ਕਾਲਾ ਮੇਰਾ ਪਸੰਦੀਦਾ ਰੰਗ ਏ। ਹਾਲਾਂਕਿ ਮੇਰੀ ਅੰਮੀ ਨੇ ਕਈ ਵਾਰ ਮੋਹ ਭਰੀ ਤਨਜ਼ ਨਾਲ ਇਹ ਫਿਕਰਾ ਕੱਸਿਆ ਏ ਕਿ “ਇੱਕ ਤਾਂ ਤੇਰਾ ਰੰਗ ਪੱਕਾ ਜਿਹਾ ਏ, ਉੱਤੋਂ ਕੱਪੜੇ ਵੀ ਤੂੰ ਕਾਲੇ-ਕਾਲੇ ਜਿਹੇ ਪਾ ਲੈਂਦਾ ਏ।” ਮੇਰੇ ਬਹੁਤੇ ਕੱਪੜਿਆਂ ਦਾ ਰੰਗ ਕਾਲਾ ਹੈ।
ਬਹੁਤ ਛੋਟਾ ਹੁੰਦਾ ਸੀ ਜਦੋਂ ਸਭ ਤੋਂ ਛੋਟੇ ਚਾਚੇ ਅਮਰੀਕ ਸਿੰਘ ਦਾ ਵਿਆਹ ਹੋਇਆ। ਸ਼ਾਇਦ 6-7 ਸਾਲ ਦਾ ਸੀ। ਸਾਡੀ ਆਂਟੀ (ਚਾਚੀ) ਸੁਰਿੰਦਰ ਕੌਰ ਆਪਣੇ ਨਾਲ ਇੱਕ ਤਸਵੀਰ ਵੀ ਲੈ ਕੇ ਆਈ। ਜਿਸ ‘ਚ ਉਨ੍ਹਾਂ ਗ੍ਰੈਜੂਏਸ਼ਨ ਗਾਊਨ (ਕਾਲਾ ਕੋਟ) ਪਾ ਕੇ ਹੱਥ ‘ਚ ਬੀ.ਏ. ਦੀ ਡਿਗਰੀ ਫੜ੍ਹੀ ਹੋਈ ਸੀ। ਉਦੋਂ ਕੁਝ ਸਮਝ ਨਹੀਂ ਹੁੰਦੀ ਸੀ। ਪਰ ਉਹ ਕਾਲਾ ਕੋਟ ਪਾਇਆ ਦੇਖ ਕੇ ਇੰਝ ਲੱਗਦਾ ਸੀ ਕਿ ਸ਼ਾਇਦ ਇਹ ਕੋਟ ਅਫਸਰ ਪਾਉਂਦੇ ਨੇ। ਫਿਲਮਾਂ ‘ਚ ਵਕੀਲਾਂ ਦੇ ਤਕਰੀਬਨ ਉਹੋ ਜਿਹਾ ਕੋਟ ਪਾਇਆ ਦੇਖ ਕੇ ਕਈ ਵਾਰ ਉਸ ਗਾਊਨ ਦੀ ਤੁਲਨਾ ਉਨ੍ਹਾਂ ਨਾਲ ਵੀ ਕਰਨੀ।ਉਸੇ ਕੋਟ ਕਰਕੇ ਪਹਿਲਾਂ-ਪਹਿਲਾਂ ਆਂਟੀ ਤੋਂ ਥੋੜ੍ਹਾ ਬਹੁਤ ਡਰਦੇ ਵੀ ਹੁੰਦੇ ਸੀ।
ਉਨ੍ਹਾਂ ਸਮਿਆਂ ‘ਚ ਸ਼ਾਇਦ ਇਹ ਗੱਲ ਮੈਂ ਇੱਧਰੋਂ-ਉੱਧਰੋਂ ਪਤਾ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਕਿ ਇਹ ਕਾਲਾ ਕੋਟ ਕਿਉਂ ਪਾਇਆ ਜਾਂਦੈ? ਖੈਰ, ਨੌਂ ਸਾਲ ਪਹਿਲਾਂ ਜਦੋਂ ਮੈਂ ਏ.ਐਸ.ਕਾਲਜ, ਖੰਨਾ ਤੋਂ ਬੀ.ਕਾਮ ਦੀ ਡਿਗਰੀ ਪੂਰੀ ਕੀਤੀ ਤਾਂ ਮੈਨੂੰ ਇਹ ਖੁਸ਼ੀ ਵੀ ਸੀ ਕਿ ਕਾਨਵੋਕੇਸ਼ਨ ਤੋਂ ਬਾਅਦ ਮੈਂ ਵੀ ਕਾਲਾ ਕੋਟ ਪਾ ਕੇ ਫੋਟੋ ਖਿਚਵਾਊ। ਜਦੋਂ ਤਿੰਨ-ਚਾਰ ਸਾਲ ਕਾਨਵੋਕੇਸ਼ਨ ਲਈ ਕੋਈ ਸੱਦਾ, ਨੋਟਿਸ ਜਾਂ ਇਸ਼ਤਿਹਾਰ ਨਹੀਂ ਆਇਆ ਤਾਂ ਕਾਲਜ ਪਤਾ ਕਰਨ ਗਿਆ। ਉਨ੍ਹਾਂ ਉਸੇਂ ਸਮੇਂ ਰੋਲ ਨੰਬਰ ਪਤਾ ਕਰਕੇ ਡਿਗਰੀ ਹੱਥ ‘ਚ ਫੜ੍ਹਾ ਦਿੱਤੀ। ਪਰ ਕਾਨਵੋਕੇਸ਼ਨ ? ਅੱਗੋਂ ਜਵਾਬ ਮਿਲਿਆ ਪਿਛਲੇ ਚਾਰ-ਪੰਜ ਸੈਸ਼ਨਾਂ ਦੀ ਇਕੱਠੀ ਕਾਨਵੋਕੇਸ਼ਨ ਦੋ ਸਾਲ ਪਹਿਲਾਂ ਕਰਵਾ ਦਿੱਤੀ। ਵਿਦਿਆਰਥੀ ਵਧੇਰੇ ਹੋ ਰਹੇ ਸੀ ਇਸ ਲਈ ਸਿਰਫ ਫਸਟ ਡਵੀਜ਼ਨ ਵਾਲੇ ਬੱਚੇ ਹੀ ਸੱਦੇ ਗਏ ਸੀ। ਤੇ ਆਪਾਂ ਠਹਿਰੇ ਇੱਕ ਔਸਤ ਵਿਦਿਆਰਥੀ। 50-55 ਫੀਸਦੀ ਨੰਬਰਾਂ ਵਾਲੇ। ਬੜਾ ਅਫਸੋਸ ਹੋਇਆ!
ਉਸ ਤੋਂ ਬਾਅਦ ਜਦੋਂ ਪੱਤਰਕਾਰੀ ਤੇ ਜਨਸੰਚਾਰ ਦੀ ਮਾਸਟਰ ਡਿਗਰੀ ਕੀਤੀ ਤਾਂ ਮੈਂ ਪਹਿਲਾਂ ਹੀ ਸੋਚੀਂ ਬੈਠਾ ਸੀ ਕਿ ‘ਕਾਲੇ ਕੋਟ ਵਾਲੀ ਤਸਵੀਰ’ ਖਾਸੀ ਵੱਡੀ ਕਰਵਾ ਕੇ ਆਪਣੇ ਬੈੱਡਰੂਮ ‘ਚ ਲਾਊ। ਯੂਨੀਵਰਸਿਟੀ ਵਾਲਿਆਂ ਨੇ ਕਾਨਵੋਕੇਸ਼ਨ ਲਈ ਸਿਰਫ ਪਹਿਲੀਆਂ ਪੰਜ ਪੁਜੀਸ਼ਨਾਂ ਵਾਲਿਆਂ ਨੂੰ ਹੀ ਸੱਦਾ ਦਿੱਤਾ। ਤੇ ਆਪਾਂ ਠਹਿਰੇ ਇੱਕ ਔਸਤ ਵਿਦਿਆਰਥੀ। ਇੱਥੇ ਵੀ ਰਹਿ ਗਏ!
ਇਸ ਤੋਂ ਬਾਅਦ ਤਿੰਨ ਕੁ ਸਾਲ ਪਹਿਲਾਂ ਪੰਜਾਬੀ ਦੀ ਵੀ ਐਮ.ਏ. ਕੀਤੀ। ਪਹਿਲਾ ਸਾਲ ਖਾਲਸਾ ਕਾਲਜ, ਚੰਡੀਗੜ੍ਹ ਤੋਂ ਰੈਗੂਲਰ ਪਾਸ ਕੀਤਾ। ਪੁਜੀਸ਼ਨ ਵੀ ਕਲਾਸ ‘ਚੋਂ ਤੀਜੀ। ਨੌਕਰੀ ਲੱਗ ਜਾਣ ਕਰਕੇ ਦੂਸਰਾ ਸਾਲ ਪੱਤਰ-ਵਿਹਾਰ ਰਾਹੀਂ ਕਰਨਾ ਪਿਆ। ਕਾਲਾ ਕੋਟ ਪਾ ਕੇ ਫੋਟੋ ਖਿਚਵਾਉਣ ਦੀ ਥੋੜ੍ਹੀ ਬਹੁਤ ਆਸ ਉਦੋਂ ਢਹਿ-ਢੇਰੀ ਹੋ ਗਈ ਜਦੋਂ ਯੂਨੀਵਰਸਿਟੀ ਵਾਲਿਆਂ ਨੇ ਡਿਗਰੀ ਡਾਕ ਰਾਹੀਂ ਘਰ ਹੀ ਭੇਜ ਦਿੱਤੀ।
ਬੜਾ ਹੱਸਿਆ ਮੈ। ਭਲਾ ਇਹ ਵੀ ਕੋਈ ਗੱਲ ਹੋਈ ਤਿੰਨ-ਤਿੰਨ ਡਿਗਰੀਆਂ ਪਰ ਇੱਕ ਦੀ ਵੀ ਕਾਨਵੋਕੇਸ਼ਨ ‘ਚ ਕਾਲਾ ਕੋਟ ਪਾਉਣ ਦਾ ਮੌਕਾ ਨਹੀਂ ਮਿਲਿਆ। ਖੈਰ, ਜ਼ਿੰਦਗੀ ਚੱਲ ਰਹੀ ਐ। ਸ਼ਾਇਦ ਏਸੇ ਵਜ੍ਹਾਂ ਕਰਕੇ ਕਾਲਾ ਮੇਰਾ ਪਸੰਦੀਦਾ ਰੰਗ ਹੈ। ਕਾਲਾ ਕੋਟ ਨਾ ਸਹੀ, ਕਾਲੇ ਕੱਪੜੇ ਪਾ ਕੇ ਹੀ ਖੁਸ਼ ਹੋ ਲਈਦਾ ਏ! ਨਾ ਤਾਂ ਮੇਰੇ ਕਮਰੇ ਦੀ ਕਿਸੇ ਕੰਧ ‘ਤੇ ਕਾਨਵੋਕੇਸ਼ਨ ਗਾਊਨ ਨਾਲ ਖਿਚਵਾਈ ਤਸਵੀਰ ਲੱਗੀ ਹੋਈ ਹੈ ਅਤੇ ਨਾ ਹੀ ਆਂਟੀ ਵਾਲੀ ਉਹ ਫੋਟੋ ਅੱਜ ਕੱਲ੍ਹ ਨਜ਼ਰ ਪੈਂਦੀ ਏ। ਪਤਾ ਨਹੀਂ ਉਨ੍ਹਾਂ ਕਾਲੇ ਕੋਟ ਵਾਲੀ ਤਸਵੀਰ ਕਿੱਥੇ ਰੱਖ ਛੱਡੀ ਏ?