ਬਾਕੀ ਤਾਂ ਸਭ ਠੀਕ ਸੀ ਪਰ ਰੋਟੀ ਪੱਖੋਂ ਉਨ੍ਹਾਂ ਦਿਨਾਂ 'ਚ ਬਹੁਤ ਪਰੇਸ਼ਾਨ ਹੁੰਦੇ ਸੀ। ਮੈਂ ਤੇ ਜਗਦੀਪ ਗਿੱਲ ਜਲੰਧਰ ਦੇ ਗੁਰਜੇਪਾਲ ਨਗਰ 'ਚ ਕਿਰਾਏ 'ਤੇ ਲਏ ਇਕ ਕਮਰੇ 'ਚ ਰਹਿੰਦੇ ਸਾਂ। ਦੋਵੇਂ ਵੱਖ-ਵੱਖ ਅਖਬਾਰਾਂ 'ਚ ਨੌਕਰੀ ਕਰਦੇ ਸੀ। ਉਹ ਰਿਪੋਰਟਿੰਗ ਕਰਦਾ ਸੀ ਤੇ ਮੈਂ ਸਬ-ਐਡੀਟਰ ਸੀ। ਦੋਵਾਂ ਨੇ ਸਵੇਰੇ ਉੱਠਣਾ, ਉਸਨੇ ਕੰਮ 'ਤੇ ਜਾਣ ਲਈ ਪੂਰਾ ਤਿਆਰ ਹੋ ਜਾਣਾ ਤੇ ਮੈਂ ਅੱਧਾ ਕੁ ਤਿਆਰ ਹੋ ਕੇ ਇਕ ਢਾਬੇ 'ਤੇ ਰੋਟੀ ਖਾਣ ਚਲੇ ਜਾਣਾ।ਬੇਸੁਆਦੇ ਜਿਹੇ ਪਰੌਂਠੇ ਖਾ ਕੇ ਉਸਨੇ ਆਪਣੇ ਕੰਮ 'ਤੇ ਚਲੇ ਜਾਣਾ ਤੇ ਮੈਂ ਆ ਕੇ ਪੜ੍ਹਨ-ਲਿਖਣ ਲੱਗ ਜਾਣਾ ਤੇ ਦੁਪਹਿਰ ਨੂੰ ਤਿਆਰ ਹੋ ਕੇ ਆਪਣੇ ਅਖਬਾਰ ਵਾਲੇ ਦਫਤਰ ਚਲੇ ਜਾਣਾ। ਕਦੇ-ਕਦੇ ਰਾਤ ਨੂੰ ਜੇ ਇੱਕੋਂ ਸਮੇਂ ਡਿਊਟੀ ਤੋਂ ਵਿਹਲੇ ਹੋ ਜਾਂਦੇ ਤਾਂ ਇਕੱਠਿਆਂ ਰੋਟੀ ਖਾ ਲੈਂਦੇ ਨਹੀਂ ਤਾਂ ਮੈਂ ਜ਼ਿਆਦਾਤਰ ਦਫਤਰ 'ਚ ਹੀ ਢਾਬੇ ਤੋਂ ਰੋਟੀ ਮੰਗਵਾ ਕੇ ਖਾ ਲੈਂਦਾ ਸੀ।
ਇਹ ਗੱਲਾਂ ਸਾਲ 2005-06 ਦੀਆਂ ਹਨ। ਇਸ ਤੋਂ ਪਹਿਲਾਂ ਅਸੀਂ ਦੋਵਾਂ ਨੇ ਜਲੰਧਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਤੋਂ ਪੱਤਰਕਾਰੀ ਦੀ ਡਿਗਰੀ ਵੀ ਇਕੱਠਿਆਂ ਨੇ ਹੀ ਕੀਤੀ ਸੀ। ਪੜ੍ਹਾਈ ਦੌਰਾਨ ਅਸੀਂ ਦੋਵੇਂ ਆਲ ਇੰਡੀਆ ਰੇਡੀਓ, ਜਲੰਧਰ ਵਿਖੇ 'ਯੁਵਾਬਾਣੀ' ਪ੍ਰੋਗਰਾਮ ਵੀ ਕਰਿਆ ਕਰਦੇ ਸੀ। ਉਸ ਦੌਰਾਨ ਮੇਰੇ ਨਾਲ ਇਹ ਪ੍ਰੋਗਰਾਮ ਕਰਨ ਵਾਲੀ ਇਕ ਕੁੜੀ ਦਾ ਇਨ੍ਹਾਂ ਦਿਨਾਂ 'ਚ ਵਿਆਹ ਆ ਗਿਆ। ਉਸਨੇ ਮੈਨੂੰ ਵੀ ਸੱਦਾ ਪੱਤਰ ਭੇਜ ਦਿੱਤਾ ਅਤੇ ਆਖਿਆ ਕਿ ਕੱਲ੍ਹ ਘਰ ਪਾਠ ਦਾ ਭੋਗ ਹੈ, ਜ਼ਰੂਰ ਆਉਣਾ। ਮੈਂ ਰਾਤ ਨੂੰ ਘਰ ਆ ਕੇ ਜਗਦੀਪ ਨੂੰ ਦੱਸਿਆ ਕਿ ਕੱਲ੍ਹ ਦੀ ਰੋਟੀ ਦਾ ਇੰਤਜ਼ਾਮ ਤਾਂ ਹੋ ਗਿਆ।
ਗੁਰਜੇਪਾਲ ਨਗਰ ਵਾਲੇ ਮਕਾਨ ਮਾਲਕ ਤੇ ਆਂਟੀ ਬਹੁਤ ਚੰਗੇ ਸਨ। ਸਵੇਰੇ ਸਾਨੂੰ ਦੋਵਾਂ ਨੂੰ ਤਿਆਰ ਹੁੰਦਿਆਂ ਦੇਖ ਕੇ ਆਂਟੀ ਕਹਿੰਦੀ, ਅੱਜ ਕਿੱਥੇ ਚੱਲੇ ਓ ਦੋਵੇਂ ਇਕੱਠੇ ਤਿਆਰ ਹੋ ਕੇ, ਤਾਂ ਜਗਦੀਪ ਕਹਿੰਦਾ “ਜੀ ਇਕ ਵਿਆਹ 'ਤੇ ਜਾ ਕੇ ਆਉਂਦੇ ਆਂ ਨਾਲੇ ਚੱਜ ਦੀ ਰੋਟੀ ਖਾ ਆਵਾਂਗੇ। 11 ਕੁ ਵਜੇ ਤਿਆਰ ਹੋ ਕੇ ਅਸੀਂ ਵਿਆਹ ਵਾਲੇ ਘਰ ਪਹੁੰਚ ਗਏ। ਪਕੌੜੇ ਖਾਧੇ, ਚਾਹ ਪੀਤੀ। ਅਰਦਾਸ ਤੋਂ ਬਾਅਦ 1 ਕੁ ਵਜੇ ਰੋਟੀ ਵੀ ਖਾ ਲਈ। ਪੈਸਿਆਂ ਪੱਖੋਂ ਉਦੋਂ ਹੱਥ ਤੰਗ ਹੀ ਹੁੰਦਾ ਸੀ। ਬੇਸ਼ਰਮੀ ਜਿਹੀ ਨਾਲ ਸ਼ਗਨਾਂ ਵਾਲੇ ਲਿਫਾਫੇ 'ਚ ਸੌ ਰੁਪਿਆ ਸ਼ਗਨ ਪਾ ਦਿੱਤਾ। ਜਦੋਂ ਵਾਪਸ ਆਉਣ ਲੱਗੇ ਤਾਂ ਉਸ ਕੁੜੀ ਨੇ ਦੋਵਾਂ ਦੇ ਹੱਥਾਂ 'ਚ ਪੈਕ ਕੀਤੇ ਦੋ ਡੱਬੇ ਵੀ ਫੜ੍ਹਾ ਦਿੱਤੇ। ਨਾਂਹ-ਨਾਂਹ ਕਰਦੇ ਅਸੀਂ ਦੋਵੇਂ ਡੱਬੇ ਵੀ ਨਾਲ ਲੈ ਆਂਦੇ।
ਰਸਤੇ 'ਚ ਜਗਦੀਪ ਕਹਿੰਦਾ ਕੀ ਲੱਗਦਾ ਡੱਬਿਆਂ 'ਚ ਕੀ ਹੋਊ? ਮੈਂ ਖੜ੍ਹਕਾ ਕੇ ਦੇਖੇ ਤਾਂ ਖੜ-ਖੜ ਦੀ ਆਵਾਜ਼ ਜਿਹੀ ਆਈ ਤਾਂ ਮੈਂ ਕਿਹਾ, ਬਾਈ ਲੱਡੂ ਲੱਗਦੇ ਆ। ਅਸੀਂ ਦੋਵੇਂ ਇਕ ਹੀ ਸਕੂਟਰ 'ਤੇ ਸੀ। ਮੇਰੇ ਦਫਤਰ ਜਾਣ ਦਾ ਸਮਾਂ ਵੀ ਹੋ ਗਿਆ ਸੀ। ਘਰ ਪਹੁੰਚ ਕੇ ਡੱਬੇ ਕਮਰੇ 'ਚ ਰੱਖ ਕੇ ਜਦੋਂ ਦਫਤਰ ਜਾਣ ਲਈ ਮੈਂ ਆਪਣਾ ਸਕੂਟਰ ਚੁੱਕਣ ਲੱਗਾ ਤਾਂ ਜਗਦੀਪ ਕਹਿੰਦਾ ਯਾਰ, ਲੱਡੂਆਂ ਦਾ ਕੀ ਖਾਣਾ, ਇੱਕ ਡੱਬਾ ਆਂਟੀ ਨੂੰ ਦੇ ਚੱਲਦੇ ਹਾਂ ਐਂਵੇ ਕਮਰੇ 'ਚ ਪਏ ਖਰਾਬ ਹੀ ਹੋਣਗੇ। ਆਵਾਜ਼ ਮਾਰ ਕੇ ਆਂਟੀ ਨੂੰ ਡੱਬਾ ਫੜ੍ਹਾ ਦਿੱਤਾ ਤੇ ਅਸੀਂ ਦੋਵੇਂ ਆਪੋ-ਆਪਣੇ ਦਫਤਰ ਚਲੇ ਗਏ।
ਰਾਤੀਂ ਦੋਵੇਂ ਜਣੇ ਲੇਟ ਆਏ। ਦਰਵਾਜ਼ਾ ਲਗਾ ਕੇ ਸੌਂ ਗਏ। ਸਵੇਰੇ ਉੱਠ ਕੇ ਢਾਬੇ 'ਤੇ ਰੋਟੀ ਖਾਣ ਚਲੇ ਗਏ। ਲੱਡੂਆਂ ਵਾਲਾ ਡੱਬਾ ਖੂੰਜੇ 'ਚ ਹੀ ਪਿਆ ਸੀ। ਰੋਟੀ ਖਾਣ ਤੋਂ ਬਾਅਦ ਜਗਦੀਪ ਕਹਿੰਦਾ ਅੱਜ ਦਫਤਰ 'ਚ ਕੋਈ ਖਾਸ ਕੰਮ ਨਹੀਂ, ਚੱਲ ਤੇਰੇ ਨਾਲ ਘਰ ਹੀ ਚੱਲਦਾ ਹਾਂ ਥੋੜ੍ਹੀ ਦੇਰ ਤੱਕ ਦਫਤਰ ਚਲਾ ਜਾਵਾਂਗਾ। ਅਸੀਂ ਘਰ ਆ ਕੇ ਕਮਰੇ 'ਚ ਬਹਿ ਗਏ ਤੇ ਗੱਲਾਂ ਕਰਨ ਲੱਗੇ। ਆਂਟੀ ਦੀ ਆਵਾਜ਼ ਆਈ “ਵੇ ਮੁੰਡਿਓ, ਕਮਾਲ ਦਾ ਮੁਰੱਬਾ ਲਿਆ ਕੇ ਦਿੱਤਾ ਤੁਸੀਂ, ਬਹੁਤ ਸਵਾਦ ਏ।” ਮੁਰੱਬਾ? ਦੋਵਾਂ ਨੇ ਇਕ-ਦੂਜੇ ਵੱਲ ਹੈਰਾਨੀ ਨਾਲ ਦੇਖਿਆ। ਛਾਲ ਮਾਰ ਕੇ ਲੱਡੂਆਂ ਵਾਲਾ ਡੱਬਾ ਖੋਲ੍ਹਕੇ ਦੇਖਿਆ ਤਾਂ ਵਿਚ ਆਉਲੇ, ਸੇਬ, ਗਾਜਰ, ਚੈਰੀ, ਹਰੜ ਆਦਿ ਦਾ ਮੁਰੱਬਾ ਸੀ। ਖਾ ਕੇ ਦੇਖਿਆ ਤਾਂ ਦੋਵਾਂ ਦੇ ਮੂੰਹੋ ਨਿਕਲਿਆ, ਲਾਜਵਾਬ!
ਬੜਾ ਅਫਸੋਸ ਹੋਇਆ। ਇੱਕ ਤਾਂ ਖਾਣ ਦੇ ਲਾਲ੍ਹੇ ਪਹਿਲਾਂ ਹੀ ਪਏ ਰਹਿੰਦੇ ਸੀ ਉੱਤੋਂ ਲੱਡੂਆਂ ਦੇ ਭੁਲੇਖੇ ਆਂਟੀ ਨੂੰ ਮੁਰੱਬੇ ਵਾਲਾ ਡੱਬਾ ਦੇ ਹੋ ਗਿਆ। ਉਂਝ ਡੱਬੇ ਦੀ ਪੈਕਿੰਗ ਏਨੀ ਸਾਧਾਰਣ ਕੀਤੀ ਹੋਈ ਸੀ ਕਿ ਸੋਚਿਆ ਵੀ ਨਹੀਂ ਜਾ ਸਕਦਾ ਸੀ ਕਿ ਪੈਕਿੰਗ ਅੰਦਰਲੇ ਡੱਬੇ 'ਚ ਏਨਾ ਸ਼ਾਨਦਾਰ ਮੁਰੱਬਾ ਹੋਵੇਗਾ। ਦੂਸਰੀ ਸ਼ਾਮ ਤੱਕ ਅਸੀਂ ਮੁਰੱਬੇ ਵਾਲਾ ਡੱਬਾ ਖਾਲੀ ਕਰ ਦਿੱਤਾ ਸੀ। ਵਾਰ-ਵਾਰ ਇਹੀ ਗੱਲ ਕਰਿਆ ਕਰੀਏ, ਬਈ ਬਹੁਤ ਘਾਟਾ ਪਿਆ ਯਾਰ, ਐਵੇਂ ਇਕ ਡੱਬਾ 'ਖਰਾਬ' ਚਲਾ ਗਿਆ।
ਸਾਡੀ ਯਾਰੀ ਦੇ ਸਰਕਲ 'ਚ ਇਹ ਗੱਲ ਬਹੁਤ ਚਿਰ ਤੱਕ ਚਰਚਾ ਦਾ ਵਿਸ਼ਾ ਬਣੀ ਰਹੀ। ਇਸ 'ਘਾਟੇ' ਨੂੰ ਭੁਲਾਉਣ ਲਈ ਅਸੀਂ ਇਹ ਦਲੀਲ ਦਿੰਦੇ ਕਿ 'ਯਾਰ ਇਕ ਤਾਂ ਵਿਆਹ 'ਚ ਬੁਲਾਇਆ ਇਕ ਜਣੇ ਨੂੰ ਸੀ ਤੇ ਆਪਾਂ ਚਲੇ ਦੋਵੇਂ ਗਏ, ਉੱਪਰੋਂ ਰੱਜ ਕੇ ਖਾਧਾ-ਪੀਤਾ ਤੇ ਸ਼ਗਨ ਵੀ ਸਿਰਫ ਸੌ ਰੁਪਿਆ ਹੀ ਦਿੱਤਾ, ਕੋਈ ਗੱਲ ਨਹੀਂ ਇੱਕ ਡੱਬਾ ਤਾਂ ਮੁਰੱਬੇ ਵਾਲਾ ਪੱਲੇ ਪਿਆ।' ਉਂਝ ਇਸ ਗੱਲ ਦਾ ਇਲਮ ਆਂਟੀ ਨੂੰ ਵੀ ਹੋ ਗਿਆ ਸੀ ਕਿ ਅਸੀਂ ਭੁਲੇਖੇ ਨਾਲ ਉਨ੍ਹਾਂ ਨੂੰ ਡੱਬਾ ਦੇ ਦਿੱਤਾ ਸੀ ਤੇ ਉਹ ਵੀ ਸਾਨੂੰ ਕਈ ਵਾਰ ਟਿੱਚਰ ਕਰ ਜਾਂਦੇ ਸਨ ਤੇ ਕਹਿੰਦੇ 'ਤੁਹਾਡੇ ਵਾਲਾ ਮੁਰੱਬਾ ਬਹੁਤ ਸਵਾਦ ਸੀ।' ਤੇ ਅਸੀਂ ਦੋਵਾਂ ਨੇ ਮੁਸਕਰਾ ਛੱਡਣਾ।
