Monday, March 31, 2014

ਛੋਟੇ ਸ਼ਹਿਰ ਬਨਾਮ ਮਹਾਂਨਗਰ

               ਟ੍ਰੈਫਿਕ ਦੀ ਸਮੱਸਿਆ, ਘਰਾਂ ਦੀ ਸਮੱਸਿਆਂ, ਜਨਸੰਖਿਆ ਦਾ ਬੇਇੰਤਹਾਂ ਵਾਧਾ, ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਵਧੇਰੇ ਸਮੇਂ ਦੀ ਲੋੜ, ਖਰੀਦਦਾਰੀ ਲਈ ਵੱਖਰਾ ਸਮਾਂ ਕੱਢਣਾ, ਭੀੜ-ਭੜੱਕਾ, ਪਾਣੀ ਦਾ ਬੰਨ੍ਹਵਾ ਸਮਾਂ ਆਦਿ ਛੋਟੀਆਾਂ-ਛੋਟੀਆਂ ਅਨੇਕਾਂ ਹੀ 'ਟੈਨਸ਼ਨਾਂ' ਤੇ ਮੁਸੀਬਤਾਂ ਵੱਡੇ-ਵੱਡੇ ਸ਼ਹਿਰਾਂ 'ਚ ਅਣਗਿਣਤ ਹਨ। ਕਿਸੇ ਕੋਲ ਵਿਹਲ ਨਹੀਂ, ਸਮਾਂ ਨਹੀਂ। ਨੌਕਰੀ ਕਰਦੇ ਵਧੇਰੇ ਪਰਿਵਾਰਾਂ ਦੇ ਜੀਅ ਇਕ-ਦੂਜੇ ਨਾਲ ਖੁੱਲ੍ਹ ਕੇ ਸਿਰਫ ਛੁੱਟੀ ਵਾਲੇ ਦਿਨ ਹੀ ਮਿਲਦੇ ਅਤੇ ਗੱਲਾਂ ਕਰਦੇ ਹਨ। ਅੱਠ ਸਾਲ ਪਹਿਲਾਂ ਦਿੱਲੀ ਨੌਕਰੀ ਕਰਦਿਆਂ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਮੈਂ ਖੁਦ ਜਾਣਦਾ ਸੀ।

              ਉਨ੍ਹਾਂ ਦਿਨਾਂ 'ਚ ਮੇਰੀ ਰਿਹਾਇਸ਼ ਨੋਇਡਾ ਹੋਇਆ ਕਰਦੀ ਸੀ ਅਤੇ ਮੇਰਾ ਦਫਤਰ ਨਹਿਰੂ ਪਲੇਸ (ਵਿਸ਼ਵ ਪ੍ਰਸਿੱਧ ਲੋਟਸ ਟੈੱਪਲ ਨਜ਼ਦੀਕ) ਕੋਲ ਸੀ। ਵੀਹਾਂ-ਪੱਚੀਆਂ ਦਿਨਾਂ ਬਾਅਦ ਜਦੋਂ ਪੰਜਾਬ ਜਾਣਾ ਤਾਂ ਮਿਲਣ ਵਾਲਿਆਂ ਨੂੰ ਸਹਿਜ-ਸੁਭਾਅ ਹੀ ਕਹਿ ਦੇਣਾ ਕਿ ਜੇ ਕਦੇ ਦਿੱਲੀ ਗੇੜਾ ਵੱਜਿਆ ਤਾਂ ਦੱਸਿਓ, ਆਪਾਂ ਮਿਲਾਂਗੇ। ਇਕ ਵਾਰ ਸਾਡੇ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ। ਕਹਿੰਦਾ, ਅਸੀਂ ਦਿੱਲੀ ਏਅਰਪੋਰਟ 'ਤੇ ਕਿਸੇ ਨੂੰ ਲੈਣ ਆਏ ਹੋਏ ਹਾਂ, ਤੂੰ ਵੀ ਆ ਜਾ, ਆਪਾਂ ਮਿਲ ਲਵਾਂਗੇ। ਮੈਂ ਕਿਹਾ ਤੁਸੀਂ ਪਹਿਲਾਂ ਕਿਉਂ ਨੀ ਦੱਸਿਆ? ਤੁਸੀਂ ਦਿੱਲੀ ਦੇ ਇਕ ਕੋਨੇ 'ਤੇ ਹੋ ਤੇ ਮੈਂ ਦੂਜੇ ਕੋਨੇ ਉੱਤੇ। ਮੇਰੀ ਰਿਹਾਇਸ਼ ਤੋਂ ਏਅਰਪੋਰਟ ਆਉਣ ਲਈ ਮੋਟਰਸਾਈਕਲ 'ਤੇ ਦੋ ਘੰਟੇ ਲੱਗ ਜਾਣੇ ਆ ਅਤੇ ਸ਼ਾਮ ਦਾ ਟਾਈਮ ਹੈ ਇਸ ਲਈ ਬੱਸ 'ਚ ਆ ਕੇ ਮੁੜਨ ਦਾ ਤਾਂ ਸਵਾਲ ਹੀ ਨਹੀਂ। ਅੱਗੋਂ ਜਵਾਬ ਮਿਲਿਆ “ਲੈ ਤੂੰ ਹੀ ਕਹਿੰਦਾ ਸੀ, ਕਦੇ ਦਿੱਲੀ ਆਏ ਤਾਂ ਦੱਸਿਓ, ਮਿਲ ਲਵਾਂਗੇ। ਅਸੀਂ ਤਾਂ ਹੀ ਤੈਨੂੰ ਫੋਨ ਕਰ ਲਿਆ ਕਿ ਤੂੰ ਵੀ ਤਾਂ ਦਿੱਲੀ 'ਚ ਹੀ ਏ।”

               ਮੇਰੇ ਦੋ ਦੋਸਤਾਂ ਦੇ ਬੱਚਿਆ ਦੀਆਂ ਚੰਡੀਗੜ੍ਹ ਵਿੱਚ ਨਰਸਰੀ ਕਲਾਸ 'ਚ ਦਾਖਲੇ ਕਰਵਾਉਣ ਲਈ ਲੇਲੜੀਆਂ ਨਿਕਲ ਗਈਆਂ। 5-7 ਸਕੂਲਾਂ ਦੇ ਦਾਖਲਾ ਫਾਰਮ ਭਰੇ। ਲਾਟਰੀ ਰਾਹੀਂ ਕੱਢੇ ਗਏ ਦਾਖਲਿਆਂ 'ਚ ਕਿਸੇ ਸਕੂਲ ਵਿੱਚ ਨੰਬਰ ਨਾ ਆਇਆ। ਜਿਸ ਅਹੁਦੇ 'ਤੇ ਬੈਠੇ ਵਿਅਕਤੀ ਦੀ ਸਿਫਾਰਿਸ਼ ਨਾਲ ਦਾਖਲਾ ਮਿਲਿਆ ਉਸ ਨੂੰ ਇਸ 'ਛੋਟੀ ਜਿਹੀ ਗੱਲ' ਲਈ ਮਿਲਣ ਵਾਸਤੇ ਪਿੰਡਾਂ, ਕਸਬਿਆਂ ਅਤੇ ਛੋਟੇ ਸ਼ਹਿਰਾਂ ਦੇ ਅਸੀਂ ਲੋਕ ਸੋਚ ਵੀ ਨਹੀਂ ਸਕਦੇ! ਦੋਵੇਂ ਦਸੰਬਰ 2013 ਦੇ ਨੱਠੇ-ਭੱਜੇ ਫਿਰਦੇ ਹਨ ਕਿ ਅਪ੍ਰੈਲ 2014 ਦੇ ਸੈਸ਼ਨ ਲਈ ਕਿਸੇ 'ਵਧੀਆ ਸਕੂਲ' 'ਚ ਦਾਖਲਾ ਮਿਲ ਜਾਵੇ। ਏਧਰ ਮੇਰੇ ਸ਼ਹਿਰ ਖੰਨਾ 'ਚ ਕਿਸੇ ਸਕੂਲ ਦਾ ਨਾਂ ਮੂੰਹੋ ਕੱਢੋ, ਉੱਥੇ ਦਾਖਲਾ ਮਿਲ ਜਾਂਦੈ ਤੇ ਉਹ ਵੀ ਮਾਰਚ 'ਚ । ਇਹ ਮੌਜ ਕਿਤੇ ਘੱਟ ਹੈ ਛੋਟੇ ਸ਼ਹਿਰਾਂ ਦੀ!

              ਖੈਰ, ਇਸ ਤੋਂ ਇਲਾਵਾ ਉਹ ਕਿਹੜੀ ਸਹੂਲਤ ਹੈ ਜਿਹੜੀ ਹੁਣ ਕਸਬਿਆਂ ਅਤੇ ਛੋਟੇ ਸ਼ਹਿਰਾਂ 'ਚ ਨਹੀਂ ਮਿਲਦੀ! ਮੈਂ ਖੰਨਾ ਸ਼ਹਿਰ ਦੀ ਉਦਾਹਰਣ ਦਿੰਦਾ ਹਾਂ। ਸ਼ਹਿਰ ਦੇ ਹਰ ਕੋਨੇ ਤੋਂ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਦੀ ਦੂਰੀ ਜ਼ਿਆਦਾ ਤੋਂ ਜ਼ਿਆਦਾ 10 ਮਿੰਟ ਦੀ ਹੈ। ਹਰ ਵੱਡੇ ਬਰਾਂਡ ਦੀ ਵਸਤੂ ਇੱਥੇ ਮਿਲਦੀ ਹੈ। ਖਾਣ-ਪੀਣ ਦੀਆਂ ਕੌਮਾਂਤਰੀ ਪੱਧਰ ਦੀਆਂ ਦੁਕਾਨਾਂ, ਫੂਡ ਕੋਰਟ, ਕੰਪਲੈਕਸ ਅਤੇ ਸਿਨੇਮਾ ਇੱਥੇ ਹਨ। ਹਰੇਕ ਬੈਂਕ ਦੀ ਬਰਾਂਚ ਹੈ। ਮੋਟਰਸਾਈਕਲ, ਕਾਰਾਂ ਦੇ ਸ਼ੋਅ ਰੂਮ ਹਨ। ਇਹੀ ਸਹੂਲਤਾਂ ਪੰਜਾਬ ਦੇ ਹੋਰਨਾਂ ਬਹੁਤੇ ਕਸਬਿਆਂ ਅਤੇ ਛੋਟੇ ਸ਼ਹਿਰਾਂ 'ਚ ਵੀ ਹਨ। ਮੇਰਾ ਦੋਸਤ ਤੇ ਸਹਿਕਰਮੀ ਨਵਦੀਪ ਹੱਸਦਾ ਹੁੰਦਾ ਹੈ ਕਿ ਜੇਕਰ ਉਸਦੀ ਨੌਕਰੀ ਚੰਡੀਗੜ੍ਹ ਦੀ ਥਾਂ ਉਸ ਦੇ ਸ਼ਹਿਰ ਬਰਨਾਲੇ ਹੁੰਦੀ ਤਾਂ ਉਸ ਦਾ ਖਰਚਾ ਅੱਧਾ ਰਹਿ ਜਾਣਾ ਸੀ ਅਤੇ ਬੱਚਤ ਦੁੱਗਣੀ ਹੋਣੀ ਸੀ। ਵੱਡੇ ਸ਼ਹਿਰਾਂ ਦੇ ਖਰਚੇ ਵੀ 'ਵੱਡੇ' ਹਨ। ਬਹੁਤ ਸਾਰੀਆਂ ਗੱਲਾਂ 'ਚ ਛੋਟੇ ਸ਼ਹਿਰਾਂ ਦੇ ਬਹੁਤ ਫਾਈਦੇ ਹਨ!

               ਮੌਜੂਦਾ ਸਮੇਂ ਪਿੰਡ, ਕਸਬਿਆਂ 'ਚ ਤਬਦੀਲ ਹੁੰਦੇ ਜਾ ਰਹੇ ਹਨ ਅਤੇ ਕਸਬੇ ਸ਼ਹਿਰਾਂ ਦਾ ਰੂਪ ਧਾਰਣ ਕਰਦੇ ਜਾ ਰਹੇ ਹਨ ਜਦਕਿ ਲੁਧਿਆਣਾ ਵਰਗਾ ਸ਼ਹਿਰ ਤਾਂ ਮਹਾਂਨਗਰ ਦਾ ਰੂਪ ਧਾਰਣ ਕਰ ਚੁੱਕਿਆ ਹੈ। ਲੁਧਿਆਣਾ ਸ਼ਹਿਰ ਦੇ ਆਸ-ਪਾਸ ਦੇ ਕਰੀਬ 40 ਪਿੰਡਾਂ ਦਾ ਆਪਣਾ ਵਜੂਦ ਲਗਭਗ ਮਿਟ ਹੀ ਗਿਆ ਹੈ। ਉਹ ਸਮਾਂ ਵੀ ਦੂਰ ਨਹੀਂ ਜਦੋਂ ਲੁਧਿਆਣਾ 'ਚੋਂ ਖੰਨਾ ਅਤੇ ਜਗਰਾਉਂ ਦੋ ਵੱਖ-ਵੱਖ ਜ਼ਿਲ੍ਹੇ ਕੱਢਣੇ ਪੈਣੇ ਹਨ। ਦਰਅਸਲ ਸ਼ਹਿਰੀਕਰਣ ਵੱਧ ਰਹੀਆਂ ਜਨਸੰਖਿਆ ਦੀ ਦੇਣ ਹੈ।

               ਨਿੱਜੀ ਪੱਧਰ 'ਤੇ ਮੈਂ ਪਿੰਡ 'ਚ ਰਹਿਣ ਨੂੰ ਬਹੁਤ ਪਸੰਦ ਕਰਦਾ ਹਾਂ। ਮੇਰੇ ਨਾਨਕੇ ਪਿੰਡ 'ਚ ਹਨ। ਛੋਟੇ ਹੁੰਦਿਆਂ ਜਦੋਂ ਉੱਥੇ ਜਾਣਾ ਤਾਂ ਸੂਏ 'ਚ ਨਹਾਉਣ ਦਾ ਨਜ਼ਾਰਾ ਹੀ ਅਲੱਗ ਹੁੰਦਾ ਸੀ। ਹੱਟੀ ਤੋਂ ਖਰੀਦੀਆਂ 'ਚੀਜ਼ਾਂ' ਖਾਣ ਦਾ ਵੀ ਵੱਖਰਾ ਹੀ ਸਵਾਦ ਸੀ। ਇਹ ਮੌਜਾਂ ਵੱਡੇ ਸ਼ਹਿਰਾਂ 'ਚ ਕਿੱਥੇ! ਹੁਣ ਗੱਲਾਂ ਹੀ ਹੋਰ ਹਨ। ਪਿਛਲੇ 15 ਕੁ ਸਾਲ ਤੋਂ ਤਾਂ ਸਮਾਜਿਕ ਪੱਧਰ 'ਤੇ ਬਹੁਤ ਜ਼ਿਆਦਾ ਤਬਦੀਲੀ ਆ ਗਈ ਹੈ। ਨਵੀਆਂ-ਨਵੀਆਂ ਤਕਨੀਕਾਂ ਅਤੇ ਸਹੂਲਤਾਂ ਨੇ ਜ਼ਿੰਦਗੀ ਸੁਖਾਲੀ ਤਾਂ ਬਣਾ ਦਿੱਤੀ ਹੈ ਪਰ ਮਾਨਸਿਕ ਪੱਧਰ 'ਤੇ ਸਕੂਨ ਕਿਤੇ ਖੋ ਗਿਆ ਹੈ। ਨੱਠ-ਭੱਜ ਤੇ ਕਾਹਲੀ ਹਰ ਇਕ ਦੇ ਸੁਭਾਅ ਦਾ ਹਿੱਸਾ ਬਣ ਗਿਆ ਹੈ।

              ਮੇਰਾ ਇਕ ਮਿੱਤਰ ਕੋਲਕਾਤੇ ਤੋਂ ਪੱਕੇ ਤੌਰ ਉੱਤੇ ਹੀ ਖੰਨਾ ਆ ਕੇ ਵੱਸ ਗਿਆ ਹੈ। ਜਦੋਂ ਕਦੇ ਵੀ ਅਸੀਂ ਦੋਵੇਂ ਸ਼ਹਿਰਾਂ ਦੇ ਅੰਤਰ ਦੀਆਂ ਗੱਲਾਂ ਕਰਦੇ ਹਾਂ ਤਾਂ ਇਕ ਨਤੀਜਾ ਇਹ ਨਿਕਲਦੈ ਕਿ ਛੋਟੇ ਸ਼ਹਿਰਾਂ 'ਚ ਸਮਾਂ ਖੁੱਲ੍ਹਾ ਹੁੰਦੈ ਅਤੇ ਕੋਈ ਮਾਰਾ-ਮਾਰੀ ਨਹੀਂ। ਹੁਣ ਤਾਂ ਸਹੂਲਤਾਂ ਦੀ ਵੀ ਕੋਈ ਘਾਟ ਨਹੀਂ। ਅਹਿਮਦਾਬਾਦ ਵੱਸਿਆਂ ਮੇਰਾ ਚਚੇਰਾ ਭਰਾ ਜਗਮੋਹਨ ਸਿੰਘ ਅਕਸਰ ਕਹਿੰਦੈ ਕਿ ਇਕ ਸਮੇਂ 'ਤੇ ਉਸ ਨੇ ਵੀ ਸਭ ਕੁਝ ਛੱਡ-ਛਡਾ ਕੇ ਖੰਨੇ ਹੀ ਆ ਜਾਣਾ ਹੈ। ਕੋਈ ਗੱਲ ਤਾਂ ਹੈ ਜੋ ਛੋਟੇ ਸ਼ਹਿਰਾਂ ਤੋਂ ਜਾ ਕੇ ਵੱਡੇ ਸ਼ਹਿਰਾਂ 'ਚ ਵੱਸੇ ਲੋਕਾਂ ਦੇ ਜ਼ਿਹਨ 'ਚੋਂ ਛੋਟੇ ਸ਼ਹਿਰਾਂ ਦਾ ਮੋਹ ਦਿਲੋਂ ਨਹੀਂ ਜਾਂਦਾ!

ਨਰਿੰਦਰ ਪਾਲ ਸਿੰਘ ਜਗਦਿਓ