
ਵਿਕਾਸ ਜਾਂ ਵਿਨਾਸ਼
"
ਮੇਰੇ ਇਕ ਪੱਤਰਕਾਰ ਸਾਥੀ ਨੇ ਤਾਂ ਇਸ ਸਾਰੇ ਵਰਤਾਰੇ ਤੋਂ ਭਾਵੁਕ ਹੁੰਦਿਆਂ ਇਕ ਸੋਸ਼ਲ ਵੈੱਬਸਾਈਟ (ਫੇਸਬੁੱਕ) ’ਤੇ ਇਸ ਸਬੰਧੀ ਬਹਿਸ ਵੀ ਛੇੜੀ ਹੋਈ ਐ। ਉਸ ਨੇ ਇਕ ਤਸਵੀਰ ਲਗਾਈ ਏ ਜਿਸ ’ਚ ਇਕ ਮਸ਼ੀਨ ਇਕ ਰੁੱਖ ਨੂੰ ਜੜ੍ਹਾਂ ਤੋਂ ਪੁੱਟ ਰਹੀ ਐ ਅਤੇ ਹੇਠਾਂ ਅੰਗਰੇਜ਼ੀ ’ਚ ਲਿਖਿਆ ਏ ‘‘ਨੇਚਰ ਸਿੰਘ (ਰੁੱਖ) ਮਰਡਰਡ ਬਾਏ ਡਿਵੈਲਪਮੈਂਟ ਸਿੰਘ (ਮਸ਼ੀਨ)।"
ਸੱਤ ਸਾਲ ਪਹਿਲਾਂ ਜਦੋਂ ਜਲੰਧਰ ਦੇ ਚੁਗਿੱਟੀ ਚੌਕ ਤੋਂ ਲੱਧੇਵਾਲੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤਰੀ ਕੇਂਦਰ ’ਚ ਪੜ੍ਹਨ ਜਾਇਆ ਕਰਦੇ ਸੀ ਤਾਂ ਇਕ ਗੱਲ ਤੋਂ ਬੜੀ ਖਿਝ ਚੜ੍ਹਦੀ ਹੁੰਦੀ ਸੀ ਕਿ ਨਵਾਂ ਬਣਿਆ ਹੋਣ ਕਰਕੇ ਇਸ ਕੇਂਦਰ ਵੱਲ ਨੂੰ ਕੋਈ ਟੈਂਪੂ ਵਗੈਰਾ ਨਹੀਂ ਜਾਂਦੇ ਸੀ, ਉੱਤੋਂ ਦੋ ਕਿਲੋਮੀਟਰ ਦੇ ਕਰੀਬ ਇਸ ਟੋਟੇ (ਚੁਗਿੱਟੀ ਚੌਕ ਤੋਂ ਲੱਧੇਵਾਲੀ ਕੈਂਪਸ) ’ਤੇ ਲਿਫਟ ਵੀ ਕੋਈ ਟਾਂਵਾਂ-ਟਾਂਵਾਂ ਬੰਦਾ ਹੀ ਦਿੰਦਾ ਸੀ। ਰਿਕਸ਼ਾ ਵਾਲਾ ਪੈਸੇ ਇੰਜ ਮੰਗਦਾ ਹੁੰਦਾ ਸੀ ਜਿਵੇਂ ਦਿਹਾੜੀ ਹੀ ਸਾਡੇ ਵਰਗੇ ਮਾਹਤੜਾ ਤੋਂ ਬਣਾਉਣੀ ਹੋਵੇ। ਬਹੁਤੀ ਵਾਰ ਤੁਰ ਕੇ ਹੀ ਇਹ ਪੈਂਡਾ ਕਰਨਾ ਪੈਂਦਾ ਸੀ। ਸਭ ਤੋਂ ਮਾੜੀ ਗੱਲ ਇਹ ਸੀ ਕਿ ਇਸ ਸਾਰੇ ਰਸਤੇ ਦੌਰਾਨ ਛੋਟੀ ਜਿਹੀ ਸੜਕ ਦੇ ਦੋਵੇਂ ਪਾਸੇ ਵਿਰਲਾ ਜਿਹਾ ਹੀ ਕੋਈ ਰੁੱਖ ਹੁੰਦਾ ਸੀ। ਸਿਰ ’ਤੇ ਅੱਗ ਵਰ੍ਹਾਉਂਦੇ ਸੂਰਜ ਤੋਂ ਬਚਣ ਦਾ ਕੋਈ ਹੀਲਾ-ਵਸੀਲਾ ਨਹੀਂ ਸੀ। ਰੁੱਖ ਲੱਗੇ ਹੁੰਦੇ ਤਾਂ ਠੰਢੀ ਛਾਂ ਦੇ ਹੇਠਾਂ ਚੱਲਣ ’ਚ ਭਲਾ ਕੀ ਪਰੇਸ਼ਾਨੀ ਹੋ ਸਕਦੀ ਐ!
ਅਕਸਰ ਅਸੀਂ ਰੁੱਖਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ। ਕਈ ਰੁੱਖ ਅਸੀਂ ਸਾਲਾਂ ਤੋਂ ਉਵੇਂ ਹੀ ਖੜੇ ਦੇਖਦੇ ਆ ਰਹੇ ਹਾਂ। ਧੌਲਿਆਂ ਨਾਲ ਸਾਡੀ ਤਾਂ ਸਿਰ-ਦਾੜੀ ਭਰ ਜਾਂਦੀ ਏ ਪਰ ਰੁੱਖਾਂ ਦੇ ਪੱਤੇ ਸਫੈਦ ਨਾ ਹੋ ਕੇ ਹਰੇ ਹੀ ਰਹਿੰਦੇ ਨੇ ! ਆਪਣੇ ਨਾਨਕੇ ਪਿੰਡ ਸੂਏ ’ਚ ਨਹਾਉਣ ਤੋਂ ਬਾਅਦ ਜਿਹੜੇ ਬਰੋਟੇ ਦੀ ਠੰਢੀ ਛਾਂ ਹੇਠ ਖੜ ਕੇ ਕੱਪੜੇ ਪਾਇਆ ਕਰਦੇ ਸੀ ਉਹ ਹਾਲੇ ਵੀ ਉਵੇਂ ਈ ਖੜਾ ਏ। ਉਸ ਬਰੋਟੇ ਦੀਆਂ ਜਟਾਂ ਨਾਲ ਝੂਟਿਆ ਕਰਦੇ ਸੀ ਤੇ ਹੁਣ ਵੀ ਜਵਾਕ ਉਸ ਨਾਲ ਖੇਡਦੇ ਨੇ। ਪਿੰਡਾਂ ’ਚ ਰਹਿਣ ਵਾਲਾ ਹਰੇਕ ਬੰਦਾ ਬਚਪਨ ’ਚ ਰੁੱਖਾਂ ਨਾਲ ਖੇਡਦਾ ਏ।
ਵੀਹ ਸਾਲ ਪਹਿਲਾਂ ਖੰਨਾ ਸ਼ਹਿਰ ਦੇ ਨਵੇਂ ਬੱਸ ਸਟੈਂਡ ਕੋਲ ਜਿਸ ਸਕੂਲ ’ਚ ਮੈਂ ਪੜ੍ਹਨ ਜਾਂਦਾ ਸੀ ਉਹ ਸਾਡੇ ਘਰ ਤੋਂ ਦੋ ਕੁ ਕਿਲੋਮੀਟਰ ਦੇ ਕਰੀਬ ਸੀ। ਸਮਰਾਲਾ ਰੋਡ ਤੋਂ ਮਿੱਤਰਾਂ ਦੀ ਜੁੰਡਲੀ ਨੇ ਆਪੋ-ਆਪਣਾ ਸਾਈਕਲ ਚੁੱਕਣਾ ਅਤੇ ਵਿੰਗ-ਵਲ ਪਾਉਂਦੇ ਸਕੂਲ ਪਹੁੰਚ ਜਾਣਾ। ਛੁੱਟੀ ਵੇਲੇ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਘਰ ਪਹੁੰਚਣ ਦਾ ਜੋ ਸਭ ਤੋਂ ਲੰਬਾ ਰਸਤਾ ਏ ਉੱਧਰ ਦੀ ਘਰ ਜਾਈਏ। ਸ਼ਹਿਰ ਦੇ ਰੇਲਵੇ ਰੋਡ ਦੇ ਸਾਹਮਣੇ ਜੀ.ਟੀ. ਰੋਡ ’ਤੇ ਇਕ ਸੰਘਣੇ ਤੇ ਛਾਂ ਦਾਰ ਰੁੱਖ ਹੇਠਾਂ ਕਈ ਵਾਰ ਸਾਹ ਲੈਣ ਲਈ ਰੁਕ ਜਾਂਦੇ ਜਾਂ ਫਿਰ ਉਸ ਰੁੱਖ ਦੇ ਨਜ਼ਦੀਕ ਹੀ ਘੜੇ ਦੀ ਕੁਲਫੀ ਵਾਲੇ ਜਾਂ ਫਿਰ ਬਰਫ ਦਾ ਗੋਲਾ ਵੇਚਣ ਵਾਲੇ ਕੋਲ ਖੜ ਜਾਂਦੇ। ਇਹ ਰੁੱਖ ਮੈਂ ਉਦੋਂ ਤੋਂ ਹੀ ਖੜਾ ਦੇਖਦਾ ਆ ਰਿਹਾ ਹਾਂ ਪਰ ਹੁਣ ਇਸ ਰੁੱਖ ਦਾ ‘ਕਤਲ’ ਕਰ ਦਿੱਤਾ ਗਿਆ ਏ !
ਯਾਦਾਂ ਦੀ ਪਟਾਰੀ ’ਚ ਕਿੰਨੀ ਕੁਸੈਲੀ ਜਿਹੀ ਗੱਲ ਸਾਹਮਣੇ ਆ ਗਈ ! ਦਰਅਸਲ ਰੁੱਖਾਂ ਨਾਲ ਹੋਰ ਲੋਕਾਂ ਦੀਆਂ ਯਾਦਾਂ ਵੀ ਜੁੜੀਆਂ ਹੋਣਗੀਆਂ ਪਰ ਸਹਿਜ-ਸੁਭਾਅ ਚੱਲਦੀ ਜ਼ਿੰਦਗੀ ’ਚ ਇਹ ਸਾਡੇ ਚਿੱਤ-ਚੇਤਿਆਂ ’ਚੋਂ ਨਿਕਲ ਜਾਂਦੀਆਂ ਨੇ। ਸ਼ਾਇਦ ਮੈਂ ਵੀ ਰੁੱਖਾਂ ਨੂੰ ਇਸ ਸ਼ਿੱਦਤ ਨਾਲ ਯਾਦ ਨਾ ਕਰਦਾ ਜੇਕਰ ਖੁਦ ਆਪਣੇ ਅੱਖੀਂ ਉਨ੍ਹਾਂ ਦਰਖਤਾਂ ’ਤੇ ਕੁਹਾੜਾ ਚੱਲਦਾ ਨਾ ਦੇਖਦਾ ਜਿਨ੍ਹਾਂ ਦੇ ਅੰਗ-ਸੰਗ ਹੁਣ ਤੱਕ ਦੀ ਜ਼ਿੰਦਗੀ ਦਾ ਸਫਰ ਕੀਤਾ ਏ। ਏਨ੍ਹੀਂ ਦਿਨੀਂ ਜੀ.ਟੀ. ਰੋਡ ਨੂੰ ਚੌੜਾ ਕਰਨ ਦੇ ਮਕਸਦ ਨਾਲ ਪੰਜਾਬ ਦੇ ਰਾਜਪੁਰਾ ਤੋਂ ਜਲੰਧਰ ਤੱਕ ਸੜਕ ਦੇ ਦੋਵੇਂ ਪਾਸੇ ਖੜੇ ਲੱਖਾਂ ਰੁੱਖਾਂ ’ਤੇ ਕੁਹਾੜਾ ਫਿਰ ਰਿਹਾ ਏ।
ਕਈ ਦੁਰਲੱਭ ਅਤੇ ਹਜ਼ਾਰਾਂ ਸਾਲ ਪੁਰਾਣੇ ਦਰਖਤ ਵੀ ਕੱਟ ਦਿੱਤੇ ਗਏ ਨੇ। ਗੰਜਾ ਜਿਹਾ ਹੋ ਗਿਆ ਏ ਜੀ.ਟੀ. ਰੋਡ! ਜਦੋਂ ਲੁਧਿਆਣੇ ਵੱਲ ਨੂੰ ਜਾਂਦੇ ਹਾਂ ਤਾਂ ਕਈ ਰਸਤਿਆਂ ਅਤੇ ਥਾਂਵਾਂ ਦੀ ਪਛਾਣ ਰੁੱਖਾਂ ਨਾਲ ਪਤਾ ਲੱਗ ਜਾਂਦੀ ਸੀ ਪਰ ਹੁਣ ਤਾਂ ਰੋਡੇ ਜਿਹੇ ਜੀ.ਟੀ. ਰੋਡ ’ਤੇ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਪਿੰਡ ਦਾ ਟੋਟਾ ਲੰਘ ਗਿਆ ਏ! ਸਕੂਟਰਾਂ, ਮੋਟਰਸਾਈਕਲਾਂ ਅਤੇ ਸਾਈਕਲ ਸਵਾਰਾਂ ਲਈ ਛਾਂ ਵੀ ਨਹੀਂ ਰਹੀ। ਬਾਕੀ ਇਸ ਨਾਲ ਵਾਤਾਵਰਣ ’ਚ ਜੋ ਵਿਗਾੜ ਪੈਦਾ ਹੋਣਾ ਏ ਉਹ ਵੱਖਰੀ ਬਹਿਸ ਦਾ ਵਿਸ਼ਾ ਏ।
ਮੇਰੇ ਇਕ ਪੱਤਰਕਾਰ ਸਾਥੀ ਨੇ ਤਾਂ ਇਸ ਸਾਰੇ ਵਰਤਾਰੇ ਤੋਂ ਭਾਵੁਕ ਹੁੰਦਿਆਂ ਇਕ ਸੋਸ਼ਲ ਵੈੱਬਸਾਈਟ (ਫੇਸਬੁੱਕ) ’ਤੇ ਇਸ ਸਬੰਧੀ ਬਹਿਸ ਵੀ ਛੇੜੀ ਹੋਈ ਐ। ਉਸ ਨੇ ਇਕ ਤਸਵੀਰ ਲਗਾਈ ਏ ਜਿਸ ’ਚ ਇਕ ਮਸ਼ੀਨ ਇਕ ਰੁੱਖ ਨੂੰ ਜੜ੍ਹਾਂ ਤੋਂ ਪੁੱਟ ਰਹੀ ਐ ਅਤੇ ਹੇਠਾਂ ਅੰਗਰੇਜ਼ੀ ’ਚ ਲਿਖਿਆ ਏ ‘‘ਨੇਚਰ ਸਿੰਘ (ਰੁੱਖ) ਮਰਡਰਡ ਬਾਏ ਡਿਵੈਲਪਮੈਂਟ ਸਿੰਘ (ਮਸ਼ੀਨ)।’’ ਇਸ ਹੇਠਾਂ ਇਕ ਹੋਰ ਸਾਥੀ ਨੇ ਅਰਜ਼ੋਈਨੁਮਾ ਟਿੱਪਣੀ ਕਰਦਿਆਂ ਲਿਖਿਆ ‘‘ਵਿਕਾਸ ਜੀ ਨਾ ਕਰੋ ਵਿਨਾਸ਼।’’ ਹੁਣ ਪਤਾ ਨਹੀਂ ਇਨ੍ਹਾਂ ਅਪੀਲਾਂ ਦਾ ਕੀ ਬਣੇਗਾ ਕਿਉਂ ਕਿ ਰੁੱਖਾਂ ਦਾ ਕਤਲ ਤਾਂ ਬਾ-ਦਸਤੂਰ ਜਾਰੀ ਏ?