ਸਾਲ 1999 ਦੇ ਸ਼ਾਇਦ ਸਤੰਬਰ ਜਾਂ ਅਕਤੂਬਰ ਮਹੀਨੇ ਦੀ ਗੱਲ ਹੈ। ਏ.ਐਸ. ਕਾਲਜ, ਖੰਨਾ 'ਚ ਬੀ.ਕਾਮ ਦੇ ਆਖਰੀ ਸਾਲ ਦੀ ਪੜ੍ਹਾਈ ਕਰਦਾ ਸਾਂ। ਦੁਸ਼ਹਿਰੇ ਦੇ ਨੇੜੇ-ਤੇੜੇ ਤਿੰਨ-ਚਾਰ ਛੁੱਟੀਆਂ ਇਕੱਠੀਆਂ ਆ ਗਈਆਂ ਅਤੇ ਅਸੀਂ ਚਾਰ ਦੋਸਤਾਂ ਨੇ ਸਕੂਟਰਾਂ-ਮੋਟਰਸਾਈਕਲਾਂ 'ਤੇ ਸ਼ਿਮਲੇ ਘੁੰਮ ਕੇ ਆਉਣ ਦਾ ਪ੍ਰੋਗਰਾਮ ਬਣਾ ਲਿਆ। ਗੱਲ ਚੱਲਦੇ-ਚੱਲਦੇ ਇਸ ਨੁਕਤੇ 'ਤੇ ਖਤਮ ਹੋਈ ਕਿ ਸ਼ਨਿਚਰਵਾਰ ਸਵੇਰੇ ਜਾ ਕੇ ਐਤਵਾਰ ਰਾਤ ਤੱਕ ਵਾਪਸ ਖੰਨਾ ਆ ਜਾਵਾਂਗੇ।
ਖੰਨੇ ਤੋਂ ਸ਼ਿਮਲੇ ਦੀ ਦੂਰੀ 170-175 ਕਿਲੋਮੀਟਰ ਬਣਦੀ ਹੈ। ਸਾਰਾ ਬਜਟ ਵੀ ਬਣਾ ਲਿਆ ਸੀ ਕਿ ਕਿੱਥੇ ਕਿੰਨਾ-ਕਿੰਨਾ ਖਰਚਾ ਆਵੇਗਾ। ਸਭ ਤੋਂ ਵੱਡਾ ਖਰਚਾ ਹੋਟਲ ਦਾ ਲੱਗ ਰਿਹਾ ਸੀ। ਇਹ ਮਸਲਾ ਮੈਂ ਹੱਲ ਕਰ ਦਿੱਤਾ ਅਤੇ ਇਕ ਐਸੀ ਧਰਮਸ਼ਾਲਾ ਦੀ ਦੱਸ ਪਾ ਦਿੱਤੀ ਜਿੱਥੇ ਸਾਲ ਕੁ ਪਹਿਲਾਂ ਮੈਂ ਕਾਲਜ ਦੇ ਟੂਰ ਨਾਲ ਰਹਿ ਕੇ ਆਇਆ ਸੀ। ਇਸ ਧਰਮਸ਼ਾਲਾ 'ਚ ਇਕ ਰਾਤ ਲਈ ਇਕ ਬਿਸਤਰੇ ਦੀ ਉਦੋਂ 20 ਰੁਪਏ ਫੀਸ ਲਈ ਜਾਂਦੀ ਸੀ। ਸੋਚਿਆ ਧਰਮਸ਼ਾਲਾ ਵਾਲਿਆਂ ਨੂੰ ਕਹਿ ਦਿਆਂਗੇ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਹਾਂ ਅਤੇ ਕਿਸੇ ਰਿਸਰਚ ਕੰਮ ਲਈ ਸ਼ਿਮਲਾ ਯੂਨੀਵਰਸਿਟੀ ਆਏ ਹਾਂ ਤੇ ਕਮਰਾ ਆਸਾਨੀ ਨਾਲ ਮਿਲ ਜਾਵੇਗਾ।
ਸਵੇਰੇ 7 ਵਜੇ ਇਕ ਸਕੂਟਰ ਅਤੇ ਇਕ ਮੋਟਰਸਾਈਕਲ 'ਤੇ ਮੇਰੇ ਸਮੇਤ ਲਾਲੀ, ਮੁੰਨਾ ਅਤੇ ਗੁਰਪ੍ਰੀਤ ਨੇ ਸ਼ਿਮਲੇ ਵੱਲ ਨੂੰ ਚਾਲੇ ਪਾ ਦਿੱਤੇ। ਰੁਕਦੇ-ਰੁਕਾਉਂਦੇ ਦੁਪਹਿਰ ਤੋਂ ਪਹਿਲਾਂ ਧਰਮਸ਼ਾਲਾ 'ਚ ਸਾਮਾਨ ਰੱਖ ਕੇ ਸ਼ਿਮਲੇ ਦੀ ਰਿੱਜ ਰੋਡ 'ਤੇ ਅਸੀਂ ਚਾਰੋਂ ਆਈਸ-ਕਰੀਮ ਦਾ ਆਨੰਦ ਲੈ ਰਹੇ ਸੀ। ਸ਼ਾਮ ਨੂੰ ਮੁੰਨਾ ਕਹਿੰਦਾ ਮੈਂ ਘਰ ਇਕ ਜ਼ਰੂਰੀ ਫੋਨ ਕਰਕੇ ਆਇਆ। ਰਾਤ ਤੱਕ ਅਸੀਂ ਸ਼ਿਮਲੇ ਦੇ ਬਾਜ਼ਾਰ ਸਮੇਤ ਸਾਰੀਆਂ ਦੇਖਣਯੋਗ ਥਾਂਵਾਂ ਘੁੰਮ ਲਈਆਂ ਸਨ। ਰਾਤੀਂ ਜਦੋਂ ਧਰਮਸ਼ਾਲਾ 'ਚ ਆ ਕੇ ਮੰਜਿਆਂ 'ਤੇ ਪਏ ਤਾਂ ਸਲਾਹ ਕੀਤੀ ਕਿ ਸਵੇਰੇ ਧਰਮਸ਼ਾਲਾ 'ਚੋਂ ਸਾਮਾਨ ਚੁੱਕ ਕੇ ਕੁਫਰੀ ਗੇੜਾ ਲਾ ਆਉਂਦੇ ਹਾਂ, ਉੱਥੋਂ ਸਿੱਧੇ ਹੀ ਖੰਨੇ ਦੀ ਵਾਪਸੀ ਕਰ ਲਵਾਂਗੇ।
ਕੁਫਰੀ ਮਸਾਂ ਅੱਧਾ ਕੁ ਘੰਟਾ ਰੁਕੇ ਅਤੇ ਸਵੇਰ ਦੇ 11 ਕੁ ਵਜੇ ਵਾਪਸ ਤੁਰ ਪਏ। ਕੁਫਰੀ ਤੋਂ ਬਾਹਰ ਨਿਕਲੇ ਹੀ ਸੀ ਕਿ ਗੁਰਪ੍ਰੀਤ ਦਾ ਮੋਟਰ ਸਾਈਕਲ ਝਟਕੇ ਜਿਹੇ ਮਾਰਦਾ ਹੋਇਆ ਬੰਦ ਹੋ ਗਿਆ। ਆਸ-ਪਾਸ ਦੀਆਂ ਤਿੰਨ-ਚਾਰ ਦੁਕਾਨਾਂ ਬੰਦ ਸਨ। ਲੱਭਦਿਆਂ ਹੋਇਆਂ ਮਸਾਂ ਇਕ ਮਕੈਨਿਕ ਮਿਲਿਆ ਤੇ ਮੋਟਰਸਾਈਕਲ ਦਾ ਇੰਜਣ ਦੇਖਦਿਆਂ ਹੀ ਕਹਿੰਦਾ 'ਇਹਦੀ ਤਾਂ ਕੋਆਈਲ ਸੜ ਗਈ, ਅੱਜ ਐਤਵਾਰ ਦੀ ਛੁੱਟੀ ਹੈ, ਤੁਸੀਂ ਸ਼ਿਮਲੇ ਦੇਖ ਲਿਓ ਸ਼ਾਇਦ ਕੋਈ ਦੁਕਾਨ ਖੁੱਲ੍ਹੀ ਮਿਲ ਜਾਵੇ। ਕੁਫਰੀ ਤੋਂ ਸ਼ਿਮਲੇ ਤੱਕ ਕਾਫੀ ਉਤਰਾਈ ਹੈ ਤੁਸੀਂ ਆਸਾਨੀ ਨਾਲ ਮੋਟਰਸਾਈਕਲ ਰੋੜ ਕੇ ਲਿਜਾ ਸਕਦੇ ਹੋ।' ਇਸਦੇ ਨਾਲ ਹੀ ਉਸਨੇ ਚੇਤਾਵਨੀ ਵੀ ਦੇ ਦਿੱਤੀ ਸੀ ਕਿ ਐਤਵਾਰ ਨੂੰ ਸ਼ਾਇਦ ਹੀ ਕੋਈ ਮਕੈਨਿਕ ਤੇ ਦੁਕਾਨ ਖੁੱਲ੍ਹੀ ਮਿਲੇ।
ਕਦੇ ਰੋੜ ਕੇ ਤੇ ਕਦੇ ਖਿੱਚ ਕੇ ਮੋਟਰਸਾਈਕਲ ਸ਼ਿਮਲੇ ਤੱਕ ਲੈ ਆਏ। ਸ਼ਿਮਲਾ ਘੁੰਮ ਮਾਰਿਆ ਨਾ ਕੋਈ ਦੁਕਾਨ/ਵਰਕਸ਼ਾਪ ਖੁੱਲ੍ਹੀ ਮਿਲੀ ਤੇ ਨਾ ਕੋਈ ਮਕੈਨਿਕ। ਇਕ ਸਲਾਹ ਬਣਾਈ ਕਿ ਅੱਜ ਸ਼ਿਮਲੇ ਰੁਕ ਜਾਂਦੇ ਹਾਂ ਕੱਲ੍ਹ ਚਲੇ ਜਾਵਾਂਗੇ। ਪਰ ਪੰਗਾ ਇਕ ਹੋਰ ਵੀ ਸੀ, ਪੈਸੇ ਕੋਲ ਪੂਰੇ-ਪੂਰੇ ਹੀ ਸੀ। ਜੇ ਰੁਕ ਵੀ ਜਾਂਦੇ ਤਾਂ ਦੂਜੇ ਦਿਨ ਮੋਟਰਸਾਈਕਲ ਦੀ ਰਿਪੇਅਰ ਲਈ ਪੈਸੇ ਕਿੱਥੋਂ ਆਉਣੇ ਸੀ? ਮੁੰਨੇ ਨੇ ਇਹ ਕਹਿ ਕੇ ਸਭ ਦੇ ਹੋਸ਼ ਉਡਾ ਦਿੱਤੇ ਕਿ ਉਹ ਘਰ ਇਹ ਕਹਿ ਕੇ ਆਇਆ ਸੀ ਕਿ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੱਲਿਆ ਏ ਕਿਸੇ ਜ਼ਰੂਰੀ ਕੰਮ ਲਈ, ਸ਼ਾਮ ਤੱਕ ਆ ਜਾਵੇਗਾ ਅਤੇ ਕੱਲ੍ਹ ਸ਼ਾਮ ਸ਼ਿਮਲੇ ਰਿੱਜ 'ਤੇ ਘੁੰਮਦਿਆਂ ਉਸਨੇ ਘਰ ਫੋਨ ਕਰਕੇ ਕਹਿ ਦਿੱਤਾ ਸੀ ਕਿ ਯੂਨੀਵਰਸਿਟੀ ਕੰਮ ਹੋਇਆ ਨਹੀਂ ਇਸ ਲਈ ਰਾਤੀਂ ਚੰਡੀਗੜ੍ਹ ਦੋਸਤ ਕੋਲ ਰੁਕ ਕੇ ਸਵੇਰੇ ਆ ਜਾਵੇਗਾ। ਇਸ ਲਈ ਅੱਜ ਘਰ ਜਾਣਾ ਜ਼ਰੂਰੀ ਹੈ। ਮੈਂ ਕਿਹਾ ਸ਼ਨਿਚਰਵਾਰ ਤੇ ਐਤਵਾਰ ਤਾਂ ਯੂਨੀਵਰਸਿਟੀ ਬੰਦ ਹੁੰਦੀ ਹੈ। ਝੂਠ ਤਾਂ ਚੱਜ ਦਾ ਮਾਰ ਆਉਂਦਾ।
ਇਸ ਸਮੇਂ ਤੱਕ ਸ਼ਾਇਦ ਦੁਪਹਿਰ ਦਾ ਇਕ ਵੱਜ ਚੁੱਕਾ ਸੀ। ਬਿਨਾਂ ਦੇਰੀ ਕੀਤਿਆਂ ਲਾਲੀ ਦੀ ਬੈਲਟ ਉਤਰਵਾਈ ਤੇ ਤੁਰ ਪਏ ਘਰਾਂ ਵੱਲ ਨੂੰ। ਜਿੱਥੇ ਕਿਤੇ ਨਿਵਾਣ ਆਉਣੀ ਮੋਟਰਸਾਈਕਲ ਸਕੂਟਰ ਤੋਂ ਵੀ ਅੱਗੇ ਜਾਇਆ ਕਰੇ ਨਹੀਂ ਤਾਂ ਬੈਲਟ ਨਾਲ ਖਿੱਚ ਲੈਂਦੇ। ਸੋਲਨ ਤੱਕ ਆਉਂਦਿਆਂ ਬੈਲਟ ਦੀ ਲੰਬਾਈ ਡੇਢ ਗੁਣਾਂ ਹੋ ਗਈ। ਬਾਹਾਂ ਦੀ ਵੀ ਤੋਬਾ ਹੋ ਗਈ। ਸੋਲਨ ਬਾਈਪਾਸ 'ਤੇ ਅਸੀਂ ਦੋ ਜਣੇ ਮੋਟਰਸਾਈਕਲ ਕੋਲ ਰੁਕ ਗਏ ਤੇ ਦੋ ਜਣੇ ਸ਼ਹਿਰ 'ਚ ਜਾ ਕੇ 30 ਰੁਪਏ ਦੀ ਨਾਈਲੋਨ ਦੀ ਰੱਸੀ ਲੈ ਕੇ ਆਏ, ਮੋਟਰਸਾਈਕਲ ਖਿੱਚਣ ਲਈ। ਰੱਬ ਜਾਣੇ ਕਿਵੇਂ ਚੰਡੀਗੜ੍ਹ ਪੁੱਜੇ, ਨਾ ਰਾਹ 'ਚ ਕੁਝ ਖਾਧਾ ਨਾ ਪੀਤਾ ਬਸ ਖਿੱਚੀ ਆਏ ਸਕੂਟਰ ਨਾਲ ਮੋਟਰਸਾਈਕਲ। ਖੈਰ, ਸਵੇਰੇ 11 ਵਜੇ ਦੇ ਕੁਫਰੀ ਤੋਂ ਚੱਲੇ ਰਾਤੀਂ 10 ਵਜੇ ਦੇ ਕਰੀਬ ਖੰਨਾ ਪੁੱਜੇ।
ਇਸ ਸਾਰੇ ਕਿੱਸੇ ਦਾ ਸਭ ਤੋਂ ਅਹਿਮ ਮੋੜ ਤਾਂ ਉਦੋਂ ਆਇਆ ਜਦੋਂ ਕਾਫੀ ਸਮਾਂ ਬਾਅਦ ਮੁੰਨੇ ਨੇ ਦੱਸਿਆ ਕਿ ਉਸ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਸਾਰੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੀ ਬਜਾਏ ਸ਼ਿਮਲੇ ਜਾ ਕੇ ਆਏ ਹਾਂ। ਦਰਅਸਲ ਉਸ ਨੇ ਜਦੋਂ ਸ਼ਿਮਲੇ ਤੋਂ ਫੋਨ ਕੀਤਾ ਸੀ ਤਾਂ ਉਸ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਿਨਾਂ 'ਚ ਟੈਲੀਫੋਨਾਂ 'ਤੇ ਨਵੀਆਂ-ਨਵੀਆਂ ਕਾਲਰ-ਆਈ ਡੀਜ਼ ਲੱਗ ਰਹੀਆਂ ਸਨ ਤੇ ਫੋਨ ਕਰਨ ਵਾਲੇ ਦਾ ਨੰਬਰ ਟੈਲੀਫੋਨ 'ਤੇ ਆ ਜਾਂਦਾ ਸੀ। ਮੁੰਨਾ ਇਸ ਗੱਲੋਂ ਅਣਜਾਣ ਸੀ ਕਿ ਉਸ ਦੇ ਦਾਦੇ ਨੇ ਵੀ ਘਰ ਦੇ ਫੋਨ 'ਤੇ ਕੁਝ ਦਿਨ ਪਹਿਲਾਂ ਹੀ ਕਾਲਰ ਆਈ ਡੀ ਲਵਾਈ ਸੀ।
ਨਰਿੰਦਰ ਪਾਲ ਸਿੰਘ ਜਗਦਿਓ
