਂਗੀ' ਰੋਜ਼ ਹੀ ਡੱਬਾ ਚੁੱਕੀ ਆਉਂਦੇ ਹਨ ਕਿਉਂ ਕਿ ਉਨ੍ਹਾਂ ਨੂੰ ਪਤਾ ਹੁੰਦੈ ਕਿ ਪੰਜਾਬ ਤੋਂ ਆਏ ਅਜਿਹੇ ਮੁੰਡਿਆਂ ਕੋਲ ਜੇਬ ਖਰਚਾ ਖੁੱਲ੍ਹਾ ਹੁੰਦਾ ਹੈ ਤੇ ਉਨ੍ਹਾਂ ਤੋਂ ਪੈਸੇ ਕਢਵਾਏ ਜਾ ਸਕਦੇ ਹਨ। ਇਸੇ ਤਰਜ਼ 'ਤੇ ਮੰਗਣ ਵਾਲੇ ਬੱਸ ਅੱਡਿਆਂ ਵਿਚ ਵੀ ਬਹੁਤ ਮਿਲ ਜਾਂਦੇ ਹਨ। ਇਸ ਪ੍ਰਥਾ ਨੂੰ ਬੰਦ ਕਰਵਾਉਣ ਦੀ ਜ਼ਰੂਰਤ ਹੈ।

ਨਰਿੰਦਰ ਪਾਲ ਸਿੰਘ ਜਗਦਿਓ