Saturday, May 28, 2011

ਹਿੱਲੇ ਹੋਏ ਲੋਕ !


-ਅਕਲੋਂ ਅੰਨ੍ਹੇ ਹੋ ਗਏ ਬਾਬਿਆਂ ਦੇ ਕੀਲ੍ਹੇ ਹੋਏ ਲੋਕ,
ਕਿਵੇਂ ਮੂੰਹ ਚੁੱਕੀ ਫਿਰਦੇ ਨੇ ਇਹ ਹਿੱਲੇ ਹੋਏ ਲੋਕ !
-ਜੇ ਸੁਪਨੇ ਨੂੰ ਪੂਰਾ ਕਰਨਾ ਨੀਂਦ ਤੋਂ ਪੈਣਾ ਜਾਗਣਾ,
ਜਦ ਇਲਮ ਇਸ ਗੱਲ ਦਾ, ਕਿਉਂ ਜਿਲਹੇ ਹੋਏ ਲੋਕ!
-ਸ਼ੱਕੀ ਬਣਦੇ ਹਰੇਕ ਸ਼ਖਸ ਦੇ ਵਿਚ ਦੁਸ਼ਮਣ ਹੈ ਦਿਸਦਾ,
ਹੁੰਦੇ ਫੁੱਲਾਂ ਵਰਗੇ ਦੋਸਤਾਂ ਦੇ ਜੋ ਛਿੱਲੇ ਹੋਏ ਲੋਕ।
-ਸੋਚ ਨੂੰ ਨੂੜ ਕੇ ਰੱਖਿਆ ਵਿਚਾਰਾਂ ਪੱਖੋਂ ਵੀ ਤੰਗੀ,
ਬੋਲਣ ਲੱਗੇ ਕੁਝ ਨਾ ਸੋਚਣ ਜ਼ੁਬਾਨੋ ਢਿੱਲੇ ਹੋਏ ਲੋਕ।
-ਏਨੀ ਕਾਹਲ ਏਨੀ ਮਸ਼ਰੂਫੀਅਤ ਏਨੀ ਮਾਰਾ-ਮਾਰੀ!,
ਛੱਤਰੀਆਂ ਕੱਛਾਂ ‘ਚ ਲਈ ਫਿਰਦੇ ਨੇ ਗਿੱਲੇ ਹੋਏ ਲੋਕ।
-ਬਦਲ ਦਿਆਂਗੇ ਸਰਕਾਰਾਂ ਨੂੰ ਪੰਜ ਵਰ੍ਹਿਆਂ ਦੇ ਬਾਅਦ,
ਆਈਆਂ ਵੋਟਾਂ ਖਿੰਡ-ਪੁੰਡ ਗਏ ਤੀਲ੍ਹੇ-ਤੀਲ੍ਹੇ ਹੋਏ ਲੋਕ।
---ਨਰਿੰਦਰ ਪਾਲ ਸਿੰਘ ਜਗਦਿਓ---

Friday, May 20, 2011

ਹਰਕਤਾਂ


ਬਿਨਾਂ ਵਜ੍ਹਾਂ ਹੀ ਐਵੇਂ ਜਿਹੜਾ ਔਖਾ ਭਾਰਾ ਹੁੰਦਾ ਏ,

ਹਰਕਤਾਂ ਤੋਂ ਹੀ ਬੰਦਾ ਚੰਗਾ-ਮਾੜਾ ਹੁੰਦਾ ਏ।


ਜੇ ਬੋਲੋ ਤਾਂ ਸੋਚ ਕੇ ਥੋੜ੍ਹਾ, ਨਹੀਂ ਤਾਂ ਚੁੱਪ ਭਲੀ,

ਬੋਲ-ਬੁਲਾਰੇ ਨਾਲ ਹੀ ਪੈਂਦਾ ਪੁਆੜਾ ਹੁੰਦਾ ਏ।


‘ਕੱਲਾ-ਕੱਲਾ ਕਿਸੇ ਕੰਮ ਨਹੀਂ, ਜੁੜਕੇ ਗੱਲ ਬਣੇ,

ਸੱਸਾ ਕੰਨਾ ਰਾਰਾ ਕੰਨਾ ਮਿਲ ਕੇ ਸਾਰਾ ਹੁੰਦਾ ਏ।


ਚੁਸਤ ਚਲਾਕੀਆਂ ਕਰਦਾ ਸੱਜਣ ਪਿਆਰਾ ਜੇ ਕੋਈ,

ਚੰਗਾ ਉਸ ਤੋਂ ਜਲਦੀ ਕੀਤਾ ਕਿਨਾਰਾ ਹੁੰਦਾ ਏ।


ਪੀ ਕੇ ਗੱਡੀ ਚਲਾਵੇ, ਬੈਠਾ ਐਕਸੀਡੈਂਟ ਕਰੀਂ,

ਪੁੱਛਣ ‘ਤੇ ਲੋਕਾਂ ਨੂੰ ਕਹਿੰਦਾ ਸ਼ਨੀ ਭਾਰਾ ਹੁੰਦਾ ਏ।


ਰਾਤ ਨੂੰ ਅੰਬਰ ਟਾਕੀ ਲਾ ਕੇ ਮੁੜਦਾ ਉਹ ਘਰ ਨੂੰ,

ਕੁੱਲ ਦੁਨੀਆਂ ‘ਚ ਦਿਨੇ ਕਿੰਨਾ ਵਿਚਾਰਾ ਹੁੰਦਾ ਏ।


ਜਨਾਬ ਕਿਵੇਂ ਓ ਪੁੱਛਣ ਲਈ ਜਿਗਰਾ ਕਰਨਾ ਪੈਂਦਾ ਜੀ,

ਠੀਕ ਹਾਂ ਬਸ ਦੋ ਸ਼ਬਦਾਂ ਦਾ ਉਹਦਾ ਹੁੰਗਾਰਾ ਹੁੰਦਾ ਏ।


ਤੇਰੀ ਨਜ਼ਰੇ ਭਾਵੇਂ ਔਸਤ ਤੋਂ ਵੀ ਘੱਟ ਦਰਜਾ,

ਪਰ ਹਰ ਮਾਂ ਲਈ ਉਸਦਾ ਬੱਚਾ ਸਭ ਤੋਂ ਪਿਆਰਾ ਹੁੰਦਾ ਏ।


ਬਹਿ ਕੇ ਫੇਰ ਕਿਸੇ ਦਿਨ ਗੱਲਾਂ ਕਰਾਂਗੇ ਦਿਲ ਦੀਆਂ,

ਐਨ.ਪੀ. ਜਿਹੇ ਵਿਹਲੇ ਨੂੰ ਗੱਲਾਂ ਦਾ ਹੀ ਸਹਾਰਾ ਹੁੰਦਾ ਏ।


ਨਰਿੰਦਰ ਪਾਲ ਸਿੰਘ ਜਗਦਿਓ

· · Share · Delete

Wednesday, May 11, 2011

ਖਤ ਲਿਖਿਆ


ਖਤ ਉਨ੍ਹਾਂ ਪਹਿਲੀ ਵਾਰ ਏ ਲਿਖਿਆ,
ਮੈਨੂੰ ਤੇਰੇ ਨਾਲ ਪਿਆਰ ਏ ਲਿਖਿਆ।

ਧਰਤੀ ‘ਤੇ ਕਿੰਝ ਪੈਰ ਮੈਂ ਲਾਂਵਾਂ,
ਮੈਨੂੰ ਹੁਸਨਾਂ ਦੀ ਸਰਕਾਰ ਏ ਲਿਖਿਆ।

ਸ਼ਬਦ ਕਿੱਥੋਂ ਚੁਣ-ਚੁਣ ਕੇ ਲਿਆਇਆ?
ਲੱਗਦਾ ਕਿ ਸੋਚ ਵਿਚਾਰ ਏ ਲਿਖਿਆ।

ਕੋਈ ਕਿੱਸਾ ਪਿਆਰ ਦਾ ਲਿਖ ਨਾ ਦੇਵੇ,
ਉਹਨੇ ਖੁਦ ਨੂੰ ਕਾਦਰ ਯਾਰ ਏ ਲਿਖਿਆ।

‘ਕੇਰਾ ਬਿਨ ਸਜਦਾ ਕਰ ਲੰਘਿਆ ਸੀ,
ਉਸ ਘਟਨਾ ਲਈ ਸ਼ਰਮਸਾਰ ਏ ਲਿਖਿਆ।

ਸੰਕੇਤ ਤਿੰਨ ਸਾਲਾਂ ‘ਚ ਤਿੰਨ ਸੌ ਦਿੱਤੇ,
ਮੈਨੂੰ ਪਤਾ ਹੁਣ ਉਸ ਥੱਕ ਹਾਰ ਏ ਲਿਖਿਆ।

ਪਲੀਜ਼ ਗੁੱਸਾ ਨਾ ਕਰਿਓ ਕਿਸੇ ਗੱਲ ਦਾ,
ਕਮਲੇ ਜੇਹੇ ਨੇ ਕਈ ਵਾਰ ਏ ਲਿਖਿਆ।

ਸੁੰਦਰ, ਸੁਸ਼ੀਲ, ਸਿਆਣੀ, ਸਮਝਦਾਰ,
ਨਾਲੇ ਮੈਨੂੰ ਸੁਲੱਖਣੀ ਨਾਰ ਏ ਲਿਖਿਆ।

ਜਾਹ ਐਨ.ਪੀ. ਸਿੰਹਾਂ ਮੈਂ ਤੇਰੀ ਹੋਈ,
ਤੇਰੇ ਨਾਂ ਜਿਊਣ ਮਰਨ ਦਾ ‘ਕਰਾਰ ਏ ਲਿਖਿਆ।

ਨਰਿੰਦਰ ਪਾਲ ਸਿੰਘ ਜਗਦਿਓ

Monday, May 9, 2011

ਪਿਆਰ


ਮੈਂ ਤੈਨੂੰ ਪਿਆਰ ਕਰਦਾ ਹਾਂ ਇਹ ਅਹਿਮ ਏ,
ਇਹ ਜ਼ਰੂਰੀ ਨਹੀਂ ਕਿ ਤੂੰ ਵੀ ਮੈਨੂੰ ਪਿਆਰ ਕਰੇ,
ਮੈਨੂੰ ਤਾਂ ਹਰ ਗੱਲ ਮੂੰਹ ‘ਤੇ ਕਹਿਣ ਦੀ ਆਦਤ ਹੈ,
ਜ਼ਰੂਰੀ ਨਹੀਂ ਕਿ ਤੂੰ ਵੀ ਹਰ ਗੱਲ ਦਾ ਇਜ਼ਹਾਰ ਕਰੇ।

ਸਾਉਣ ਮਹੀਨੇ ਪੀਲੇ ਪੈ ਕੇ ਪੱਤੇ ਝੜ ਗਏ ਰੁੱਖਾਂ ਤੋਂ,
ਬੇਮੌਸਮੇ ਮੌਸਮ ਹੋਗੇ ਨਾ ਕੋਈ ਪਤਝੜ ਦਾ ਇੰਤਜ਼ਾਰ ਕਰੇ।

ਸੁਹੱਪਣ ਦੇ ਨਾਲ ਮੁੱਢ ਤੋਂ ਜੁੜੀਆਂ ਆਈਆਂ ਬੇਵਫਾਈਆਂ ਨੇ,
ਸੋਹਣੇ ਸੱਚ ਤਾਂ ਬੋਲਦੇ ਨੇ ਪਰ ਦੱਸੋ ਕੌਣ ਇਤਬਾਰ ਕਰੇ।

ਹੁਣ ਉਸਦਾ ਜੇ ਸੁਭਾਅ ਥੋੜ੍ਹਾ ਜਿਹਾ ਅੱਖੜ ਹੈ,
ਚੁੱਪੀ ਭਲੀ ਦਿਲਾ ਕੌਣ ਨਿੱਕੀ-ਨਿੱਕੀ ਗੱਲ ‘ਤੇ ਤਕਰਾਰ ਕਰੇ।

ਸਾਡੇ ਵੇਲੇ ਚੰਗੇ ਸੀ ‘ਗੇ ਹੁਣ ਤਾਂ ਆਇਆ ਕਲਯੁਗ ਏ,
ਵੱਡਿਆਂ ਨੂੰ ਸ਼ਿਕਵਾ ਰਹਿੰਦਾ, ਜਵਾਨੀ ਉਨ੍ਹਾਂ ਦਾ ਨਾ ਸਤਿਕਾਰ ਕਰੇ।

ਭੁੱਲ ਜਾਹ ਕਹਿਣਾ ਸੌਖਾ , ਔਖਾ ਹੁੰਦਾ ਬੜਾ ਭੁਲਾਉਣਾ,
ਜੋ ਦਿਲ ਅੰਦਰ ਲਾ ਲੈਂਦੇ ਡੇਰੇ ਕੋਈ ਕਿਵੇਂ ਉਨ੍ਹਾਂ ਨੂੰ ਬਾਹਰ ਕਰੇ।

ਨਰਿੰਦਰ ਪਾਲ ਸਿੰਘ ਜਗਦਿਓ

Friday, May 6, 2011

ਭੁਲੇਖਾ



ਮੈਂ ਭੁਲੇਖਾ ਹਾਂ,ਮ੍ਰਿਗਤ੍ਰਿਸ਼ਨਾ ਹਾਂ, ਤੂੰ ਮੈਥੋਂ ਦੂਰ ਰਹੀਂ,
ਤਲਖ ਸੱਚਾਈ ਦੱਸ ਦਿੱਤੀ ਫੇਰ ਨਾ ਮੇਰਾ ਕਸੂਰ ਕਹੀਂ।

ਅਣਜਾਣ ਲੋਕਾਂ ਦੇ ਵਿਚ ਤਾਂ ਚਰਚੇ ਹੋਣ ਬਹੁਤ ਲੱਗੇ,
ਆਪਣੇ ਜਦ ਤਾਰੀਫ ਕਰਨ ਤੂੰ ਫੇਰ ਮਸ਼ਹੂਰ ਕਹੀਂ ।

ਸਰਕਾਰੀ ਨੌਕਰ ਬਣਨਾ ਗੱਲ ਖੁਸ਼ੀ ਦੀ ਏਨੀ ਨਹੀਂ,
ਇਕੋ ਗੱਲ ਏ ਅਫਸਰ ਕਹਿ ਦੇ ਜਾਂ ਮਜ਼ਦੂਰ ਕਹੀਂ।

ਨਵਾਂ-ਨਵਾਂ ਜੇ ਪਿਆਰ ਹਾਲੇ ਤਾਂ ਪੱਲੇ ਬੰਨ੍ਹ ਇਕ ਗੱਲ,
ਉਹ ਗਧੇ ਨੂੰ ਘੋੜਾ ਆਖੇ ਤਾਂ ਤੂੰ ਜੀ ਹਜ਼ੂਰ ਕਹੀਂ।

ਅਸੂਲੋਂ ਉਲਟ ਜੇ ਕੰਮ ਕਰਨੇ ਨੂੰ ਐਨ.ਪੀ. ਕੋਈ ਵੀ ਕਹਿੰਦਾ,
ਹਿੱਕ ਠੋਕ ਕੇ ਹੁਕਮ ਅਜਿਹੇ ਨੂੰ ਨਾ ਮਨਜ਼ੂਰ ਕਹੀਂ।

ਜੱਖਣਾ ਵੱਢਣ ਵਿਚ ਹਾਂ ਮੋਢੀ ਤਾਰੀਫ ਕਰਨ ਵਿਚ ਫਾਡੀ,
ਚੰਗਿਆਂ ਦੀ ਸਿਫਤ ‘ਚ ਮਿੱਤਰਾ ਦੋ ਸ਼ਬਦ ਜ਼ਰੂਰ ਕਹੀਂ।

ਬੰਦਗੀ ਆਪੋ ਆਪਣੀ, ਜ਼ਰੀਆ ਵੀ ਹੋ ਸਕਦੈ ਵੱਖਰਾ,
ਰਾਂਝੇ ਵਾਲੀ ਖੁਮਾਰੀ ਆਖੀਂ ਜਾਂ ਬੁੱਲ੍ਹੇ ਜਿਹਾ ਸਰੂਰ ਕਹੀਂ।

ਰੂਹਦਾਰੀ ਦੀਆਂ ਗੱਲਾਂ ਸਮਝੇ ਕੋਈ-ਕੋਈ ਹੀ ਇੱਥੇ,
ਮਾਸੂਮ ਤੇ ਬੇਖਬਰ ਨੇ ਸੱਜਣ, ਐਵੇਂ ਨਾ ਉਹਨੂੰ ਮਗਰੂਰ ਕਹੀਂ।

ਨਰਿੰਦਰ ਪਾਲ ਸਿੰਘ ਜਗਦਿਓ

Monday, May 2, 2011

ਖਿਆਲ


ਉਂਝ ਹੀ ਬੈਠੇ ਬੈਠੇ ਇਕ ਖਿਆਲ ਆ ਗਿਆ,
ਬੁੱਲ੍ਹਾਂ ‘ਤੇ ਮੁਸਕੜੀ, ਹੰਝੂ ਅੱਖ ‘ਚ ਨਾਲ ਆ ਗਿਆ,
ਕਿਵੇਂ ਰੋਕਦਾ ਜਜ਼ਬਾਤਾਂ ਦੇ ਵੇਗ ਨੂੰ ਮੈਂ ?,
ਯਾਦ ਹੀ ਇਕ ਐਸਾ ਸ਼ਖਸ ਕਮਾਲ ਆ ਗਿਆ।

ਕੱਲ੍ਹ ਦੀ ਹੀ ਗੱਲ ਜਾਪੇ ਕੋਈ ਬਹੁਤ ਪੁਰਾਣੀ ਨਹੀਂ,
ਧੌਲੇ ਜ਼ਰੂਰ ਆ ਗਏ ਪਰ ਗਈ ਹਾਲੇ ਜਵਾਨੀ ਨਹੀਂ,
ਕਦੇ ਉਹ ਵੀ ਸਾਡੇ ‘ਤੇ ਮਿਹਰਬਾਨ ਸੀ ਸੱਚ ਜਾਣਿਓ,
ਸੋਲ੍ਹਾਂ ਆਨੇ ਸੱਚ ਗੱਲ ਏ ਕੋਈ ਝੂਠ ਕਹਾਣੀ ਨਹੀਂ।

ਅਸੀਂ ਤੁਰੇ ਸਾਂ ਇਕੱਠੇ ਰਾਹ ਪਰ ਵੱਖ-ਵੱਖ ਹੋ ਗਏ,
ਮਾਰੀ ਪਲਟੀ ਸਮੇਂ ਨੇ ਜੋ ਦੁਆਨੀ ਸੀ ਉਹ ਲੱਖ ਹੋ ਗਏ,
ਇਹ ਵੀ ਗੱਲ ਏ ਅਜੀਬ ਕਿੰਨੀ ਸੱਜਣੋਂ-ਪਿਆਰਿਓ,
ਕਾਮਯਾਬੀਆਂ ਦੇ ਥੱਲੇ ਉਹਦੇ ਕਈ ਐਬ ਢੱਕ ਹੋ ਗਏ!

ਮਹਿਬੂਬ ਦੀਆਂ ਕਦੋਂ ਤੱਕ ਕੋਈ ਸਾਂਭਦਾ ਨਿਸ਼ਾਨੀਆਂ?
ਸਮਾਜ ਦੀ ਜਦ ਗੱਲ ਆਉਂਦੀ ਕਿੱਥੇ ਚੱਲਣ ਮਨਮਾਨੀਆਂ,
ਬਿੱਲੋ ਤੇਰੇ ਲਈ ਮੈਂ ਅੰਬਰਾਂ ਤੋਂ ਤਾਰੇ ਤੋੜ ਸਕਦਾ ਵਾਂ,
ਹਰ ਮੁੰਡਾ ਦਾਅਵੇ ਕਰੇ ਜਦੋਂ ਚੜ੍ਹਨ ਜਵਾਨੀਆਂ।

ਤੇਰੇ ਨਾਲ ਮੇਰੀ ਫੋਟੋ ਬੜੀ ਚੰਗੀ ਆਉਂਦੀ ਏ ਜਨਾਬ ਜੀ,
ਫਿਕਰਾ ਇਹ ਸਾਰੀ ਦੁਨੀਆਂ ਹੀ ਫਰਮਾਉਂਦੀ ਏ ਜਨਾਬ ਜੀ,
ਤੇਰੇ ਨਾਲ ਖੜ੍ਹ ਕੇ ਮੈਂ ਮਾਣ ਮਹਿਸੂਸ ਕਰਾਂ,
ਥੋਨੂੰ ਕਿਹੜੀ ਗੱਲੋਂ ਦੱਸੋ ਸ਼ਰਮ ਜਿਹੀ ਆਉਂਦੀ ਏ ਜਨਾਬ ਜੀ।

ਨਾਮ ਯਾਰ ਦਾ ਨਾ ਲਿਖੇ ਹੁਣ ਕੋਈ ਸਫੇਦੇ ਦਿਆਂ ਰੁੱਖਾਂ ਉੱਤੇ,
ਸਾਂਝ ਰਹੀ ਨਾ ਕੋਈ ਵੀ ਖੁਸ਼ੀ-ਖੇੜਿਆਂ ਤੇ ਸੁੱਖਾਂ-ਦੁੱਖਾਂ ਉੱਤੇ,
ਮੋਬਾਈਲ, ਈ-ਮੇਲਾਂ ਅਤੇ ਚੈਟ ਵਾਲਾ ਦੌਰ ਹੁਣ,
ਉਹਨੇ ਵੀ ਕਹਿ ‘ਤਾ ਚੱਲ ਮਿਲਦੇ ਰਹਾਂਗੇ ਔਰਕੁੱਟ-ਫੇਸਬੁੱਕਾਂ ਉੱਤੇ।

ਨਰਿੰਦਰ ਪਾਲ ਸਿੰਘ ਜਗਦਿਓ